ਬੱਸਾਂ ਵਿੱਚ ਦਵਾਈਆਂ, ਸੁਰਮੇਂ ਵੇਚਣ ਵਾਲੇ ਦੋ ਕੁ ਲਾਇਨਾਂ ਬੋਲਦੇ ਹੁੰਦੇ ਐ,
‘ਅੱਖਾਂ ਗਈਆਂ, ਜਹਾਨ ਗਿਆ,
ਕੰਨ ਗਏ, ਰਾਗ ਗਿਆ,
ਦੰਦ ਗਏ, ਸਵਾਦ ਗਿਆ’
ਗੱਲ ਹੈ ਵੀ ਸਹੀ, ਹਰੇਕ ਅੰਗ ਦਾ ਆਪਣਾ ਮਹੱਤਵ ਹੈ। ਅੱਖਾਂ ਕਮਜ਼ੋਰ ਹੋ ਜਾਣ ਬੰਦਾ ਮੱਥੇ ਤੇ ਹੱਥ ਰੱਖ ਕੇ ਆਉਂਦਿਆਂ-ਜਾਂਦਿਆਂ ਨੂੰ ਪਛਾਨਣ ਲੱਗ ਜਾਂਦਾ ਏ ਜਾਂ ਐਨਕਾਂ ਦਾ ਹੀਲਾ ਕਰ ਲੈਂਦਾ ਏ। ਕੰਨ ਗਏ ਤਾਂ ਸਾਹਮਣੇ ਵਾਲੇ ਨੂੰ ਗੱਲ ਦੁਬਾਰਾ ਪੁੱਛੀ ਜਾ ਸਕਦੀ ਹੈ ਜਾਂ ਚਾਰ ਪੈਸੇ ਖਰਚ ਕੇ ਕੰਨਾਂ ਵਾਲੀ ਮਸ਼ੀਨ ਲਗਵਾ ਲਊ। ਸਭ ਤੋਂ ਵੱਧ ਨਾਜ਼ੁਕ ਹਨ ਦੰਦ। ਕੇਰਾਂ ਜਾਣ ਲੱਗੇ ਫਿਰ ਬੋਰੀ ਵਿੱਚੋਂ ਗਿਰਦੇ ਦਾਣਿਆਂ ਵਾਂਗ ਖਿੰਡਦੇ ਹੀ ਚਲੇ ਜਾਂਦੇ ਨੇ। ਆਪਣੀ ਜਾਣ ਪਹਿਚਾਣ ਵਿੱਚ ਇੱਕ ਦੰਦਾਂ ਦਾ ਡਾਕਟਰ ਸੀ ਵਰਮਾ। ਜਿਹੜਾ ਮਰੀਜ਼ ਇੱਕ ਵਾਰ ਕਲੀਨਿਕ ਵਿੱਚ ਵੜ ਗਿਆ ਬਿਨਾਂ ਪ੍ਰਭਾਵਿਤ ਹੋਏ ਨਹੀਂ ਸੀ ਨਿਕਲਦਾ।
ਗੱਲਾਂ ਦਾ ਤਜਰਬਾ ਏਨਾ ਸੀ ਕਿ ਸਾਹਮਣੇ ਵਾਲਾ ਇਹ ਸਮਝਦਾ ਸੀ ਕਿ ਆਹ ਅਠਾਰਾਂ ਗੁਣਾਂ ਸੱਤ ਦੀ ਦੁਕਾਨ ਨਾਲੋਂ ਵੱਡਾ ਹਸਪਤਾਲ ਅਤੇ ਵਰਮੇ ਤੋਂ ਵੱਡਾ ਡਾਕਟਰ ਦੁਨੀਆਂ ਤੇ ਕਿਤੇ ਨਹੀਂ ਹੋ ਸਕਦਾ। ਉਹ ਕਮਲ਼ਿਓ ਜੀਹਦਾ ਨਾਮ ਹੀ ਵਰਮਾ ਏ ਉਹ ਤਾਂ ਘੁੰਮ ਘੁੰਮ ਕੀੜੇ ਕੱਢਦੂ ਦੰਦਾਂ ’ਚੋਂ। ਉਹ ਆਪਣੇ ਭਾਣੇ ਮਜ਼ਾਕ ’ਚ ਗੱਲ ਕਰਦਾ, ਪਰ ਪੇਂਡੂਆਂ ਨੂੰ ਲਗਦਾ ਕਿ ਡਾਕਟਰ ਧਰਤੀ ਨਾਲ ਜੁੜਿਆ ਬੰਦਾ ਏ। ਖੈਰ ਗੱਲ ਬਹੁਤੀ ਹੱਦ ਤੱਕ ਸਹੀ ਵੀ ਸੀ। ਵਰਮਾ ਪੈਸਿਆ ਦਾ ਬੋਝ ਮਰੀਜ਼ ਤੇ ਬਹੁਤਾ ਨਹੀਂ ਸੀ ਪਾਉਂਦਾ ਹੁੰਦਾ। ਰੇਟ ਲਿਖ ਕੇ ਲਾਏ ਹੋਏ ਸੀ, ਪਰ ਉਹਨਾ ਵਿੱਚੋਂ ਵੀ ਕਈ ਵਾਰ ਦਸ ਵੀਹ ਰੁਪਈਏ ਵਾਪਿਸ ਕਰਕੇ ਕਹਿ ਦਿੰਦਾ ਸੀ ਆਹ ਲੈ, ਦੰਦ ਕੱਢੇ ਆ ਤੇਰੇ। ਡਬਲ ਰੋਟੀ ਖਾ ਲਈਂ।
ਵਰਮਾ ਅਸਲ ’ਚ ਗਰੀਬਾਂ ਜਾਂ ਪੇਂਡੂਆਂ ਦਾ ਡਾਕਟਰ ਸੀ, ਜਿਹੜੇ ਉਧਾਰ ਵੀ ਕਰ ਜਾਂਦੇ ਸੀ। ਉਸ ਦੇ ਕਿੱਸੇ ਬਹੁਤ ਮਸ਼ਹੂਰ ਸਨ। ਕੁਝ ਤਾਂ ਆਪ ਮਜ਼ਾਕੀਆ ਸੀ, ਕੁਝ ਲੋਕ ਆਪਣੇ ਕੋਲੋ ਜੋੜ ਕੇ ਗੱਲ ਵਧਾ ਲੈਂਦੇ ਸੀ। ਬੇਸ਼ੱਕ ਵਰਮਾ ਡਾਕਟਰ ਸੀ, ਪਰ ਦੁਕਾਨਾਂ ਵਾਲੇ ਕਹਿੰਦੇ ਸੀ ਕਿ ਵਰਮੇ ਤੋਂ ਵੱਧ ਤਰੱਕੀ ਕਿਸੇ ਨੇ ਨਹੀਂ ਕਰੀ। ਇਸਦਾ ਬਾਪ ਦਿੱਲੀ ਦੰਦਾਂ ਦਾ ਮਿਸਤਰੀ ਸੀ।
ਕਿਸੇ ਨੇ ਪੁੱਛਣਾ ਉਹ ਕਿਵੇਂ?
ਕਿਵੇਂ ਕੀ? ਟਾਹਲੀ ਹੇਠਾਂ ਦੰਦਾਂ ਦੇ ਸੈੱਟ ਲਈ ਬੈਠਾ ਹੁੰਦਾ ਸੀ। ਜਿਹੜਾ ਆਉਂਦਾ ਸੀ ਉਸਦਾ ਮੂੰਹ ਖੁਲਵਾ ਕੇ ਖਰਾਬ ਦੰਦ ਬਾਹਰ ਅਤੇ ਨਵੇਂ ਫਿੱਟ ਕਰ ਦਿੰਦਾ ਸੀ। ਕਈ ਵਾਰ ਅਮਰੀਕਾ ਆਲੇ ਲੈਣ ਆਏ ਸੀ ਕਿ ਸਾਡੇ ਮੁਲਖ ਚੱਲ, ਪਰ ਵਰਮੇ ਦੇ ਬਾਪੂ ਨੇ ਕੋਰਾ ਜਵਾਬ ਦੇਤਾ ਸੀ, ਗੱਲ ਬਣਾਉਣ ਵਾਲਾ ਮਸਾਲਾ ਤੇਜ ਰੱਖਦਾ।
ਬਹੁਤੀ ਵਾਰ ਪਿੰਡਾਂ ਵਾਲੇ ਡਾਕਟਰ ਦੀ ਫੀਸ ਪਹਿਲਾਂ ਪੁੱਛਦੇ ਹੁੰਦੇ ਨੇ। ਜਿਹੜਾ ਫੀਸ ਜਿਆਦਾ ਲਵੇ ਉਹ ਪਿੰਡਾਂ ਵਾਲਿਆਂ ਲਈ ਲੁਟੇਰਾ ਡਾਕਟਰ ਹੁੰਦੈ। ਵਰਮਾ ਉਹਨਾ ਡਾਕਟਰਾਂ ਦੇ ਉਲਟ ਫੀਸ ਘੱਟ ਲੈਣ ਕਰਕੇ ਪਿੰਡਾਂ ਵਾਲਿਆਂ ਦਾ ਚਹੇਤਾ ਸੀ। ਪੜੇ ਲਿਖੇ ਇਹ ਗੱਲ ਕਰਦੇ ਹੁੰਦੇ ਸੀ ਕਿ ਵਰਮੇ ਨੂੰ ਡਾਕਟਰੀ ਦਾ ਕੱਖ ਵੀ ਨਹੀਂ ਪਤਾ, ਪਰ ਦੁਕਾਨ ਪਤਾ ਨਹੀਂ ਕਿਵੇਂ ਚਲਾਈ ਜਾਂਦੈ। ਪੁਰਾਣਾ ਲਮਰੇਟਾ ਸਕੂਟਰ ਉਹਦੀ ਸਵਾਰੀ ਹੁੰਦੀ ਸੀ। ਹਰੇ ਰੰਗ ਦੇ ਲਮਰੇਟੇ ‘ਤੇ ਬੈਠਾ ਸਾਢੇ ਕੁ ਚਾਰ ਫੁੱਟ ਦਾ ਵਰਮਾ ਕਾਲੀਆਂ ਵੱਡੀਆਂ ਐਨਕਾਂ ਲਾਈਂ ਅਤੇ ਲਾਲ ਬੂਟੀਆਂ ਦੀ ਕਮੀਜ ਪਾ ਕੇ ਕਿਸੇ ਪੁਰਾਣੇ ਐਕਟਰ ਦੀ ਫੀਲਿੰਗ ਲੈਂਦਾ। ਸਕੂਟਰ ‘ਤੇ ਜਾਂਦੇ ਵਰਮੇ ਨੂੰ ਲੋਕਾਂ ਨੇ ਸਾਸਰੀਕਾਲ ਬੁਲਾਉਣੀ ਜਾਂ ਨਾਂ ਬੁਲਾਉਣੀ, ਪਰ ਖੱਬਾ ਹੱਥ ਉੱਪਰ ਕਰਕੇ ਵਰਮਾ ਸਾਰਿਆਂ ਨੂੰ ਸਾਸਰੀਕਾਲ ਬੁਲਾਉਂਦਾ ਜਾਂ ਜਵਾਬ ਦਿੰਦਾ ਲੰਘ ਜਾਂਦਾ ਸੀ।
ਇੱਕ ਗੱਲ ਪੂਰੀ ਤਰਾਂ ਸੱਚ ਜਾਂ ਝੂਠ, ਪਤਾ ਨਹੀਂ! ਪਰ ਲੋਕ ਚਰਚਾ ਇਸ ਗੱਲ ਦੀ ਹੁੰਦੀ ਸੀ ਕਿ ਵਰਮੇ ਨੇ ਡਾਕਟਰੀ ਦੀ ਡਿਗਰੀ ਨਹੀਂ ਬਲਕਿ ਡਾਕਟਰੀ ਦੀ ਟਰੇਨਿੰਗ ਲਈ ਐ। ਜਿਹੜੀ ਦੁਕਾਨ ਵਿੱਚ ਉਸਦੇ ਬਾਪ ਨੇ ਹਸਪਤਾਲ ਖੋਲਿਆ ਸੀ, ਓਸੇ ਵਿੱਚ ਵਰਮੇ ਨੇ ਥੋੜੀ ਭੰਨ ਤੋੜ ਕਰਕੇ ਆਪਣਾ ਤੋਰੀ ਫੁਲਕਾ ਚਲਾ ਲਿਆ। ਡਿਗਰੀਆਂ ਭਾਵੇਂ ਵਰਮੇ ਨੇ ਫਰੇਮਾਂ ਵਿੱਚ ਜੜਵਾ ਕੇ ਲਾਈਆਂ ਹੋਈਆਂ ਸੀ, ਪਰ ਫਿਰ ਵੀ ਲੋਕਾਚਾਰੀ ਦੇ ਮੂੰਹ ਕਿੱਥੇ ਬੰਦ ਹੁੰਦੇ ਐ। ਸਾਰੇ ਕਹਿੰਦੇ ਸੀ ਕਿ ਡਿਗਰੀਆਂ ਜਾਅਲੀ ਨੇ। ਲੋਕਾਂ ਨੇ ਜਾਅਲੀ ਡਿਗਰੀਆਂ ਦੀ ਧਾਰਨਾ ਸੱਚ ਕਰਨ ਲਈ ਕਿੱਸੇ ਵੀ ਬਹੁਤ ਘੜੇ ਹੋਏ ਸੀ।
ਕਹਿੰਦੇ ਐ ਕੇਰਾਂ ਇੱਕ ਬੰਦਾ ਦੰਦ ਕਢਵਾਉਣ ਆਇਆ। ਚੰਗੀ ਤਰਾਂ ਦੰਦਾਂ ਦਾ ਨਿਰੀਖਣ ਕਰਕੇ ਦੰਦ ਕੱਢਣ ਨੂੰ ਆਖਰੀ ਹੱਲ ਮੰਨ ਲਿਆ। ਵੈਸੇ ਵੀ ਵਰਮਾ ਵਿਦੇਸ਼ੀ ਮਕੈਨਿਕਾਂ ਵਾਂਗ ਰਿਪੇਅਰ ਘੱਟ ਅਤੇ ਰਿਪਲੇਸਮੈਂਟ ’ਚ ਜਿਆਦਾ ਯਕੀਨ ਰੱਖਦਾ ਸੀ। ਇਸਦਾ ਕਹਿਣਾ ਸੀ ਕਿ ਜਿਹੜੀ ਚੀਜ ਖਰਾਬ ਹੋ ਗਈ ਅਤੇ ਜੇ ਉਸ ਦਾ ਬਦਲਾਅ ਹੈਗਾ ਤਾਂ ਬਦਲਾਅ ਲੈਣੀ ਚਾਹੀਦੀ ਐ। ਖੈਰ! ਵਰਮਾ ਸਾਹਿਬ ਨੇ ਦੰਦ ਕਢਵਾਉਣ ਆਏ ਬੰਦੇ ਦੇ ਸੁੰਨ ਕਰਨ ਵਾਲ਼ਾ ਟੀਕਾ ਲਾ ਕੇ ਆਪਣਾ ਜਮੂਰ ਦੰਦ ਨੂੰ ਪਾ ਲਿਆ। ਕੁਰਸੀ ‘ਤੇ ਬੈਠੇ ਮਰੀਜ਼ ਨੇ ਦੋਵੇਂ ਹੱਥ ਉੱਪਰ ਚੱਕ ਲਏ ਜਿਵੇਂ ਫਾਂਸੀ ਲੱਗਣ ਤੋਂ ਭੱਜਦਾ ਹੋਵੇ। ਵਰਮੇ ‘ਨੇ ਨਾਂ ਉਹਦੇ ਹੱਥ ਦੇਖੇ ਨਾ ਰੌਲਾ ਸੁਣਿਆ, ਬੱਸ ਦੰਦ ਕੱਢਕੇ ਕੌਲੀ ਵਿੱਚ ਰੱਖ ਦਿੱਤਾ। ਬੰਦੇ ਨੇ ਉੱਠਕੇ ਵਰਮੇ ਦਾ ਗਲ਼ ਫੜ ਲਿਆ ਕਿ ਗਲਤ ਦੰਦ ਕੱਢਿਆ ਗਿਆ।
ਵਰਮੇ ਨੂੰ ਜਦੋਂ ਕੋਈ ਗੱਲ ਨਾ ਆਈ ਤਾਂ ਦੁੱਗਣੇ ਰੋਅਬ ਨਾਲ਼ ਬੋਲਿਆ, ਇਹ ਗੱਲ ਦੰਦ ਕੱਢਣ ਤੋਂ ਪਹਿਲਾਂ ਬੋਲਦਾ।
ਵਿਚਾਰਾ ਕਹੇ ਕਿ ਮੈਂ ਹੱਥ ਮਾਰੀ ਜਾਂਦਾ ਸੀ।
ਵਰਮਾ ਕਿੱਥੇ ਪੈਰ ਲੱਗਣ ਦਿੰਦਾ ਸੀ। ਕਹਿੰਦਾ ਰਹਿਣਦੇ ਵੀਰ, ਜਦ ਜਮੂਰ ਪੈਂਦਾ ਏ ਹੱਥ ਤਾਂ ਹਰੇਕ ਈ ਮਾਰਦੈ।
ਵਰਮੇ ਦੀ ਦੁਕਾਨ ਦੇ ਨਾਲ਼ ਹਲਵਾਈਆਂ ਦੀ ਦੁਕਾਨ ਸੀ। ਵਰਮਾ ਡਾਕਟਰੀ ਦੇ ਰੋਅਬ ਵਿੱਚ ਹਰੇਕ ਮਿਲਣ ਆਏ ਲਈ ਚਾਹ ਵਾਸਤੇ ਉਂਗਲੀਆਂ ਖੜੀਆਂ ਕਰ ਦਿੰਦਾ। ਮਹੀਨੇ ਬਾਅਦ ਜਦ ਹਲਵਾਈ ਨੇ ਪਰਚੀ ਭੇਜੀ ਤਾਂ ਸੱਤ ਸੌ ਦੇਖ ਕੇ ਵਰਮਾ ਆਪ ਡਾਕਟਰ ਕੋਲ ਜਾਣ ਵਾਲ਼ਾ ਹੋ ਗਿਆ। ਫਸਿਆ ਵਰਮਾ ਨਾ ਤਾਂ ਪੈਸਿਆਂ ਤੋਂ ਇਨਕਾਰ ਕਰ ਸਕਦਾ ਸੀ ਅਤੇ ਨਾ ਹੀ ਬਾਹਰ ਜਾ ਕੇ ਹਲਵਾਈ ਨਾਲ ਲੜ ਸਕਦਾ ਸੀ। ਭਰੇ ਪੀਤੇ ਵਰਮੇ ਨੇ ਪੈਸੇ ਕੱਢੇ ਅਤੇ ਆਪ ਜਾ ਕੇ ਦੇ ਆਇਆ। ਨਾਲ ਹੀ ਹਲਵਾਈ ਨੂੰ ਸਮਝਾ ਆਇਆ ਕਿ ਜੇ ਮੈਂ ਦੋ ਉਂਗਲਾਂ ਖੜੀਆਂ ਕਰਾਂ ਤਾਂ ਇੱਕ ਵਟਾ ਦੋ ਕਰ ਦਿਆ ਕਰ। ਹਲਵਾਈ ਨੇ ਹਾਂ ਵਿੱਚ ਸਿਰ ਮਾਰ ਦਿੱਤਾ, ਪਰ ਅੰਦਰੋਂ ਦੁਖੀ ਵੀ ਹੋਇਆ ਕਿ ਮਹੀਨੇ-ਮਹੀਨੇ ਦਾ ਉਧਾਰ ਵੀ ਕਰਨੈ ਤੇ ਭਾਂਡੇ ਵੀ ਉੱਨੇ ਹੀ ਧੋਣੇ ਐ। ਅਗਲੇ ਮਹੀਨੇ ਦੀ ਪਰਚੀ ਫਿਰ ਸੱਤ ਸੌ ਦੀ ਪਹੁੰਚਾ ਦਿੱਤੀ। ਇਹ ਵਰਮੇ ਦੇ ਸਬਰ ਦੀ ਪਰਖ ਸੀ। ਜਦੋਂ ਹਲਵਾਈ ਤੋਂ ਹਿਸਾਬ ਪੁੱਛਿਆ ਤਾਂ ਬੋਲਿਆ, ਡਾਕਟਰਾ ਪੈਸੇ ਚਾਹ ਦੇ ਨੀ ਗਲਾਸ ਧੋਣ ਦੇ ਹੁੰਦੇ ਆ।
ਵਰਮੇ ਦੀ ਹਲਵਾਈ ਨਾਲ ਬੋਲਚਾਲ ਵੱਲੋਂ ਲੀਕ ਖਿੱਚੀ ਗਈ। ਬਦਲਾ ਲੈਣ ਦੀ ਭਾਵਨਾ ਨਾਲ ਵਰਮੇ ਨੇ ਕਲੀਨਿਕ ਦੇ ਬਾਹਰ ਬੋਰਡ ਲਾ ਦਿੱਤਾ ਆਪਣੇ ਦੰਦ ਸਹੀ ਸਲਾਮਤ ਰੱਖਣ ਲਈ ਬਜਾਰੂ ਮਠਿਆਈਆਂ ਦਾ ਪਰਹੇਜ਼ ਰੱਖੋ।
ਵਰਮਾਂ ਵੈਸੇ ਹਸਮੁੱਖ ਸੀ। ਪੈਸੇ ਵੱਲੋਂ ਮਰੀਜ਼ ਨੂੰ ਤੰਗ ਨਹੀਂ ਸੀ ਕਰਦਾ, ਪਰ ਗਵਾਂਢ ’ਚ ਉਸਦੀਆਂ ਛੋਟੀਆਂ ਮੋਟੀਆਂ ਲੜਾਈਆਂ ਚੱਲਦੀਆਂ ਰਹਿੰਦੀਆਂ ਸੀ, ਜਿਹਨਾ ਦੀ ਉਮਰ ਬਹੁਤੀ ਲੰਮੀ ਨਹੀਂ ਸੀ ਹੁੰਦੀ। ਵੱਡੀ ਤੋਂ ਵੱਡੀ ਲੜਾਈ ਦੋ ਜਾਂ ਤਿੰਨ ਦਿਨ ਦੀ ਹੁੰਦੀ ਸੀ। ਉਸ ਤੋਂ ਬਾਅਦ ਆਪ ਹੀ ਜਾ ਕੇ ਅਗਲੇ ਨਾਲ਼ ਹੱਥ ਮਿਲ਼ਾ ਲੈਂਦਾ ਸੀ। ਉਸਦਾ ਕਹਿਣ ਹੁੰਦਾ ਸੀ ਕਿ ਲੜਾਈ ਲਈ ਤਾਂ ਰੱਬ ਨੇ ਜਾਤ ਈ ਹੋਰ ਬਣਾਈ ਐ। ਆਪਾਂ ਮਹਾਜਨ ਲੋਕ ਕਾਰੋਬਾਰ ਲਈ ਬਣੇ ਆਂ। ਨਾਲ਼ੇ ਆਪ ਸੁਖੀ ਨਾਲ਼ੇ ਲੋਕ ਸੁਖੀ। ਇਵੇਂ ਹੀ ਤੀਜੇ ਦਿਨ ਉਸ ਨੇ ਮਠਿਆਈਆਂ ਤੋਂ ਪਰਹੇਜ ਵਾਲਾ ਬੋਰਡ ਲਾਹ ਕੇ ਹਲਵਾਈ ਨਾਲ ਹੱਥ ਮਿਲ਼ਾ ਲਿਆ। ਉਹ ਲੜਾਈ ਤਾਂ ਮੁੱਲ ਲੈ ਲੈਂਦਾ ਪਰ ਲਾਗਡਾਟ ਦੇ ਇਹਨਾ ਦੋ ਤਿੰਨ ਦਿਨਾਂ ਵਿੱਚ ਉਸ ਦੇ ਖਿਲਾਫ ਭੰਡੀ ਪ੍ਰਚਾਰ ਅਸਮਾਨੀ ਪਹੁੰਚ ਜਾਂਦਾ।
ਬੰਦ ਬੋਲਚਾਲ ਦੇ ਦੋ ਦਿਨਾਂ ਵਿੱਚ ਹਲਵਾਈ ਨੇ ਵਰਮੇ ਦੀ ਗੱਲ ਬਣਾ ਲਈ ਕਿ ਉਸ ਦਾ ਕੋਈ ਜਾਣੂ ਕੰਨ ਕੋਲ ਅੰਦਰਲੇ ਪਾਸੇ ਦੀ ਸ਼ਿਕਾਇਤ ਲੈ ਕੇ ਆਇਆ। ਪਤਾ ਨਹੀਂ ਸੀ ਲਗਦਾ ਕਿ ਜਬਾੜਾ ਹੇਠੋਂ ਦੁਖਦੈ ਜਾਂ ਉੱਪਰੋਂ। ਵਰਮੇ ਨੇ ਚੈੱਕਅਪ ਕਰਕੇ ਉੱਪਰਲੀ ਸਭ ਤੋਂ ਮਗਰਲੀ ਜਾੜ ਕਢਵਾਉਣ ਦੀ ਸਲਾਹ ਦਿੱਤੀ। ਜਾੜ ਕਢਵਾਉਣ ਤੋਂ ਪੰਜ ਦਿਨ ਤੱਕ ਦਰਦ ਨਾ ਹਟਿਆ। ਦੁਬਾਰਾ ਆਇਆ ਤਾਂ ਵਰਮੇ ਨੇ ਨਾਲ਼ ਦੀ ਜਾੜ ਕੱਢ ਦਿੱਤੀ। ਜਦੋਂ ਫਿਰ ਵੀ ਦਰਦ ਨਾ ਹਟਿਆ ਤਾਂ ਵੱਡੇ ਹਸਪਤਾਲ ਐਕਸਰਾ ਵਗੈਰਾ ਕਰਵਾਏ ਤੋਂ ਪਤਾ ਲੱਗਿਆ ਕਿ ਇਹ ਜਾੜਾਂ ਦਾ ਨਹੀਂ ਬਲਕਿ ਕੰਨ ਦਾ ਰੋਗ ਐ।
ਗੱਲਾਂ ਵਰਮੇ ਦੀਆਂ ਉੱਡਦੀਆਂ ਰਹਿੰਦੀਆਂ ਸੀ, ਪਰ ਵਰਮਾ ਇਹਨਾ ਦੀ ਪ੍ਰਵਾਹ ਵੀ ਨਹੀਂ ਸੀ ਕਰਦਾ। ਉਹ ਆਪਣਾ ਕਿੱਤਾ ਤੋਰੀ ਜਾਂਦਾ ਸੀ। ਉਹ ਡਾਕਟਰ ਸੀ, ਅਸਲੀ ਜਾਂ ਨਕਲੀ, ਕੁਝ ਵੀ ਕਹੋ ਪਰ ਕਾਰੋਬਾਰੀ ਨਹੀਂ ਸੀ। ਆਪਣੀ ਦੁਕਾਨ ਨੂੰ ਕਾਰੋਬਾਰ ਦਾ ਅੱਡਾ ਨਹੀਂ ਸੀ ਬਣਾਇਆ। ਬਹੁਤੀ ਹੈਲਪਰਾਂ ਦੀ ਭੀੜ ਨਹੀਂ ਸੀ। ਉਸਦਾ ਖਿਆਲ ਸੀ ਕਿ ਜਿਆਦਾ ਹੈਲਪਰਾਂ ਨੂੰ ਤਨਖਾਹ ਵੀ ਦੇਣੀ ਪਊ। ਜਿਸਦਾ ਬੋਝ ਮਰੀਜਾਂ ਦੀ ਜੇਬ ਤੇ ਪਊ। ਗਰੀਬ ਬੰਦਾ ਪਹਿਲਾਂ ਈ ਬਿਮਾਰੀ ਦਾ ਮਾਰਿਆ ਹੁੰਦੈ, ਉਸਨੂੰ ਹੋਰ ਕਿਉਂ ਮਾਰਨੈ?
ਜਿੰਦਗੀ ਦਾ ਆਸ਼ਕ ਉਹ ਇਸ ਲਈ ਬਣਿਆ ਰਿਹਾ ਕਿ ਉਹ ਕਿਸੇ ਦੇ ਕਹੇ ਤੋਂ ਬਦਲਿਆ ਨਹੀਂ। ਹਰੇਕ ਦਿਨ ਉਹਨੇ ਆਪਣੀ ਮਰਜੀ ਮੁਤਾਬਕ ਜਿਉਇਆ। ਵਾਹ ਲੱਗੀ ਆਪਣੇ ਕੋਲ਼ੋ ਦਵਾਈਆਂ ਦਿੰਦਾ ਹੁੰਦਾ ਸੀ। ਜਿਹੜੇ ਪਿੰਡਾਂ ਵਾਲ਼ੇ ਉਹਨੂੰ ਜਾਣਦੇ ਸੀ ਉਹ ਦੰਦਾਂ ਦੀਆਂ ਬਿਮਾਰੀਆਂ ਤੋ ਬਿਨਾ ਫੋੜੇ ਫਿੰਨਸੀਆਂ ਦੀ ਮੱਲਮ ਪੱਟੀ ਵੀ ਕਰਾ ਆਂਉਦੇ ਸੀ। ਉਹ ਦਵਾਈ ਦਿੰਦਾ ਨਾਲੇ ਹਦਾਇਤ ਕਰਦਾ, ‘ਕਿਸੇ ਨੂੰ ਦੱਸਿਓ ਨਾ ਕਿ ਵਰਮੇ ਨੇ ਦਵਾਈ ਦਿੱਤੀ ਐ ਫੋੜਿਆਂ ਦੀ।’ ਮੇਰਾ ਕੰਮ ਦੰਦਾਂ ਦੀਆਂ ਬਿਮਾਰੀਆਂ ਠੀਕ ਕਰਨਾ ਏ। ਆਹ ਮੱਲਮਾਂ ਪੱਟੀਆਂ ਆਲੇ ਕੈਂਚੀਆਂ ਲਈ ਬੈਠੇ ਆ ਥੋਡੀਆਂ ਜੇਬਾਂ ਕੱਟਣ ਨੂੰ। ਜੇ ਕਿਸੇ ਨੂੰ ਪਤਾ ਲੱਗ ਗਿਆ ਮੇਰਾ ਕਾਰੋਬਾਰ ਬੰਦ ਕਰਵਾਉਣ ਨੂੰ ਜੋਤਾ ਨੀ ਲਾਉਣਾ। ਮਲਮ ਪੱਟੀ ਦੇ ਪੈਸੇ ਨਹੀਂ ਸੀ ਲੈਂਦਾ। ਜੇ ਕਿਸੇ ਨੇ ਪੈਸੇ ਦੇਣ ਲੱਗਣਾ ਤਾਂ ਕਹਿਣਾ ‘ਬਾਹਰਲੇ ਮੁਲਖਾਂ ਦਾ ਪਤਾ ਨੀ, ਪਰ ਪੰਜਾਬ ਸਾਡੀ ਧਰਤੀ ਐ। ਇੱਥੇ ਜਲ ਅਤੇ ਮੱਲਮ ਪੱਟੀ ਭਾਈ ਕਨੱਈਆ ਜੀ ਦੇ ਕੇ ਗਏ ਐ। ਇਹ ਵੇਚਣ ਵਾਸਤੇ ਨੀ ਹੈਗੀਆਂ।’
ਵਰਮਾਂ ਚੰਗਾ ਸੀ, ਪਰ ਚੰਗਿਆਈ ਵਿਰੋਧਤਾ ਵੀ ਸਹਿੰਦੀ ਹੁੰਦੀ ਐ। ਵਰਮਾ ਇੱਕੋ ਇੱਕ ਐਹੋ ਜਿਹਾ ਬੰਦਾ ਦੇਖਿਆ ਏ ਜਿਹੜਾ ਲੜਦਾ ਵੀ ਸੀ ਅਤੇ ਸੁਲਾਹ ਵੀ ਆਪ ਜਾ ਕੇ ਕਰ ਲੈਂਦਾ ਸੀ। ਸ਼ਹਿਰ ਰਹਿੰਦਾ ਪੇਂਡੂਆਂ ਦਾ ਆੜੀ ਸੀ। ਸਾਗ, ਗੰਨੇ, ਗੁੜ ਪਿੰਡ ਗੇੜਾ ਮਾਰਨ ਗਿਆ ਸਕੂਟਰ ‘ਤੇ ਲੱਦੀ ਆ ਜਾਂਦਾ ਸੀ। ਆਪਣੀ ਕਿਸੇ ਰਿਸ਼ਤੇਦਾਰੀ ’ਚੋਂ ਬੇਸ਼ੱਕ ਰਿਹਾ ਹੋਵੇ, ਪਰ ਪਿੰਡਾਂ ’ਚ ਵਿਆਹਾਂ ਤੇ ਵਰਮੇ ਦੀ ਹਾਜ਼ਰੀ ਜਰੂਰ ਹੁੰਦੀ ਸੀ। ਜੇ ਵਰਮੇ ਨੇ ਕਿਸੇ ਦੇ ਘਰੇ ਹੋਣਾ ‘ਤੇ ਅਗਲੇ ਦੇ ਕੋਈ ਮਹਿਮਾਨ ਆਇਆ ਹੁੰਦਾ, ਉਸਨੂੰ ਦੇਖ ਕੇ ਮਹਿਮਾਨ ਕਦੇ ਵੀ ਨਹੀਂ ਸੀ ਮੰਨਦਾ ਕਿ ਵਰਮਾ ਡਾਕਟਰ ਐ। ਅਗਲੇ ਨੇ ਕੋਈ ਰਾਇ ਪੁੱਛਣੀ ਤਾਂ ਵਰਮੇ ਨੇ ਦਵਾਈ ਦੱਸਣ ਦੀ ਥਾਂ ਨਿੰਮ ਦੀ ਦਾਤਣ ਕਰਨ ਨੂੰ ਕਹਿਣਾ।
ਦਾਤਣਾਂ ਕਰਿਆ ਕਰੋ। ਆਹ ਪੇਸਟ ਜਿਹੇ ਅੰਗਰੇਜ਼ਾਂ ਵਾਸਤੇ ਬਣੇ ਆ। ਆਪਾਂ ਨੂੰ ਨਿੰਮ, ਕਿੱਕਰ ਈ ਠੀਕ ਰਹਿੰਦੀ ਆ। ਜੇ ਫਿਰ ਵੀ ਨਾ ਠੀਕ ਹੋਏ ਤਾਂ ਵਰਮੇ ਦੇ ਜਮੂਰ ਹੈਗੇ।
ਟਾਂਵੇਂ-ਟਾਂਵੇਂ ਬੰਦੇ ਲੋਕਾਂ ਦੇ ਯਾਦ ਰਹਿੰਦੇ ਆ, ਨਹੀਂ ਤਾਂ ਹੋ-ਹੋ ਦੁਨੀਆਂ ਚਲੀ ਜਾਂਦੀ ਐ। ਯਾਦ ਰਹਿਣੇ ਵਾਲ਼ਿਆਂ ’ਚ ਇੱਕ ਸੀ ਡਾਕਟਰ ਵਰਮਾਂ।
_ਸੁਰਿੰਦਰ ਸਿੰਘ ਦਾਊਮਾਜਰਾ
ਇੱਕ ਸੀ ਡਾਕਟਰ ਵਰਮਾ
Published: