ਪੰਜਾਬ ਪੋਸਟ/ਬਿਓਰੋ
ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਹਾਲੀਆ ਸਥਿਤੀ ਬੇਹੱਦ ਨਾਟਕੀ ਬਣੀ ਹੋਈ ਹੈ। ਚੋਣ ਕਮਿਸ਼ਨ ਵੀ ਨਤੀਜਿਆਂ ਦੀ ਮੁਕੰਮਲ ਤਸਵੀਰ ਦੇਣ ਤੋਂ ਅਸਮਰਥ ਨਜ਼ਰ ਆ ਰਿਹਾ ਹੈ। ਪੀ. ਟੀ. ਆਈ. ਦੇ ਆਜ਼ਾਦ ਅਤੇ ਨਵਾਜ਼ ਸ਼ਰੀਫ ਆਪਣੀ ਜਿੱਤ ਦਾ ਦਾਅਵਾ ਕਰ ਰਹੇ ਹਨ। ਜਦੋਂਕਿ ਨਵਾਜ਼ ਸ਼ਰੀਫ ਅਤੇ ਬਿਲਾਵਲ ਭੁੱਟੋ ਵੱਲੋਂ ਮਿਲਕੇ ਸਰਕਾਰ ਬਣਾਉਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਪਾਕਿਸਤਾਨ ਮੁੜ ਗਠਜੋੜ ਜਾਂ ਤਿ੍ਰਸ਼ੰਕੂ ਸਰਕਾਰ ਬਣਾਉਣ ਵੱਲ ਵਧ ਰਿਹਾ ਹੈ। ਪੂਰੇ ਦੇਸ਼ ਵਿੱਚ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਵੱਲੋਂ ਭੰਨ ਤੋੜ ਅਤੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਫੌਜ ਮੁਖੀ ਨੇ ਤਾਜ਼ਾ ਹਾਲਾਤਾਂ ਬਾਰੇ ਲੀਡਰਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿੱਚ ਗਠਬੰਧਨ ਦੀ ਸਰਕਾਰ ਬਣਾਉਣ ਵੱਲ ਵਧਣ।
ਸਾਊਥ ਏਸ਼ੀਆ ਦੀ ਰਾਜਨੀਤੀ ਅਤੇ ਪਾਕਿਸਤਾਨ ਦੇ ਮੌਜੂਦਾ ਦਿ੍ਰਸ਼ ਨੂੰ ਨੇੜਿਉਂ ਵੇਖ ਰਹੇ ਮੈਰੀਲੈਂਡ ਤੋਂ ਰਾਜਨੀਤਿਕ ਟਿੱਪਣੀਕਾਰ ਸ. ਜਸਦੀਪ ਸਿੰਘ ਜੈਸੀ ਪਾਕਿਸਤਾਨ ਦੀਆਂ ਚੋਣਾਂ ਬਾਰੇ ਟਿੱਪਣੀ ਵਿੱਚ ਕਹਿੰਦੇ ਹਨ ਕਿ ‘‘ਬੇਸ਼ੱਕ ਪਾਕਿਸਤਾਨ ਨੇ ਦੇਸ਼ ਵਿੱਚ ਚੋਣਾਂ ਕਰਵਾ ਕੇ ਦੁਨੀਆਂ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਵਿੱਚ ਜ਼ਮਹੂਰੀਅਤ ਜਿੰਦਾ ਹੈ ਅਤੇ ਇਹ ਚੋਣਾਂ ਪਾਕਿਸਤਾਨ ਦੀ ਜ਼ਮਹੂਰੀਅਤ ਨੂੰ ਕਾਇਮ ਰੱਖਣ ਲਈ ਹੀ ਹੋਈਆਂ ਹਨ।’’ ਉਹਨਾਂ ਦਾ ਇਹ ਮੰਨਣਾ ਹੈ ਕਿ ‘‘ਇਹਨਾਂ ਚੋਣਾਂ ਤੋਂ ਬਾਅਦ ਹੁਣ ਮੁੜ ਗਠਬੰਧਨ ਸਰਕਾਰ ਬਣੇਗੀ ਅਤੇ ਪੂਰੇ ਸਿਸਟਮ ਉੱਪਰ ਕੰਟਰੋਲ ਮੁੜ ਏਜੰਸੀਆਂ ਦੇ ਹੱਥ ਹੀ ਰਹੇਗਾ।’’