ਜਦੋਂ ਵੀ ਦੁਨੀਆਂ ਦੇ ਇਤਿਹਾਸ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਜ਼ਿਕਰ ਹੋਵੇਗਾ ਤਾਂ ਸਪਸ਼ਟ ਤੌਰ ‘ਤੇ ਜ਼ਿਕਰ ਹੋਵੇਗਾ ਫੌਜਾ ਸਿੰਘ ਜੀ ਦੇ ਜੀਵਨ ਦਾ। ‘ਟਰਬਨੇਡ ਟੋਰਨਾਡੋ’ ਦੇ ਨਾਂਅ ਨਾਲ ਜਾਣੇ ਜਾਂਦੇ ਫੌਜਾ ਸਿੰਘ ਜੀ ਨੇ ਜਿਸ ਤਰਾਂ ਆਪਣੇ ਜੀਵਨ ਨੂੰ ਹੰਢਾਇਆ ਅਤੇ ਇਸ ਸਮੇਂ ਦੌਰਾਨ ਜੋ ਪ੍ਰਾਪਤੀਆਂ ਕੀਤੀਆਂ ਉਨਾਂ ਦੀ ਦੁਨੀਆਂ ਵਿੱਚ ਮਿਸਾਲ ਬਣਦੀ ਹੈ। ਫੌਜਾ ਸਿੰਘ ਜੀ ਨੇ 100 ਮੀਟਰ ਤੋਂ ਲੈ ਕੇ 5,000 ਮੀਟਰ ਤੱਕ ਦੀਆਂ ਦੌੜਾਂ ‘ਚ ਕਈ ਵਿਸ਼ਵ ਰਿਕਾਰਡ ਤੋੜੇ, ਜਦਕਿ ਉਨ੍ਹਾਂ ਨੇ ਲੰਡਨ, ਗਲਾਸਗੋ, ਟੋਰਾਂਟੋ, ਹਾਂਗਕਾਂਗ ‘ਚ ਕਈ ਮੈਰਾਥਨ ਦੌੜਾਂ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਜ਼ਿੰਦਗੀ ‘ਚ ਇੱਕ ਦੁਖਦਾਈ ਮੋੜ ਨੇ ਉਨਾਂ ਨੂੰ ਦੌੜਾਂ ਵੱਲ ਪ੍ਰੇਰਿਤ ਕੀਤਾ ਅਤੇ ਫਿਰ 89 ਸਾਲ ਦੀ ਉਮਰ ਵਿੱਚ, ਉਨਾਂ ਨੇ ਮੈਰਾਥਨ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਜੋ ਆਪਣੇ ਆਪ ਵਿੱਚ ਇੱਕ ਵਿਸ਼ਵ ਰਿਕਾਰਡ ਹੈ। ਇਸ ਦੌੜਾਕ ਵਜੋਂ ਤਾਂ ਉਨਾਂ ਦਾ ਸਫ਼ਰ ਨਵੇਂ ਮੁਕਾਮ ਸਿਰਜਣ ਵਾਲਾ ਰਿਹਾ ਹੀ ਬਲਕਿ ਉਨਾਂ ਦਾ ਜੀਵਨ ਅਤੇ ਜੀਵਨ ਅੰਦਾਜ਼ ਵੀ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਨਾਦਾਇਕ ਹੈ।
ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਬਿਆਸ ਵਿਖੇ ਹੋਇਆ ਸੀ। ਫੌਜਾ ਸਿੰਘ ਆਪਣੇ ਚਾਰ ਭੈਣ-ਭਰਾਵਾਂ ‘ਚੋਂ ਸਭ ਤੋਂ ਛੋਟੇ ਸਨ। ਉਨਾਂ ਬਾਰੇ ਇਹ ਵੇਰਵੇ ਵੀ ਮਿਲਦੇ ਹਨ ਕਿ ਫੌਜਾ ਸਿੰਘ ਬਚਪਨ ‘ਚ ਸਰੀਰਕ ਤੌਰ ‘ਤੇ ਕਮਜ਼ੋਰ ਸਨ ਅਤੇ ਪੰਜ ਸਾਲ ਦੀ ਉਮਰ ਤੱਕ ਤੁਰ ਨਹੀਂ ਸਕਦੇ ਸੀ, ਪਰ ਅਸਾਧਾਰਨ ਇੱਛਾ ਸ਼ਕਤੀ ਨਾਲ ਉਨ੍ਹਾਂ ਨੇ ਇਸ ਕਮਜ਼ੋਰੀ ਨੂੰ ਆਪਣੀ ਤਾਕਤ ‘ਚ ਬਦਲ ਦਿੱਤਾ। ਬਚਪਨ ‘ਚ ਫੌਜਾ ਸਿੰਘ ਦਾ ਜੀਵਨ 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਥੋੜ੍ਹੇ ਵੱਡੇ ਹੋਣ ‘ਤੇ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਰਿਵਾਇਤੀ ਕੰਮਕਾਜ ਭਾਵ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਫੌਜਾ ਸਿੰਘ ਦੋ ਵਿਸ਼ਵ ਜੰਗਾਂ ਦੇ ਗਵਾਹ ਬਣੇ ਅਤੇ ਉਨ੍ਹਾਂ ਨੇ ਭਾਰਤ-ਪਾਕਿਸਤਾਨ ਵੰਡ ਦੀ ਪੀੜ੍ਹ ਵੀ ਹੰਢਾਈ। ਸਾਲ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਆਪਣੀ ਪਤਨੀ ਗਿਆਨ ਕੌਰ ਦੇ ਵਿਛੋੜੇ ਤੋਂ ਬਾਅਦ, ਫੌਜਾ ਸਿੰਘ ਆਪਣੇ ਵੱਡੇ ਪੁੱਤਰ ਸੁਖਜਿੰਦਰ ਸਿੰਘ ਕੋਲ ਰਹਿਣ ਲਈ ਲੰਡਨ ਚਲੇ ਗਏ ਸਨ। ਪਰ ਇਸ ਤੋਂ ਥੋੜ੍ਹੇ ਸਮੇਂ ਬਾਅਦ ਹੀ ਜ਼ਿੰਦਗੀ ਨੇ ਇੱਕ ਹੋਰ ਦੁਖਦਾਈ ਮੋੜ ਲੈ ਲਿਆ ਜਦੋਂ ਫੌਜਾ ਦੇ ਛੋਟੇ ਪੁੱਤਰ ਕੁਲਦੀਪ ਦੀ ਇੱਕ ਹਾਦਸੇ ਵਿੱਚ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ ਸੀ। ਇਸ ਸਦਮੇ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਸੀ ਕਿਉਂਕਿ ਇਹ ਇੱਕ ਅਜਿਹਾ ਮੋੜ ਸੀ ਜਿਸ ਨੂੰ ਝੱਲਣਾ ਦੁਨੀਆਂ ਦੇ ਕਿਸੇ ਵੀ ਵਿਅਕਤੀ ਲਈ ਬੇਹੱਦ ਮੁਸ਼ਕਿਲ ਹੁੰਦਾ ਹੈ।
