14 C
New York

ਪੁਰਾਤਨ ਸੱਭਿਅਤਾ ਸਮੋਈ ਬੈਠੇ : ਮਿਸਰ ਦੇ ਪਿਰਾਮਿਡ

Published:

Rate this post

ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਮਿਸਰ ਦੇ ਪਿਰਾਮਿਡਾਂ ਦਾ ਨਾਂ ਨਾ ਸੁਣਿਆ ਹੋਵੇ। ਦੁਨੀਆਂ ਦੇ ਸਭ ਤੋਂ ਪੁਰਾਣੇ ਸੱਤਵੇਂ ਅਜੂਬੇ ਵਜੋਂ ਜਾਣੇ ਜਾਂਦੇ ਪਿਰਾਮਿਡ ਦੇਖਣ ਲਈ ਦੂਰੋਂ-ਦੂਰੋਂ ਸੈਲਾਨੀ ਆਉਂਦੇ ਹਨ।

ਪਿਛਲੇ ਸਾਲ ਮੇਰੇ ਪੁੱਤਰ ਦੀ ਭਾਰਤ ਦੇ ਰਾਜਦੂਤ ਵਜੋਂ ਮਿਸਰ ਵਿੱਚ ਨਿਯੁਕਤੀ ਹੋਈ ਤਾਂ ਮੈਨੂੰ ਜਾਪਿਆ ਕਿ ਹੁਣ ਮਿਸਰ ਦੇ ਪਿਰਾਮਿਡ ਵੇਖਣ ਦਾ ਮੌਕਾ ਮਿਲੇਗਾ। ਇਸ ਲਈ ਐਤਕੀਂ ਸਾਡਾ ਪੁੱਤਰ ਨਵਦੀਪ ਆਪਣੀ ਛੁੱਟੀ ਦੌਰਾਨ ਆਇਆ ਤਾਂ ਸਾਨੂੰ ਦੋਵਾਂ ਨੂੰ ਵੀ ਕਾਹਿਰਾ ਲੈ ਗਿਆ। ਮਿਸਰ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਕਾਹਿਰਾ ਉੱਥੋਂ ਦਾ ਸਭ ਤੋਂ ਵੱਡਾ ਨਗਰ ਹੈ। ਇਹ ਅਫ਼ਰੀਕੀ ਮਹਾਂਦੀਪ ਦਾ ਸਭ ਤੋਂ ਪ੍ਰਸਿੱਧ ਮੁਲਕ ਹੈ। ਪਹਿਲਾ ਮੌਕਾ ਮਿਲਦੇ ਹੀ ਅਸੀਂ ਕਾਹਿਰਾ ਨੇੜਲੇ ਗੀਜ਼ਾ ਦੇ ਪਿਰਾਮਿਡ ਦੇਖਣ ਗਏ।

ਇਹ ਕਾਹਿਰਾ ਤੋਂ ਵੀਹ ਕਿਲੋਮੀਟਰ ਦੂਰ ਦੁਨੀਆਂ ਦੇ ਸਭ ਤੋਂ ਪੁਰਾਣੇ ਪਿਰਾਮਿਡ ਹਨ। ਕਾਹਿਰਾ ਮਹਾਂਨਗਰ ਤੋਂ ਬਾਹਰ ਨਿਕਲੇ ਤਾਂ ਮਾਰੂਥਲ ਵਿੱਚ ਖਲੋਤੇ ਤਿੰਨ ਨਾਲੋ-ਨਾਲ ਬਣੇ ਪਿਰਾਮਿਡ ਨਜ਼ਰ ਆਏ। ਜਿਉਂ-ਜਿਉਂ ਅਸੀਂ ਨੇੜੇ ਪਹੁੰਚ ਰਹੇ ਸਾਂ, ਸਾਡੀ ਉਤਸੁਕਤਾ ਵਧ ਰਹੀ ਸੀ। ਵਿਸ਼ਾਲ ਮਾਰੂਥਲ ਵਿੱਚ ਬਣੇ ਇਹ ਪਿਰਾਮਿਡ ਦੇਖਣ ਲਈ ਹਰ ਪਾਸੇ ਸੈਲਾਨੀਆਂ ਦੀ ਭੀੜ ਸੀ। ਲੋਕ ਕਾਰਾਂ, ਬੱਸਾਂ ਤੇ ਟਾਂਗਿਆਂ ਉੱਪਰ ਆਪਣੇ ਪਰਿਵਾਰਾਂ ਨਾਲ ਉੱਥੇ ਪੁੱਜੇ ਹੋਏ ਸਨ। ਹਰ ਪਾਸੇ ਰੌਣਕ ਤੇ ਚਹਿਲ-ਪਹਿਲ ਸੀ। ਬੱਚੇ, ਬੁੱਢੇ ਤੇ ਜਵਾਨ ਊਠਾਂ ਤੇ ਘੋੜਿਆਂ ਦੀ ਸਵਾਰੀ ਕਰ ਰਹੇ ਸਨ। ਸੈਂਕੜੇ ਲੋਕ ਵਿਸ਼ਾਲ ਪਿਰਾਮਿਡਾਂ ਦੇ ਆਲੇ-ਦੁਆਲੇ ਘੁੰਮਦੇ ਹੋਏ ਹੌਲੀ-ਹੌਲੀ ਇਨਾਂ ਉੱਤੇ ਚੜਨ ਦਾ ਯਤਨ ਕਰ ਰਹੇ ਸਨ। ਪੱਥਰਾਂ ਦੇ ਵੱਡੇ-ਵੱਡੇ ਬਲਾਕ ਨਾਲ-ਨਾਲ ਜੋੜ ਕੇ ਪਿਰਾਮਿਡ ਦੀ ਉਸਾਰੀ ਕੀਤੀ ਹੋਈ ਸੀ। ਪੱਥਰਾਂ ਦੀ ਚਿਣਾਈ ਵਿੱਚ ਸੀਮੈਂਟ, ਚੂਨੇ ਜਾਂ ਗਾਰੇ ਦੀ ਕਿਤੇ ਵਰਤੋਂ ਨਹੀਂ ਸੀ। ਢਾਈ-ਢਾਈ ਟਨ ਦੇ ਪੱਥਰਾਂ ਦੇ ਬਲਾਕ ਨਾਲ-ਨਾਲ ਜੋੜ ਕੇ ਪਿਰਾਮਿਡ ਦੀ ਉਸਾਰੀ ਥੱਲਿਉਂ ਉੱਪਰ ਤਕ ਇਉਂ ਤਰਤੀਬ ਨਾਲ ਕੀਤੀ ਹੋਈ ਸੀ ਕਿ ਥੱਲਿਓਂ ਇਨਾਂ ਦਾ ਵਿਸ਼ਾਲ ਘੇਰਾ ਹੌਲੀ-ਹੌਲੀ ਉੱਪਰ ਜਾ ਕੇ ਇੱਕ ਤਿਕੋਣ ਬਣ ਜਾਂਦਾ ਹੈ। ਗਾਈਡ ਨੇ ਦੱਸਿਆ ਕਿ ਇਹ ਪਿਰਾਮਿਡ ਮਿਸਰੀ ਰਾਜਿਆਂ ਦੇ ਚੌਥੇ ਘਰਾਣੇ ਨੇ ਆਪਣੀਆਂ ਕਬਰਾਂ ਵਜੋਂ ਬਣਵਾਏ ਹਨ। ਇੱਕ ਪਿਰਾਮਿਡ ਵਿੱਚ ਰਾਜੇ ਖੁਫੂ ਦੇ ਦੇਹਾਂਤ ਪਿੱਛੋਂ ਉਸ ਦੀ ਮਿ੍ਰਤਕ ਦੇਹ ਨੂੰ ਸਾਂਭਿਆ ਹੋਇਆ ਸੀ। ਮਿਸਰੀ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜਾ ਮਰ ਕੇ ਵੀ ਹਮੇਸ਼ਾਂ ਜੀਵਤ ਰਹਿੰਦਾ ਹੈ। ਇਸ ਲਈ ਉਸ ਦੀ ਸਾਰੀ ਦੌਲਤ ਵੀ ਹਮੇਸ਼ਾਂ ਉਸ ਦੇ ਨਾਲ ਰਹੇਗੀ।

ਪਿਰਾਮਿਡ ਦੀ ਉਸਾਰੀ ਸਮੇਂ ਉਸ ਵਿੱਚ ਇੱਕ ਮੰਦਰ ਵੀ ਬਣਾਇਆ ਗਿਆ। ਉਸ ਤੋਂ ਅੱਗੇ ਕੁਝ ਵਿੱਥ ਉੱਤੇ ਰਾਣੀ ਦਾ ਕਮਰਾ ਸੀ। ਇਸ ਪਿੱਛੇ ਹੋਰ ਤਹਿਖ਼ਾਨਿਆਂ ਵਿੱਚ ਉਸ ਦੀ ਦੌਲਤ ਸੀ ਜਿਸ ਦਾ ਦਰਵਾਜ਼ਾ ਪੱਕੀ ਤਰਾਂ ਸੀਲ ਕੀਤਾ ਹੋਇਆ ਸੀ ਤੇ ਤੀਜਾ ਵੱਡਾ ਕਮਰਾ ਰਾਜੇ ਦਾ ਸੀ। ਉਸ ਵਿੱਚ ਉਸ ਦੀ ਮਿ੍ਰਤਕ ਦੇਹ ਨੂੰ ਇੱਕ ਤਾਬੂਤ ’ਚ ਬੰਦ ਕਰ ਕੇ ਰੱਖਿਆ ਗਿਆ ਸੀ। ਇਹ ਹਾਲ ਕਮਰਾ ਪੂਰਾ ਗ੍ਰੇਨਾਈਟ ਪੱਥਰ ਦਾ ਬਣਿਆ ਹੋਇਆ ਹੈ। ਪਿਰਾਮਿਡ ਵਿੱਚ ਜਾਣ ਦਾ ਰਸਤਾ ਵੱਖਰਾ ਹੈ ਤੇ ਬਾਹਰ ਆਉਣ ਦਾ ਵੱਖਰਾ। ਪਿਰਾਮਿਡ ਅੰਦਰ ਰੌਸ਼ਨੀ ਤੇ ਹਵਾ ਲਈ ਜਗਾ-ਜਗਾ ਝਰੋਖੇ ਬਣੇ ਹੋਏ ਹਨ। ਪਿਰਾਮਿਡ ਅੰਦਰ ਵਧੇਰੇ ਕਰਕੇ ਗ੍ਰੇਨਾਈਟ ਦੀ ਵਰਤੋਂ ਕੀਤੀ ਗਈ ਹੈ। ਰਾਜੇ ਦੇ ਮਿ੍ਰਤਕ ਸਰੀਰ ਨੂੰ ਮਮੀਫ਼ਿਕੇਸ਼ਨ ਕਰਨ ਪਿੱਛੋਂ ਤਾਬੂਤ ਵਿੱਚ ਬੰਦ ਕੀਤਾ ਜਾਂਦਾ ਸੀ।

ਮਿਸਰ ਵਿੱਚ 4700 ਸਾਲ ਪਹਿਲਾਂ ਮਿ੍ਰਤਕ ਦੇਹ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਆਦਿ ਦੀ ਵਰਤੋਂ ਕਰ ਕੇ ਉਸ ਨੂੰ ਤਾਬੂਤ ਵਿੱਚ ਪੱਕੀ ਤਰਾਂ ਬੰਦ ਕੀਤਾ ਜਾਂਦਾ ਸੀ। ਹੁਣ ਇਨਾਂ ਮਮੀਜ਼ ਨੂੰ ਕਾਹਿਰਾ ਦੇ ਕੌਮੀ ਅਜਾਇਬਘਰ ਵਿੱਚ ਸੈਲਾਨੀਆਂ ਲਈ ਰੱਖਿਆ ਹੋਇਆ ਹੈ। ਹਰ ਕਿਸੇ ਨੂੰ ਪਿਰਾਮਿਡ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।

ਪਿਰਾਮਿਡ ਦੀ ਬਣਤਰ ਵੇਖ ਕੇ ਹੈਰਾਨ ਰਹਿ ਜਾਈਦਾ ਹੈ। ਉਹ ਕਿਹੜੇ ਕਾਰੀਗਰ ਤੇ ਇਮਾਰਤਸਾਜ਼ ਹੋਣਗੇ ਜਿਨਾਂ ਨੇ ਇਸ ਪਿਰਾਮਿਡ ਦੀ ਉਸਾਰੀ ਕੀਤੀ ਹੋਵੇਗੀ। ਖੁਫੂ ਰਾਜੇ ਦਾ ਪਿਰਾਮਿਡ ਉਸ ਦੇ ਰਾਜਕਾਲ ਵਿੱਚ ਹੀ ਉਸਾਰਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਸ ਦੀ ਉਸਾਰੀ 2560 ਈਸਾ ਪੂਰਵ ਵਿੱਚ ਮੁਕੰਮਲ ਹੋਈ ਸੀ। ਤਕਰੀਬਨ ਪੰਜ ਹਜ਼ਾਰ ਸਾਲ ਪਹਿਲਾਂ ਮਿਸਰ ਦੇ ਕਾਰੀਗਰ ਤੇ ਆਰਕੀਟੈਕਟ ਇਮਾਰਤਸਾਜ਼ੀ ਦੀ ਕਲਾ ਵਿੱਚ ਕਿੰਨੇ ਪ੍ਰਬੀਨ ਸਨ! ਅੱਜ ਵਿਗਿਆਨ ਦੇ ਯੁੱਗ ਵਿੱਚ ਮਨੁੱਖ ਨੇ ਵਿਕਾਸ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਹੈ ਤਾਂ ਵੀ ਮਿਸਰ ਦੇ ਪਿਰਾਮਿਡ ਹਰ ਕਿਸੇ ਨੂੰ ਹੈਰਾਨ ਕਰਦੇ ਹਨ। ਉਹ ਲੋਕ ਅਜੋਕੇ ਵਿਗਿਆਨੀਆਂ ਤੋਂ ਵੀ ਕਿੰਨੇ ਅਗਾਂਹ ਸਨ ਕਿ ਇਮਾਰਤਸਾਜ਼ੀ ਦੇ ਹੁਨਰ ਤੋਂ ਛੁੱਟ ਉਹ ਇੱਕ ਮਿ੍ਰਤਕ ਸਰੀਰ ਨੂੰ ਸੰਭਾਲਣ ਦੀ ਵਿਧੀ ਤੋਂ ਵੀ ਭਲੀਭਾਂਤ ਜਾਣੂੰ ਸਨ।

ਖੋਜੀਆਂ ਦਾ ਕਹਿਣਾ ਹੈ ਕਿ ਇੱਕ ਪਿਰਾਮਿਡ ਦੀ ਉਸਾਰੀ ਵਿੱਚ ਘੱਟੋ-ਘੱਟ 20 ਤੋਂ 25 ਸਾਲ ਲੱਗਦੇ ਹੋਣਗੇ। ਰਾਜਾ ਆਪਣੇ ਰਾਜਕਾਲ ਵਿੱਚ ਆਪਣੇ ਪਿਰਾਮਿਡ ਦੀ ਉਸਾਰੀ ਆਰੰਭ ਕਰਦਾ ਸੀ ਜਿਹੜਾ ਕਈ ਵਾਰ ਉਸ ਦੇ ਦਿਹਾਂਤ ਪਿੱਛੋਂ ਹੀ ਮੁਕੰਮਲ ਹੁੰਦਾ ਸੀ। ਮਿਸਰ ਵਿੱਚ ਕਈ ਹੋਰ ਵੀ ਪਿਰਾਮਿਡ ਹਨ ਪਰ ਗੀਜ਼ਾ ਦਾ ਪਿਰਾਮਿਡ ਸਭ ਤੋਂ ਉੱਚਾ ਹੈ ਅਤੇ ਅੱਜ ਤੱਕ ਸਾਬਤ ਸਬੂਤ ਤੇ ਠੀਕ ਹਾਲਤ ਵਿੱਚ ਹੈ। ਇਹ ਪਿਰਾਮਿਡ ਜ਼ਮੀਨ ਤੋਂ 481 ਫੁੱਟ ਉੱਚਾ ਹੈ। ਸਮਾਂ ਬੀਤਣ ਨਾਲ ਇਸ ਦੀ ਉਚਾਈ 455 ਫੁੱਟ ਰਹਿ ਗਈ ਹੈ। ਇਸ ਪਿਰਾਮਿਡ ਦੀ ਚਿਣਾਈ ਵਿੱਚ ਵੀਹ ਲੱਖ ਪੰਜਾਹ ਹਜ਼ਾਰ ਟਨ ਦੇ ਵੱਡੇ ਬਲਾਕ ਲੱਗੇ ਹਨ। ਹਰ ਪੱਥਰ ਢਾਈ ਟਨ ਦਾ ਹੈ। ਸਾਰੇ ਪੱਥਰ ਬਰਾਬਰ ਹਨ। ਅਨੁਮਾਨ ਹੈ ਕਿ ਇੱਕ ਪਿਰਾਮਿਡ ਨੂੰ ਉਸਾਰਨ ਲਈ ਇੱਕ ਲੱਖ ਮਜ਼ਦੂਰ ਵਾਰੀ ਸਿਰ ਗਰੁੱਪਾਂ ਵਿੱਚ ਕੰਮ ਕਰਦੇ ਸਨ। ਹੈਰਾਨੀ ਦੀ ਗੱਲ ਹੈ ਕਿ ਇਸ ਮਾਰੂਥਲ ਵਿੱਚ ਇੰਨੇ ਵੱਡੇ ਪੱਥਰ ਕਿਵੇਂ ਲਿਆਂਦੇ ਗਏ ਹੋਣਗੇ? ਇਨਾਂ ਨੂੰ ਇੱਕ ਬਰਾਬਰ ਕਿਵੇਂ ਕੱਟਿਆ ਹੋਵੇਗਾ? ਥੱਲਿਓਂ ਉੱਪਰ ਤੱਕ ਏਨੀ ਉਚਾਈ ਉੱਤੇ ਏਨੇ ਭਾਰੇ ਪੱਥਰਾਂ ਦੀ ਚਿਣਾਈ ਕਿਵੇਂ ਕੀਤੀ ਹੋਵੇਗੀ? ਅੱਜ ਵਾਂਗ ਉਦੋਂ ਕੋਈ ਕਰੇਨਾਂ ਨਹੀਂ ਸਨ। ਸਾਰੇ ਬਲਾਕਾਂ ਨੂੰ ਕਿਵੇਂ ਏਨਾ ਤਰਤੀਬਵਾਰ ਜੜਿਆ ਹੋਵੇਗਾ। ਸਾਰੇ ਪੱਥਰ ਅੱਜ ਵੀ ਸਾਬਤ ਹਨ। ਇੱਕੋ ਥਾਂ ’ਤੇ ਤਿੰਨ ਪੁਸ਼ਤਾਂ ਦੇ ਪਿਰਾਮਿਡ ਇੱਕ-ਦੂਜੇ ਤੋਂ ਥੋੜੀ ਵਿੱਥ ਉੱਤੇ ਹਨ। ਪਹਿਲਾ ਸਭ ਤੋਂ ਵੱਡਾ ਪਿਰਾਮਿਡ ਰਾਜੇ ਖੁਫੂ ਦਾ ਹੈ। ਦੂਜਾ ਉਸ ਦੇ ਪੁੱਤਰ ਖਾਫਰੇ ਅਤੇ ਤੀਜਾ ਉਸ ਦੇ ਪੋਤਰੇ ਮੰਨਕਾਰੇ ਦਾ ਹੈ।

ਇਨਾਂ ਪਿਰਾਮਿਡਾਂ ਦੀ ਉਸਾਰੀ ਪਿੱਛੋਂ ਇਨਾਂ ਉੱਤੇ ਗ੍ਰੇਨਾਈਟ ਜਿਹੇ ਕੀਮਤੀ ਪੱਥਰਾਂ ਨੂੰ ਕਿਸੇ ਮਸਾਲੇ ਨਾਲ ਲਾ ਕੇ ਹਮਵਾਰ ਕੀਤਾ ਗਿਆ ਸੀ। ਪਹਿਲੇ ਪਿਰਾਮਿਡ ਉੱਤੋਂ ਸਾਰਾ ਪੱਥਰ ਸਮਾਂ ਪੈਣ ਨਾਲ ਉੱਤਰ ਗਿਆ ਜਾਂ ਲੁਟੇਰਿਆਂ ਨੇ ਲਾਹ ਲਿਆ ਹੈ। ਸਿਰਫ਼ ਹੇਠਾਂ ਹੀ ਨਿਸ਼ਾਨੀ ਮਾਤਰ ਦਿਖਾਈ ਦਿੰਦਾ ਹੈ। ਦੂਜੇ ਪਿਰਾਮਿਡ ਦੀ ਚੋਟੀ ਉੱਤੇ ਅੱਜ ਵੀ ਥੋੜਾ ਪੱਥਰ ਲੱਗਿਆ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਕਾਰੀਗਰਾਂ ਨੇ ਸਾਰੇ ਪਿਰਾਮਿਡਾਂ ਨੂੰ ਗ੍ਰੇਨਾਈਟ ਪੱਥਰ ਲਾ ਕੇ ਹਮਵਾਰ ਕੀਤਾ ਸੀ ਪਰ ਸਮੇਂ ਦੀ ਮਾਰ ਕਾਰਨ ਇਹ ਖ਼ਤਮ ਹੋ ਗਿਆ ਹੈ।

ਵੱਡੇ ਪਿਰਾਮਿਡ ਨੂੰ ਤਿਆਰ ਕਰਨ ਵਿੱਚ ਪੰਜਾਹ ਲੱਖ ਟਨ  , ਅੱਠ ਹਜ਼ਾਰ ਟਨ ਗ੍ਰੇਨਾਈਟ ਤੇ ਪੰਜ ਲੱਖ ਟਨ ਮਸਾਲਾ ਲੱਗਿਆ ਹੈ। ਪਿਰਾਮਿਡ ਕੋਲ ਖਲੋ ਕੇ ਵੇਖਿਆਂ ਇਸ ਦਾ ਘੇਰਾ, ਇਸ ਦਾ ਥੱਲਿਉਂ ਉੱਪਰ ਵੱਲ ਤਿਕੋਣ ਵਿੱਚ ਉਸਾਰੀ ਕਰਨਾ ਹਰ ਦਰਸ਼ਕ ਨੂੰ ਹੈਰਾਨੀ ਵਿੱਚ ਪਾਉਂਦਾ ਹੈ। ਹਰ ਪਾਸੇ ਦੀ ਚਿਣਾਈ ਵਿੱਚ ਪੂਰਬ, ਪੱਛਮ, ਉੱਤਰ ਤੇ ਦੱਖਣ ਦਿਸ਼ਾਵਾਂ ਦਾ ਉਚੇਚਾ ਧਿਆਨ ਰੱਖਿਆ ਗਿਆ ਹੈ। ਤਿੰਨੋਂ ਪੁਸ਼ਤਾਂ ਲਈ ਤਿੰਨ ਪਿਰਾਮਿਡਾਂ ਕੋਲੋਂ ਲੰਘ ਕੇ ਦੂਜੇ ਪਿਰਾਮਿਡ ਕੋਲ ਗਏ ਤਾਂ ਉਹ ਵੀ ਨੇੜਿਉਂ ਪਹਿਲੇ ਜਿੰਨਾ ਹੀ ਵੱਡਾ ਲਗਦਾ ਹੈ। ਤੀਜਾ ਪਿਰਾਮਿਡ ਰਤਾ ਛੋਟਾ ਹੈ। ਹੈਰਾਨੀ ਦੀ ਗੱਲ ਹੈ ਕਿ ਸਾਡੇ ਪਿਰਾਮਿਡ ਇੱਕੋ ਜਿਹੇ ਕਿਵੇਂ ਬਣਾਏ ਗਏ ਹੋਣਗੇ ਜਦੋਂਕਿ ਸਭ ਦੀ ਉਸਾਰੀ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਕਾਰੀਗਰਾਂ ਨੇ ਕੀਤੀ ਹੋਵੇਗੀ। ਤਿੰਨ ਪੁਸ਼ਤਾਂ ਦੀਆਂ ਇਹ ਇਤਿਹਾਸਕ ਯਾਦਗਾਰਾਂ ਦੱਸਦੀਆਂ ਹਨ ਕਿ 4700 ਸਾਲ ਪਹਿਲਾਂ ਦੇ ਰਾਜੇ ਕਿੰਨੇ ਅਮੀਰ ਹੋਣਗੇ ਜਿਹੜੇ ਆਪਣੇ ਮਕਬਰਿਆਂ ਉੱਤੇ ਇੰਨੀ ਦੌਲਤ ਖ਼ਰਚ ਕਰਦੇ ਸਨ।

ਪਿਰਾਮਿਡ ਵੇਖਣ ਪਿੱਛੋਂ ਅਸੀਂ ਰੇਤਲੀ ਧਰਤੀ ਉੱਤੇ ਚੱਲਦੇ ਹੋਏ ਪਿਰਾਮਿਡਾਂ ਦੇ ਪਿਛਲੇ ਪਾਸੇ ਗਏ। ਵੱਡੇ ਪਿਰਾਮਿਡਾਂ ਨੇੜੇ ਤਿੰਨ ਹੋਰ ਛੋਟੇ ਪਿਰਾਮਿਡ ਰਾਜਿਆਂ ਦੀਆਂ ਰਾਣੀਆਂ ਲਈ ਬਣਾਏ ਗਏ ਸਨ। ਇੱਕ ਪਿਰਾਮਿਡ ਦੇ ਉਪਰਲੇ ਪੱਥਰ ਹਿੱਲ ਗਏ ਹਨ। ਇਨਾਂ ਉੱਤੇ ਚੜ ਕੇ ਸੈਲਾਨੀ ਇਨਾਂ ਨੂੰ ਹੋਰ ਖ਼ਰਾਬ ਕਰ ਰਹੇ ਸਨ। ਕਿਸੇ ਸਮੇਂ ਗੀਜ਼ਾ ਦੇ ਪਿਰਾਮਿਡਾਂ ਦੇ ਇਲਾਕੇ ਵਿੱਚ ਭੁਚਾਲ ਆਇਆ ਸੀ ਜਿਸ ਕਾਰਨ ਵੱਡੇ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ, ਪਰ ਉਪਰਲੇ ਪੱਥਰ ਕਾਫ਼ੀ ਉੱਖੜ ਗਏ ਸਨ। ਇਨਾਂ ਦਾ ਮਲਬਾ ਦੂਜੇ ਪਿਰਾਮਿਡ ਦੇ ਨੇੜੇ ਖਿਲਰਿਆ ਅਜੇ ਵੀ ਦਿਖਾਈ ਦਿੰਦਾ ਹੈ।

ਅਸੀਂ ਵੱਡੇ ਪਿਰਾਮਿਡ ਦੇ ਪਿਛਲੇ ਪਾਸੇ ਬਣੀ ਇੱਕ ਇਮਾਰਤ ਵਿੱਚ ਗਏ। ਇਹ ਇਮਾਰਤ 2 (ਕਿਸ਼ਤੀ ਦਾ ਅਜਾਇਬਘਰ) ਵਜੋਂ ਜਾਣੀ ਜਾਂਦੀ ਹੈ। ਸੰਨ 1954 ਵਿੱਚ ਇਸ ਥਾਂ ਰੇਤ ਥੱਲੇ ਦੱਬੇ ਹੋਏ ਵੱਡੇ-ਵੱਡੇ ਪੱਥਰ ਦੇਖੇ ਗਏ। ਉਨਾਂ ਪੱਥਰਾਂ ਦੀ ਖ਼ੁਦਾਈ ਕਰਨ ਪਿੱਛੋਂ ਉਸ ਥਾਂ ਤੋਂ ਇੱਕ ਕਿਸ਼ਤੀ ਦਾ ਢਾਂਚਾ ਮਿਲਿਆ। ਪੁਰਾਤਤਵ ਵਿਭਾਗ ਨੇ ਭਾਰੇ ਪੱਥਰ ਚੁੱਕਣ ਪਿੱਛੋਂ ਕਿਸ਼ਤੀਆਂ ਦੀਆਂ ਪੁਰਾਣੀਆਂ ਲੱਕੜਾਂ ਨੂੰ ਇੱਕ-ਇੱਕ ਕਰਕੇ ਕੱਢਿਆ। ਇਹ ਸ਼ਤੀਰੀਆਂ ਹਜ਼ਾਰਾਂ ਸਾਲਾਂ ਪਿੱਛੋਂ ਵੀ ਸਾਬਤ ਸਨ। ਲੱਕੜੀਆਂ ਤੋਂ ਛੁੱਟ ਉੱਥੋਂ ਵੱਡੀਆਂ ਰੱਸੀਆਂ ਵੀ ਉਸੇ ਤਰਾਂ ਸਾਬਤ ਹਾਲਤ ਵਿੱਚ ਮਿਲੀਆਂ। ਇਸ ਨਵੀਂ ਇਮਾਰਤ ਵਿੱਚ ਉਸ ਬੇੜੀ ਦਾ ਪੁਰਾਣਾ ਮਾਡਲ ਤੇ ਉਸ ਦੇ ਨਾਲ ਹੀ ਇੱਕ ਨਵਾਂ ਬਣਾਇਆ ਮਾਡਲ ਦੋ ਵੱਖਰੇ-ਵੱਖਰੇ ਸ਼ੀਸ਼ੇ ਦੇ ਕੇਸਾਂ ਵਿੱਚ ਰੱਖੇ ਹੋਏ ਹਨ। ਬੇੜੀ ਨੂੰ ਮੁੜ ਬੰਨਣ ਦਾ ਕੰਮ ਇੱਕ ਕਿਸ਼ਤੀ ਬਣਾਉਣ ਦੇ ਮਾਹਰ ਹੱਜ ਅਹਿਮਦ ਯੂਸਫ਼ ਨੂੰ ਸੌਂਪਿਆ ਗਿਆ। ਉਸ ਦੀ ਚੌਦਾਂ ਸਾਲਾਂ ਦੀ ਮਿਹਨਤ ਰੰਗ ਲਿਆਈ। ਪੁਰਾਣੇ ਮਾਡਲ ਤੇ ਨਵੀਂ ਬਣੀ ਕਿਸ਼ਤੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਰੱਸੀਆਂ ਵੀ ਸਾਬਤ ਹਾਲਤ ਵਿੱਚ ਇੱਕ ਸ਼ੀਸ਼ੇ ਦੇ ਕੇਸ ਵਿੱਚ ਰੱਖੀਆਂ ਹੋਈਆਂ ਹਨ। ਉੱਥੇ ਹੀ ਦੀਵਾਰ ਉੱਤੇ ਕਿਸ਼ਤੀ ਬਣਾਉਣ ਵਾਲੇ ਦੀ ਤਸਵੀਰ ਲੱਗੀ ਹੋਈ ਹੈ। ਕਿਸ਼ਤੀ ਦੀ ਲੱਕੜੀ ਏਨੀ ਮਜ਼ਬੂਤ ਹੈ ਕਿ ਹਜ਼ਾਰਾਂ ਸਾਲਾਂ ਪਿੱਛੋਂ ਵੀ ਇਸ ਦਾ ਕੁਝ ਨਹੀਂ ਵਿਗੜਿਆ। ਕਿਸ਼ਤੀ ਦੀ ਲੱਕੜੀ ਲਿਬਨਾਨ ਤੋਂ ਲਿਆਂਦੀ ਗਈ ਤੇ ਰੱਸੀਆਂ ਮਿਸਰ ਦੇ ਗੁਆਂਢੀ ਦੇਸ਼ ਸੁਡਾਨ ਤੋਂ ਪ੍ਰਾਪਤ ਕੀਤੀਆਂ ਗਈਆਂ। ਕਾਰਨ ਇਹ ਸੀ ਕਿ ਮਜ਼ਬੂਤ ਲੱਕੜੀ ਨੂੰ ਕਦੇ ਸਿਉਂਕ ਨਹੀਂ ਲਗਦੀ। ਸੁਡਾਨ ਦੀਆਂ ਰੱਸੀਆਂ ਵੀ ਲੱਕੜੀ ਵਾਂਗ ਓਨੀਆਂ ਹੀ ਪਾਏਦਾਰ ਹਨ ਕਿ ਬੇੜੀ ਬੰਨਣ ਲਈ ਕਿਸੇ ਕਿੱਲ ਪੇਚ ਦੀ ਵਰਤੋਂ ਨਹੀਂ ਕੀਤੀ ਗਈ। ਕਿਸ਼ਤੀ ਨੂੰ ਇਸ ਰੱਸੀ ਨਾਲ ਬੰਨਣ ਦਾ ਇਹ ਲਾਭ ਹੈ ਕਿ ਬੇੜੀ ਕਦੀ ਵੀ ਪਾਣੀ ਵਿੱਚ ਉੱਖੜਦੀ ਜਾਂ ਡੁੱਬਦੀ ਨਹੀਂ। ਕਿੱਲ ਪੇਚ ਤਾਂ ਜ਼ੰਗ ਲੱਗਣ ਨਾਲ ਖ਼ਰਾਬ ਹੋ ਜਾਂਦੇ ਹਨ ਪਰ ਰੱਸੀ ਪਾਣੀ ਵਿੱਚ ਹੋਰ ਫੈਲ ਕੇ ਬੇੜੀ ਦੀਆਂ ਵਿੱਥਾਂ ਨੂੰ ਪੂਰ ਦਿੰਦੀ ਹੈ।

ਅਸੀਂ ਅਜਾਇਬਘਰ ਦੀ ਉਪਰਲੀ ਮੰਜ਼ਿਲ ਉੱਤੇ ਗਏ। ਉੱਥੇ ਪੰਜ ਸਦੀਆਂ ਪੁਰਾਣੀ ਕਿਸ਼ਤੀ ਵੀ ਸਹੀ ਹਾਲਤ ਵਿੱਚ ਖੜੀ ਦਰਸ਼ਕਾਂ ਨੂੰ ਅਚੰਭਿਤ ਕਰ ਰਹੀ ਸੀ। ਇਹ ਕਿਸ਼ਤੀ 43 ਫੁੱਟ ਲੰਮੀ ਹੈ। ਇਸ ਵਿੱਚ ਮੱਲਾਹ ਦੇ ਬੈਠਣ ਲਈ ਥਾਂ ਇੱਕ ਪਾਸੇ ਅਤੇ ਦੂਜੇ ਪਾਸੇ ਛੱਤੀ ਹੋਈ ਬੇੜੀ ਸ਼ਾਇਦ ਸ਼ਾਹੀ ਪਰਿਵਾਰ ਲਈ ਬਣਾਈ ਗਈ ਸੀ। ਕਿਸ਼ਤੀ ਦੇ ਨਾਲ ਤਿੰਨ ਚੱਪੂ ਵੀ ਇਉਂ ਤਿਆਰ ਪਏ ਸਨ, ਜਿਵੇਂ ਹੁਣੇ ਹੀ ਬੇੜੀ ਨੂੰ ਦਰਿਆ ਵਿੱਚ ਠੇਲਿਆ ਜਾਣਾ ਹੋਵੇ। ਇਹ ਕਿਸ਼ਤੀ ਲੰਮੀ ਖੋਜ ਤੇ ਮਿਹਨਤ ਨਾਲ ਤਿਆਰ ਕਰ ਕੇ ਅਜਾਇਬਘਰ ਵਿੱਚ ਰੱਖੀ ਹੋਈ ਹੈ।

ਪੁਰਾਤੱਤਵ ਵਿਭਾਗ ਦੇ ਮਾਹਿਰਾਂ ਮੁਤਾਬਕ ਪਿਰਾਮਿਡਾਂ ਦੇ ਪਿਛਲੇ ਪਾਸੇ ਇਸ ਕਿਸ਼ਤੀ ਦੀ ਹੋਂਦ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸ਼ਾਇਦ ਪੰਜ ਹਜ਼ਾਰ ਸਾਲ ਪਹਿਲਾਂ ਨਾਇਲ ਦਰਿਆ ਪਿਰਾਮਿਡਾਂ ਦੇ ਪਿਛਲੇ ਪਾਸੇ ਵਹਿੰਦਾ ਹੋਵੇਗਾ ਜਾਂ ਫਿਰ ਨਾਇਲ ਨਦੀ ’ਚੋਂ ਕੋਈ ਨਹਿਰ ਕੱਢ ਕੇ ਇੱਥੋਂ ਤੱਕ ਲਿਆਂਦੀ ਹੋਵੇਗੀ ਜਿਸ ਕਾਰਨ ਇੱਥੇ ਕਿਸ਼ਤੀਆਂ ਦੀ ਲੋੜ ਪਈ ਹੋਵੇਗੀ। ਜਦੋਂ ਲੋੜ ਨਹੀਂ ਰਹੀ ਤਾਂ ਇਸ ਕਿਸ਼ਤੀ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਹੋਵੇਗਾ।

ਪਿਰਾਮਿਡਾਂ ਦੇ ਨੇੜਿਉਂ ਕਿਸ਼ਤੀ ਦਾ ਜ਼ਮੀਨ ਹੇਠੋਂ ਨਿਕਲਣਾ ਆਪਣੇ ਆਪ ਵਿੱਚ ਇੱਕ ਰਹੱਸ ਹੈ ਜਿਸ ਸਦਕਾ ਮਿਸਰ ਵਾਸੀਆਂ ਨੂੰ ਆਪਣੇ ਰਾਜਿਆਂ, ਮਹਾਰਾਜਿਆਂ ਤੇ ਕਾਰੀਗਰਾਂ ਉੱਤੇ ਮਾਣ ਹੈ। ਇੱਥੋਂ ਵਾਪਸ ਆਉਂਦਿਆਂ ਇੱਕ ਹੋਰ ਟੁੱਟੀ ਹੋਈ ਕਿਸ਼ਤੀ ਪਿਰਾਮਿਡ ਦੇ ਪਿਛਲੇ ਪਾਸੇ ਪਈ ਵੇਖੀ। ਖੋਜੀਆਂ ਦਾ ਕਹਿਣਾ ਹੈ ਕਿ ਭਾਰੇ ਪੱਥਰਾਂ ਨੂੰ ਢੋਣ ਲਈ ਕਿਸ਼ਤੀਆਂ ਦੀ ਵਰਤੋਂ ਕੀਤੀ ਗਈ ਸੀ। ਨਹੀਂ ਤਾਂ, ਕਾਹਿਰਾ ਤੋਂ 900 ਕਿਲੋਮੀਟਰ ਦੂਰੋਂ ਆਸਵਾਨ ਦੀਆਂ ਪਹਾੜੀਆਂ ’ਚੋਂ ਗ੍ਰੇਨਾਈਟ ਪੱਥਰ ਇੱਥੋਂ ਤੱਕ ਪਹੁੰਚਾਉਣਾ ਅਸੰਭਵ ਸੀ। ਇੰਨੇ ਭਾਰੇ ਪੱਥਰਾਂ ਨੂੰ ਰੇਗਿਸਤਾਨ ਦੀਆਂ ਉੱਚੀਆਂ-ਨੀਵੀਆਂ ਘਾਟੀਆਂ ਵਿੱਚ ਪਹੁੰਚਾਉਣਾ ਕਿਸੇ ਦੇ ਵੱਸ ਵਿੱਚ ਨਹੀਂ ਸੀ। ਇਸੇ ਤਰਾਂ ਨੇੜੇ ਦੀਆਂ ਪਹਾੜੀਆਂ ’ਚੋਂ ਇੱਥੇ ਲਿਆਉਣਾ ਵੀ ਨਾਮੁਮਕਿਨ ਸੀ।

ਪਿਰਾਮਿਡਾਂ ਤੋਂ ਹੁੰਦੇ ਹੋਏ ਅਸੀਂ ਇੱਕ ਵਿਸ਼ਾਲ ਤੇ ਉੱਚੀ ਨੀਵੀਂ ਥਾਂ ਉੱਤੇ ਗਏ। ਇੱਥੇ ਵੀ ਹਰ ਪਾਸੇ ਸੈਲਾਨੀਆਂ ਦੀ ਭੀੜ ਸੀ। ਪਿਰਾਮਿਡਾਂ ਦੇ ਪਿਛਲੇ ਪਾਸੇ ਉਸ ਸਮੇਂ ਦੇ ਦੂਜੇ ਰਾਜੇ ਖੁਫਰੂ ਦਾ ਬੁੱਤ () ਬਣਿਆ ਹੋਇਆ ਹੈ। ਇਸ ਥਾਂ ਉੱਤੇ ਰਾਜੇ ਦਾ ਬੁੱਤ ਹੈਰਾਨੀਜਨਕ ਹੈ। ਬੁੱਤ ਦਾ ਸਿਰ ਰਾਜੇ ਦਾ ਤੇ ਧੜ ਅਤੇ ਪੰਜੇ ਸ਼ੇਰ ਦੇ ਹਨ। ਬੁੱਤ ਦਾ ਮੂੰਹ ਪਿਰਾਮਿਡਾਂ ਵੱਲ ਹੈ। ਜਾਪਦਾ ਹੈ ਕਿ ਰਾਜਾ ਆਪ ਇਨਾਂ ਦੀ ਨਿਗਰਾਨੀ ਕਰ ਰਿਹਾ ਹੈ। ਇਹ ਬੁੱਤ 66 ਫੁੱਟ ਉੱਚਾ ਤੇ 166 ਫੁੱਟ ਲੰਮਾ ਹੈ। ਬੁੱਤ ਇੱਕੋ ਸਾਬਤ ਪੱਥਰ ਤੋਂ ਘੜਿਆ ਗਿਆ ਹੈ। ਇਸ ਦੇ ਪੰਜੇ ਤੇ ਪੂਛ ਵੱਖਰੀ ਕਿਸਮ ਦੇ ਪੱਥਰ ਦੇ ਬਣਾਏ ਗਏ ਹਨ।

ਪਿਰਾਮਿਡਾਂ ਨੇੜੇ ਨੀਵੀਂ ਥਾਂ ਉੱਤੇ ਇੱਕ ਓਪਨ ਏਅਰ ਥੀਏਟਰ ਹੈ। ਇੱਥੇ ਹਰ ਰੋਜ਼ ਰਾਤ ਨੂੰ ਪਿਰਾਮਿਡਾਂ ਬਾਰੇ ਬਣੀ ਕਿਸੇ ਫ਼ਿਲਮ ਦਾ ਰੋਸ਼ਨੀ ਤੇ ਆਵਾਜ਼ ( ¿ ) ਦਾ ਪ੍ਰੋਗਰਾਮ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਨੂੰ ਕਿਸੇ ਹੋਰ ਦਿਨ ਦੇਖਣ ਦਾ ਵਿਚਾਰ ਲੈ ਕੇ ਅਸੀਂ ਵਾਪਸ ਆ ਗਏ। ਪਿਰਾਮਿਡ ਦੇਖਣ ਪਿੱਛੋਂ ਇਉਂ ਮਹਿਸੂਸ ਹੋਇਆ ਜਿਵੇਂ ਅਸੀਂ ਪੰਜ ਹਜ਼ਾਰ ਸਾਲ ਪੁਰਾਣੇ ਯੁੱਗ ਦੀ ਯਾਤਰਾ ਕਰ ਕੇ ਮੁੜੇ ਹੋਈਏ।   

-ਅਤਰਜੀਤ ਕੌਰ ਸੂਰੀ

Read News Paper

Related articles

spot_img

Recent articles

spot_img