ਨਵੀਂ ਦਿੱਲੀ/ਪੰਜਾਬ ਪੋਸਟ
ਦੇਸ਼ ਅੰਦਰ ਡਿਜੀਟਲ ਅਰੈਸਟ ਅਤੇ ਦੇਸ਼ ਦੀਆਂ ਪ੍ਰਮੁੱਖ ਏਜੰਸੀਆਂ ਨਾਲ ਸਬੰਧਤ ਹੋਣ ਦਾ ਦਾਅਵਾ ਕਰਦਿਆਂ ਧੋਖੇਬਾਜ਼ਾਂ ਵੱਲੋਂ ਆਮ ਲੋਕਾਂ ਨੂੰ ਵੱਡੇ ਪੱਧਰ ’ਤੇ ਆਪਣਾ ਸ਼ਿਕਾਰ ਬਣਾਏ ਜਾਣ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਅੱਜ ਇੱਕ ਬਿਆਨ ਜਾਰੀ ਕਰਕੇ ਅਜਿਹੀਆਂ ਘਟਨਾਵਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਦੱਸਿਆ ਗਿਆ ਹੈ ਕਿ ਕਿਵੇਂ ਅਕਸਰ ਨੌਸਰਬਾਜ਼ ਈ.ਡੀ. ਸਮੇਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੱਲੋਂ ਕਥਿਤ ਤੌਰ ’ਤੇ ਜਾਰੀ ਕੀਤੇ ਗਏ ਫਰਜ਼ੀ ਗ੍ਰਿਫ਼ਤਾਰੀ ਹੁਕਮਾਂ ਨੂੰ ਦਿਖਾਉਂਦੇ ਹਨ ਅਤੇ ਈ.ਡੀ. ਅਧਿਕਾਰੀਆਂ ਦਾ ਰੂਪ ਧਾਰ ਕੇ ਡਿਜੀਟਲ ਗ੍ਰਿਫ਼ਤਾਰੀ ਦੇ ਨਾਮ ’ਤੇ ਆਮ ਜਨਤਾ ਨੂੰ ਧੋਖਾ ਦੇ ਰਹੇ ਹਨ। ਈ.ਡੀ. ਨੇ ਜਨਤਾ ਨੂੰ ਇਹ ਸਪੱਸ਼ਟ ਕੀਤਾ ਕਿ ਮਨੀ ਲਾਂਡਰਿੰਗ ਰੋਕੂ ਐਕਟ, 2002 ਦੇ ਤਹਿਤ ਡਿਜੀਟਲ ਗ੍ਰਿਫ਼ਤਾਰੀ ਜਾਂ ਆਨਲਾਈਨ ਗ੍ਰਿਫ਼ਤਾਰੀ ਦੀ ਕੋਈ ਧਾਰਨਾ ਨਹੀਂ ਹੈ। ਈ.ਡੀ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸੰਮਨ ਪ੍ਰਾਪਤ ਕਰਨ ਵਾਲਾ ਇਸ ਦੀ ਪ੍ਰਮਾਣਿਕਤਾ ਦੀ ਤਸਦੀਕ ਕਿਊ.ਆਰ ਕੋਡ ਨੂੰ ਸਕੈਨ ਕਰਕੇ ਕਰ ਸਕਦਾ ਹੈ ਅਤੇ ਪ੍ਰਣਾਲੀ-ਤਿਆਰ ਸੰਮਨ ਦੀ ਤਸਦੀਕ ਈ.ਡੀ. ਦੀ ਅਧਿਕਾਰਤ ਵੈੱਬਸਾਈਟ ‘ਤੇ ਸੰਮਨ ਦੇ ਵੇਰਵੇ ਦਰਜ ਕਰਕੇ ਵੀ ਕੀਤੀ ਜਾ ਸਕਦੀ ਹੈ।