ਇਸ ਸਮੇਂ ਦੌਰਾਨ ਦੁੱਖ ਨੂੰ ਹੰਢਾਉਂਦੇ ਹੋਏ, ਘਰ ਵਿੱਚ ਬੈਠੇ-ਬੈਠੇ ਅੱਕ ਜਾਣ ਕਾਰਨ ਫੌਜਾ ਸਿੰਘ ਨੇ ਹੌਲੀ-ਹੌਲੀ ‘ਜੌਗਿੰਗ’ ਕਰਨ ਵੱਲ ਰੁੱਖ ਕੀਤਾ ਸੀ ਅਤੇ ਇਹੋ ਇੱਕ ਸ਼ੁਰੂਆਤ ਸੀ ਜੋ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਾਲੀ ਸਾਬਤ ਹੋਈ ਸੀ। ਲੰਡਨ ਵਿੱਚ ਇੱਕ ਵਾਰੀ ਗੁਰਦੁਆਰਾ ਸਾਹਿਬ ਜਾਣ ਸਮੇਂ ਫੌਜਾ ਸਿੰਘ ਦੀ ਮੁਲਾਕਾਤ ਵੱਡੀ ਉਮਰ ਦੇ ਕੱੁਝ ਬਜ਼ੁਰਗਾਂ ਨਾਲ ਹੋਈ ਜੋ ਦੌੜਦੇ ਸਨ। ਉਨ੍ਹਾਂ ਵਿੱਚ ਦੌੜਾਕ ਕੋਚ ਹਰਮਿੰਦਰ ਸਿੰਘ ਵੀ ਸਨ, ਜਿਸ ਨੇ ਫੌਜਾ ਸਿੰਘ ਨੂੰ ਦੌੜਾਂ ਦੀ ਦੁਨੀਆ ਤੋਂ ਜਾਣੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਫੌਜਾ ਸਿੰਘ ਜੀ ਨੂੰ ਓਸ ਸਮੇਂ ਤੱਕ ‘ਮੈਰਾਥਨ’ ਵਰਗਾ ਸ਼ਬਦ ਵੀ ਨਹੀਂ ਪਤਾ ਸੀ। ਓਹ ਕਦੇ ਸਕੂਲ ਨਹੀਂ ਸੀ ਗਏ, ਨਾ ਹੀ ਕਿਸੇ ਖੇਡ ਨਾਲ ਕੋਈ ਸਬੰਧ ਸੀ। ਓਹ ਤਾਂ ਇੱਕ ਕਿਸਾਨ ਸਨ ਅਤੇ ਉਨਾਂ ਤਾਂ ਜ਼ਿੰਦਗੀ ਦਾ ਲੰਮਾਂ ਸਮਾਂ ਖੇਤਾਂ ਵਿੱਚ ਹੀ ਗੁਜ਼ਾਰਿਆ ਸੀ ਪਰ ਇੰਗਲੈਂਡ ਆ ਕੇ ਓਹ ਦੌੜ ਨਾਲ ਜੁੜਨ ਲੱਗੇ। ਮੈਰਾਥਨ ਦੌੜਾਂ ਦੌਰਾਨ ਸੱਭਿਆਚਾਰਕ ਮਾਣ ਦੇ ਪਲ ਵੀ ਆਏ ਸਨ। ਆਪਣੀ ਪਹਿਲੀ ਮੈਰਾਥਨ ਤੋਂ ਪਹਿਲਾਂ ਫੌਜਾ ਸਿੰਘ ਨੂੰ ਕਿਹਾ ਗਿਆ ਸੀ ਕਿ ਉਹ ਦੌੜਦੇ ਸਮੇਂ ਪੱਗ ਨਹੀਂ ਬੰਨ੍ਹ ਸਕਦੇ। ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਿੱਖ ਦੌੜਾਕਾਂ ਨੂੰ ਸਿਰਫ਼ ਪਟਕਾ ਬੰਨਣ ਦੀ ਇਜਾਜ਼ਤ ਹੈ ਪਰ ਪੂਰੀ ਪੱਗ ਨਹੀਂ ਹਲਾਂਕਿ ਫੌਜਾ ਸਿੰਘ ਦਿ੍ਰੜ ਰਹੇ ਅਤੇ ਆਖਰਕਾਰ ਉਨਾਂ ਇੱਥੇ ਦਸਤਾਰ ਸਮੇਤ ਆਪਣੀ ਹਾਜ਼ਰੀ ਲੁਆਈ ਅਤੇ ਮੈਰਾਥਨ ਵਿੱਚ ਦਸਤਾਰ ਦੀ ਵੀ।
ਇਸ ਤੋਂ ਬਾਅਦ ਆਇਆ ਓਹ ਮੌਕਾ ਜਦੋਂ ਫੌਜਾ ਸਿੰਘ ਨੇ ਸਾਲ 2004 ਵਿੱਚ ਉਸ ਵੇਲੇ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਜਦੋਂ ਉਹ ਇੱਕ ਕੌਮਾਂਤਰੀ ਕੰਪਨੀ ਦੇ ਇਸ਼ਤਿਹਾਰ ਵਿੱਚ ਫੁੱਟਬਾਲ ਆਈਕਨ ਡੇਵਿਡ ਬੈਕਹਮ ਅਤੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਦਿਖਾਈ ਦਿੱਤੇ। ਇਸ ਦੇ ਨਾਲ ਹੀ ਉਹ 2010 ਵਿੱਚ ਉਸੇ ਕੰਪਨੀ ਦੇ ਨਵੇਂ ਪੋਸਟਰ ਬੁਆਏ ਬਣੇ ਅਤੇ ਉਨ੍ਹਾਂ ਨੇ ਡੇਵਿਡ ਬੈਕਹਮ ਦੀ ਥਾਂ ਲੈ ਲਈ ਸੀ। ਫੌਜਾ ਸਿੰਘ ਨੇ ਸਾਲ 2000 ਵਿੱਚ ਲੰਡਨ ਮੈਰਾਥਨ ਵਿੱਚ ਆਪਣੀ ਮੈਰਾਥਨ ਦੌੜ ਦੀ ਸ਼ੁਰੂਆਤ ਕੀਤੀ ਸੀ। 89 ਸਾਲ ਦੀ ਉਮਰ ਤੋਂ ਇੱਕ ਮਹੀਨਾ ਪਹਿਲਾਂ, ਫੌਜਾ ਸਿੰਘ ਨੇ 6 ਘੰਟੇ 54 ਮਿੰਟ ਵਿੱਚ ਇਹ ਦੌੜ ਪੂਰੀ ਕੀਤੀ ਸੀ। ਉਹ 100 ਸਾਲ ਦੀ ਉਮਰ ਤੱਕ ਮੈਰਾਥਨ ਦੌੜਦੇ ਰਹੇ ਅਤੇ ਉਨ੍ਹਾਂ ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤੇ। ਸਾਲ 2012 ਵਿੱਚ ਉਨ੍ਹਾਂ ਨੇ ਲੰਡਨ ਓਲੰਪਿਕ ਦੌਰਾਨ ਮਸ਼ਾਲ ਮੈਰਾਥਨ ਵੀ ਦੌੜੀ ਸੀ।
ਫੌਜਾ ਸਿੰਘ ਨਿਊਯਾਰਕ, ਟੋਰਾਂਟੋ ਅਤੇ ਮੁੰਬਈ ‘ਚ ਮੈਰਾਥਨਾਂ ‘ਚ ਹਿੱਸਾ ਲੈਂਦੇ ਹੋਏ ਇੱਕ ਸ਼ਾਨਦਾਰ ਲੰਮੀ ਦੂਰੀ ਦੇ ਦੌੜਾਕ ਬਣ ਕੇ ਦੁਨੀਆਂ ਭਰ ਵਿੱਚ ਚਰਚਿਤ ਹੋਏ। ਇਸ ਸਮੁੱਚੇ ਸਮੇਂ ਦੌਰਾਨ ਉਨਾਂ ਨੂੰ ਆਪਣੇ ਨਿੱਜੀ ਟਰੇਨਰ, ਹਰਮਿੰਦਰ ਸਿੰਘ ਤੋਂ ਲਗਾਤਾਰ ਸਮਰਥਨ ਮਿਲਦਾ ਰਿਹਾ। ਇਸ ਦੌਰਾਨ, ਬਰਤਾਨੀਆ ਦੀ ਤਤਕਾਲੀ ਮਹਾਰਾਣੀ ਐਲਿਜ਼ਾਬੈੱਥ ਨੇ ਉਨਾਂ ਨੂੰ ਸੌ ਸਾਲ ਦਾ ਸਿਟੀਜ਼ਨ ਹੋਣ ਦੀ ਵਧਾਈ ਦਿੱਤੀ ਸੀ ਅਤੇ ਸ਼ਾਹੀ ਮਹਿਲ ’ਚ ਖਾਣੇ ’ਤੇ ਸੱਦਿਆ ਸੀ। ਫੌਜਾ ਸਿੰਘ ਦੀ 2003 ਟੋਰਾਂਟੋ ਵਾਟਰਫਰੰਟ ਮੈਰਾਥਨ ‘ਚ ਨਿੱਜੀ ਸਭ ਤੋਂ ਵਧੀਆ ਮੈਰਾਥਨ ਸੀ। ਇਸ ਮੈਰਾਥਨ ‘ਚ ਉਨ੍ਹਾਂ ਨੇ ‘90 ਤੋਂ ਵੱਧ ਉਮਰ ਵਰਗ’ ਸ਼੍ਰੇਣੀ ‘ਚ 5 ਘੰਟੇ 40 ਮਿੰਟ ‘ਚ ਦੌੜ ਪੂਰੀ ਕਰਕੇ ਸਭ ਦਾ ਧਿਆਨ ਖਿੱਚਿਆ। ਆਪਣੀ ਪ੍ਰਤੀਯੋਗੀ ਦੌੜ ਤੋਂ ਇਲਾਵਾ, ਫੌਜਾ ਸਿੰਘ ਨੇ ਵੱਖ-ਵੱਖ ਚੈਰਿਟੀਆਂ ਲਈ ਸਰਗਰਮੀ ਨਾਲ ਯੋਗਦਾਨ ਪਾਇਆ ਅਤੇ ਮੈਰਾਥਨ ‘ਚ ਆਪਣੀ ਭਾਗੀਦਾਰੀ ਰਾਹੀਂ ਵਿਸ਼ਵ ਪੱਧਰ ‘ਤੇ ਸਿੱਖ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ। ਸਾਲ 2011 ‘ਚ 100 ਸਾਲ ਦੀ ਉਮਰ ‘ਚ ਫੌਜਾ ਸਿੰਘ ਨੇ ਟੋਰਾਂਟੋ, ਕੈਨੇਡਾ ਦੇ ਬਿਰਚਮਾਉਂਟ ਸਟੇਡੀਅਮ ਵਿਖੇ ਵਿਸ਼ੇਸ਼ ਓਨਟਾਰੀਓ ਮਾਸਟਰਜ਼ ਐਸੋਸੀਏਸ਼ਨ ਫੌਜਾ ਸਿੰਘ ਇਨਵੀਟੇਸ਼ਨਲ ਮੀਟ ‘ਚ ਇੱਕ ਦਿਨ ‘ਚ ਅੱਠ ਵਿਸ਼ਵ ਰਿਕਾਰਡ (ਉਮਰ-ਸਮੂਹ) ਬਣਾਏ। ਕੈਨੇਡੀਅਨ ਅਧਿਕਾਰੀਆਂ ਦੁਆਰਾ ਸਮਾਂਬੱਧ, ਉਨਾਂ ਨੇ ਇੱਕ ਦਿਨ ਵਿੱਚ ਆਪਣੇ ਉਮਰ ਸਮੂਹ ਲਈ ਪੰਜ ਵਿਸ਼ਵ ਰਿਕਾਰਡ ਤੋੜੇ, ਜਦੋਂ ਕਿ ਬਾਕੀ ਤਿੰਨਾਂ ਦੇ ਪਿਛਲੇ ਕੋਈ ਅੰਕ ਨਹੀਂ ਸਨ, ਕਿਉਂਕਿ ਉਨਾਂ ਦੀ ਉਮਰ ‘ਚ ਕਿਸੇ ਨੇ ਵੀ ਉਨ੍ਹਾਂ ਰਿਕਾਰਡਾਂ ਤੱਕ ਅੱਪੜਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸੀ। ਉਨਾਂ ਦੇ ਕੱੁਝ ਦੌੜ ਸਮੇਂ 95 ਸਾਲ ਦੀ ਉਮਰ ਸਮੂਹ ਲਈ ਓਸ ਸਮੇਂ ਦੇ ਮੌਜੂਦਾ ਰਿਕਾਰਡਾਂ ਨਾਲੋਂ ਵੀ ਬਿਹਤਰ ਸਨ। ਉਨ੍ਹਾਂ ਨੇ ਸਾਲ 2013 ਵਿੱਚ ਹਾਂਗਕਾਂਗ ਵਿੱਚ ਦੌੜੀ 10 ਕਿਲੋਮੀਟਰ ਦੀ ਦੌੜ 1 ਘੰਟਾ, 32 ਮਿੰਟ ਅਤੇ 28 ਸਕਿੰਟਾਂ ਵਿੱਚ ਪੂਰੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਮੈਰਥਨ ਦੌੜ ਨੂੰ ਅਲਵਿਦਾ ਕਹਿ ਦਿੱਤਾ ਸੀ।
ਫੌਜਾ ਸਿੰਘ ਜੀ ਨੇ ਬਹੁਤ ਰਿਕਾਰਡ ਬਣਾਏ ਅਤੇ ਸੌ ਸਾਲ ਤੋਂ ਵਡੇਰੀ ਉਮਰ ਦੇ ਓਹ ਅਜਿਹੇ ਰਿਕਾਰਡ ਧਾਰਕ ਸਨ ਕਿ ਬਹੁਤ ਆਸਾਨੀ ਨਾਲ ਉਨਾਂ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਦਰਜ ਹੋ ਜਾਣਾ ਸੀ ਪਰ ਫੌਜਾ ਸਿੰਘ ਜੀ ਦੇ ਜਨਮ ਤਰੀਕ ਦਾ ਅਸਲੀ ਸਰਟੀਫਿਕੇਟ ਨਾ ਮਿਲਣਾ ਇਸ ਵਿੱਚ ਰੋੜਾ ਬਣ ਗਿਆ। ਪ੍ਰਸਿੱਧ ਲੇਖਕ ਖੁਸ਼ਵੰਤ ਸਿੰਘ ਨੇ ਫੌਜਾ ਸਿੰਘ ਦੀ ਜੀਵਨੀ ‘ਟਰਬਨਡ ਟੋਰਨਾਡੋ’, ਲਿਖੀ ਸੀ ਜੋ ਕਿ ਸਾਲ 2011 ਵਿੱਚ ਯੂਕੇ ਹਾਊਸ ਆਫ ਲਾਰਡਜ਼ ਵਿੱਚ ਲਾਂਚ ਕੀਤੀ ਗਈ। ਫੌਜਾ ਸਿੰਘ ਨੇ ਸਾਲ 2013 ਵਿੱਚ ਲਗਭਗ 101 ਸਾਲ ਦੀ ਉਮਰ ਵਿੱਚ ਭਾਵੇਂ ਮੁਕਾਬਲੇਬਾਜ਼ੀ ਵਾਲੀਆਂ ਦੌੜਾਂ ਤੋਂ ਸੰਨਿਆਸ ਲੈ ਲਿਆ ਸੀ ਪਰ ਓਹ ਆਪਣੇ ਸਰੀਰ ਨੂੰ ਸੈਰ ਜ਼ਰੀਏ ਲਗਾਤਾਰ ਸਰਗਰਮ ਰੱਖਦੇ ਸੀ। ਫੌਜਾ ਸਿੰਘ ਇਸ ਤੋਂ ਬਾਅਦ ਲਗਾਤਾਰ ਮੈਰਾਥਨਾਂ ਦੌੜਾਂ ਨੂੰ ਸਮਰੱਥਨ ਦਿੰਦੇ ਰਹੇ ਅਤੇ ਸਿਹਤ ਕਾਰਜਾਂ ਨੂੰ ਵੀ ਉਤਸ਼ਾਹਿਤ ਕਰਦੇ ਸਨ। 114 ਸਾਲ ਦੀ ਉਮਰ ਜ਼ਿੰਦਾਦਿਲੀ ਨਾਲ ਬਿਤਾਉਂਦੇ ਹੋਏ ਇੱਕ ਬੇਹੱਦ ਦੁਖਦਾਈ ਹਾਦਸੇ ਕਾਰਨ ਹੁਣ ਓਹ ਸਰੀਰਕ ਤੌਰ ‘ਤੇ ਇਸ ਦੁਨੀਆਂ ‘ਚ ਨਹੀਂ ਰਹੇ। ਉਨਾਂ ਦੇ ਚਲਾਣੇ ‘ਤੇ ਦੁਨੀਆ ਭਰ ਦੇ ਨੇਤਾਵਾਂ, ਖਿਡਾਰੀਆਂ, ਵਿਸ਼ਵ ਪ੍ਰਸਿੱਧ ਹਸਤੀਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਯੂਕੇ ਵਿੱਚ ਉਨਾਂ ਦੇ ਦੌੜਾਕ ਕਲੱਬ ‘ਸਿੱਖਸ ਇਨ ਦਾ ਸਿਟੀ’ ਨੇ ਐਲਾਨ ਕੀਤਾ ਹੈ ਕਿ ਇਲਫੋਰਡ ਵਿੱਚ ਹੋਣ ਵਾਲੇ ਸਾਰੇ ਸਮਾਗਮਾਂ ਅਤੇ ਆਯੋਜਨਾਂ ਨੂੰ ਉਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਜਾਵੇਗਾ।
ਫੌਜਾ ਸਿੰਘ ਇੱਕ ਚੰਗੀ ਸਿਹਤ ਅਤੇ ਅਨੁਸ਼ਾਸਨ ਵਾਲੀ ਜ਼ਿੰਦਗੀ ਜੀਣ ਦੀ ਦੁਨੀਆਂ ਪੱਧਰ ’ਤੇ ਇੱਕ ਵੱਡੀ ਮਿਸਾਲ ਸਨ। ਉਹ ਸ਼ਾਕਾਹਾਰੀ ਸਨ ਅਤੇ ਅਲਸੀ ਦੀਆਂ ਪਿੰਨੀਆਂ ਆਪਣੀ ਖੁਰਾਕ ਵਿੱਚ ਜ਼ਰੂਰ ਰੱਖਦੇ ਸਨ। ਕਹਿੰਦੇ ਨੇ ਕਿ ਸੁਪਨੇ ਦੇਖਣ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਕੋਈ ਉਮਰ ਹੱਦ ਨਹੀਂ ਹੁੰਦੀ। ਤੁਸੀਂ ਜੋ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ, ਉਸ ਲਈ ਕਿਸੇ ਵੀ ਉਮਰ ‘ਚ ਸ਼ੁਰੂ ਕਰ ਸਕਦੇ ਹੋ। ਫੌਜਾ ਸਿੰਘ ਦੀ ਜੀਵਨ ਗਾਥਾ ਸਾਨੂੰ ਇਹੀ ਸੇਧ ਦਿੰਦੀ ਹੈ। ਫੌਜਾ ਸਿੰਘ ਦੀ ਮਿਸਾਲੀ ਸੰਸਾਰਕ ਯਾਤਰਾ ਨੇ ਦੁਨੀਆ ਭਰ ਦੇ ਕਰੋੜਾਂ ਲੋਕਾਂ ਨੂੰ ਉਤਸ਼ਾਹਿਤ ਕੀਤਾ। ਉਨਾਂ ਨੇ ਇਹ ਸਾਬਤ ਕੀਤਾ ਕਿ ਉਮਰ ਕੇਵਲ ਇੱਕ ਅੰਕ ਹੈ; ਮਨੋਭਾਵਨਾ, ਉਦੇਸ਼ ਅਤੇ ਸਬਰ ਨਾਲ ਇਨਸਾਨ ਜੀਵਨ ਦੇ ਵੱਡੇ ਤੋਂ ਵੱਡੇ ਮੁਕਾਮ ਹਾਸਿਲ ਕਰ ਸਕਦਾ ਹੈ। ਫੌਜਾ ਸਿੰਘ ਦਾ ਕਹਿਣਾ ਸੀ ਕਿ ਚੰਗੀ ਸੋਚ, ਸਹੀ ਖੁਰਾਕ ਅਤੇ ਨਿਰੰਤਰ ਮਿਹਨਤ ਨਾਲ ਜ਼ਿੰਦਗੀ ਦੇ ਹਰ ਪੜਾਅ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਹੈ। ਉਹ ਸਾਦਾ ਖਾਣ-ਪੀਣ, ਹਮਸ਼ਾ ਚੰਗਾ ਸੋਚਣ ਅਤੇ ਕਦੇ ਵੀ ਹਾਰ ਨਾ ਮੰਨਣ ਦੇ ਸੰਕਲਪ ਦਾ ਪ੍ਰਤੀਕ ਬਣੇ ਅਤੇ ਇਸੇ ਕਰਕੇ, ਉਹ ਆਪਣੀ ਸਾਦਗੀ, ਹੌਸਲੇ ਅਤੇ ਦਲੇਰੀ ਸਦਕਾ ਸਦੀਆਂ ਤੱਕ ਯਾਦ ਰਹਿਣਗੇ।
-ਸੁਖਪਾਲ ਸਿੰਘ ਧਨੋਆ
ਫੌਜਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ!

Published:






