21.5 C
New York

ਫ਼ਰਜ਼ੀ ਪੁਲੀਸ ਮੁਕਾਬਲੇ ’ਚ ਤਿੰਨ ਦਹਾਕੇ ਬਾਅਦ ਸਾਬਕਾ ਡੀ. ਆਈ. ਜੀ. ਅਤੇ ਡੀ. ਐੱਸ. ਪੀ. ਨੂੰ ਸਜ਼ਾ ਹੋਈ

Published:

ਚੰਡੀਗੜ੍ਹ/ਪੰਜਾਬ ਪੋਸਟ
ਮੁਹਾਲੀ ਦੀ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਡੀ ਆਈ ਜੀ (ਸੇਵਾਮੁਕਤ) ਦਿਲਬਾਗ ਸਿੰਘ ਅਤੇ ਡੀ ਐੱਸ ਪੀ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਸਾਬਕਾ ਡੀ ਆਈ ਜੀ ਦਿਲਬਾਗ ਸਿੰਘ ਨੂੰ ਧਾਰਾ 364 ਤਹਿਤ ਸੱਤ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਕਮ ਜਮਾਂ ਨਾ ਕਰਵਾਉਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਨੌਂ ਮਹੀਨੇ ਵਾਧੂ ਸਜ਼ਾ ਭੁਗਤਣੀ ਪਵੇਗੀ। ਸਾਬਕਾ ਡੀ ਐੱਸ ਪੀ ਗੁਰਬਚਨ ਸਿੰਘ ਨੂੰ ਧਾਰਾ 302 ਤਹਿਤ ਉਮਰ ਕੈਦ ਦੀ ਸਜ਼ਾ ਅਤੇ ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਦੋਸ਼ੀ ਪੁਲੀਸ ਅਫ਼ਸਰਾਂ ਨੂੰ ਬੀਤੇ ਦਿਨ ਦੋਸ਼ੀ ਕਰਾਰ ਦੇਣ ਮਗਰੋਂ ਕੋਰਟ ਰੂਮ ’ਚੋਂ ਹੀ ਗਿ੍ਰਫ਼ਤਾਰ ਕਰ ਲਿਆ ਗਿਆ ਸੀ, ਜਦਕਿ ਪਹਿਲਾਂ ਉਹ ਜ਼ਮਾਨਤ ’ਤੇ ਸਨ। ਇਸ ਕੇਸ ਵਿੱਚ ਨਾਮਜ਼ਦ ਤਿੰਨ ਪੁਲੀਸ ਮੁਲਾਜ਼ਮਾਂ ਅਰਜੁਨ ਸਿੰਘ, ਦਵਿੰਦਰ ਸਿੰਘ ਅਤੇ ਬਲਬੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਸ ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਨੇ ਦੱਸਿਆ ਕਿ 22 ਜੂਨ 1993 ਨੂੰ ਤਰਨਤਾਰਨ ਪੁਲੀਸ ਨੇ ਜੰਡਿਆਲਾ ਰੋਡ ਤਰਨ ਤਾਰਨ ਤੋਂ ਹਿੰਦੂ ਪਰਿਵਾਰ ਨਾਲ ਸਬੰਧਤ ਚਮਨ ਲਾਲ ਅਤੇ ਉਸ ਦੇ ਤਿੰਨ ਪੁੱਤਰਾਂ ਗੁਲਸ਼ਨ ਕੁਮਾਰ, ਪ੍ਰਵੀਨ ਕੁਮਾਰ ਅਤੇ ਬੌਬੀ ਨੂੰ ਘਰੋਂ ਚੁੱਕ ਕੇ ਤਰਨ ਤਾਰਨ ਸਿਟੀ ਥਾਣਾ ਦੀ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ। ਤਿੰਨ ਦਿਨਾਂ ਬਾਅਦ 26 ਜੂਨ ਨੂੰ ਚਮਨ ਲਾਲ ਅਤੇ ਉਸ ਦੇ ਦੋ ਪੁੱਤਰਾਂ ਪ੍ਰਵੀਨ ਕੁਮਾਰ ਅਤੇ ਬੌਬੀ ਕੁਮਾਰ ਨੂੰ ਰਿਹਾਅ ਕਰ ਦਿੱਤਾ ਪਰ ਗੁਲਸ਼ਨ ਕੁਮਾਰ ਨੂੰ ਪੁਲੀਸ ਹਿਰਾਸਤ ਵਿੱਚ ਰੱਖਿਆ ਗਿਆ। ਕਰੀਬ ਮਹੀਨੇ ਬਾਅਦ 26 ਜੁਲਾਈ, 1993 ਨੂੰ ਪੁਲੀਸ ਨੇ ਫ਼ਰਜ਼ੀ ਪੁਲੀਸ ਮੁਕਾਬਲੇ ਵਿੱਚ ਗੁਲਸ਼ਨ ਕੁਮਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਪਰਿਵਾਰ ਨੂੰ ਉਸ ਦੀ ਮਿ੍ਰਤਕ ਦੇਹ ਤੱਕ ਨਹੀਂ ਸੀ ਦਿੱਤੀ ਗਈ। ਹੁਣ ਇਸੇ ਮਾਮਲੇ ‘ਚ ਤਿੰਨ ਦਹਾਕੇ ਬਾਅਦ ਅਦਾਲਤ ਨੇ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਹੈ।

Related articles

spot_img

Recent articles

spot_img