ਵਾਸ਼ਿੰਗਟਨ ਡੀ. ਸੀ./ਪੰਜਾਬ ਪੋਸਟ
ਅਮਰੀਕਾ ਤੋਂ ਵੱਡੀ ਖ਼ਬਰ ਇਹ ਸਾਹਮਣੇ ਆਈ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨਿਊਯਾਰਕ ਵਿੱਚ ਆਪਣੇ ਇਤਿਹਾਸਕ ਅਪਰਾਧਿਕ ਮੁਕੱਦਮੇ ਵਿੱਚ ਝੂਠੇ ਕਾਰੋਬਾਰੀ ਰਿਕਾਰਡਾਂ ਦੇ ਸਾਰੇ 34 ਮਾਮਲਿਆਂ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਅਮਰੀਕੀ ਇਤਿਹਾਸ ਵਿੱਚ ਇਹ ਇੱਕ ਲਾਮਿਸਾਲ ਮਾਮਲਾ ਹੈ ਜਦੋਂ ਕਿਸੇ ਸਾਬਕਾ ਜਾਂ ਮੌਜੂਦਾ ਅਮਰੀਕੀ ਰਾਸ਼ਟਰਪਤੀ ਨੂੰ ਕਿਸੇ ਅਪਰਾਧ ਲਈ ਦੋਸ਼ੀ ਕਰਾਰ ਦਿੱਤਾ ਗਿਆ। ਟਰੰਪ ਨੂੰ 11 ਜੁਲਾਈ ਨੂੰ ਸਜ਼ਾ ਸੁਣਾਈ ਜਾਵੇਗੀ ਅਤੇ ਇਸ ਮੁਤਾਬਕ ਸਾਬਕਾ ਰਾਸ਼ਟਰਪਤੀ ਨੂੰ ਜੇਲ੍ਹ ਵੀ ਜਾਣਾ ਪੈ ਸਕਦਾ ਹੈ, ਪਰ ਕਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਸਜ਼ਾ ਤਹਿਤ ਜੁਰਮਾਨਾ ਹੋਣ ਦੀ ਵਧੇਰੇ ਸੰਭਾਵਨਾ ਹੈ।
ਟਰੰਪ ਨੇ ਫੈਸਲੇ ਨੂੰ “ਅਪਮਾਨ” ਕਿਹਾ ਹੈ ਅਤੇ ਕੇਸ ਦੀ ਪ੍ਰਧਾਨਗੀ ਕਰਨ ਵਾਲੇ ਜੱਜ ਦੀ ਆਲੋਚਨਾ ਕੀਤੀ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਟਰੰਪ ਨਵੰਬਰ ਦੀਆਂ ਚੋਣਾਂ ਵਿੱਚ ਜੋਅ ਬਾਇਡਨ ਨੂੰ ਹਰਾਉਣ ਅਤੇ ਵਾਈਟ ਹਾਊਸ ਵਾਪਸ ਜਾਣ ਲਈ ਮੁਹਿੰਮ ਚਲਾ ਰਹੇ ਹਨ। ਅਦਾਲਤ ਨੇ ਸਟੌਰਮੀ ਡੇਨੀਅਲਸ ਸਮੇਤ 22 ਗਵਾਹਾਂ ਤੋਂ ਛੇ ਹਫ਼ਤਿਆਂ ਵਿੱਚ ਸੁਣਵਾਈ ਕੀਤੀ, ਜਿਨ੍ਹਾਂ ਨਾਲ ਟਰੰਪ ਦੇ ਕਥਿਤ ਜਿਣਸੀ ਸਬੰਧ ਇਸ ਕੇਸ ਦੇ ਕੇਂਦਰ ਵਿੱਚ ਸਨ। ਟਰੰਪ ਉੱਤੇ 2016 ਦੀਆਂ ਚੋਣਾਂ ਤੋਂ ਥੋੜ੍ਹੀ ਦੇਰ ਪਹਿਲਾਂ ਸਾਬਕਾ ਬਾਲਗ ਫਿਲਮ ਅਦਾਕਾਰਾ ਸਟੌਰਮੀ ਡੇਨੀਅਲਸ ਨੂੰ ਚੁੱਪ ਰਹਿਣ ਬਦਲੇ ਆਪਣੇ ਸਾਬਕਾ ਵਕੀਲ ਦੁਆਰਾ ਕੀਤੀ ਗਈ ਅਦਾਇਗੀ ਨੂੰ ਲੁਕਾਉਣ ਦਾ ਇਲਜ਼ਾਮ ਲੱਗਾ ਹੈ। ਸਰਬਸੰਮਤੀ ਨਾਲ ਇਸ ਫੈਸਲੇ ’ਤੇ ਪਹੁੰਚਣ ਲਈ 12 ਜੱਜਾਂ ਨੇ ਦੋ ਦਿਨ ਵਿਚਾਰ-ਵਟਾਂਦਰਾ ਕੀਤਾ।
ਖਾਸ ਗੱਲ ਇਹ ਹੈ ਕਿ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਕਿ ਅਮਰੀਕਾ ਦੇ ਕਿਸੇ ਸਾਬਕਾ ਜਾਂ ਮੌਜੂਦਾ ਰਾਸ਼ਟਰਪਤੀ ਨੂੰ ਕਿਸੇ ਅਪਰਾਧਿਕ ਕੇਸ ਵਿੱਚ ਮੁਜਰਮ ਕਰਾਰ ਦਿੱਤਾ ਗਿਆ ਹੋਵੇ। ਓਪੀਨੀਅਨ ਪੋਲ ਦਰਸਾਉਂਦੇ ਹਨ ਕਿ ਟਰੰਪ ਚੋਣਾਂ ਦੇ ਮਾਮਲੇ ਵਿੱਚ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਤੋਂ ਅੱਗੇ ਚੱਲ ਰਹੇ ਹਨ, ਪਰ ਇਸ ਵੱਡੇ ਘਟਨਾਕ੍ਰਮ ਤੋਂ ਬਾਅਦ ਵੋਟਰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਵੀ ਕਰ ਸਕਦੇ ਹਨ। ਟਰੰਪ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਰਿਪਬਲੀਕਨ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਸੀ ਅਤੇ ਜਿਸ ਦਿਨ ਸਜ਼ਾ ਸੁਣਾਈ ਜਾਣੀ ਹੈ ਉਸ ਤੋਂ ਕੁੱਝ ਦਿਨ ਬਾਅਦ ਹੀ ਪਾਰਟੀ ਦੀ ਕਨਵੈਨਸ਼ਨ ਵਿੱਚ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਜਾਣੀ ਸੀ। ਟਰੰਪ ਦੇ ਹਮਾਇਤੀ ਫਿਲਹਾਲ ਟਰੰਪ ਦਾ ਸਾਥ ਦੇ ਰਹੇ ਨਜ਼ਰ ਆਉਂਦੇ ਹਨ ਹਾਲਾਂਕਿ ਉਹ ਅਗਲੇ ਰਾਸ਼ਟਰਪਤੀ ਬਣਦੇ ਹਨ ਜਾਂ ਨਹੀਂ ਇਹ ਤਾਂ ਨਵੰਬਰ ਵਿੱਚ ਹੋਣ ਵਾਲੀਆਂ ਚੋਣਾਂ ਹੀ ਤੈਅ ਕਰਨਗੀਆਂ ਪਰ ਫਿਲਹਾਲ ਟਰੰਪ ਦੀ ਮੁਹਿੰਮ ਨੂੰ ਇੱਕ ਵੱਡਾ ਝਟਕਾ ਜ਼ਰੂਰ ਲੱਗ ਗਿਆ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਦਾਲਤ ਨੇ ਦਿੱਤਾ ਦੋਸ਼ੀ ਕਰਾਰ
Published: