ਲਾਸ ਏਂਜਲਸ/ਪੰਜਾਬ ਪੋਸਟ
ਅਮਰੀਕਾ ਦੇ ਮਸ਼ਹੂਰ ਸ਼ਹਿਰ ਲਾਸ ਏਂਜਲਸ ਦੇ ਉੱਤਰੀ ਹਾਲੀਵੁੱਡ ’ਚ ਹਰਪਾਲ ਸਿੰਘ ਨਾਂਅ ਦੇ 70 ਸਾਲਾ ਸਿੱਖ ਵਿਅਕਤੀ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਜੋਕਿ ਨਸਲੀ ਅਤੇ ਨਫ਼ਰਤੀ ਹਿੰਸਾ ਦਾ ਮਾਮਲਾ ਲੱਗਦਾ ਹੈ। ਹਮਲਾਵਰ ਸਾਈਕਲ ‘ਤੇ ਆਇਆ ਅਤੇ ਗੋਲਫ ਕਲੱਬ ਨਾਲ ਹਰਪਾਲ ਸਿੰਘ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਕੇ ਭੱਜ ਗਿਆ। ਹਰਪਾਲ ਸਿੰਘ ਉਦੋਂ ਤੋਂ ਬੇਹੋਸ਼ੀ ਦੀ ਹਾਲਤ ‘ਚ ਹਨ ਅਤੇ ਉਨ੍ਹਾਂ ਦੀਆਂ ਘੱਟੋ-ਘੱਟ ਤਿੰਨ ਸਰਜਰੀ ਹੋਈਆਂ ਹਨ। ਪੁਲਿਸ ਜਾਂਚ ਕਰ ਰਹੀ ਹੈ ਪਰ ਅਜੇ ਤੱਕ ਕਿਸੇ ਵੀ ਸ਼ੱਕੀ ਦੀ ਪਛਾਣ ਨਹੀਂ ਕੀਤੀ ਗਈ ਹੈ ਜਾਂ ਸੀ.ਸੀ.ਟੀ.ਵੀ. ਫੁਟੇਜ ਦੀ ਮੌਜੂਦਗੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਮਾਮਲੇ ਦੀ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਉੱਤਰੀ ਹਾਲੀਵੁੱਡ ਡਿਵੀਜ਼ਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਮਾਮਲਾ ਉਨਾਂ ਦਿਨਾਂ ਦੌਰਾਨ ਸਾਹਮਣੇ ਆਇਆ ਹੈ ਜਦੋਂ ਐਫ.ਬੀ.ਆਈ ਦੇ ਅੰਕੜਿਆਂ ਮੁਤਾਬਕ, ਅਮਰੀਕਾ ‘ਚ ਯਹੂਦੀਆਂ ਅਤੇ ਮੁਸਲਮਾਨਾਂ ਤੋਂ ਬਾਅਦ ਧਾਰਮਕ ਤੌਰ ‘ਤੇ ਪ੍ਰੇਰਿਤ ਨਫ਼ਰਤੀ ਅਪਰਾਧ ਦੇ ਤਹਿਤ ਸਿੱਖ ਤੀਜਾ ਸੱਭ ਤੋਂ ਵੱਧ ਨਿਸ਼ਾਨਾ ਬਣਾਇਆ ਗਿਆ ਸਮੂਹ ਹੋਣ ਦੀ ਗੱਲ ਸਾਹਮਣੇ ਆਈ ਹੈ।






