ਪੰਜਾਬੀਆਂ ਅਤੇ ਖਾਸਕਰ ਸਿੱਖ ਕੌਮ ਨੇ ਦੁਨੀਆਂ ਦੇ ਹਰੇਕ ਦੇਸ਼ ਵਿੱਚ ਆਪਣੀ ਕਾਬਲੀਅਤ ਸਦਕਾ ਹਾਜ਼ਰੀ ਲੁਆਈ ਹੈ ਅਤੇ ਅਜਿਹਾ ਕਰਦੇ ਹੋਏ ਵਿਦੇਸ਼ੀ ਧਰਤੀ ਉੱਤੇ ਅਹਿਮ ਅਹੁਦਿਆਂ ਤੱਕ ਆਪਣਾ ਨਾਂਅ ਸਥਾਪਤ ਕੀਤਾ। ਅਮਰੀਕਾ ਵਰਗੇ ਦੁਨੀਆਂ ਦੇ ਸਿਰਕੱਢ ਦੇਸ਼ ਵਿੱਚ ਜਦੋਂ ਅੱਜ ਸਿੱਖ ਭਾਈਚਾਰਾ ਕਈ ਉੱਚੇ ਸਿਆਸੀ ਅਤੇ ਪ੍ਰਸ਼ਾਸਕੀ ਅਹੁਦਿਆਂ ਉੱਤੇ ਨਜ਼ਰ ਆਉਂਦਾ ਹੈ ਤਾਂ ਅਜਿਹੇ ਵਿੱਚ ਓਸ ਸ਼ਖ਼ਸੀਅਤ ਦਾ ਵੀ ਜ਼ਰੂਰ ਜ਼ਿਕਰ ਹੋਵੇਗਾ ਜਿਨਾਂ ਨੇ ਇਸ ਬੰਨੇ ਅਹਿਮ ਭੂਮਿਕਾ ਨਿਭਾਈ ਸੀ। ਇਹ ਸਨ, ਡਾ: ਅਮਰਜੀਤ ਸਿੰਘ ਮਰਵਾਹ ਜਿਨਾਂ ਦਾ ਨਾਂਅ ਇਤਿਹਾਸ ਦੇ ਪੰਨਿਆ ਉੱਤੇ ਅਮਰੀਕਾ ’ਚ ਪਹਿਲੇ ਪ੍ਰਵਾਸੀ ਪੰਜਾਬੀ ਲੋਕ ਪ੍ਰਤਿਨਿਧ ਆਗੂ ਵਜੋਂ ਦਰਜ ਹੈ। ਆਪਣੇ ਅਟੁੱਟ ਸਮਰਪਣ ਲਈ ਜਾਣੇ ਜਾਂਦੇ, ਡਾ. ਮਾਰਵਾਹ ਦੇ ਯੋਗਦਾਨ ਨੇ ਕਲਾ, ਸੱਭਿਆਚਾਰ, ਸਿੱਖਿਆ ਅਤੇ ਮਾਨਵਤਾਵਾਦੀ ਕੰਮ ਸਮੇਤ ਵੱਖ-ਵੱਖ ਖੇਤਰਾਂ ਨੂੰ ਆਪਣੀ ਕਾਬਲੀਅਤ ਸਦਕਾ ਰੁਸ਼ਨਾਇਆ। ਡਾ. ਮਰਵਾਹ ਇੱਕ ਸਫਲ ਪੇਸ਼ੇਵਰ, ਵਚਨਬੱਧ ਨਾਗਰਿਕ ਅਤੇ ਇੱਕ ਸਮਰਪਿਤ ਸਿੱਖ ਸਨ ਜਿਨਾਂ ਨੇ ਬਹੁਤ ਸਾਰੇ ਲੋਕਾਂ ਦੇ ਜੀਵਨ ਵਿੱਚ ਬਹੁਤ ਵੱਡਾ ਹਾਂ-ਪੱਖੀ ਯੋਗਦਾਨ ਪਾਇਆ।
ਉਨਾਂ ਦੇ ਸ਼ੁਰੂਆਤੀ ਜੀਵਨ ਬਾਰੇ ਇਹ ਪਤਾ ਲੱਗਦਾ ਹੈ ਕਿ ਡਾ. ਮਰਵਾਹ, ਡਾਕਟਰਾਂ ਦੇ ਇੱਕ ਪਰਿਵਾਰ ਤੋਂ ਸਨ, ਪੰਜਾਬ ਦੇ ਕੋਟਕਪੂਰਾ ਵਿੱਚ ਵੱਡੇ ਹੋਏ ਅਤੇ ਲਾਹੌਰ ਦੇ ਡੈਂਟਲ ਕਾਲਜ ਵਿੱਚ ਪੜੇ ਅਤੇ ਉਨਾਂ ਨੇ ਸੰਨ 1947 ਵਿੱਚ ਗ੍ਰੈਜੂਏਸ਼ਨ ਮੁਕੰਮਲ ਕੀਤੀ। ਸੰਨ 1953 ਵਿੱਚ, ਪੰਜਾਬ ਵਿੱਚ 4 ਸਾਲ ਦੰਦਾਂ ਦੇ ਡਾਕਟਰ ਵਜੋਂ ਕੰਮ ਕਰਨ ਤੋਂ ਬਾਅਦ, ਉਨਾਂ ਨੂੰ ਨਿਊਯਾਰਕ ਵਿੱਚ ਗੁਗਨਹਾਈਮ ਡੈਂਟਲ ਫਾਊਂਡੇਸ਼ਨ ਵਿੱਚ ਪੋਸਟ ਗ੍ਰੈਜੂਏਟ ਕੰਮ ਕਰਨ ਲਈ ਫੁਲਬ੍ਰਾਈਟ ਸਕਾਲਰਸ਼ਿਪ ਦੀ ਪੇਸ਼ਕਸ਼ ਹੋਈ ਸੀ ਅਤੇ ਇੱਥੋਂ ਹੀ ਉਨਾਂ ਦੇ ਜੀਵਨ ਦੇ ਇੱਕ ਨਵੇਂ ਦੌਰ ਦਾ ਆਗ਼ਾਜ਼ ਹੋਇਆ। ਇਸ ਤੋਂ ਬਾਅਦ, ਉਨਾਂ ਨੇ ਸ਼ਿਕਾਗੋ ਦੀ ਇਲੀਨੋਇ ਯੂਨੀਵਰਸਿਟੀ ਵਿੱਚ ਦਾਖਲਾ ਲਿਆ, ਜਿੱਥੇ ਉਨਾਂ ਨੇ ਮਾਸਟਰਜ਼ ਡਿਗਰੀ ਪ੍ਰਾਪਤ ਕੀਤੀ। ਸੰਨ 1954 ਵਿੱਚ, ਉਹ ਵਾਸ਼ਿੰਗਟਨ ਡੀ. ਸੀ. ਦੀ ਹਾਵਰਡ ਯੂਨੀਵਰਸਿਟੀ ਵਿੱਚ ਨਾ ਸਿਰਫ਼ ਦੰਦਾਂ ਦੀ ਸਰਜਰੀ ਦੇ ਡਾਕਟਰ ਬਣੇ, ਸਗੋਂ ਅਮਰੀਕਾ ਵਿੱਚ ਦੰਦਾਂ ਦੇ ਇਲਾਜ ਦਾ ਲਾਇਸੈਂਸ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਵੀ ਬਣੇ। ਉਸੇ ਸਾਲ, ਉਹ ਇਲੀਨੋਇ ਯੂਨੀਵਰਸਿਟੀ, ਸ਼ਿਕਾਗੋ ਵਿੱਚ ਇੱਕ ਫੈਕਲਟੀ ਮੈਂਬਰ ਦੇ ਤੌਰ ’ਤੇ ਪਰਤੇ।
ਇਸ ਦੇ ਨਾਲ ਹੀ, ਓਹ ਸੰਨ 1950 ਦੇ ਦਹਾਕੇ ਦੇ ਅਮਰੀਕਾ ਵਿੱਚ ਏਸ਼ੀਆਈਆਂ, ਖਾਸ ਕਰਕੇ ਭਾਰਤੀਆਂ ਦੁਆਰਾ ਦਰਪੇਸ਼ ਅੰਤਰੀਵ ਸਮਾਜਿਕ ਅਲਹਿਦਗੀ ਤੋਂ ਵਾਕਿਫ਼ ਸਨ। ਉਨਾਂ ਨੇ ਇਹ ਮਹਿਸੂਸ ਕੀਤਾ ਕਿ ਹਰੇਕ ਸੰਸਥਾ ਦੇ ਅੰਦਰ ਭਾਈਚਾਰੇ ਦੀ ਪ੍ਰਤੀਨਿਧਤਾ ਵਧਾਉਣਾ ਬਹੁਤ ਮਦਦਗਾਰ ਹੋ ਸਕਦਾ ਹੈ। ਸੰਨ 1957 ਵਿੱਚ, ਉਨਾਂ ਨੇ ਦਲੀਪ ਸਿੰਘ ਸੌਂਦ ਲਈ ਚੋਣ ਮੁਹਿੰਮਾਂ ਦਾ ਪ੍ਰਬੰਧਨ ਕੀਤਾ, ਜੋ ਕਿ ਪਹਿਲੇ ਸਿੱਖ ਅਤੇ ਅਮਰੀਕੀ ਕਾਂਗਰਸ ਲਈ ਚੁਣੇ ਗਏ ਪਹਿਲੇ ਭਾਰਤੀ ਅਮਰੀਕੀ ਸਨ, ਅਤੇ ਇਸ ਤਰਾਂ ਇਸ ਘਟਨਾਕ੍ਰਮ ਨੇ ਸੱਤਾ ਦੇ ਅਮਰੀਕੀ ਗਲਿਆਰੇ ਵਿੱਚ ਭਾਰਤੀਆਂ ਲਈ ਦਰਵਾਜ਼ੇ ਖੋਲ ਦਿੱਤੇ। 1957 ਵਿੱਚ, ਡਾ. ਮਰਵਾਹ ਨੂੰ ਅਮਰੀਕੀ ਨਾਗਰਿਕਤਾ ਦਿੱਤੀ ਗਈ, ਜੋ ਕਿ ਉਨਾਂ ਦੇ ਅਮਰੀਕੀ ਸੁਪਨੇ ਦਾ ਸਿਖਰ ਸੀ। ਇਹ ਕਵਾਇਦ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਵਜੋਂ ਬਾਲਡਵਿਨ ਹਿਲਜ਼ ਵਿੱਚ ਤਬਦੀਲ ਹੋਣ ਤੋਂ ਬਾਅਦ ਲਾਸ ਏਂਜਲਸ ਵਿੱਚ ਬਣੇ ਪਹਿਲੇ ਭਾਰਤੀ ਘਰ ਦੀ ਸਥਾਪਨਾ ਵਜੋਂ ਵੀ ਦਰਜ ਹੋਈ।
ਸਮਾਜਿਕ ਅਲਹਿਦਗੀ ਅਤੇ ਭਿ੍ਰਸ਼ਟਤਾ ਦੇ ਤਜਰਬੇ ਨੇ ਡਾ. ਅਮਰਜੀਤ ਸਿੰਘ ਮਰਵਾਹ ਨੂੰ ਲਾਸ ਏਂਜਲਸ ਦੇ ਪਹਿਲੇ ਕਾਲੇ ਮੂਲ ਦੇ ਮੇਅਰ, ਟੌਮ ਬ੍ਰੈਡਲੀ ਦੇ ਨੇੜੇ ਲਿਆਂਦਾ। ਇਹੀ ਕਾਰਨ ਸੀ ਕਿ ਭਾਵੇਂ ਡਾ. ਮਰਵਾਹ ਨੇ ਲਾਸ ਏਂਜਲਸ ਦੇ ਵੱਖ-ਵੱਖ ਨੇਤਾਵਾਂ ਨਾਲ ਕੰਮ ਕੀਤਾ, ਪਰ ਸਭ ਤੋਂ ਵੱਧ ਮੇਅਰ ਟੌਮ ਬ੍ਰੈਡਲੀ ਨਾਲ ਨਜ਼ਰ ਆਏ। ਸੰਨ 1974 ਵਿੱਚ ਮੇਅਰ ਬ੍ਰੈਡਲੀ ਨੇ ਮਾਰਵਾਹ ਨੂੰ ਲਾਸ ਏਂਜਲਸ ਸ਼ਹਿਰ ਲਈ ਸੱਭਿਆਚਾਰਕ ਵਿਰਾਸਤ ਅਤੇ ਹਾਲੀਵੁੱਡ ਆਰਟ ਕਮਿਸ਼ਨ ਦੀ ਪ੍ਰਧਾਨਗੀ ਲਈ ਕਮਿਸ਼ਨਰ ਨਿਯੁਕਤ ਕੀਤਾ, ਜਿੱਥੇ ਉਨਾਂ ਨੇ ਅਗਲੇ ਕੁੱਲ 18 ਸਾਲ ਸੇਵਾ ਨਿਭਾਈ। ਇਨਾਂ ਭੂਮਿਕਾਵਾਂ ਵਿੱਚ, ਉਨਾਂ ਨੇ ਗ੍ਰੌਮੈਨ ਦੇ ਚੀਨੀ ਥੀਏਟਰ ਸਮੇਤ 200 ਤੋਂ ਵੱਧ ਸਥਾਨਾਂ ਲਈ ਇਤਿਹਾਸਕ ਦਰਜਾ ਪ੍ਰਾਪਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਨਾਂ ਨੇ ਇਨਾਂ ਅਹੁਦਿਆਂ ਲਈ ਆਪਣੀ ਪੂਰੀ ਤਨਖਾਹ ਸ਼ਹਿਰ ਦੇ ਲੇਖੇ ਲਾਈ। ਆਪਣੇ ਬਾਅਦ ਦੇ ਸਾਲਾਂ ਵਿੱਚ, ਮਾਰਵਾਹ ਲਾਸ ਏਂਜਲਸ ਭਾਈਚਾਰੇ ਵਿੱਚ ਸਰਗਰਮ ਰਹੇ, ਸਮਾਗਮਾਂ ਵਿੱਚ ਸ਼ਾਮਲ ਹੁੰਦੇ ਰਹੇ ਅਤੇ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਵੀ ਜਾਰੀ ਰੱਖਦੇ ਰਹੇ। ਇਸੇ ਤਰਾਂ, ਉਨਾਂ ਨੇ ਸਿੱਖ ਸਟੱਡੀ ਸਰਕਲ, ਮਹਾਤਮਾ ਗਾਂਧੀ ਮੈਮੋਰੀਅਲ ਫਾਊਂਡੇਸ਼ਨ ਅਤੇ ਕੋਆਰਡੀਨੇਟਿੰਗ ਕੌਂਸਲ ਆਫ਼ ਇੰਡੀਆ ਐਸੋਸੀਏਸ਼ਨਜ਼ ਦੀ ਵੀ ਸਥਾਪਨਾ ਕੀਤੀ। ਡਾ. ਮਰਵਾਹ ਬਾਰੇ ਖਾਸ ਤੌਰ ’ਤੇ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਉਨਾਂ ਦਾ ਭਾਰਤੀ ਅਤੇ ਅਮਰੀਕੀ ਸੱਭਿਆਚਾਰਕ ਨਾਲ ਡੂੰਘਾ ਸਬੰਧ ਹਮੇਸ਼ਾ ਬਣਿਆ ਰਿਹਾ। ਇਹੀ ਕਾਰਨ ਸੀ ਕਿ ਲਾਸ ਏਂਜਲਸ ਸ਼ਹਿਰ ਅਤੇ ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਉਨਾਂ ਦੇ ਯੋਗਦਾਨ ਦਾ ਸਨਮਾਨ ਕੀਤਾ ਸੀ।
ਡਾ. ਮਰਵਾਹ ਦੇ ਨਾਂਅ ਇਹ ਮਾਣ ਵੀ ਦਰਜ ਹੈ ਕਿ ਬਤੌਰ ਦੰਦਾਂ ਦੇ ਡਾਕਟਰ, ਉਨਾਂ ਕੋਲ ਆਈਆਂ ਨਾਮੀ ਹਸਤੀਆਂ ਵਿੱਚ ਐਲਿਜ਼ਾਬੈਥ ਟੇਲਰ, ਸਿਡਨੀ ਪੋਇਟੀਅਰ ਅਤੇ ਮੁਹੰਮਦ ਅਲੀ ਵਰਗੇ ਨਾਂਅ ਸ਼ਾਮਲ ਸਨ। ਗਾਇਕ-ਅਦਾਕਾਰ ਬਾਰਬਰਾ ਸਟਰੀਸੈਂਡ 14 ਏਕੜ ਵਾਲੇ ਮਾਲੀਬੂ ਰੈਂਚ ਵਿੱਚ ਉਨਾਂ ਦੇ ਗੁਆਂਢੀਆਂ ਵਿੱਚੋਂ ਇੱਕ ਸੀ ਜਿੱਥੇ ਉਨਾਂ ਦੀ ਇੱਕ ਜਾਇਦਾਦ ਵੀ ਸੀ। ਪ੍ਰਸ਼ਾਂਤ ਮਹਾਂਸਾਗਰ ਦੇ ਸਾਹਮਣੇ ਮਾਲੀਬੂ ਰੈਂਚ ਵਿਖੇ ਮਰਵਾਹ ਪਰਿਵਾਰ ਦੀ ਜਾਇਦਾਦ 38ਵੇਂ ਅਮਰੀਕੀ ਰਾਸ਼ਟਰਪਤੀ ਗੇਰਾਲਡ ਫੋਰਡ ਦੇ ਪੁੱਤਰ ਦੇ ਵਿਆਹ ਸਥਾਨ ਵਜੋਂ ਵੀ ਵਰਤੀ ਗਈ ਸੀ। ਡਾ. ਮਰਵਾਹ ਦਾ 18 ਏਕੜ ਦਾ ਖੇਤ, ਜੋ ਕਿ ਅਮਰੀਕਾ ਦੇ ਸਭ ਤੋਂ ਵਿਸ਼ੇਸ਼ ਖੇਤਰਾਂ ਵਿੱਚੋਂ ਇੱਕ ਹੈ, ਸੰਨ 1968 ਵਿੱਚ ਖਰੀਦਿਆ ਗਿਆ ਸੀ, ਜੋ ਕਿ ਅਮਰੀਕੀ ਸਮਾਜ ਵਿੱਚ ਉਨਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਸਫਲਤਾ ਅਤੇ ਮੌਜੂਦਗੀ ਨੂੰ ਦਰਸਾਉਂਦਾ ਹੈ। ਭਾਰਤ ਵਿੱਚ ਮੌਜੂਦਾ ਅਮਰੀਕੀ ਰਾਜਦੂਤ ਏਰਿਕ ਗਾਰਸੇਟੀ ਅਤੇ ਗਾਰਸੇਟੀ ਦੇ ਪਿਤਾ, ਗਿਲ ਗਾਰਸੇਟੀ, ਜੋ ਕਿ ਲਾਸ ਏਂਜਲਸ ਦੇ ਸਾਬਕਾ ਜ਼ਿਲਾ ਅਟਾਰਨੀ ਹਨ, ਵਰਗੀਆਂ ਪ੍ਰਭਾਵਸ਼ਾਲੀ ਸ਼ਖਸੀਅਤਾਂ ਨਾਲ ਉਨਾਂ ਦੇ ਨੇੜਲੇ ਸਬੰਧ ਸਨ। ਇਹ ਵਾਕੀਅਤ ਅਤੇ ਤਾਲੁਕਾਤ, ਸਥਾਨਕ ਅਤੇ ਅੰਤਰ-ਰਾਸ਼ਟਰੀ ਕੂਟਨੀਤੀ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਵਜੋਂ ਉਨਾਂ ਦੇ ਕੱਦ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦੇ ਹਨ।
ਅਮਰੀਕਾ ਵਿੱਚ ਰਹਿੰਦਿਆਂ ਵੀ ਉਨਾਂ ਦਾ ਪੰਜਾਬ ਪ੍ਰਤੀ ਮੋਹ ਹਮੇਸ਼ਾ ਬਰਕਰਾਰ ਰਿਹਾ ਅਤੇ ਉਨਾਂ ਨੇ ਆਪਣੇ ਫਰੀਦਕੋਟ ਜ਼ਿਲੇ ਨਾਲ ਸਬੰਧਤ ਪਿੰਡ ਗੁਰੂ ਕੀ ਢਾਬ ਨੂੰ ਪੰਜਾਬ ਦਾ ਸਭ ਤੋਂ ਵਧੀਆ ਪਿੰਡ ਬਣਾਇਆ, ਜਿਸ ਨੂੰ ਹੁਣ ‘ਅਮਰੀਕੀ ਪਿੰਡ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਉਨਾਂ ਨੇ ਪਿੰਡਾਂ ਅਤੇ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਇੱਕ ਸਥਾਈ ਪ੍ਰਭਾਵ ਪਾਇਆ। ਉਨਾਂ ਨੇ ਦੋ ਪਿੰਡ, ਗੁਰੂ ਕੀ ਢਾਬ ਅਤੇ ਗੁਰੂ ਨਾਨਕ ਬਸਤੀ ਦੀ ਜ਼ਿੰਮੇਵਾਰੀ ਸੰਭਾਲੀ, ਜਿੱਥੇ ਉਨਾਂ ਨੇ ਸਾਫ਼ ਪਾਣੀ ਪ੍ਰਣਾਲੀਆਂ, ਸੀਵਰੇਜ ਨੈੱਟਵਰਕ ਅਤੇ ਪੱਕੀਆਂ ਸੜਕਾਂ ਵਰਗੀਆਂ ਆਧੁਨਿਕ ਸਹੂਲਤਾਂ ਦੇ ਨਿਰਮਾਣ ਵਿੱਚ ਸਹਾਇਤਾ ਕੀਤੀ, ਜਿਸ ਨਾਲ ਓਥੇ ਵੱਸਦੇ ਲੋਕਾਂ ਦਾ ਜੀਵਨ ਸੁਖਾਲਾ ਹੋਇਆ। ਫਰੀਦਕੋਟ ਜ਼ਿਲੇ ਵਿੱਚ ਇੱਕ ਵੱਡੀ ਸਨਅਤ ਲਾਉਣ ਦੀ ਉਨਾਂ ਦੀ ਇੱਕ ਭਰਪੂਰ ਇੱਛਾ ਸੀ। ਡਾ. ਮਰਵਾਹ ਨੇ ਇਹ ਗੱਲ ਵੀ ਕਹੀ ਸੀ ਕਿ ਉਹ ਫਰੀਦਕੋਟ ਜ਼ਿਲੇ ਲਈ ਬਹੁਤ ਕੁੱਝ ਕਰਨਾ ਚਾਹੁੰਦੇ ਹਨ, ਪਰ ਉਨਾਂ ਨੂੰ ਅਜਿਹੇ ਸ਼ਖ਼ਸ ਨਹੀਂ ਮਿਲੇ ਜੋ ਇਮਾਨਦਾਰੀ ਨਾਲ ਅੱਗੇ ਲੱਗ ਕੇ ਇਲਾਕੇ ਦੀ ਤਰੱਕੀ ਵਾਸਤੇ ਪਹਿਲਕਦਮੀ ਕਰਨ। ਡਾ. ਮਰਵਾਹ ਨੇ ਆਪਣੇ ਪਿੰਡ ਨੂੰ ਸੁੰਦਰਗ੍ਰਾਮ ਬਣਾਉਣ ਅਤੇ ਇਲਾਕੇ ਵਿੱਚ ਲੜਕੀਆਂ ਦੀ ਪੜਾਈ ਲਈ ਸਕੂਲ ਕਾਲਜ ਬਣਾਉਣ ਤੋਂ ਇਲਾਵਾ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੂੰ ਪਿਛਲੇ ਸਮੇਂ ਦੌਰਾਨ 180 ਕਰੋੜ ਰੁਪਏ ਦੇ ਕਰੀਬ ਦਾਨ ਦਿੱਤਾ ਸੀ। ਡਾ. ਮਰਵਾਹ ਵੰਡ ਸਮੇਂ ਪਾਕਿਸਤਾਨ ਵਿੱਚ ਰਹਿ ਗਈਆਂ ਆਪਣੀ ਮਾਂ ਦੀਆਂ ਸਹੇਲੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਮਿਲਣ ਲਈ ਉੱਥੇ ਗਏ ਅਤੇ ਉਨਾਂ ਦੇ ਬੱਚਿਆਂ ਦੀ ਪੜਾਈ ਲਈ ਪਾਕਿਸਤਾਨ ਵਿਚਲੇ ਸਕੂਲਾਂ ਵਿੱਚ ਨਜ਼ਰ ਆਈਆਂ ਘਾਟਾਂ ਨੂੰ ਪੈਸੇ ਦੇ ਕੇ ਮੁਕੰਮਲ ਕੀਤਾ ਸੀ। ਉਨਾਂ ਆਪਣੀ ਮਾਂ ਦੀਆਂ ਸਹੇਲੀਆਂ ਦੇ ਪਿੰਡ ਵਿੱਚ ਸਿਹਤ ਸਹੂਲਤਾਂ ਦੇ ਨਾਲ-ਨਾਲ ਹੋਰ ਕਾਰਜਾਂ ਲਈ ਵੀ ਹਮੇਸ਼ਾ ਵਾਂਗ ਖੁੱਲਾ ਦਾਨ ਦਿੱਤਾ ਸੀ।
ਅਮਰੀਕਾ ਵਿੱਚ ਵੱਸਦੇ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਇਹ ਜਾਣਨਾ ਬਣਦਾ ਹੈ ਕਿ ਡਾ. ਮਰਵਾਹ ਨੇ 1969 ਵਿੱਚ ਅਮਰੀਕਾ ਦੇ ਪਹਿਲੇ ਸਿੱਖ ਗੁਰੂਘਰ, ਹਾਲੀਵੁੱਡ ਸਿੱਖ ਗੁਰਦੁਆਰੇ ਦੀ ਸਥਾਪਨਾ ਕੀਤੀ ਸੀ। ਡਾ. ਅਮਰਜੀਤ ਸਿੰਘ ਮਰਵਾਹ, ਇੱਕ ਭਾਰਤੀ ਅਮਰੀਕੀ ਭਾਈਚਾਰੇ ਦੇ ਨੇਤਾ, ਸਮਾਜ ਸੇਵਕ ਅਤੇ ਵਿਦਵਾਨ, ਉਨਾਂ ਕੁਝ ਚੋਣਵੇਂ ਭਾਰਤੀ ਅਮਰੀਕੀਆਂ ਵਿੱਚੋਂ ਸਨ ਜਿਨਾਂ ਨੂੰ ਅਮਰੀਕਾ ਨੇ ਮੁੱਖ ਸੜਕਾਂ ਅਤੇ ਚੌਰਾਹਿਆਂ ਦੇ ਨਾਂਅ ਬਦਲ ਕੇ ਸਨਮਾਨਿਤ ਕੀਤਾ। ਲਾਸ ਏਂਜਲਸ ਸ਼ਹਿਰ ਨੇ 2019 ਵਿੱਚ ਵਰਮੋਂਟ ਅਤੇ ਫਿਨਲੇ ਐਵੇਨਿਊਜ਼ ਦੇ ਚੌਰਾਹੇ ਨੂੰ, ‘ਮਰਵਾਹ ਸਕੁਏਅਰ’ ਦਾ ਨਾਂਅ ਦੇ ਕੇ ਡਾ. ਮਰਵਾਹ ਨੂੰ ਅਮਰ ਕਰ ਦਿੱਤਾ ਸੀ। ਬੀਤੇ ਦਿਨੀਂ, 99 ਸਾਲ ਦੀ ਉਮਰ ਵਿੱਚ ਡਾ. ਅਮਰਜੀਤ ਸਿੰਘ ਮਰਵਾਹ ਭਾਵੇਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਪਰ ਉਨਾਂ ਵੱਲੋਂ ਕਲਾ, ਸੱਭਿਆਚਾਰ, ਸਿੱਖਿਆ ਅਤੇ ਮਨੁੱਖੀ ਭਲਾਈ ਦੇ ਖੇਤਰ ਵਿਚ ਕੀਤੇ ਵਰਣਨਯੋਗ ਕੰਮ ਅਤੇ ਉਨਾਂ ਦਾ ਸਮੁੱਚਾ ਜੀਵਨ ਸਮਾਜ ਨੂੰ ਇੱਕ ਮਿਸਾਲੀ ਦੇਣ ਵਜੋਂ ਹਮੇਸ਼ਾ ਚੇਤੇ ਕੀਤਾ ਜਾਵੇਗਾ।
-ਪੰਜਾਬ ਪੋਸਟ