ਜੇਕਰ ਅਸੀਂ ਭਾਰਤ ਅਤੇ ਵਿਸ਼ਵ ਦੇ ਵਿੱਤੀ ਅਤੇ ਆਰਥਿਕ ਪ੍ਰਬੰਧਨ ਵਿੱਚ ਜ਼ਿਕਰਯੋਗ ਭੂਮਿਕਾ ਨਿਭਾਉਣ ਵਾਲੀਆਂ ਸਿੱਖ ਸ਼ਖਸ਼ੀਅਤਾਂ ਦੀ ਗੱਲ ਕਰੀਏ ਤਾਂ ਉਨਾਂ ਵਿੱਚ ਵਿਸ਼ਵ ਪ੍ਰਸਿੱਧ ਅਰਥ-ਸ਼ਾਸ਼ਤਰੀ ਮਾਣਯੋਗ ਡਾ. ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ, ਪ੍ਰਸਿੱਧ ਅਰਥ-ਸ਼ਾਸਤਰੀ ਅਤੇ ਬਿਉਰੋਕਰੈਟ ਸ. ਮੋਨਟੇਕ ਸਿੰਘ ਆਹਲੂਵਾਲੀਆ ਸਾਬਕਾ ਡਿਪਟੀ ਚੇਅਰਮੈਨ ਪਲਾਨਿੰਗ ਕਮਿਸ਼ਨ ਅਤੇ ਬੈਕਿੰਗ ਖੇਤਰ ਦੀ ਹਸਤੀ ਸ. ਇੰਦਰਜੀਤ ਸਿੰਘ ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਘ ਬੈਂਕ ਦੇ ਨਾਂ ਉਭਰਦੇ ਹਨ। 3 ਮਈ 2023 ਨੂੰ ਵੱਕਾਰੀ ਸੰਸਥਾ ‘ਵਿਸ਼ਵ ਬੈਂਕ’ ਦੇ ਮੁਖੀ ਬਣੇ ਸ. ਅਜੈਪਾਲ ਸਿੰਘ ਬੰਗਾ ਦਾ ਨਾਂ ਉਕਤ ਮਹਾਨ ਸ਼ਖਸ਼ੀਅਤਾਂ ਦੀ ਸੂਚੀ ਵਿੱਚ ਅਗਲੇਰਾ ਵਾਧਾ ਕਰਦਾ ਹੈ। ਵੱਕਾਰੀ ਅੰਤਰ-ਰਾਸ਼ਟਰੀ ਸੰਸਥਾ ‘ਵਿਸ਼ਵ ਬੈਂਕ’ ਦੀ ਅਗਵਾਈ ਕਰਨ ਵਾਲੇ ਉਹ ਪਹਿਲੇ ਭਾਰਤੀ ਅਮਰੀਕੀ ਬਣ ਗਏ ਹਨ। ਸ. ਬੰਗਾ ਭਾਰਤ ਵਿੱਚ ਨਿਵੇਸ਼ ਕਰਨ ਵਾਲੀਆ 300 ਤੋਂ ਵੱਧ ਵੱਡੀਆਂ ਅੰਤਰ-ਰਾਸ਼ਟਰੀ ਕੰਪਨੀਆਂ ਦੀ ਅਗਵਾਈ ਕਰਨ ਵਾਲੀ ਯੂ. ਐੱਸ. ਇੰਡੀਆ ਬਿਜ਼ਨਸ ਕੌਂਸਲ (ਯੂ. ਐੱਸ. ਆਈ. ਬੀ. ਸੀ.) ਦੇ ਚੇਅਰਮੈਨ ਹੋਣ ਦੇ ਨਾਲ-ਨਾਲ ਉਹ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦੇ ਵੀ ਚੇਅਰਮੈਨ ਰਹਿ ਚੁੱਕੇ ਹਨ।
