ਰੋਪੜ/ਪੰਜਾਬ ਪੋਸਟ
ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਸਰਕਾਰ ਨੇ ਭਾਵੇਂ ਸ਼ੰਭੂ ਅਤੇ ਖਨੌਰੀ ਬਾਰਡਰ ਦੀਆਂ ਸੜਕਾਂ ਖ਼ਾਲੀ ਕਰਵਾ ਲਈਆਂ ਹੋਣ ਪਰ ਕਿਸਾਨਾਂ ਦਾ ਅੰਦੋਲਨ ਜਾਰੀ ਹੈ ਅਤੇ ਹੱਕੀ ਮੰਗਾਂ ਤੱਕ ਅੰਦੋਲਨ ਜਾਰੀ ਰਹੇਗਾ। ਬਿਆਨ ਅਨੁਸਾਰ 116ਵੇਂ ਦਿਨ ਵੀ ਪੁਲਿਸ ਦੀ ਹਿਰਾਸਤ ’ਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰਿਹਾ। ਜਗਜੀਤ ਸਿੰਘ ਡੱਲੇਵਾਲ ਦੇ ਸੋਸ਼ਲ ਮੀਡੀਆ ਖਾਤੇ ਤੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ‘‘ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਅਤੇ ਕਿਸਾਨਾਂ ਨੇ ਜੇਲ੍ਹਾਂ ’ਚ ਸਰਕਾਰ ਦੇ ਜਬਰ ਵਿਰੁਧ ਭੁੱਖ ਹੜਤਾਲ ਜਾਰੀ ਰੱਖੀ ਹੋਈ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਪਾਣੀ ਪੀਣਾ ਬੰਦ ਕੀਤਾ ਹੋਇਆ ਹੈ।’’ ਬਾਅਦ ’ਚ ਜਾਰੀ ਅਪਡੇਟ ਅਨੁਸਾਰ ਉਨ੍ਹਾਂ ਨੇ ਮੈਡੀਕਲ ਸੇਵਾ ਲੈਣਾ ਵੀ ਬੰਦ ਕਰ ਦਿਤਾ ਹੈ। ਕਿਸਾਨ ਆਗੂਆਂ ਕਿਹਾ ਕਿ ਚੰਡੀਗੜ੍ਹ ਵਿਖੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ’ਚ ਆਏ ਹੋਏ ਕਿਸਾਨਾਂ ਵਲੋਂ ਗ੍ਰਿਫਤਾਰੀ ਤੋਂ ਬਾਅਦ ਕੁਰਾਲੀ ਥਾਣੇ ’ਚ ਹੀ ਸਰਕਾਰ ਦੇ ਵਿਸ਼ਵਾਸਘਾਤ ਅਤੇ ਜਬਰ ਦੇ ਵਿਰੁਧ ਗ੍ਰਿਫਤਾਰੀ ਸਮੇਂ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਉਨ੍ਹਾਂ ਕਿਸਾਨ ਆਗੂਆਂ ਵਲੋਂ ਰੋਪੜ ਜੇਲ ਅੰਦਰ ਉਸੇ ਤਰ੍ਹਾਂ ਭੁੱਖ ਹੜਤਾਲ ਨਿਰੰਤਰ ਜਾਰੀ ਹੈ।