ਲੰਬੇ ਸਮੇਂ ਤੋਂ ਜੇਲ੍ਹ ’ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ’ਚ ਤਬਦੀਲ ਕਰਨ ਅਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਚਾਰਾਜੋਈ ਕਰਨ ਹਿਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਦੀ ਹੋਈ ਤੀਜੀ ਤੇ ਅਹਿਮ ਇਕੱਤਰਤਾ ਦੌਰਾਨ ਕੇਂਦਰ ਸਰਕਾਰ ਨਾਲ ਜਲਦ ਬੈਠਕ ਹੋਣ ਦੀ ਆਸ ਪ੍ਰਗਟਾਉਂਦਿਆਂ ਤੇ ਕਾਹਲੀ ਦੀ ਥਾਂ ਠਰ੍ਹੰਮੇ ਨਾਲ ਯਤਨ ਨਿਰੰਤਰ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਇਸ ਮਾਮਲੇ ’ਚ ਨਿਰਧਾਰਤ ਸਮਾਂ ਸੀਮਾ 27 ਜਨਵਰੀ ਦੀ ਥਾਂ ਸੀਮਾ ਰਹਿਤ ਕਰਨ ਲਈ ਜਲਦੀ ਹੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕਰਨ ਜਾਂ ਪੱਤਰ ਲਿਖਣ ਦਾ ਵੀ ਫੈਸਲਾ ਕੀਤਾ ਗਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਦੱਸਿਆ ਕਿ ਪੰਜ ਮੈਂਬਰੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਕੀਤੀ ਗਈ ਅਧਿਕਾਰਤ ਕਮੇਟੀ ਹੈ ਤੇ ਅੱਜ ਪੰਜ ਮੈਂਬਰੀ ਕਮੇਟੀ ਦੀ ਇਕੱਤਰਤਾ ਦੌਰਾਨ ਹੁਣ ਤੱਕ ਦੀਆਂ ਕੋਸ ਿਸਾਂ ਦਾ ਮੁਲਾਂਕਣ ਕਰਦਿਆਂ ਇਹ ਮਹਿਸੂਸ ਕੀਤਾ ਗਿਆ ਕਿ ਇਹ ਕਾਰਜ ਕਾਹਲੀ ਨਾਲ ਨਹੀਂ ਬਲਕਿ ਠਰੰ੍ਹਮੇ ਅਤੇ ਗੰਭੀਰਤਾ ਨਾਲ ਕੀਤਾ ਜਾਣ ਵਾਲਾ ਹੈ, ਜਿਸ ਵਿਚ ਕੁਝ ਸਮਾਂ ਲੱਗ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ 27 ਜਨਵਰੀ ਤੱਕ ਦੀ ਸਮਾਂ ਹੱਦ ਨਿਸਚਿਤ ਕੀਤੀ ਗਈ ਹੈ, ਪਰ ਮੌਜੂਦਾ ਹਾਲਾਤ ਵਿਚ ਇਸ ਮਾਮਲੇ ਨੂੰ ਸਰਕਾਰ ਨਾਲ ਗੱਲਬਾਤ ਰਾਹੀਂ ਸਕਾਰਾਤਮਕ ਅੰਜਾਮ ਤੱਕ ਪਹੁੰਚਾਉਣ ਲਈ ਹੋਰ ਯਤਨ ਲੋੜੀਂਦੇ ਹਨ।