ਅੱਜ ਵੱਡੀਆਂ ਮੈਨੇਜਮੈਂਟ ਸੰਸਥਾਵਾਂ ਦੇ ਵਿਦਿਆਰਥੀ ਅਤੇ ਅਧਿਆਪਕ ਸ. ਅਜੈਪਾਲ ਸਿੰਘ ਬੰਗਾ ਦੀ ਸਿੱਖਿਆ, ਉੱਚ ਸਿੱਖਿਆ ਅਤੇ ਵਿੱਤੀ ਪ੍ਰਬੰਧਨ ਵਿੱਚ ਉਨਾਂ ਦੀ ਮੁਹਾਰਤੀ ਸਫਲਤਾ ਦੀਆਂ ਕਹਾਣੀਆਂ ਨੂੰ ਪ੍ਰੇਰਕ ਪ੍ਰਸੰਗ ਬਣਾ ਕੇ ਸਾਂਝਾ ਕਰ ਰਹੇ ਹਨ। ਅੰਤਰ-ਰਾਸ਼ਟਰੀ ਪੱਧਰ ਦੀਆਂ ਵਿੱਤੀ ਸੰਸਥਾਵਾਂ ਵਿੱਚ ਚੋਟੀ ਦੇ ਅਹੁਦੇ ਹਾਸਲ ਕਰਨ ਵਾਲੇ ਸ. ਅਜੈਪਾਲ ਸਿੰਘ ਬੰਗਾ ਦਾ ਨਾਂ ਅਮਰੀਕਾ ਵਿੱਚ ਵੱਡੀਆਂ ਮੈਨੇਜਮੈਂਟ ਕੰਪਨੀਆ ਵਿੱਚ ਭਾਰਤ ਦਾ ਨਾਂ ਚਮਕਾਉਣ ਵਾਲੀਆਂ ਹਸਤੀਆਂ ਇੰਦਰਾਨੂਈ (ਪੈਪਸੀਕੋ) ਅਤੇ ਵਿਕਰਮ ਪੰਡਿਤ (ਸਿਟੀ ਗਰੁੱਪ) ਦੇ ਨਾਮ ਨਾਲ ਲਿਆ ਜਾਂਦਾ ਹੈ, ਪਰ ਇਹਨਾਂ ਵਿੱਚ ਬੁਨਿਆਦੀ ਫਰਕ ਇਹ ਹੈ ਕਿ ਇੰਦਰਾਨੂਈ ਅਤੇ ਵਿਕਰਮ ਪੰਡਿਤ ਕੋਲ ਭਾਰਤੀ ਸਿੱਖਿਆ ਦੇ ਨਾਲ-ਨਾਲ ਅਮਰੀਕੀ ਡਿਗਰੀਆਂ ਵੀ ਹਨ, ਪਰ ਅਜੈਪਾਲ ਸਿੰਘ ਬੰਗਾ ਨਿਰੋਲ ਭਾਰਤੀ ਸਿੱਖਿਆ ਦੇ ਬਲ ਤੇ ਹੀ ਵਿਸ਼ਵ ਵਿਆਪੀ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਵਿੱਚ ਆਪਣੀ ਵਿਲੱਖਣ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਸ. ਬੰਗਾ ਦੇ ਪਰਿਵਾਰ ਦਾ ਪਿਛੋਕੜ ਜਲੰਧਰ, ਪੰਜਾਬ ਨਾਲ ਜੁੜਦਾ ਹੈ। ਉਨਾਂ ਦੇ ਪਿਤਾ ਸ. ਹਰਭਜਨ ਸਿੰਘ ਭਾਰਤੀ ਫੌਜ ਵਿੱਚ ਲੈਫਟੀਨੈਂਟ ਜਨਰਲ ਦੇ ਉੱਚ ਅਹੁਦੇ ’ਤੇ ਤਾਇਨਾਤ ਰਹੇ। ਪਿਤਾ ਜੀ ਦੀ ਸਰਵਿਸ ਦੌਰਾਨ ਹੀ ਸ. ਬੰਗਾ ਦਾ ਜਨਮ 10 ਨਵੰਬਰ 1959 ਨੂੰ ਮਹਾਰਾਸ਼ਟਰ ਦੇ ਸ਼ਹਿਰ ਪੂਨੇ ਵਿਖੇ ਹੋਇਆ ਅਤੇ ਉਨਾਂ ਨੇ ਆਪਣੀ ਮੁਢਲੀ ਅਤੇ ਅਗਲੇਰੀ ਪੜਾਈ ਸਿਕੰਦਰਾਬਾਦ, ਜਲੰਧਰ, ਦਿੱਲੀ ਹੈਦਰਾਬਾਦ ਅਤੇ ਸ਼ਿਮਲਾ ਤੋਂ ਪ੍ਰਾਪਤ ਕੀਤੀ। ਫਿਰ ਸੇਂਟ ਸਟੀਫਨ ਕਾਲਜ ਦਿੱਲੀ ਤੋਂ ਅਰਥਸਾਂਸ਼ਤਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਆਈ.ਆਈ. ਐੱਮ. ਅਹਿਮਦਾਬਾਦ ਤੋਂ ਮੈਨੇਜਮੈਂਟ ਦੀ ਡਿਗਰੀ ਹਾਸਲ ਕੀਤੀ।
3 ਮਈ 2023 ਨੂੰ ਜਦੋਂ ਵਾਸ਼ਿਗਟਨ ਵਿਖੇ ਸ. ਅਜੈਪਾਲ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦੇ ਕਾਰਜਕਾਰੀ ਨਿਰਦੇਸ਼ਕਾਂ ਦੁਆਰਾ ਇਸ ਵੱਕਾਰੀ ਵਿੱਤੀ ਸੰਸਥਾ ਦਾ 5 ਸਾਲਾਂ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ ਤਾਂ ਇਸ ਖਬਰ ਨਾਲ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਨੇ ਆਪਣਾ ਸਿਰ ਉੱਚੇ ਹੋਣ ਦਾ ਮਾਣ ਮਹਿਸੂਸ ਕੀਤਾ। ਉਨਾਂ ਦੀ ਭਾਰਤ ਅਤੇ ਅੰਤਰ-ਰਾਸ਼ਟਰੀ ਪੱਧਰ ’ਤੇ ਵਿੱਤ ਪ੍ਰਬੰਧਨ ਵਿੱਚ ਨਿਭਾਈ ਭੂਮਿਕਾ ਦੀ ਕਹਾਣੀ ਬਹੁਤ ਲੰਬੀ ਹੈ।
ਸ. ਬੰਗਾ ਨੇ 1981 ਵਿੱਚ ਨੈਸਲੇ ਇੰਡੀਆ ਵਿੱਚ ਇੱਕ ਪ੍ਰਬੰਧਨ ਸਿੱਖਿਆਰਥੀ ਵਜੋਂ ਆਪਣਾ ਕਰੀਅਰ ਆਰੰਭਿਆ ਅਤੇ ਵਿੱਕਰੀ, ਮਾਰਕੀਟਿੰਗ ਅਤੇ ਜਨਰਲ ਪ੍ਰਬੰਧਨ ਵਿੱਚ 13 ਸਾਲ ਦੇ ਅਨੁਭਵ ਉਪਰੰਤ ਭਾਰਤ ਵਿੱਚ ਆਰਥਿਕ ਉਦਾਰੀਕਰਨ ਦੇ ਦੌਰ ਵਿੱਚ ਉਸਨੇ ਪੈਪਸੀਕੋ ਦੇ ਰੈਸਟੋਰੈਂਟ ਡਿਵੀਜ਼ਨ ਵਿੱਚ ਕਾਰਜ਼ਸ਼ੀਲ ਰਹਿੰਦਿਆਂ ਭਾਰਤ ਵਿੱਚ ਪੀਜਾ ਹੱਟ ਅਤੇ ਕੇ. ਐੱਫ. ਸੀ. ਦੀ ਸ਼ੁਰੂਆਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
1996 ਸ. ਬੰਗਾ ਨੇ ਸਿਟੀ ਗਰੁੱਪ ਦੀ ਭਾਰਤ ਵਿੱਚ ਮਾਰਕੀਟਿੰਗ ਦਾ ਜਿੰਮਾ ਸੰਭਾਲਿਆ ਅਤੇ 2002 ਵਿੱਚ ਰਿਟੇਲ ਬੈਂਕ ਦਾ ਅਹੁਦਾ ਸੰਭਾਲਣਾ ਅਮਰੀਕਾ ਵਿੱਚ ਉਸਦਾ ਪਹਿਲਾ ਕਾਰਜਕਾਲ ਰਿਹਾ ਅਤੇ 2005 ਵਿੱਚ ਸਿਟੀ ਗਰੁੱਪ ਨੇ ਸ. ਬੰਗਾ ਨੂੰ ਅੰਤਰ-ਰਾਸ਼ਟਰੀ ਖਪਤਕਾਰ ਬੈਕਿੰਗ ਅਤੇ ਵਿੱਤ ਕਾਰੋਬਾਰਾਂ ਦਾ ਮੁਖੀ ਨਿਯੁਕਤ ਕਰ ਦਿੱਤਾ।
ਉਨਾਂ ਦੀ ਖੂਬੀਆਂ ਅਤੇ ਸਮਰੱਥਾ ਦੀ ਪਰਖ ਭਾਰਤ ਵਿੱਚ ਅਮਰੀਕੀ ਸਰਵ ਵਿਆਪਕ ਵਿੱਤੀ ਕੰਪਨੀ ਮਾਸਟਰਕਾਰਡ ਇੰਕ. ਦੇ ਪ੍ਰਧਾਨ ਅਤੇ ਸੀ.ਈ.ਓ. ਦੀ ਨਿਯੁਕਤੀ ਦੌਰਾਨ ਹੋਈ। ਸ. ਬੰਗਾ 2009 ਸਿਟੀ ਗਰੁੱਪ ਦੇ ਏਸ਼ੀਆ-ਪੈਸੇਫਿਕ ਸੀ.ਈ.ਓ. ਹੁੰਦਿਆਂ 90 ਕਰੋੜ ਦਾ ਪੈਕੇਜ ਪ੍ਰਾਪਤ ਕਰਨ ਕਰਕੇ ਦੁਨੀਆ ਵਿੱਚ ਸਭ ਤੋਂ ਵਧ ਮਿਹਨਤਾਨਾ ਪ੍ਰਾਪਤ ਕਰਨ ਵਾਲੇ ਬੈਂਕਰ ਬਣੇ।
ਸ. ਅਜੈਪਾਲ ਸਿੰਘ ਬੰਗਾ ਨੇ 2010 ਵਿੱਚ ਰਾਬਰਟ ਡਬਲਯੂ ਸੇਲੈਂਡਰ ਦੀ ਥਾਂ ਲਈ ਸੀ, ਜੋ ਮਾਰਚ 1997 ਤੋਂ ਮਾਸਟਰਕਾਰਡ ਦਾ ਮੱੁਖ ਕਾਰਜਕਾਰੀ ਅਧਿਕਾਰੀ ਚਲਿਆ ਆ ਰਿਹਾ ਸੀ। ਮਾਸਟਰਕਾਰਡ ਦੇ ਵਿੱਤੀ ਪ੍ਰਬੰਧਨ ਨੈੱਟਵਰਕ ਨੂੰ ਵਿਆਪਕ ਕਰਨਾ ਅਤੇ ਬੁਲੰਦੀ ’ਤੇ ਲਿਜਾਣਾ ਉਨਾਂ ਲਈ ਵੱਡੀ ਚੁਣੌਤੀ ਅਤੇ ਮੁੱਖ ਉਦੇਸ਼ ਸੀ, ਜਿਸ ਵਿੱਚ ਉਨਾਂ ਸਫਲਤਾ ਦੀ ਐਸੀ ਕਹਾਣੀ ਲਿਖੀ ਕਿ ਉਨਾਂ ਦਾ ਵਿਸ਼ਵ ਆਰਥਿਕ ਜਗਤ ਵਿੱਚ ਨਾਂ ਉੱਭਰ ਗਿਆ। ਜਦੋਂ ਸ. ਬੰਗਾ ਨੇ ਇਸ ਕੰਪਨੀ ਦਾ ਚਾਰਜ ਸੰਭਾਲਿਆ ਉਦੋਂ ਕੰਪਨੀ ਦਾ ਕਾਰੋਬਾਰ ਸਿਰਫ 26.5 ਬਿਲੀਅਨ ਡਾਲਰ ਸੀ, ਪਰ 10 ਸਾਲ ਬਾਅਦ 2021 ਵਿੱਚ ਉਨਾਂ ਕੰਪਨੀ ਦਾ ਕਾਰੋਬਾਰ 301 ਬਿਲੀਅਨ ਡਾਲਰ ਤੱਕ ਪਹੁੰਚਾ ਕੇ ਛੱਡਿਆ।
ਸ. ਬੰਗਾ ਨੇ ਵਿਸ਼ਵ ਦੇ ਇੱਕ ਸਫਲ ਅਤੇ ਚੋਟੀ ਦੇ ਅੰਤਰ-ਰਾਸ਼ਟਰੀ ਪੱਧਰ ਦੇ ਸਫਲ ਆਰਥਿਕ ਪ੍ਰਬੰਧਨ ਮਾਹਰ ਹੋਣ ਦੀਆਂ ਇੱਕ ਨਹੀਂ ਅਨੇਕਾਂ ਕਹਾਣੀਆਂ ਆਪਣੇ ਨਾਮ ਨਾਲ ਜੋੜ ਲਈਆਂ ਹਨ, ਅੱਜ ਅਜੈਪਾਲ ਸਿੰਘ ਬੰਗਾ ਮਨੇਜਮੈਂਟ ਦੇ ਲੱਖਾਂ ਵਿਦਿਆਰਥੀਆਂ ਲਈ ਇੱਕ ਪ੍ਰੇਰਕ ਸਖਸ਼ੀਅਤ ਹਨ।
2023 ਵਿੱਚ ਕਾਰਨੇਗੀ ਕਾਰਪੋਰੇਸ਼ਨ ਨੇ ਵਿਸ਼ਵ ਬੈਂਕ ਦੇ ਮੁਖੀ ਸ. ਅਜੈਪਾਲ ਸਿੰਘ ਬੰਗਾ ਨੂੰ ਯੂ. ਐੱਸ. ਏ. ਅਤੇ ਲੋਕਤੰਤਰ ਵਿੱਚ ਉਨਾਂ ਦੇ ਵੱਡਮੁੱਲੇ ਯੋਗਦਾਨ ਨੂੰ ਪਛਾਣਦਿਆਂ ਉਨਾਂ ਨੂੰ ‘ਯੂ. ਐੱਸ. ਮਹਾਨ ਪ੍ਰਵਾਸੀ’ ਵਜੋਂ ਸਨਮਾਨਿਤ ਕੀਤਾ। 2015 ਵਿੱਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ. ਬੰਗਾ ਨੂੰ ਅਮਰੀਕੀ ਵਪਾਰ ਨੀਤੀ ਅਤੇ ਗੱਲਬਾਤ ਲਈ ਰਾਸ਼ਟਰਪਤੀ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕਰਕੇ ਵੱਡਾ ਮਾਣ ਦਿੱਤਾ। ਸ. ਬੰਗਾ ਨੂੰ 2016 ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਦੁਆਰਾ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ। 2020 ਵਿੱਚ ਸ. ਬੰਗਾ ਨੂੰ ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਦਾ ਚੇਅਰਮੈਨ ਚੁਣਿਆ ਗਿਆ।
ਸਮਾਜਿਕ ਵਿਕਾਸ ਦੇ ਮਾਮਲਿਆ ਵਿੱਚ ਸ. ਬੰਗਾ ਦੀ ਸਮਝ ਕਮਾਲ ਦੀ ਹੈ। ਪ੍ਰਮੁੱਖ ਭਾਰਤੀ ਅਖਬਾਰ ਇਕਨਾਮਿਕ ਟਾਈਮਜ ਨੇ ਸ. ਬੰਗਾ ਨੂੰ ਦੁਨੀਆ ਵਿੱਚ ਚੌਥਾ ਸਭ ਤੋਂ ਵੱਧ ਤਾਕਤਵਰ ਭਾਰਤੀ ਹੋਣ ਦਾ ਖਿਤਾਬ ਦਿੱਤਾ ਹੈ। ਦੁਨੀਆ ਵਿੱਚ ਮਹਾਨ ਵਿੱਤ ਵਿਸਲੇਸ਼ਕ ਅਤੇ ਪ੍ਰਬੰਧਕ ਵਜੋਂ ਆਪਣਾ ਨਾ ਸਥਾਪਤ ਕਰਨ ਵਾਲੇ ਸ. ਬੰਗਾ ਆਪਣੇ ਹੁਣ ਤੱਕ ਦੇ ਕਰੀਅਰ ਦਾ ਅਨੁਭਵ ਅਤੇ ਨਿਚੋੜ ਸਾਂਝਾ ਕਰਦੇ ਹੋਏ ਆਖਦੇ ਹਨ ਕਿ ਮੇਰਾ ਮੰਨਣਾ ਹੈ ਕਿ ਲੋਕ ਤੁਹਾਡੀ ਪਾਰਦਰਸ਼ਤਾ, ਤੁਹਾਡੇ ਸ਼ਿਸ਼ਟਾਚਾਰ ਅਤੇ ਤੁਹਾਡੇ ਉਦੇਸ਼ ਦੀ ਭਾਵਨਾ ਦੀ ਲਈ ਤੁਹਾਡੀ ਕਦਰ ਕਰਨਗੇ। ਸ. ਬੰਗਾ ਦਾ ਭਾਰਤ ਅਤੇ ਅਮਰੀਕਾ ਵਿੱਚ ਆਧੁਨਿਕ ਵਿੱਤ ਪ੍ਰਬੰਧਨ ਨੂੰ ਨਵੀਆਂ ਬੁਲੰਦੀਆਂ ਪ੍ਰਦਾਨ ਕਰਨ ਅਤੇ ਇਸਦੀ ਖਪਤਕਾਰ ਵਰਗਾਂ ਤੱਕ ਸੁਖਾਲੀ ਅਤੇ ਸਾਰਥਿਕ ਪਹੁੰਚ ਸਥਾਪਤ ਕਰਨ ਵਿੱਚ ਵੱਡਮੁੱਲਾ ਯੋਗਦਾਨ ਹੈ। ਵਿਸ਼ਵ ਬੈਂਕ ਦੇ ਮੌਜੂਦਾ ਮੁਖੀ ਵਜੋਂ ਉਨਾਂ ਤੋਂ ਗਲੋਬਲ ਵਿੱਤ ਪ੍ਰਬੰਧਨ ਨੂੰ ਨਵੀਆਂਂ ਦਿਸ਼ਾਵਾਂ ਵੱਲ ਲਿਜਾਣ ਅਤੇ ਏਸ਼ੀਆ ਅਤੇ ਅਫਰੀਕਾ ਆਦਿ ਦੇਸ਼ਾਂ ਦੀਆਂ ਸੰਕਟਗ੍ਰਸਤ ਅਰਥ-ਵਿਵਸਥਾਵਾਂ ਦੇ ਉਭਾਰ ਲਈ ਸੁਖਾਵਾਂ ਵਿੱਤੀ ਪ੍ਰਬੰਧ ਮੁਹੱਈਆ ਕਰਵਾਉਣ ਦੀਆਂ ਪ੍ਰਬਲ ਉਮੀਦਾਂ ਹਨ।