ਦੇਹਰਾਦੂਨ ਦੇ ਇੱਕ ਹਾਈ ਸਕੂਲ ਵਿੱਚ ਪੜਦੇ ਬੱਚੇ ਨੂੰ ਜਦੋਂ ਉਸ ਦੇ ਸਾਇੰਸ ਅਧਿਆਪਕ ਨੇ ਦੱਸਿਆ ਕਿ ਪ੍ਰਕਾਸ਼ ਕੇਵਲ ਸਿੱਧੀਆਂ ਰੇਖਾਵਾਂ ਵਿੱਚ ਯਾਤਰਾ ਕਰਦਾ ਹੈ ਤਾਂ ਉਸ ਦਾ ਦਿਮਾਗ ਇਸ ਗੱਲ ਨਾਲ ਸਹਿਮਤ ਨਹੀ ਹੋਇਆ। ਦਰਅਸਲ ਨਰਿੰਦਰ ਸਿੰਘ ਨਾਮ ਦਾ ਇਹ ਬੱਚਾ ਕਈ ਸਾਲਾਂ ਤੋਂ ਬਾਕਸ ਕੈਮਰੇ ਨਾਲ ਖੇਡਦਾ ਸੀ ਅਤੇ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਪ੍ਰਕਾਸ਼ ਨੂੰ ਲੈਂਸ ਅਤੇ ਪ੍ਰਜਿਮ ਨਾਲ ਵੱਖ-ਵੱਖ ਦਿਸ਼ਾਵਾਂ ਵਿੱਚ ਮੋੜਿਆ ਜਾ ਸਕਦਾ ਹੈ। ਜਦ ਉਸ ਬੱਚੇ ਨੇ ਅਧਿਆਪਕ ਪਾਸੋਂ ਇਸ ਬਾਰੇ ਸਵਾਲ ਪੁੱਛਣਾ ਚਾਹਿਆ ਤਾਂ ਅਧਿਆਪਕ ਨੇ ਝਿੜਕ ਕੇ ਉਸ ਦੇ ਸਵਾਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਉਸ ਵੇਲੇ ਤਾਂ ਉਹ ਬੱਚਾ ਚੁੱਪ ਰਿਹਾ, ਪਰ ਪ੍ਰਕਾਸ਼ ਬਾਰੇ ਇਹ ਉਤਸੁਕਤਾ ਉਸ ਦੇ ਦਿਮਾਗ ਵਿੱਚ ਘਰ ਕਰ ਗਈ ਅਤੇ ਆਪਣੀ ਸਾਰੀ ਜ਼ਿੰਦਗੀ ਉਸ ਨੇ ਇਸ ਵਿਸ਼ੇ ’ਤੇ ਖੋਜ ਅਤੇ ਵਿਕਾਸ ਕਾਰਜ ਕੀਤੇ। 1999 ਵਿੱਚ ਅਮਰੀਕਾ ਦੇ ਫੌਰਚੂਨ ਰਸਾਲੇ ਵਿੱਚ ਦੁਨੀਆ ਦੇ ਸੱਤ ਅਜਿਹੇ ਸਾਇੰਸਦਾਨਾਂ ਬਾਰੇ ਲਿਖਿਆ ਗਿਆ ਸੀ ਜਿਨਾਂ ਦਾ ਵੀਹਵੀਂ ਸਦੀ ਵਿੱਚ ਇਨਸਾਨੀਅਤ ਦੀ ਤਰੱਕੀ ਲਈ ਸਭ ਤੋਂ ਜ਼ਿਆਦਾ ਯੋਗਦਾਨ ਰਿਹਾ। ਉਨਾਂ ਵਿੱਚੋਂ ਡਾ. ਨਰਿੰਦਰ ਸਿੰਘ ਕਪਾਨੀ ਅਜਿਹੇ ਸਾਇੰਸਦਾਨ ਹਨ, ਜਿਨਾਂ ਦਾ ਅੱਜ ਦੇ ਤਕਨੀਕੀ ਯੁੱਗ ਲਈ ਬਹੁਤ ਵੱਡਾ ਯੋਗਦਾਨ ਰਿਹਾ। ਡਾ. ਕਪਾਨੀ ਨੂੰ ‘ਫਾਈਬਰ ਆਪਟਿਕਸ ਦੇ ਪਿਤਾਮਾ’ ਵਜੋਂ ਜਾਣਿਆ ਜਾਂਦਾ ਹੈ। ਸੂਚਨਾ ਅਤੇ ਸੰਚਾਰ ਵਿੱਚ ਜਿਸ ਇੰਟਰਨੈੱਟ ਦਾ ਵਿਸ਼ੇਸ਼ ਯੋਗਦਾਨ ਹੈ, ਉਸ ਦੇ ਪ੍ਰਸਾਰ ਅਤੇ ਗਤੀ ਦਾ ਆਧਾਰ ਆਪਟੀਕਲ ਫਾਈਬਰਜ ਹੀ ਹਨ।
ਨਰਿੰਦਰ ਸਿੰਘ ਕਪਾਨੀ ਦਾ ਜਨਮ 31 ਅਕਤੂਬਰ 1926 ਨੂੰ ਪੰਜਾਬ ਦੇ ਮੋਗਾ ਜਿਲੇ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਇਨਾਂ ਦੇ ਪਿਤਾ ਸੁੰਦਰ ਸਿੰਘ ਕਪਾਨੀ ਕੋਲੇ ਦੀ ਫੈਕਟਰੀ ਵਿੱਚ ਕੰਮ ਕਰਦੇ ਸਨ ਅਤੇ ਮਾਤਾ ਕੁੰਦਨ ਕੌਰ ਘਰੇਲੂ ਔਰਤ ਸੀ। ਨਰਿੰਦਰ ਸਿੰਘ ਦੀ ਮੁੱਢਲੀ ਪਾਲਣਾ ਅਤੇ ਪੜਾਈ ਦੇਹਰਾਦੂਨ ਵਿੱਚ ਹੋਈ। ਆਗਰਾ ਵਿਸ਼ਵਵਿੱਦਿਆਲਿਆ ਤੋਂ ਗ੍ਰੈਜੂਏਸ਼ਨ ਪਿੱਛੋਂ ਉਨਾਂ ਇੰਡੀਅਨ ਆਰਡੀਨੈਂਸ ਫੈਕਟਰੀ ਅਫਸਰ ਵਜੋਂ ਸੇਵਾਵਾਂ ਨਿਭਾਈਆਂ। 1952 ਵਿੱਚ ਉਹ ਇੰਪੀਰੀਅਲ ਕਾਲਜ ਲੰਡਨ ਵਿੱਚ ਆਪਟਿਕਸ ਵਿੱਚ ਡਾਕਟਰੇਟ ਦੀ ਡਿਗਰੀ ਲਈ ਗਏ ਜੋ ਉਨਾਂ ਨੇ 1955 ਵਿੱਚ ਹਾਸਲ ਕਰ ਲਈ।
ਇੰਪੀਰੀਅਲ ਕਾਲਜ ਵਿੱਚ ਪੜਾਈ ਦੌਰਾਨ ਉਨਾਂ ਨੂੰ ਅਹਿਸਾਸ ਹੋਇਆ ਕਿ ਉਹ ਇਕੱਲੇ ਨਹੀਂ ਸੀ, ਕਈ ਦਹਾਕਿਆਂ ਤੋਂ ਪੂਰੇ ਯੂਰੋਪ ਦੇ ਖੋਜ ਕਰਤਾ ਲਚਕੀਲੇ ਕੱਚ ਦੇ ਫਾਈਬਰਾਂ ਰਾਹੀਂ ਰੌਸ਼ਨੀ ਨੂੰ ਸੰਚਾਰ ਕਰਨ ਦੇ ਤਰੀਕਿਆਂ ਦਾ ਅਧਿਐਨ ਕਰ ਰਹੇ ਸਨ। ਇਨਾਂ ਵਿਗਿਆਨੀਆਂ ਵਿੱਚੋਂ ਹੈਰੋਲਡ ਹੌਪਕਿਨਜ ਇੱਕ ਸਨ ਅਤੇ ਉਹ ਪ੍ਰੋਫੈਸਰ ਹੌਪਕਿਨਜ ਨਾਲ ਬਤੌਰ ਖੋਜ ਸਹਾਇਕ ਕੰਮ ਕਰਨ ਲੱਗੇ। ਪ੍ਰੋਫੈਸਰ ਹੌਪਕਿਨਜ ਮਜ਼ਬੂਤ ਸਿਧਾਂਤਕਾਰ ਸਨ ਅਤੇ ਡਾ. ਕਪਾਨੀ ਤਕਨੀਕੀ ਤੌਰ ’ਤੇ ਵਧੇਰੇ ਦਿਮਾਗ ਵਾਲੇ ਤੇ ਵਿਹਾਰਕ ਪੱਖ ਨੂੰ ਸਮਝਣ ਵਾਲੇ ਸਨ। 1955 ਵਿੱਚ ਨੇਚਰ ਮੈਗਜੀਨ ਵਿੱਚ ਦੋਹਾਂ ਦਾ ਖੋਜ ਪੱਤਰ ਛਪਿਆ ਜਿਸ ਵਿੱਚ ਇਹ ਦਰਸਾਇਆ ਗਿਆ ਕਿ ਕਿਵੇਂ ਬਹੁਤ ਬਰੀਕ ਕੱਚ ਦੇ ਹਜ਼ਾਰਾਂ ਰੇਸ਼ੇ (ਫਾਈਬਰ) ਇਕੱਠੇ ਕਰ ਕੇ ਉਨਾਂ ਨੂੰ ਸਿਰੇ ਤੋਂ ਅੰਤ ਤੱਕ ਜੋੜਨਾ ਹੈ। ਦੋਹਾਂ ਨੇ ਇਕੱਠਿਆਂ ਆਪਟੀਕਲ ਫਾਈਬਰ ’ਤੇ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ। ਉਂਝ, ਇਹ ਖੋਜ ਪੱਤਰ ਛਪਣ ਤੋਂ ਬਾਅਦ ਜਲਦ ਹੀ ਦੋਹਾਂ ਦੇ ਰਸਤੇ ਵੱਖ-ਵੱਖ ਹੋ ਗਏ।
1955 ਵਿੱਚ ਆਪਣੀ ਡਾਕਟਰੇਟ ਤੋਂ ਬਾਅਦ ਡਾ. ਕਪਾਨੀ ਦੀ ਸੋਚ ਭਾਰਤ ਵਾਪਸ ਆ ਕੇ ਆਪਣੀ ਕੰਪਨੀ ਸ਼ੁਰੂ ਕਰਨ ਦੀ ਸੀ ਪਰ ਇੱਕ ਪ੍ਰੋਫੈਸਰ ਦੋਸਤ ਦੀ ਸਲਾਹ ’ਤੇ ਉਹ ਅਮਰੀਕਾ ਚਲੇ ਗਏ ਅਤੇ ਯੂਨੀਵਰਸਿਟੀ ਆਫ ਰੋਚੈਸਟਰ (ਐੱਲ. ਏ.) ਵਿੱਚ ਬਤੌਰ ਪ੍ਰੋਫੈਸਰ ਅਤੇ ਕੁਝ ਕੰਪਨੀਆਂ ਨਾਲ ਬਤੌਰ ਸਲਾਹਕਾਰ ਜੁੜ ਗਏ। ਇਸ ਤੋਂ ਬਾਅਦ ਉਨਾਂ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਪੜਾਇਆ। ਅਧਿਆਪਨ ਦੇ ਨਾਲ-ਨਾਲ ਉਨਾਂ 1960 ਵਿੱਚ ਪਾਲੋ ਆਲਟੋ ਵਿੱਚ ਆਪਣੀ ਪਹਿਲੀ ਕੰਪਨੀ ‘ਆਪਟਿਕਸ ਟੈਕਨਾਲੋਜੀ’ ਸ਼ੁਰੂ ਕੀਤੀ ਅਤੇ 1967 ਵਿੱਚ ਇਸ ਕੰਪਨੀ ਨੂੰ ਪਬਲਿਕ ਕੀਤਾ। ਇਸ ਤੋਂ ਇਲਾਵਾ ਉਨਾਂ 1973 ਵਿੱਚ ‘ਕੈਪਟ੍ਰੋਨ’ ਅਤੇ 1999 ਵਿੱਚ ‘ਕੇ-2 ਆਪਟ੍ਰਾਨਿਕਸ’ ਨਾਮ ਦੀਆਂ ਕੰਪਨੀਆਂ ਸ਼ੁਰੂ ਕੀਤੀਆਂ। ਦਸੰਬਰ 2020 ਵਿੱਚ 94 ਸਾਲ ਦੀ ਉਮਰ ਵਿੱਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਬਤੌਰ ਸਾਇੰਸਦਾਨ ਨਰਿੰਦਰ ਸਿੰਘ ਕਪਾਨੀ ਦੇ ਕਈ ਖੋਜ ਪੱਤਰ ਅਤੇ ਸੌ ਤੋਂ ਵੀ ਜਿਆਦਾ ਯੂ. ਐੱਸ. ਪੇਟੈਂਟ ਜਾਰੀ ਹੋਏ। 2009 ਵਿੱਚ ਭੌਤਿਕ ਵਿਗਿਆਨ ਦੇ ਨੋਬੇਲ ਇਨਾਮ ਲਈ ਉਹ ਸਭ ਤੋਂ ਮੋਹਰੀ ਦਾਅਵੇਦਾਰ ਸਨ, ਪਰ ਕੁਝ ਕਾਰਨਾਂ ਕਰ ਕੇ ਫਾਈਬਰ ਆਪਟਿਕਸ ਲਈ ਇਹ ਇਨਾਮ ਚਾਰਲਸ ਕਾਓ ਨੂੰ ਦਿੱਤਾ ਗਿਆ। ਕਪਾਨੀ ਦੇ ਸਮਰਥਕਾਂ ਨੂੰ ਬਹੁਤ ਨਿਰਾਸ਼ਾ ਹੋਈ ਅਤੇ ਪੱਤਰਕਾਰ ਜਗਤ ਵਿੱਚ ਵੀ ਇਸ ਦਾ ਪੂਰਾ ਵਿਰੋਧ ਕੀਤਾ ਗਿਆ। ਕਪਾਨੀ ਨੂੰ ਜਦੋਂ ਇਸ ਬਾਰੇ ਪੁੱਛਿਆ ਤਾਂ ਉਨਾਂ ਕਿਹਾ ਕਿ ਦੁਨੀਆ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਣਾ ਕਿਸੇ ਵੀ ਪੁਰਸਕਾਰ ਤੋਂ ਜਿਆਦਾ ਮਾਇਨੇ ਰੱਖਦਾ ਹੈ।
ਨਰਿੰਦਰ ਸਿੰਘ ਕਪਾਨੀ ਜਿੱਥੇ ਮਹਾਨ ਸਾਇੰਸਦਾਨ ਅਤੇ ਉੱਦਮੀ ਸਨ, ਉੱਥੇ ਹੀ ਉਹ ਆਪਣੇ ਧਰਮ ਨਾਲ ਜੁੜੇ ਰਹਿਣ ਵਾਲੇ ਇਨਸਾਨ ਸਨ। ਸਾਰੀ ਉਮਰ ਉਨਾਂ ਆਪਣਾ ਸਿੱਖੀ ਸਰੂਪ ਕਾਇਮ ਰੱਖਿਆ। ਉਹ ਸਿੱਖ ਇਤਿਹਾਸ ਅਤੇ ਕਲਾ ਤੋਂ ਬੜੇ ਪ੍ਰਭਾਵਤਿ ਸਨ ਅਤੇ ਇਸ ਦੇ ਪ੍ਰਚਾਰ ਲਈ ਅਹਿਮ ਯੋਗਦਾਨ ਪਾਇਆ। ਉਨਾਂ ਸਿੱਖ ਇਤਿਹਾਸ ਨਾਲ ਸਬੰਧਤ ਕਈ ਤਰਾਂ ਦੀ ਚਿੱਤਰਕਾਰੀ ਅਤੇ ਕਲਾ ਨਾਲ ਸਬੰਧਤ ਹੋਰ ਵਸਤੂਆਂ ਦਾ ਸੰਗ੍ਰਹਿ ਕੀਤਾ। ਇਸ ਸੰਗ੍ਰਹਿ ਦਾ ਕਾਫੀ ਹਿੱਸਾ ਉਨਾਂ ਏਸ਼ੀਅਨ ਆਰਟ ਮਿਊਜ਼ੀਅਮ ਸਾਨ ਫ੍ਰਾਂਸਿਸਕੋ ਨੂੰ ਇਸ ਸ਼ਰਤ ’ਤੇ ਦਿੱਤਾ ਕਿ ਉੱਥੇ ਇਹ ਹਮੇਸ਼ਾ ਪ੍ਰਦਰਸ਼ਿਤ ਰਹੇਗਾ। ਇਸ ਤੋਂ ਇਲਾਵਾ ਲੰਡਨ, ਟੋਰਾਂਟੋ, ਨਿਊਯਾਰਕ ਅਤੇ ਵਾਸ਼ਿੰਗਟਨ ਡੀ.ਸੀ. ਦੇ ਮਿਊਜ਼ੀਅਮਾਂ ਵਿੱਚ ਵੀ ਇਨਾਂ ਦਾ ਸੰਗ੍ਰਹਿ ਪ੍ਰਦਰਸ਼ਿਤ ਹੈ। 1967 ਵਿੱਚ ਕਪਾਨੀ ਵੱਲੋਂ ਸਿੱਖ ਫਾਊਂਡੇਸ਼ਨ ਨਾਮ ਦੀ ਸੰਸਥਾ ਬਣਾਈ ਜਿਸ ਅਧੀਨ ਸਿੱਖ ਕਲਾ ਦਾ ਪ੍ਰਦਰਸ਼ਨ, ਕਿਤਾਬਾਂ ਦਾ ਪ੍ਰਕਾਸ਼ਨ, ਸਿੱਖ ਇਤਿਹਾਸ ਨਾਲ ਜੁੜੀਆਂ ਇਮਾਰਤਾਂ ਦੀ ਦੇਖ ਭਾਲ ਅਤੇ ਸਾਂਭ-ਸੰਭਾਲ ਅਤੇ ਹੋਰ ਕਈ ਤਰਾਂ ਦੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ। ਉਨਾਂ ਕਈ ਯੂਨੀਵਰਸਿਟੀਆਂ ਵਿੱਚ ਸਿੱਖ ਸਟੱਡੀਜ਼ ਲਈ ਚੇਅਰ ਸਥਾਪਤ ਕੀਤੀ।
ਨਰਿੰਦਰ ਸਿੰਘ ਕਪਾਨੀ 94 ਸਾਲ ਦੀ ਉਮਰ ਭੋਗ ਕੇ 4 ਦਸੰਬਰ 2020 ਨੂੰ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਗਿਆ। ਬਤੌਰ ਸਾਇੰਸਦਾਨ, ਅਧਿਆਪਕ, ਉੱਦਮੀ ਅਤੇ ਸਮਾਜ ਸੇਵਕ ਇੰਨਾ ਵੱਡਾ ਅਤੇ ਅਹਿਮ ਯੋਗਦਾਨ ਕੋਈ ਵਿਲੱਖਣ ਸਖਸ਼ੀਅਤ ਹੀ ਪਾ ਸਕਦੀ ਹੈ। ਬਤੌਰ ਪੰਜਾਬੀ ਸਾਨੂੰ ਨਰਿੰਦਰ ਸਿੰਘ ਕਪਾਨੀ ’ਤੇ ਮਾਣ ਹੋਣਾ ਚਾਹੀਦਾ ਹੈ। ਇਹ ਸਾਡਾ ਦੁਖਾਂਤ ਹੀ ਹੈ ਕਿ ਅਸੀਂ ਅਜਿਹੀਆਂ ਸਖਸ਼ੀਅਤਾਂ ਦੇ ਯੋਗਦਾਨ ਤੋਂ ਆਪਣੇ ਸਮਾਜ ਅਤੇ ਆਪਣੀ ਅਗਲੀ ਪੀੜੀ ਨੂੰ ਜਾਣੂ ਹੀ ਨਹੀਂ ਕਰਵਾਉਂਦੇ। ਉਮੀਦ ਕਰਦੇ ਹਾਂ ਕਿ ਸਾਡੇ ਨੌਜਵਾਨ ਉਨਾਂ ਦੀ ਮਿਸਾਲੀ ਸਖਸ਼ੀਅਤ ਤੋਂ ਪ੍ਰੇਰਨਾ ਲੈਣਗੇ।
-ਇੰਜ. ਜਸਬੀਰ ਸਿੰਘ