ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਗੱਲ ਵੀ ਆਖੀ: ਚੌਕਸੀ ਵਰਤਣ ਲਈ ਵੀ ਕਿਹਾ
ਕੈਲੀਫੋਰਨੀਆ/ਪੰਜਾਬ ਪੋਸਟ
ਅਮਰੀਕਾ ਦੇ ਯੂਬਾ ਸਿਟੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਸਾਲਾਨਾ ਨਗਰ ਕੀਰਤਨ ਦੌਰਾਨ ਹਿੰਸਾ ਦੇ ਖਤਰੇ ਨੂੰ ਵੇਖਦਿਆਂ ਅਮਰੀਕੀ ਜਾਂਚ ਏਜੰਸੀ ਐਫ਼.ਬੀ.ਆਈ. ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਫਿਲਹਾਲ ਖਤਰੇ ਬਾਰੇ ਤਸਦੀਕ ਨਹੀਂ ਕੀਤੀ ਜਾ ਸਕੀ ਪਰ ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਭਾਈਵਾਲੀ ਤਹਿਤ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਅਮਰੀਕਾ ਦੀ ਜਾਂਚ ਏਜੰਸੀ ਨੇ ਕੈਲੀਫੋਰਨੀਆ ਦੇ ਯੂਬਾ ਸ਼ਹਿਰ ਵਿੱਚ ਨਗਰ ਕੀਰਤਨ ਨੂੰ ਲੈ ਕੇ ਵੱਡਾ ਅਲਰਟ ਜਾਰੀ ਕੀਤਾ ਹੈ। ਐਫ਼.ਬੀ.ਆਈ ਨੇ ਕਿਹਾ 1 ਤੋਂ 3 ਨਵੰਬਰ ਦੇ ਵਿਚਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਜਾਏ ਜਾਣ ਵਾਲੇ ਨਗਰ ਕੀਰਤਨ ਦੌਰਾਨ ਹਿੰਸਾ ਹੋ ਸਕਦੀ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਸਿੱਖ ਭਾਈਚਾਰੇ ਨੂੰ ਸੁਚੇਤ ਰਹਿਣ ਦਾ ਸੱਦਾ ਦਿਤਾ ਗਿਆ ਹੈ ਅਤੇ ਕਿਸੇ ਵੀ ਕਿਸਮ ਦੀ ਸ਼ੱਕੀ ਸਰਗਰਮੀ ਮਹਿਸੂਸ ਹੋਣ ’ਤੇ ਪੁਲਿਸ ਨਾਲ ਸੰਪਰਕ ਕਰਨ ਦੀ ਹਦਾਇਤ ਦਿਤੀ ਗਈ ਹੈ। ਕੈਲੀਫੋਰਨੀਆ ਦੇ ਨਗਰ ਕੀਰਤਨ ‘ਚ ਹਮਲੇ ਹੋਣ ਦੇ ਖਦਸ਼ੇ ’ਤੇ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਐਫ਼.ਬੀ.ਆਈ ਦੇ ਅਲਰਟ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਭਾਰਤ ਸਰਕਾਰ ਨੂੰ ਕੀਤੀ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਸਰਕਾਰ ਨਾਲ ਗੱਲਬਾਤ ਕਰੇ। ਉਨਾਂ ਨੇ ਅਮਰੀਕਾ ਦੀ ਐਫ਼.ਬੀ.ਆਈ ਨੂੰ ਵੀ ਸ਼੍ਰੋਮਣੀ ਕਮੇਟੀ ਦੀ ਤਰਫੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਲੋਕਾਂ ਨੂੰ ਨਸ਼ਰ ਕਰੇ ਜਿਹੜੇ ਲੋਕ ਅਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ।