ਨਵੀਂ ਦਿੱਲੀ/ਪੰਜਾਬ ਪੋਸਟ
ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਵੱਲੋਂ ਜਾਰੀ ਕਿਸਾਨ-ਮਜ਼ਦੂਰ ਅੰਦੋਲਨ ਨੂੰ 90 ਦਿਨ ਹੋ ਗਏ ਹਨ, ਜਦਕਿ ਹਰਿਆਣਾ ਪੁਲਿਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਤਿੰਨ ਕਿਸਾਨ ਆਗੂਆਂ ਦੀ ਬਿਨਾ ਸ਼ਰਤ ਰਿਹਾਈ ਲਈ ਸ਼ੰਭੂ ਰੇਲਵੇ ਸਟੇਸ਼ਨ ’ਤੇ ਲਾਇਆ ‘ਰੇਲ ਰੋਕੋ ਮੋਰਚਾ’ 27ਵੇਂ ਦਿਨ ਵੀ ਜਾਰੀ ਹੈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅੰਦੋਲਨ ਦੌਰਾਨ ਹਰਿਆਣਾ ਪੁਲੀਸ ਵੱਲੋਂ ਗਿ੍ਰਫ਼ਤਾਰ ਕੀਤੇ ਗਏ ਕਿਸਾਨ ਆਗੂਆਂ ਨੂੰ ਰਿਹਾਅ ਕਰਵਾਉਣ ਲਈ 27 ਦਿਨਾਂ ਤੋਂ ‘ਰੇਲ ਰੋਕੋ ਮੋਰਚਾ’ ਰਾਹੀਂ ਆਵਾਜ਼ ਬੁਲੰਦ ਕੀਤੀ ਜਾ ਰਹੀ ਏ। ਪੰਧੇਰ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਲੋਕਾਂ ਦੀ ਪ੍ਰੇਸ਼ਾਨੀ ਦਾ ਅਹਿਸਾਸ ਏ, ਪਰ ਗਿ੍ਰਫਤਾਰ ਕਿਸਾਨਾਂ ਦੀ ਰਿਹਾਈ ਲਈ ਲਾਇਆ ਮੋਰਚਾ ਉਨਾਂ ਦੀ ਅਣਸਰਦੀ ਲੋੜ ਏ, ਨਾ ਕਿ ਅਣਖ ਦਾ ਸਵਾਲ। ਪੰਧੇਰ ਨੇ ਅੱਗੇ ਦੇ ਪ੍ਰੋਗ੍ਰਾਮ ਬਾਰੇ ਦੱਸਿਆ ਏ ਕਿ ਸ਼ੰਭੂ ਮੋਰਚੇ ਦੇ 100 ਦਿਨ ਪੂਰੇ ਹੋਣ ’ਤੇ ਆਉਂਦੀ 22 ਮਈ ਨੂੰ ਵਿਸ਼ਾਲ ਇਕੱਤਰਾ ਕੀਤੀ ਜਾਵੇਗੀ ਅਤੇ ਮੋਰਚੇ ਦੀਆਂ 10 ਮੰਗਾਂ ਦੇ ਢੁੱਕਵੇਂ ਹੱਲ ਤੱਕ ਸੰਘਰਸ਼ ਜਾਰੀ ਰਹੇਗਾ।
ਸ਼ੰਭੂ ਮੋਰਚੇ ਦੇ 100 ਦਿਨ ਪੂਰੇ ਹੋਣ ’ਤੇ 22 ਮਈ ਨੂੰ ਵਿਸ਼ਾਲ ਇਕੱਤਰਤਾ ਕੀਤੀ ਜਾਵੇਗੀ : ਪੰਧੇਰ

Published: