ਵੀਹਵੀਂ ਸਦੀ ਦਾ ਕਾਲ ਵਿਸ਼ਵ ਵਿੱਚ ਹੋਏ ਜੰਗਾਂ-ਯੁੱਧਾਂ ਨਾਲ ਭਰਿਆ ਪਿਆ ਹੈ, ਜਿਸ ਵਿੱਚ ਬਰਤਾਨਵੀ ਹਕੂਮਤ ਅਧੀਨ ਫੈਲੇ ਭਾਰਤ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿੱਚ ਫੌਜੀ ਨਫ਼ਰੀ ਦੇ ਰੂਪ ਵਿੱਚ ਵੱਡਾ ਯੋਗਦਾਨ ਪਾਇਆ ਹੈ। ਬਰਤਾਨੀਆਂ ਤੋਂ 1947 ਵਿੱਚ ਅਜ਼ਾਦੀ ਲੈਣ ਤੋਂ ਬਆਦ ਉਸੇ ਸਾਲ 1947 ਵਿੱਚ ਦੇਸ਼ ਦੀਆਂ ਨਵੀਂਆਂ ਖਿੱਚੀਆਂ ਸਰਹੱਦੀ ਲਕੀਰਾਂ ਦੇ ਆਰ-ਪਾਰ ਲੜੀ ਗਈ ਪੁੰਛ (ਜੰਮੂ-ਕਸ਼ਮੀਰ) ਦੀ ਲੜਾਈ, 1962 ਵਿੱਚ ਚੀਨ ਅਤੇ 1965 ਅਤੇ 1971 ਵਿੱਚ ਪਾਕਿਸਤਾਨ ਨਾਲ ਲੜੀ ਗਈ ਜੰਗ ਦੀਆਂ ਹਜ਼ਾਰਾਂ ਕਹਾਣੀਆਂ ਹਨ, ਇਹਨਾਂ ਜੰਗਾਂ ਨੇ ਸਾਨੂੰ ਸੈਂਕੜੇ ਬਹਾਦਰ ਜਾਂਬਾਜ ਫੌਜੀ ਅਫਸਰਾਂ ਦੇ ਅਦੁੱਤੇ ਸਾਹਸ ਦੀਆਂ ਕਹਾਣੀਆਂ ਦਿੱਤੀਆਂ ਹੈ। ਕੁਝ ਕਲਾ ਅਤੇ ਸਾਹਿਤ ਦੇ ਮਾਧਿਅਮ ਰਾਹੀਂ ਉਜਾਗਰ ਹੋਈਆਂ ਕੁਝ ਅਣਫੋਲੀਆਂ ਅਤੇ ਅਣਖੋਜੀਆਂ ਹੀ ਰਹਿ ਗਈਆਂ। ਅਜੇ ਵੀ ਪੰਜਾਬ ਦੇ ਜਾਂਬਾਜ ਯੋਧਿਆ ਦੀਆਂ ਕਹਾਣੀਆਂ ਸਾਹਮਣੇ ਆਉਣੀਆਂ ਬਾਕੀ ਹਨ। ਇਸੇ ਤਰਾਂ ਦੀ ਜੰਗ ਵਿੱਚ ਅਸਧਾਰਨ ਸਾਹਸ ਅਤੇ ਬੁਲੰਦ ਹੌਂਸਲੇ ਨਾਲ ਲੜਨ ਵਾਲੇ ਜਾਂਬਾਜ ਫੌਜੀ ਅਫਸਰ ਬਿ੍ਰਗੇਡੀਅਰ ਪ੍ਰੀਤਮ ਸਿੰਘ ਦੀ ਕਹਾਣੀ ਨੂੰ ਦਸਤਾਵੇਜੀ ਅਤੇ ਨਾਟਕੀ (ਡਾਕੂ ਡਰਾਮਾ) ਵਿਧੀ ਰਾਹੀਂ ਸਾਂਭਣ ਅਤੇ ਪ੍ਰਸਾਰਨ ਦਾ ਜੋ ਕੰਮ ਨੌਜਵਾਨ ਲੇਖਕ ਅਤੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਨੇ ਕੀਤਾ ਹੈ ਉਸਦੀ ਗੂੰਜ ਰਾਸ਼ਟਰੀ ਪੱਧਰ ਤੱਕ ਪਈ ਹੈ।
ਬਰਨਾਲਾ ਜ਼ਿਲੇ ਦੇ ਪਿੰਡ ਕੱਟੂ ਦੇ ਜੰਮਪਲ ਨੌਜਵਾਨ ਫ਼ਿਲਮ ਲੇਖਕ-ਨਿਰਦੇਸ਼ਕ ਡਾ. ਕੱਟੂ ਪੰਜਾਬੀ ਵਿੱਚ ਪੀ. ਐੱਚ. ਡੀ. ਹਨ। ਇਸ ਐਵਾਰਡ ਜੇਤੂ ਫ਼ਿਲਮ ਤੋਂ ਪਹਿਲਾਂ ਡਾ ਕੱਟੂ ਨੇ 4 ਲਘੂ ਫ਼ਿਲਮਾਂ ਨਿਰਦੇਸ਼ਤ ਕੀਤੀਆਂ ਹਨ। ਪੰਜਾਬੀ ਵਿੱਚ ਯੂਨੀਵਰਸਿਟੀ ਪੱਧਰ ਦੀ ਪੜਾਈ ਅਤੇ ਖੋਜ ਕਾਰਜਾਂ ਸਦਕਾ ਉਸਦੀਆਂ ਫ਼ਿਲਮਾਂ ਵਿੱਚ ਪੰਜਾਬੀ ਪ੍ਰਤੀ ਸਮਰਪਣ, ਖੋਜ ਲਈ ਕੀਤੀ ਮਿਹਨਤ ਅਤੇ ਕਲਾਤਮਿਕ ਪੇਸ਼ਕਾਰੀ ਬਾਖੂਬੀ ਝਲਕਦੀ ਹੈ। ਇਹੀ ਕਾਰਨ ਹੈ ਕਿ ਡਾ. ਕੱਟੂ ਦੁਆਰਾ ਲਿਖੀਆਂ ਅਤੇ ਨਿਰਦੇਸ਼ਤ ਲਘੂ ਫਿਲਮਾਂ ਦੁਨੀਆ ਪੱਧਰ ਦੇ ਅੰਤਰ-ਰਾਸ਼ਟਰੀ ਫਿਲਮ ਫੈਸਟੀਵਲਾਂ ਤੇ ਮੁਕਾਬਲਿਆਂ ਵਿੱਚ ਭਾਗ ਲੈਂਦੀਆਂ ਹਨ ਅਤੇ ਇਨਾਮ ਜਿੱਤਦੀਆਂ ਹਨ। ਡਾ. ਕੱਟੂ ਦੁਆਰਾ ਨਿਰਦੇਸ਼ਤ ਡਾਕੂਮੈਂਟਰੀ ਫਿਲਮ “ਦੀ ਸੇਵੀਅਰ: ਬਿ੍ਰਗੇਡੀਅਰ ਪ੍ਰੀਤਮ ਸਿੰਘ” ਨੂੰ ਨੈਸ਼ਨਲ ਫ਼ਿਲਮ ਐਵਾਰਡ ਮਿਲਿਆ ਹੈ। ਨੈਸ਼ਨਲ ਫ਼ਿਲਮ ਐਵਾਰਡਾਂ ਦੇ 68 ਸਾਲਾਂ ਦੇ ਇਤਿਹਾਸ ਵਿੱਚ ਨਾਨ-ਫੀਚਰ ਫਿਲਮ ਕੈਟਾਗਰੀ ਵਿੱਚ ਐਵਾਰਡ ਜਿੱਤਣ ਵਾਲੀ ਇਹ ਪੰਜਾਬ ਦੀ ਪਹਿਲੀ ਫਿਲਮ ਹੈ। ਪੰਜਾਬ ਵਿੱਚ ਡਾਕੂ-ਡਰਾਮਾ ਵਰਗ ਦਾ ਕੋਈ ਫ਼ਿਲਮੀ ਪ੍ਰਾਜੈਕਟ ਇਸ ਤੋਂ ਪਹਿਲਾਂ ਦੇਖਣ ਨੂੰ ਨਹੀਂ ਮਿਲਦਾ। ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਨੂੰ 15 ਤੋਂ ਵੱਧ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹਨ। ਇਨਾਂ ਵਿੱਚ ਲਾਸ ਏਂਜਲਸ ਫ਼ਿਲਮ ਐਵਾਰਡ, 13ਵਾਂ ਦਾਦਾ ਸਾਹਿਬ ਫਾਲਕੇ ਫਿਲਮ ਫੈਸਟੀਵਲ, ਨਵੀਂ ਦਿੱਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ, ਸਮੇਤ ਰੋਮ, ਸਵੀਡਨ, ਲੰਡਨ ਆਦਿ ਥਾਵਾਂ ਦੇ ਅੰਤਰਰਾਸ਼ਟਰੀ ਫਿਲਮ ਮੇਲਿਆਂ ਵਿੱਚ ਵੀ ਜੇਤੂ ਰਹੀ ਹੈ।
ਰੁੱਗ ਭਰ ਐਵਾਰਡ ਜੇਤੂ ਪਹਿਲੀ ਹੀ ਦਸਤਾਵੇਜੀ ਫਿਲਮ ਬਾਰੇ ਮਿਲੇ ਅਨੁਭਵ ਸਾਂਝੇ ਕਰਦੇ ਹੋਏ ਡਾ. ਕੱਟੂ ਆਖਦੇ ਹਨ ਕਿ ਪੌਣੀ ਸਦੀ ਪਹਿਲਾਂ ਦੀ ਇੱਕ ਬਹੁਤ ਹੀ ਗੰਭੀਰ ਕਹਾਣੀ ਨੁੂੰ ਪਰਦੇ ਉੱਪਰ ਪੇਸ਼ ਕਰਨਾ ਇੱਕ ਗੰਭੀਰ ਚੁਣੌਤੀ ਸੀ। ਭਾਂਵੇ ਇਹ ਫਿਲਮ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਕਾਰਜ ਸੀ ਪਰ ਉਸਨੂੰ ਖੁਸ਼ੀ ਹੈ ਕਿ ਫਿਲਮ ਨੂੰ ਰਾਸ਼ਟਰੀ ਐਵਾਰਡ ਮਿਲਣ ਨਾਲ ਜਿਵੇਂ ਉਨਾਂ ਦੀ ਕੀਤੀ ਮਿਹਨਤ ਦਾ ਮੁੱਲ ਮਿਲ ਗਿਆ ਹੋਵੇ। ਮੈਂ ਕਹਿ ਸਕਦਾ ਹਾਂ ਕਿ ਰਾਸ਼ਟਰੀ ਫਿਲਮ ਮੇਲੇ ਵਿੱਚ ਇਸ ਫਿਲਮ ਨੇ ਪੰਜਾਬੀ ਦੀ ਲਾਜ ਰੱਖ ਲਈ।
ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀ ਪੱਧਰ ’ਤੇ ਪੰਜਾਬੀ ਅਧਿਆਪਨ ਦੀਆਂ ਜਿੰਮੇਵਾਰੀਆਂ ਨਿਭਾਅ ਰਹੇ ਡਾ. ਕੱਟੂ ਨੇ ਭਵਿੱਖ ਦੇ ਪੋ੍ਰਜੈਕਟਾਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਈ ਫਿਲਮਾਂ ’ਤੇ ਫੋਕਸ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਦਰਸ਼ਕਾਂ ਨੂੰ ਭਾਸ਼ਾ, ਅਦਾਕਾਰੀ ਅਤੇ ਨਿਰਦੇਸ਼ਨ ਪੱਖ ਤੋਂ ਮਿਆਰੀ ਪੰਜਾਬੀ ਫ਼ਿਲਮਾਂ ਦੇਖਣ ਨੂੰ ਮਿਲਣਗੀਆਂ ਜਿਨਾਂ ’ਤੇ ਪੰਜਾਬੀ ਜਗਤ ਮਾਣ ਕਰ ਸਕਦਾ ਹੋਵੇ।
“ਦ ਸੇਵੀਅਰ: ਬਿ੍ਰਗੇਡੀਅਰ ਪ੍ਰੀਤਮ ਸਿੰਘ” ਇੱਕ ਜਾਂਬਾਜ ਸਿੱਖ ਫੌਜੀ ਅਫਸਰ ਦੀ ਕਹਾਣੀ ਹੈ ਜਿਸ ਨੇ ਭਾਰਤ-ਪਾਕਿ ਵੰਡ ਤੋਂ ਬਾਅਦ ਪੁੰਛ ਵਿਖੇ ਸ਼ਹਿਰ ਅਤੇ ਪੂਰੇ ਪੁੰਛ ਖਿੱਤੇ ਨੂੰ ਪਾਕਿਸਤਾਨ ਵਿੱਚ ਮਿਲਾਉਣ ਲਈ ਛੇੜੀ ਜੰਗ ਨੂੰ ਲਗਾਤਾਰ 1 ਸਾਲ ਮੋਰਚੇਬੰਦੀ ਲਾ ਕੇ ਅਸਫਲ ਹੀ ਨਹੀਂ ਕੀਤਾ, ਸਗੋਂ ਪੁੰਛ ਦੇ 40 ਹਜ਼ਾਰ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦੀ ਜਾਨ ਵੀ ਬਚਾਈ। ਅੱਜ ਵੀ ਜੰਮੂ-ਕਸ਼ਮੀਰ ਦੇ ਲੋਕ ਬਿ੍ਰਗੇਡੀਅਰ ਪ੍ਰੀਤਮ ਸਿੰਘ ਨੂੰ ‘ਪੁੰਛ ਦੇ ਰਾਖੇ’ ਵਜੋਂ ਯਾਦ ਕਰਦੇ ਹਨ। ਪਰ ਦੇਸ਼ ਲਈ ਏਡੀ ਮਾਣਮੱਤੀ ਪ੍ਰਾਪਤੀ ਕਰਨ ਵਾਲੇ ਫੌਜੀ ਅਫਸਰ ਨਾਲ ਖਾਰ ਖਾਣੇ ਅਫਸਰਾਂ ਨੇ ਜੋ ਕੀਤਾ ਅਤੇ ਜਿਵੇਂ ਇਹ ਮਹਾਨ ਫੌਜੀ ਅਫਸਰ ਗੁੰਮਨਾਮੀ ਮੌਤ ਮਰਿਆ, ਇਹੀ ਇਸ ਕਹਾਣੀ ਵਿੱਚ ਦਰਸਾਇਆ ਗਿਆ ਹੈ। ਡਾ. ਕੱਟੂ ਹੁਣ ਤੱਕ ਇੱਕ ਖੋਜ ਪੁਸਤਕ, ਇੱਕ ਅਨੁਵਾਦ ਪੁਸਤਕ, 15 ਤੋਂ ਵੱਧ ਖੋਜ ਪੇਪਰ ਅਤੇ 50 ਦੇ ਲਗਭਗ ਖੋਜ ਲੇਖ ਪ੍ਰਕਾਸ਼ਤ ਕਰਵਾ ਚੁੱਕੇ ਹਨ।
ਸਕਿ੍ਰਪਟ ਲੇਖਣ ਦੀ ਕਲਾ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਤਾਇਨਾਤ ਵਿਦਵਾਨ ਅਮਰੀਕ ਗਿੱਲ ਦੀ ਅਗਵਾਈ ਵਿੱਚ ਸਿੱਖੀ। ਉਹ ਸਕਰੀਨ ਰਾਈਟਰਜ ਐਸੋਸੀਏਸ਼ਨ ਮੁੰਬਈ ਦਾ ਮੈਂਬਰ ਲੇਖਕ ਹੈ ਅਤੇ ਸੰਸਥਾ ਲਈ ਹੁਣ ਤੱਕ 12 ਫਿਲਮ ਨਿਰਦੇਸ਼ਨ ਪ੍ਰੋਜੈਕਟ ਵੀ ਦਰਜ ਕਰਵਾ ਚੁੱਕਾ ਹੈ। ਉਨਹਾਂ ਵਿੱਚ ਅਸਲ ਪੰਜਾਬੀ ਸੱਭਿਆਚਾਰ, ਕਲਾ ਅਤੇ ਸਾਹਿਤ ਅਤੇ ਯਥਾਰਥ ਆਦਿ ਪੱਖਾਂ ਨੂੰ ਪਰਦੇ ’ਤੇ ਪੇਸ਼ ਕਰਨ ਦੀ ਰੀਝ ਹੈ। ਆਸ ਹੈ ਕਿ ਪੰਜਾਬੀ ਸਾਹਿਤ ਵਿੱਚ ਐੱਮ. ਏ., ਐੱਮ. ਫਿਲ. ਅਤੇ ਪੀ. ਐੱਚ. ਡੀ. ਕਰਨ ਵਾਲੇ ਡਾ. ਪਰਮਜੀਤ ਸਿੰਘ ਕੱਟੂ ਆਪਣੀ ਖੋਜ ਰਾਹੀਂ ਬੀਤੇ ਦੇ ਗਰਭ ਵਿੱਚ ਪਈਆਂ ਅਜਿਹੀਆਂ ਹੀ ਹੋਰ ਕਹਾਣੀਆਂ ਨੂੰ ਵੀ ਦਰਸ਼ਕਾਂ ਅੱਗੇ ਲਿਆਉਣ ਦਾ ਸਾਹਸ ਕਰਨਗੇ।