ਐਰੀਜ਼ੋਨਾ/ਪੰਜਾਬ ਪੋਸਟ
ਅਮਰੀਕੀ ਰਾਸ਼ਟਰਪਤੀ ਦੀ ਚੋਣ ਭਾਵੇਂ ਡੋਨਾਲਡ ਟਰੰਪ ਪਹਿਲਾਂ ਹੀ ਜਿੱਤ ਚੁੱਕੇ ਹਨ ਪਰ ਹੁਣ ਉਨਾਂ ਦੀ ਜਿੱਤ ਹੋਰ ਮਜ਼ਬੂਤ ਹੋ ਗਈ ਹੈ ਕਿਉਂਕਿ ਟਰੰਪ ਨੇ ਐਰੀਜ਼ੋਨਾ ਸੂਬੇ ਦੀ ਚੋਣ ਵੀ ਜਿੱਤ ਲਈ ਹੈ। ਐਰੀਜ਼ੋਨਾ ਦੇ ਕੁੱਲ 11 ਇਲੈਕਟੋਰਲ ਵੋਟ ਹਨ। ਇਸ ਜਿੱਤ ਨਾਲ ਟਰੰਪ ਨੇ ਆਪਣੀ ਵਿਰੋਧੀ ਡੈਮੋਕਰੈਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਸਾਰੇ ਸੱਤ ਅਹਿਮ ਰਾਜਾਂ ਵਿਚ ਸ਼ਿਕਸਤ ਦਿੱਤੀ ਹੈ, ਜਿਨ੍ਹਾਂ ਨੂੰ ‘ਸਵਿੰਗ ਸਟੇਟਸ’ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਦੀ ਜਿੱਤ ਹਾਰ ਵਿਚ ਇਨ੍ਹਾਂ ਸਵਿੰਗ ਸਟੇਟਸ ਦੀ ਹਮੇਸ਼ਾ ਫੈਸਲਾਕੁਨ ਭੂਮਿਕਾ ਰਹੀ ਹੈ। ਇਹ ਸੱਤ ਸੂਬੇ, ਐਰੀਜ਼ੋਨਾ, ਵਿਸਕੌਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਨੌਰਥ ਕੈਰੋਲਾਈਨਾ ਅਤੇ ਜੌਰਜੀਆ ਹਨ। ਐਰੀਜ਼ੋਨਾ ਵਿਚ ਜਿੱਤ ਨਾਲ ਟਰੰਪ ਦੀਆਂ ਇਲੈਕਟੋਰਲ ਕਾਲਜ ਵੋਟਾਂ ਦੀ ਗਿਣਤੀ 312 ਨੂੰ ਪਹੁੰਚ ਗਈ ਹੈ ਜਦੋਂਕਿ ਉਪ ਰਾਸ਼ਟਰਪਤੀ ਹੈਰਿਸ ਨੂੰ 226 ਇਲੈਕਟੋਰਲ ਵੋਟ ਮਿਲੇ ਹਨ। ਰਾਸ਼ਟਰਪਤੀ ਚੋਣਾਂ ਵਿਚ ਮਿਲੀ ਜਿੱਤ ਨਾਲ ਰਿਪਬਲਿਕਨ ਪਾਰਟੀ ਨੇ ਚਾਰ ਸਾਲਾਂ ਦੇ ਵਕਫ਼ੇ ਮਗਰੋਂ ਮੁੜ ਸੈਨੇਟ ਦਾ ਕੰਟਰੋਲ ਹਾਸਲ ਕਰ ਲਿਆ ਹੈ ਅਤੇ ਪ੍ਰਤੀਨਿਧ ਸਦਨ ਵਿਚ ਬਹੁਮਤ ਹਾਸਲ ਕਰਨ ਦੀ ਤਿਆਰੀ ਖਿੱਚ ਲਈ ਹੈ। ਪਾਰਟੀ ਕੋਲ ਸੈਨੇਟ ਵਿਚ 52 ਸੀਟਾਂ ਹਨ ਜਦੋਂਕਿ ਡੈਮੋਕਰੈਟਸ ਕੋਲ 47 ਸੀਟਾਂ ਹਨ। ਸਦਨ ਵਿਚ ਰਿਪਬਲਿਕਨਾਂ ਨੇ ਡੈਮੋਕਰੈਟਸ ਦੀਆਂ 209 ਸੀਟਾਂ ਦੇ ਮੁਕਾਬਲੇ ਹੁਣ ਤੱਕ 216 ਸੀਟਾਂ ਜਿੱਤ ਲਈਆਂ ਹਨ। ਬਹੁਮਤ ਦਾ ਜਾਦੂਈ ਅੰਕੜਾ 218 ਹੈ। ਰਿਪਬਲਿਕਨਾਂ ਨੂੰ ਪੂਰੀ ਆਸ ਹੈ ਕਿ ਉਹ ਬਹੁਮਤ ਲਈ ਲੋੜੀਂਦਾ ਅੰਕੜਾ ਹਾਸਲ ਕਰ ਲੈਣਗੇ।
ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਵੀ ਡੋਨਾਲਡ ਟਰੰਪ ਦੀ ਜਿੱਤ ਦੀ ਪੁਸ਼ਟੀ ਹੋਈ; ਜਿੱਤ ਦਾ ਅੰਕੜਾ ਹੋਰ ਵਧਿਆ
Published: