ਕਥਾਕਾਰ, ਨਾਵਲਕਾਰ ਤੇ ਸ਼ਾਇਰ ਡਾ: ਕਰਨੈਲ ਨਾਲ ਮੇਰੀ ਲੰਮੀ ਤੇ ਗੂੜੀ ਸਾਹਿਤਕ ਦੋਸਤੀ ਦੀ ਉਮਰ ਤਕਰੀਬਨ ਪੰਜ ਦਹਾਕੇ ਪਾਰ ਕਰ ਚੁੱਕੀ ਹੈ। ਇਸ ਲੰਮੇ ਤੇ ਮਾਣਮੱਤੇ ਸਫਰ ਦੌਰਾਨ ਸਾਡੀ ਮਿੱਤਰਤਾ ਬਿਨਾਂ ਕਿਸੇ ਸਵਾਰਥ, ਲਾਲਚ ਅਤੇ ਲਾਲਸਾਵਾਂ ਦੇ ਵਧਦੀ ਫੁੱਲਦੀ ਰਹੀ। ਇਸ ਅਦਬੀ ਦੋਸਤੀ ਦੀ ਬੁਨਿਆਦ ਬੱਚਿਆਂ ਦੇ ਹਸਪਤਾਲ ਅੰਮਿ੍ਰਤਸਰ ਦੇ ਹੋਸਟਲ ਦੇ 19 ਨੰਬਰ ਕਮਰੇ ਵਿੱਚ ਰੱਖੀ ਗਈ, ਜਿੱਥੇ ਕਰਨੈਲ ਤੇ ਰਵਿੰਦਰ ਇੰਟਰਨਸ਼ਿਪ ਕਰਦੇ ਸਨ। ਇਨਾਂ ਹੀ ਦਿਨਾਂ ਵਿੱਚ ਮੈਨੂੰ ਡਾ: ਬਲਜੀਤ ਢਿੱਲੋਂ (ਨੇਤਰ ਰੋਗਾਂ ਦਾ ਮਾਹਿਰ) ਦੀ ਈ. ਐੱਨ. ਟੀ. ਦੇ ਚੁਬਾਰੇ ’ਚ ਵਿੱਚ ਮੈਨੂੰ ਦੋਸਤੀ ਦੀ ਬਹੁਮੁੱਲੀ ਸੌਗਾਤ ਮਿਲੀ ਸੀ, ਜਿਸਨੂੰ ਮੈਂ ਅੱਜ ਵੀ ਮਾਣ ਰਿਹਾ ਹਾਂ। 19 ਨੰਬਰ ਕਮਰੇ ਵਿੱਚ ਮੋਹਨਜੀਤ, ਪ੍ਰਮਿੰਦਰਜੀਤ, ਖੁਰਸ਼ੀਦ, ਮਹਿਮਾਨ ਲੇਖਕ ਹਰਪਾਲਜੀਤ ਪਾਲੀ ਅਤੇ ਡਾਕਟਰ ਮਿੱਤਰ ਆਦਿ ਸਾਹਿਤਕਾਰ ਅਦਬੀ ਮਹਿਫਲਾਂ ਵਿੱਚ ਸ਼ਾਮਲ ਹੁੰਦੇ ਸਨ। ਇਨਾਂ ਤੋਂ ਪਹਿਲਾਂ ਦੀਦਾਰ, ਬੀਬਾ ਬਲਵੰਤ, ਫੋਟੋਕਾਰ ਹਰਭਜਨ ਬਾਜਵਾ ਅਤੇ ਖੁਰਸ਼ੀਦ ਮੇਰੇ ਅਦਬੀ ਮਿੱਤਰ ਸਨ। ਮੈਂ ਹਰ ਸ਼ਨਿੱਚਰਵਾਰ ਇਨਾਂ ਅਦਬੀ ਮਹਿਫਲਾਂ ਵਿੱਚ ਸ਼ਿਰਕਤ ਕਰਨ ਲਈ ਅੰਮਿ੍ਰਤਸਰ ਜਾਂਦਾ ਸੀ ਤੇ ਸੋਮਵਾਰ ਪਹਿਲੀ ਬੱਸ ਲੈ ਆਪਣੇ ਸਕੂਲ ਆ ਹਾਜ਼ਰੀ ਭਰਦਾ।
ਮੈਂ ਮਿਡਲ ਸਕੂਲ ਜਗਦੇਵ ਕਲਾਂ ਦੀ ਛੇਵੀਂ ਜਾਂ ਸੱਤਵੀਂ ਵਿੱਚ ਪੜਦਾ ਸੀ। ਇੱਕ ਦਿਨ ਮੇਰੇ ਸਤਿਕਾਰਯੋਗ ਅਧਿਆਪਕ ਗਿਆਨੀ ਮੱਖਣ ਸਿੰਘ ਜੀ ਛੀਨਾ ਪ੍ਰੀਤਲੜੀ ਪੜਦੇ-ਪੜਦੇ, ਮੇਜ ਉੱਪਰ ਛੱਡ ਗਏ ਜੋ ਅੱਧੀ ਛੁੱਟੀ ਵੇਲੇ ਮੈਂ ਚੁੱਕ ਲਈ। ਪ੍ਰੀਤਲੜੀ ਵਿਚਲੇ ਲੇਖਾਂ, ਕਹਾਣੀਆਂ ਤੇ ਕਵਿਤਾਵਾਂ ਨੇ ਮੈਨੂੰ ਆਪਣਾ ਪ੍ਰਸ਼ੰਸਕ ਬਣਾ ਲਿਆ। ਮੇਰੀ ਅਧਿਆਪਕ ਵਜੋਂ ਨਿਯੁਕਤੀ ਪ੍ਰੀਤ ਨਗਰ ਨੇੜਲੇ ਇੱਕ ਸਕੂਲ ਵਿੱਚ ਹੋ ਗਈ ਤੇ ਮੈਂ ਆਪਣੀ ਸੁਪਨ ਨਗਰੀ ਪ੍ਰੀਤ ਨਗਰ ਆ ਵਸਿਆ, ਜਿੱਥੇ ਮੈਨੂੰ ਸੰਘਣੀ ਸਾਹਿਤਕ ਬਿਰਖ, ਪੰਜਾਬੀ ਵਾਰਤਕ ਦੇ ਸ਼ਾਹ ਅਸਵਾਰ ਸ: ਗੁਰਬਖਸ਼ ਸਿੰਘ ਪ੍ਰੀਤਲੜੀ, ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ ਤੇ ਸਿਰਮੌਰ ਕਹਾਣੀਕਾਰ ਨਵਤੇਜ ਸਿੰਘ ਆਦਿ ਦੀ ਛਾਂ ਮਾਨਣ ਦਾ ਸੁਨਹਿਰੀ ਮੌਕਾ ਮਿਲਿਆ।
19 ਨੰਬਰ ਕਮਰੇ ਦੀਆਂ ਅਦਬੀ ਮਹਿਫਲਾਂ ਵੀ ਯਾਦਗਾਰੀ ਹਨ। ਅਸੀਂ ਮੈਗਜ਼ੀਨਾਂ ਵਿੱਚ ਛਪੀਆਂ ਕਵਿਤਾਵਾਂ, ਕਹਾਣੀਆਂ ਤੇ ਪੜੀਆਂ ਪੁਸਤਕਾਂ ਬਾਰੇ ਚਰਚਾ ਕਰਦੇ। ਸ਼ਾਮ ਨੂੰ ਸੁਰਮਈ ਬਣਾਉਣ ਲਈ ਆਪਸੀ ਤਾਲ ਮੇਲ ਨਾਲ ਆਪੋ ਆਪਣੇ ਅੰਦਰੀਂ ਜੁਗਨੂੰ ਜਗਾਉਣ ਦਾ ਪ੍ਰਬੰਧ ਕਰਦੇ ਅਤੇ ਜਿਸ ਦਿਨ ਕੋਈ ਜੁਗਾੜ ਨਾਂ ਬਣਦਾ ਤਾਂ ਲਾਰੰਸ ਰੋਡ ਸੈਰ ਨੂੰ ਨਿਕਲ ਜਾਂਦੇ। ਪ੍ਰਮਿੰਦਰਜੀਤ ਪਹਿਲਾਂ ਗੁਰੂ ਨਾਨਕ ਯੂਨੀਵਰਸਿਟੀ ਅੰਮਿ੍ਰਤਸਰ ਦੇ ਹੋਸਟਲ ਵਿੱਚ ਖੋਜਾਰਥੀ ਹਰਜੀਤ ਦੇ ਕਮਰੇ ਵਿੱਚ ਰਹਿੰਦਾ ਸੀ। ਫਿਰ ਉਹ ਵੀ ਹਿਜ਼ਰਤ ਕਰ 19 ਨੰਬਰ ਕਮਰੇ ਵਿੱਚ ਆ ਗਿਆ। ਮੋਹਨਜੀਤ ਨੂੰ ਸ਼ਾਮ ਵੇਲੇ ਭੰਗ ਵਾਲਾ ਪਾਪੜ ਸੇਵਨ ਕਰਨ ਦਾ ਜਨੂੰਨ ਦੀ ਹੱਦ ਤੱਕ ਸ਼ੌਂਕ ਸੀ। ਇੱਕ ਵਾਰ ਉਹ ਹੋਸਟਲ ਦੇ 19 ਨੰਬਰ ਕਮਰੇ ਵਿੱਚ ਪਾਪੜ ਲੈ ਆਇਆ। ਇੱਕ ਡਾਕਟਰ ਨੇ ਵੀ ਸਵਾਦ-ਸਵਾਦ ਵਿੱਚ ਜਿਆਦਾ ਮਿੱਕਦਾਰ ਵਿੱਚ ਲੈ ਲਿਆ ਜਿਸ ਕਰਕੇ ਉਸਨੂੰ ਭੰਗ ਚੜ ਗਈ ਅਤੇ ਉਹ ਊਲ ਜਲੂਲ ਹਰਕਤਾਂ ਦੇ ਨਾਲ ਕਦੇ-ਕਦੇ ਖਿੜ ਖਿੜਾ ਕੇ ਹੱਸੀ ਜਾਂਦਾ। ਡਾ. ਮਿੱਤਰ ਸਿਹਤ ਵਿਗਿਆਨ ਦੀਆਂ ਮੋਟੀਆਂ ਮੋਟੀਆਂ ਕਿਤਾਬਾਂ ਫਰੋਲਣ ਲੱਗੇ, ਪਰ ਭੰਗ ਉਤਾਰਨ ਦਾ ਨੁਸਖਾ ਨਾਂ ਲੱਭਾ ਅਤੇ ਅਗਲੇ ਦਿਨ ਡਾਕਟਰ ਨਾਰਮਲ ਹੋਇਆ।
ਡਾ: ਕਰਨੈਲ ਤੇ ਡਾ: ਰਵਿੰਦਰ ਦਸੀਂ ਪੰਦਰੀਂ ਦਿਨੀ ਪ੍ਰੀਤ ਨਗਰ ਦਾ ਗੇੜਾ ਮਾਰ ਜਾਂਦੇ ਸਨ। ਇੱਕ ਦਿਨ ਦਿਨ ਢਲੇ ਅਸੀਂ ਸਰੂਰੇ ਜਿਹੇ ਪ੍ਰੀਤ ਨਗਰ ਲੰਘ ਕੇ ਕਿਸੇ ਸਰਹੱਦੀ ਪਿੰਡ ਤੱਕ ਜਾਣ ਵਾਲੀ ਬੱਸ ਵਿੱਚ ਆ ਬੈਠੇ। ਡਰਾਈਵਰ ਕੰਡਕਟਰ ਮੇਰੇ ਜਾਣੂੰ ਸਨ। ਉਹ ਲੋਪੋਕੇ ਅੱਡੇ ਦੇ ਇੱਕ ਨਿੱਕੇ ਜਿਹੇ ਹੋਟਲ ਵਿੱਚ ਸ਼ੁਗਲ ਪਾਣੀ ਤੇ ਰਾਤ ਦਾ ਰੋਟੀ ਬੰਨਵਾਉਣ ਲਈ ਬੈਠ ਗਏ। ਬੱਸ ਅਜੇ ਪ੍ਰੀਤ ਨਗਰ ਪਹੁੰਚੀ ਵੀ ਨਹੀਂ ਸੀ ਕਿ ਅਚਾਨਕ ਇੱਕ ਪਾਸੇ ਨੂੰ ਉਲਰ ਗਈ ਅਤੇ ਪਿਛਲੀ ਸੀਟ ਕੋਲ ਖੜੀ ਕੀਤੀ ਕੱਟੀ ਅੱਗੇ ਬੈਠੀ ਮਾਤਾ ਦੀ ਸੀਟ ਨੇੜੇ ਆ ਡਿੱਗੀ। ਕੱਟੀ ਵਾਲਾ ਡ੍ਰਾਈਵਰ ਦੇ ਪਿੰਡ ਦੀ ਸਵਾਰੀ ਦੀ ਸੀ ਜਿਸ ਆਪੇ ਹੀ ਪਿੱਛਲੀ ਸੀਟ ਅੱਗੇ ਖੁਲੇ ਥਾਂ ਕੱਟੀ ਖੜੀ ਕਰ ਦਿੱਤੀ ਸੀ। ਅਸੀਂ ਮਾਤਾ ਨੂੰ ਹੌਂਸਲਾ ਦੇ ਆਪਣੇ ਟਿਕਾਣੇ ਨੂੰ ਚੱਲ ਪਏ। ਇੱਕ ਵਾਰ ਇਸੇ ਤਰਾਂ ਡਾ: ਕਰਨੈਲ ਤੇ ਡਾ: ਰਵਿੰਦਰ ਪ੍ਰੀਤ ਨਗਰ ਬੀਅਰ ਦੀ ਬੋਤਲ ਲੈ ਪਹੁੰਚੇ। ਸਾਡੇ ਕੋਲ ਨਾਂ ਫਰਿਜ ਅਤੇ ਨਾਂ ਹੀ ਬਰਫ ਸੀ। ਸਿਰਫ ਨਲਕੇ ਹੁੰਦੇ ਸਨ। ਅਸੀਂ ਬਾਲਟੀ ਵਿੱਚ ਬੀਅਰ ਦੀ ਬੋਤਲ ਰੱਖ ਠੰਡੇ ਪਾਣੀ ਲਈ ਵਾਰੀ ਵਾਰੀ ਨਲਕਾ ਗੇੜਨ ਲੱਗੇ। ਪਰ ਬੀਅਰ ਨੇ ਕਿਥੋਂ ਠੰਡਾ ਹੋਣਾ ਸੀ।
ਮੁਫ਼ਲਸੀ ਦਾ ਜ਼ਮਾਨਾ ਸੀ ਫਿਰ ਡਾਕਟਰਾਂ ਦੀ ਇੰਟਰਨਸ਼ਿਪ ਦੀ ਤਨਖਾਹ ਵੀ ਕਿੰਨੀ ਕੁ ਹੁੰਦੀ ਸੀ, ਉੱਪਰੋਂ ਕੰਟੀਨ ਤੇ ਮੈੱਸ ਦੇ ਬਿੱਲ ਆਦਿ ਹੋਰ ਖਰਚੇ। ਪ੍ਰਮਿੰਦਰਜੀਤ ਉਨਾਂ ’ਤੇ ਬੋਝ ਬਣਨ ਲੱਗਾ ਤਾਂ ਉਸਤੋਂ ਬਚਣ ਲਈ ਉਨਾਂ ਸਾਹਿਤਕ ਮੈਗਜ਼ੀਨ ਪ੍ਰਕਾਸ਼ਤ ਕਰਨ ਦੀ ਸਲਾਹ ਬਣਾਈ ਤੇ ਮੈਨੂੰ ਵੀ ਸਹਿਮਤ ਕਰ ਲਿਆ। ਕਿਉਂਕਿ ਮੈਂ ਪਹਿਲਾਂ ਮਿੰਨੀ ਪਰਚੇ ਦਰਵੇਸ਼ ਤੇ ਰਚਨਾ ਕੱਢ ਚੁੱਕਾ ਸੀ ਤੇ ਉਨੀਂ ਦਿਨੀ ਬੁਰਜ ਨੱਥੂ ਕੇ (ਸਰਹਾਲੀ) ਤੋਂ ਨਿੰਦਰ ਪਾਲ ਸੰਧੂ ਦੀ ਸੰਪਾਦਨਾ ਹੇਠ ਨਿਕਲਦੇ ਪਰਚੇ ‘ਜੁਝਾਰ’ ਦਾ ਸਹਿਯੋਗੀ ਸੀ। ਸੋ ਸਾਹਿਤਕ ਪੱਤਰ ‘ਅੱਖਰ’ ਪ੍ਰਕਾਸ਼ਤ ਕਰਨ ਦਾ ਫੈਸਲਾ ਕਰ ਲਿਆ ਗਿਆ। ਮੈਂ ਸਰਕਾਰੀ ਸਕੂਲ ਟੀਚਰ ਸੀ ਤੇ ਉਹ ਡਾਕਟਰ, ਉਨਾਂ ਵੀ ਕੱਲ ਨੂੰ ਸਰਕਾਰੀ ਨੌਕਰੀ ਕਰਨੀ ਸੀ। ਜਿਸ ਕਰਕੇ ‘ਅੱਖਰ’ ਦੀ ਰਜਿਸਟ੍ਰੇਸ਼ਨ (ਪ੍ਰਕਾਸ਼ਕ/ਸੰਪਾਦਕ) ਪ੍ਰਮਿੰਦਰਜੀਤ ਦੇ ਨਾਂ ਕਰਵਾਈ ਗਈ। ਅਸੀਂ ਆਨਰੇਰੀ ਸਹਿਯੋਗੀ ਹੋ ਗਏ। ਪ੍ਰਮਿੰਦਰਜੀਤ ਦੀ ਕਾਵਿਕ ਸ਼ੈਲੀ ਅਤੇ ਸੰਪਾਦਕੀ ਕਲਾ ਕੁਸ਼ਲਤਾ ਸਦਕਾ ਛੇਤੀ ਹੀ ‘ਅੱਖਰ’ ਸਰਵ ਪ੍ਰਵਾਨਤ ਹੋ ਗਿਆ। ‘ਅੱਖਰ’ ਨੇ ਪਾਠਕਾਂ ਵਿੱਚ ਜਲਦੀ ਹੀ ਵਿਸ਼ੇਸ਼ ਪਛਾਣ ਬਣਾ ਲਈ। ਅੱਜ ਦੇ ਕਈ ਸਥਾਪਿਤ ਕਵੀ ਤੇ ਕਹਾਣੀਕਾਰ ‘ਅੱਖਰ’ ਦੇ ਕਾਲਮ ‘ਕਰੂੰਬਲਾਂ’ ਦੀ ਦੇਣ ਹਨ। ਡਾ: ਕਰਨੈਲ ਦੀ ਇੱਕ ਬਹੁ ਚਰਚਿਤ ਕਹਾਣੀ, ‘ਤੂੰ ਉੱਥੇ ਜਰੂਰ ਜਾਈਂ’ ਇਸ ਟਿੱਪਣੀ ਨਾਲ ਛਾਪੀ ਸੀ, ‘ਕਰਨੈਲ ਅਹਿਸਾਸਾਂ ਦੇ ਅੰਦਰਵਾਰ ਵਾਪਰਦੀ ਦੁਨੀਆਂ ਦਾ ਪੇਸ਼ਕਾਰ ਹੈ। ਮਾਨਸਿਕ ਦਬਾਓ, ਅੰਤਰੀਵ ਟੁੱਟ ਭੱਜ ਉਸਦੀਆਂ ਕਹਾਣੀਆਂ ਦਾ ਮੁੱਖ ਵਿਸ਼ਾ ਹਨ। ਉਸ ਦੀ ਇਹ ਕਹਾਣੀ ਉਸਦੇ ਨਿਰੰਤਰ ਵਿਕਾਸ ਦੀ ਸੂਚਕ ਹੈ’। ਪ੍ਰਮਿੰਦਰਜੀਤ ਨੇ ਤਿੰਨ ਸਾਢੇ ਤਿੰਨ ਸਾਲ ਮੇਰੇ ਨਾਲ ਰਹਿ ਕੇ ‘ਅੱਖਰ’ ਦੇ ਕਈ ਯਾਦਗਾਰੀ ਅੰਕ ਪ੍ਰਕਾਸ਼ਤ ਕੀਤੇ। ਫਿਰ ਉਹ ਕਾਰਖਾਨੇਦਾਰ ਕਵੀ ਅਮਰੀਕ ਅਮਨ ਦੇ ਪਰਚੇ ‘ਲੋਅ’ ਅੰਮਿ੍ਰਤਸਰ ਦਾ ਸੰਪਾਦਕ ਤੇ ਅਮਨ ਦਾ ਸਹਾਇਕ ਬਣ ਗਿਆ। ਇਸਤੋਂ ਬਾਅਦ ਕੁੱਝ ਅਰਸੇ ਲਈ ‘ਅੱਖਰ’ ਬੰਦ ਹੋ ਗਿਆ ਤੇ ਫਿਰ ਡਾ: ਕਰਨੈਲ ਤੇ ਡਾ: ਕੁਲਵੰਤ ਦੇ ਸਹਿਯੋਗ ਨਾਲ ‘ਲੋਅ’ ਦੇ ਬੰਦ ਹੋਣ ਤੋਂ ਇੱਕ ਅਰਸੇ ਪਿੱਛੋਂ ਫਿਰ ‘ਅੱਖਰ’ ਡਾ: ਕਰਨੈਲ ਸ਼ੇਰਗਿੱਲ ਸਰਪ੍ਰਸਤ ਤੇ ਵਿਦੇਸ਼ ਸੰਪਾਦਕ, ਮੁੱਖ ਸੰਪਾਦਕ ਵਿਸ਼ਾਲ ਤੇ ਸਰਪ੍ਰਸਤ ਡਾ: ਬਿਕਰਮਜੀਤ ਨੇ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਕਵਿਤਾ ਨੂੰ ਸਮਰਪਿਤ ਅੱਖਰ, ਅੱਜ ਵੀ ਪ੍ਰਕਾਸ਼ਤ ਹੋ ਰਿਹਾ ਹੈ।
ਮਿੱਤਰਾਂ ਦੀ ਇੱਕ ਸਾਹਿਤਕ ਅਵਾਰਗੀ ਦੇ ਸਫਰ ਦੀ ਦਾਸਤਾਨ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਜੰਮੂ ਕਸ਼ਮੀਰ ਦੇ ਕਥਾਕਾਰ ਖਾਲਿਦ ਹੁਸੈਨ ਨੇ ਆਪਣੀ ਜੀਵਨੀ ‘ਮਾਟੀ ਕੁਦਮ ਕਰੇਂਦੀ ਯਾਰ’ ਵਿੱਚ ਇਸ ਤਰਾਂ ਦਰਜ ਕੀਤੀ ਹੈ। ਖਾਲਿਦ ਨੂੰ ਕਲਚਰਲ ਅਕਾਦਮੀ ਜੰਮੂ ਨੇ ਪੰਜਾਬ ਤੇ ਦਿੱਲੀ ਦੇ ਸਾਹਿਤਕਾਰਾਂ ਨੂੰ ਮਿਲਣ ਅਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਬਾਰੇ ਵਿਚਾਰ ਵਿਟਾਂਦਰਾ ਕਰਨ ਲਈ ਘੱਲਿਆ, ਜਿਸਦਾ ਸਾਰਾ ਖਰਚਾ ਅਕਾਦਮੀ ਵੱਲੋਂ ਅਦਾ ਕੀਤਾ ਗਿਆ ਸੀ। ਖਾਲਿਦ ਨੇ ਆਪਣੇ ਸਫਰ ਦਾ ਪਹਿਲਾ ਪੜਾਅ ਪ੍ਰੀਤ ਨਗਰ ਮਿੱਥਿਆ। ਅਗਲੇ ਦਿਨ ਮੈਨੂੰ ਤੇ ਅੰਮਿ੍ਰਤਸਰ ਤੋਂ ਡਾ: ਕਰਨੈਲ ਨੂੰ ਲੈ ਜਲੰਧਰ, ਲੁਧਿਆਣਾ, ਚੰਡੀਗੜ ਤੇ ਪਟਿਆਲੇ ਨੇੜੇ ਕਹਾਣੀਕਾਰ ਮੂਹਰਜੀਤ ਦੇ ਪਿੰਡ ਨੌਲੀ ਜਾ ਪਹੁੰਚੇ। ਦੂਜੇ ਦਿਨ ਉਸਨੂੰ ਨਾਲ ਤੋਰ ਲਿਆ ਤੇ ਦਿੱਲੀ ਜਾ ਵੜੇ। ਖਾਲਿਦ ਤੋਂ ਬਿਨਾਂ ਸਾਨੂੰ ਸ਼ਰਾਬ ਦੀ ਇੱਲਤ ਸੀ। ਦਿੱਲੀ ਦੂਜੇ ਦਿਨ ਸਾਡੀ ਜਮਾਂ ਪੂੰਜੀ ਖਤਮ ਸੀ। ਸੋ ਰਾਤ ਕੱਟਣ ਲਈ ਅਸਾਂ ਗੁਰਦੁਆਰਾ ਸਾਹਿਬ ਰਕਾਬਗੰਜ ਜਾ ਮੱਥਾ ਟੇਕਿਆ। ਲੰਗਰ ਛਕਿਆ ਤੇ ਜਦੋਂ ਹਾਲ ਕਮਰੇ ਵਿੱਚ ਸੌਣ ਲਈ ਜਾਣ ਲੱਗੇ ਤਾਂ ਸੇਵਾਦਾਰ ਨੇ ਖਾਲਿਦ ਨੂੰ ਮੋਨਾ ਸਮਝ ਸਿਗਰਟ ਬੀੜੀ ਨਾ ਪੀਣ ਦੀ ਚੇਤਾਵਨੀ ਦਿੱਤੀ। ਪਰ ਮੂਹਰਜੀਤ ਚੇਨ ਸਮੋਕਰ ਸੀ ਉਸ ਕਿੱਥੇ ਬਾਜ਼ ਆਉਣਾ ਸੀ, ਉਸ ਅਜੇ ਸਿਗਰਟ ਸੁਲਘਾਈ ਹੀ ਸੀ ਕਿ ਖਾਲਿਦ ਨੇ ਸਿਗਰਟ ਬੁੱਝਾ ਦਿੱਤੀ ਤੇ ਡੱਬੀ ਮਾਚਿਸ ਖੋਹ ਲਈ। ਜਦੋਂ ਮੂਹਰਜੀਤ ਨਿਕਲ ਚਲਿਆ ਤਾਂ ਮਜ਼ਬੂਰਨ ਅਸੀਂ ਵੀ ਬਾਹਰ ਆ ਗਏ ਤੇ ਪਹਾੜ ਗੰਜ ਇਲਕੇ ਵਿਚਲੇ ਇੱਕ ਹੋਟਲ ਦੀ ਡਾਰਮੈਟਰੀ ਵਿੱਚ ਰਾਤ ਗੁਜਾਰੀ। ਸਵੇਰੇ ਚਾਹ ਨਾਸ਼ਤਾ ਕਰ ਦਿੱਲੀ ਦੀਆਂ ਸੜਕਾਂ ’ਤੇ ਅਵਾਰਗੀ ਕਰਨ ਲੱਗੇ। ਸੜਕਾਂ ਕਸ਼ਦੇ ਅਸੀਂ ਅੰਮਿ੍ਰਤਾ ਇਮਰੋਜ ਦੇ ਘਰ ਕੇ-25 ਹੌਜ ਖਾਸ ਜਾ ਦਸਤਕ ਦਿੱਤੀ। ਸਾਰੇ ਨਾਗਮਣੀ ਦੇ ਲੇਖਕ ਸਨ। ਅੰਮਿ੍ਰਤਾ ਜੀ ਨੇ ਬੜੇ ਪਿਆਰ ਨਾਲ ਬਿਠਾਇਆ। ਚਾਹ ਦੇ ਨਾਲ ਕਹਾਣੀਆਂ ਕਵਿਤਾਵਾਂ ਬਾਰੇ ਗੱਲਾਂ ਚਲ ਰਹੀਆਂ ਸਨ ਕਿ ਅੰਮਿ੍ਰਤਾ ਜੀ ਨੇ ਡਾ: ਕਰਨੈਲ ਨੂੰ ਇਨਾਮ ਦਿੱਤਾ ਕਿ, ‘ਤੂੰ ਆਪਣੀ ਕਹਾਣੀ ‘ਪੰਦਰਵਾਂ ਲਾਲ ਕਰਾਸ’ ਵਾਂਗ ਹੀ ਖੂਬਸੂਰਤ ਹੈਂ’। ਇਹ ਪੁਰਸਕਾਰ ਮੂਹਰਜੀਤ ਤੋਂ ਬਰਦਾਸ਼ਤ ਨਾ ਹੋਇਆ ਤੇ ਉਸ ਕਿਹਾ, ‘ਦੀਦੀ! ਪਿੱਛਲੇ ਸਾਲ ਮੇਰੀ, ‘ਕਹਾਣੀ ਮਿੰਨੀ ਮਨੁੱਖਾਂ ਦੀ ਮਹਾਨ ਯਾਤਰਾ’ ਅਤੇ ਮੇਰੇ ਬਾਰੇ ਵੀ ਤੁਸਾਂ ਇਹੋ ਕਿਹਾ ਸੀ’। ਅਸੀਂ ਸਾਰੇ ਹੱਸ ਪਏ। ਇੱਥੋਂ ਪੈਦਲ ਤੁਰਦੇ ਅਸੀਂ ਡਾ: ਕਰਨੈਲ ਦੇ ਵੱਡੇ ਭਰਾ ਜਰਨੈਲ ਸਿੰਘ ਦੇ ਫਲੈਟ ਵਿੱਚ ਜਾ ਪੁੱਜੇ। ਉਹ ਇੰਡੀਅਨ ਨੇਵੀ ’ਚ ਸੀ ਅਤੇ ਸ਼ਿਪ ਦਾ ਚੀਫ ਇੰਜੀਨੀਅਰ ਸੀ। ਰਾਤ ਉੱਥੇ ਗਜਾਰ ਅਗਲੇ ਦਿਨ ਉਨਾਂ ਤੋਂ ਅੰਮਿ੍ਰਤਸਰ ਦਾ ਕਿਰਾਇਆ ਲੈ ਰੇਲ ਰਾਹੀਂ ਘਰ ਆ ਪਹੁੰਚੇ ਭਾਵ ਲੌਟ ਕੇ ਬੁੱਧੂ ਘਰ ਕੋ ਆਏ।
ਡਾ: ਕਰਨੈਲ ਦੇ ਪਲੇਠੇ ਕਹਾਣੀ ਸੰਗ੍ਰਹਿ ‘ਪੰਦਰਵਾਂ ਲਾਲ ਕਰਾਸ’ ਦੀਆਂ ਬਹਤੀਆਂ ਕਹਾਣੀਆਂ ਉਸ ਦੌਰ ਦੀਆਂ ਹਨ, ਜਦੋਂ ਉਹ ਇੱਥੇ ਹੀ ਸੀ। ਫਿਰ ਉਹ ਵਿਆਹ ਕਰਵਾਕੇ ਇੰਗਲੈਂਡ ਚਲਾ ਗਿਆ, ਜਿੱਥੇ ਉਸਨੇ ਡਾਕਟਰੀ ਦੇ ਕਿੱਤੇ ਵਿੱਚ ਨਿਪੁੰਨਤਾ ਲਿਆਉਣ ਲਈ ਜਨਰਲ ਫੀਜੀਸ਼ਨ ਤੇ ਗੈਸਟਰੋ ਐਨਟਰੋਲੌਜੀ ਦਾ ਸਪੈਸ਼ਲਿਸਟ ਬਣ ਗਿਆ। ਡਾ: ਕਰਨੈਲ ਨੇ ਸੰਸਾਰ ਦੇ ਕਈ ਮੁਲਕਾਂ ਵਿੱਚ ਡਾਕਟਰੀ ਗਿਆਨ ਵਿਗਿਆਨ ਨਾਲ ਜੁੜੀਆਂ ਜਾਣਕਾਰੀਆਂ ਤੇ ਪ੍ਰਾਪਤੀ ਬਾਰੇ ਕੌਮਾਂਤਰੀ ਪੱਧਰ ਦੀਆਂ ਕਾਨਫ੍ਰੰਸਾਂ ਵਿੱਚ ਖੋਜ ਪੱਤਰ ਪੜੇ। ਉਹ ਇੰਗਲੈਂਡ ਵਿੱਚ ਪੇਟ ਦੀਆਂ ਬੀਮਾਰੀਆਂ ਦਾ ਮਾਹਿਰ ਹੈ ਅਤੇ ਉਸਦੇ ਦੋ ਮੈਡੀਕਲ ਸਟੋਰ ਹਨ। ਉਸਦੇ ਦੋਵੇਂ ਬੇਟੇ ਡਾਕਟਰ ਹਨ ਅਤੇ ਬੇਟੀ ਇੰਗਲਿਸ਼ ਪੋਇਟ ਤੇ ਹੈਵੀ ਮੈਟਲ ਸਿੰਗਰ ਹੈ। ਡਾ: ਕਰਨੈਲ ਨੇ 2006 ਵਿੱਚ ਪੰਜਾਬੀ ਅਕਾਦਮੀ (ਜਿਸਦੀ ਸਥਾਪਨਾ ਉਸ ਨੇ ਹਮ ਖਿਆਲ ਦੋਸਤਾਂ ਨਾਲ ਮਿਲ ਕੇ ਕੀਤੀ) ਵੱਲੋਂ ਵਿਸ਼ਵ ਕਾਨਫ੍ਰੰਸ ਕਰਵਾਈ ਜਿਸ ਵਿੱਚ ਸਿਰਫ ਭਾਰਤ ਤੋਂ 25 ਉੱਘੇ ਅਦੀਬ ਸ਼ਾਮਲ ਹੋਏ ਸਨ। ਇਹ ਤਿੰਨ ਰੋਜਾ ਕਾਨਫਰੰਸ ਬਹੁਤ ਸਫਲ ਰਹੀ ਸੀ।
ਫਿਰ ਡਾ: ਕਰਨੈਲ ਸ਼ੇਰਗਿੱਲ ਦਾ ਕਾਵਿ ਸੰਗ੍ਰਹਿ ‘ਹੁਣ ਮੈਂ ਅਜਨਬੀ ਨਹੀਂ’ ਪ੍ਰਕਾਸ਼ਤ ਹੋਇਆ ਜੋ ਕਾਫੀ ਚਰਚਿਤ ਰਿਹਾ। ਬਾਅਦ ਵਿੱਚ ਉਸਦਾ ਨਾਵਲ ‘ਲਾਕ ਡਾਊਨ ਅਲਫਾ’ ਪ੍ਰੀਤ ਪਬਲੀਕੇਸ਼ਨ ਨੇ ਪ੍ਰਕਾਸ਼ਤ ਕੀਤਾ। ਜੋ ਪਾਠਕਾਂ ਦੀ ਪਹਿਲੀ ਪਸੰਦ ਬਣਿਆ। ਲਾਕ ਡਾਊਨ ਅਲਫਾ ਤੇ ਲਾਕਡਾਊਨ ਇੰਫਿਨਟੀ ਦੋਵੇਂ ਨਾਵਲ ਔਸਟਿਨ ਮੈਕੂਲੇ ਪਬਲੀਕੇਸ਼ਨਜ ਲੰਡਨ ਵੱਲੋਂ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਪੰਦਰਵੇਂ ਲਾਲ ਕਰਾਸ ਦਾ ਚੌਥਾਂ ਐਡੀਸ਼ਨ ਤੇ ਇੱਕ ਹੋਰ ਕਹਾਣੀ ਸੰਗ੍ਰਹਿ ਛੇਤੀ ਛਪ ਰਿਹਾ ਹੈ। ਉਹ ਇੱਕ ਕਾਵਿ ਸੰਗਿ੍ਰਹ ਵੀ ਤਿਆਰ ਕਰ ਰਿਹਾ ਹੈ। ਉਹ 3 ਫਰਵਰੀ ਦਾ ਇੰਡੀਆ ਆਇਆ ਹੋਇਆ ਹੈ ਤੇ ਮੈਨੂੰ ਪ੍ਰੀਤ ਨਗਰ ਮਿਲ ਕੇ ਗਿਆ ਹੈ। ਮੈਨੂੰ ਮਾਣ ਹੈ ਕਿ ਲਾਕਡਾਊਨ ਅਲਫਾ ਦਾ ਖਰੜਾ ਪੜਨ ਦੀ ਖੁਸ਼ੀ ਡਾ: ਕਰਨੈਲ ਨੇ ਮੈਨੂੰ ਦਿੱਤੀ ਸੀ। ਨਿਰਸੰਦੇਹ ਡਾ: ਕਰਨੈਲ ਬਹੁ ਵਿਧਾਵੀ ਲੇਖਕ ਤੇ ਸੰਵੇਦਨਸ਼ੀਲ ਅਦਬੀ ਸ਼ਖਸ਼ੀਅਤ ਹੈ ਜਿਸਦੀ ਦੋਸਤੀ ਮੇਰਾ ਬਹੁਮੁੱਲਾ ਸਾਹਿਤਕ ਸਰਮਾਇਆ ਹੈ। ਵਿਰੋਧ ਦੇ ਬਾਵਜੂਦ ਉਸਨੇ ਮੈਨੂੰ ਪਹਿਲੇ ਡਾਕਟਰ ਕੁਲਵੰੰਤ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ।