ਪੰਜਾਬ ਅੰਦਰੋਂ ਨਸ਼ੇ ਦੇ ਮੰਦਭਾਗੇ ਅਤੇ ਖ਼ਤਰਨਾਕ ਰੁਝਾਨ ਨੂੰ ਠੱਲ੍ਹਣ ਦੀ ਲੋੜ : ਸੰਧੂ
ਅੰਮਿ੍ਤਸਰ/ਪੰਜਾਬ ਪੋਸਟ
ਪੰਜਾਬ ਅੰਦਰ ਨਸ਼ੇ ਦੀ ਸਮੱਸਿਆ ਸਬੰਧੀ ਪਿਛਲੇ ਕਈ ਵਰ੍ਹਿਆਂ ਤੋਂ ਗੱਲਾਂ ਤਾਂ ਬਹੁਤ ਹੋਈਆਂ ਹਨ, ਪਰ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਸਬੰਧੀ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਢੱੁਕਵੇਂ ਕਦਮ ਨਹੀਂ ਚੁੱਕੇ। ਹਰ ਵਾਰ ਚੋਣਾਂ ਦੇ ਮਾਹੌਲ ਵਿੱਚ ਇਸ ਵਿਸ਼ੇ ਦੀ ਖਾਸ ਗੱਲ ਹੁੰਦੀ ਹੈ ਪਰ ਜ਼ਮੀਨੀ ਪੱਧਰ ਉੱਤੇ ਹਾਲਾਤ ਬਿਲਕੁਲ ਵੀ ਨਹੀਂ ਬਦਲੇ ਲੱਗਦੇ। ਇਸੇ ਤਰ੍ਹਾਂ ਗੁਰੂ ਕੀ ਨਗਰੀ ਅੰਮਿ੍ਤਸਰ ਦੇ ਕਈ ਇਲਾਕਿਆਂ ਵਿੱਚ ਵੀ ਨਸ਼ੇ ਦੀ ਵਿਕਰੀ ਸਬੰਧੀ ਰਿਪੋਰਟਾਂ ਅਕਸਰ ਮੀਡੀਆ ਵਿੱਚ ਆਉਂਦੀਆਂ ਰਹਿੰਦੀਆਂ ਹਨ, ਪਰ ਸਰਕਾਰਾਂ ਦੇ ਕੰਨਾਂ ਉੱਤੇ ਜੂੰ ਤੱਕ ਨਹੀਂ ਸਰਕੀ। ਪਿਛਲੇ ਦਿਨੀਂ ਅੰਮਿ੍ਰਤਸਰ ਦੇ ਮਜੀਠਾ ਲਾਗਲੇ ਪਿੰਡ ਨਾਗ ਕਲਾਂ ਵਿਖੇ ਨਸ਼ੇ ਦੀ ਸਮੱਸਿਆ ਨੇ ਇੱਕ ਹੋਰ ਨੌਜਵਾਨ ਦੀ ਜਾਨ ਨਿਗਲ ਲਈ।
ਅੰਮਿ੍ਰਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਸ ਮਾੜੇ ਵਰਤਾਰੇ ਦੀ ਭੇਟ ਚੜ੍ਹੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਗੱਲ ਉੱਤੇ ਇੱਕ ਵਾਰ ਫਿਰ ਅਫਸੋਸ ਜ਼ਾਹਿਰ ਕੀਤਾ ਕਿ ਇੰਨੇ ਵਰ੍ਹਿਆਂ ਦੌਰਾਨ ਵੀ ਤਮਾਮ ਦਾਅਵਿਆਂ ਦੇ ਬਾਵਜੂਦ ਪੰਜਾਬ ਅੰਦਰੋਂ ਨਸ਼ੇ ਦੇ ਏਸ ਮੰਦਭਾਗੇ ਅਤੇ ਖ਼ਤਰਨਾਕ ਰੁਝਾਨ ਨੂੰ ਠੱਲ੍ਹਣ ਲਈ ਕੋਈ ਠੋਸ ਉਪਰਾਲਾ ਕਿਸੇ ਵੀ ਸਿਆਸੀ ਪਾਰਟੀ ਨੇ ਨਹੀਂ ਕੀਤਾ। ਪਿਛਲੇ ਸਮੇਂ ਦੌਰਾਨ ਆਗੂਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਇੱਕ ਨਿਸ਼ਚਿਤ ਸਮੇਂ ਵਿੱਚ ਨਸ਼ੇ ਦੇ ਖਾਤਮੇ ਸਬੰਧੀ ਜੋ ਵਾਅਦੇ ਕੀਤੇ ਗਏ ਸਨ ਉਨਾਂ ਦੇ ਬਾਵਜੂਦ ਇਸ ਤਰੀਕੇ ਨਾਲ ਕੀਮਤੀ ਜਾਨਾਂ ਦੇ ਜਾਣ ਨੂੰ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਬੇਹੱਦ ਮੰਦਭਾਗਾ ਕਰਾਰ ਦਿੱਤਾ।
ਸ. ਸੰਧੂ ਨੇ ਏਸ ਪੀੜਤ ਪਰਿਵਾਰ ਦੇ ਨਾਲ ਡੱਟ ਕੇ ਖੜ੍ਹੇ ਹੋਣ ਦਾ ਭਰੋਸਾ ਦਵਾਇਆ ਅਤੇ ਕਿਹਾ ਕਿ ਉਨਾਂ ਵੱਲੋਂ ਦੁੱਖਾਂ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਇਸ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ. ਤਰਨਜੀਤ ਸਿੰਘ ਸੰਧੂ ਸਮੁੰਦਰੀ ਆਪਣੀ ਚੋਣ ਮੁਹਿੰਮ ਵਿੱਚ ਲਗਾਤਾਰ ਨਸ਼ੇ ਦੇ ਵਧਦੇ ਰੁਝਾਨ ਨੂੰ ਠੱਲ ਪਾਉਣ ਦੀ ਗੱਲ ਕਰ ਰਹੇ ਹਨ ਅਤੇ ਅੰਮਿ੍ਰਤਸਰ ਵਰਗੀ ਇਤਿਹਾਸਿਕ ਮਹੱਤਤਾ ਵਾਲੀ ਪਾਵਨ ਧਰਤੀ ਉੱਤੇ ਨਸ਼ੇ ਨੂੰ ਜੜ੍ਹੋਂ ਪੁੱਟਣ ਸਬੰਧੀ ਨੀਤੀ ਉਨ੍ਹਾਂ ਨੇ ਆਪਣੀ ਚੋਣ ਮੁਹਿੰਮ ਦਾ ਇੱਕ ਅਹਿਮ ਹਿੱਸਾ ਬਣਾਈ ਹੈ।