- ਪੰਜਾਬ ਦਾ ਮਾਝਾ ਖੇਤਰ ਹੜ੍ਹਾਂ ਕਰਕੇ ਸਭ ਤੋਂ ਵੱਧ ਪ੍ਰਭਾਵਿਤ
- ਰਣਜੀਤ ਸਾਗਰ, ਪੌਂਗ ਡੈਮ ਅਤੇ ਭਾਖੜਾ ਤੋਂ ਲਗਾਤਾਰ ਛੱਡਿਆ ਜਾ ਰਿਹਾ ਪਾਣੀ
ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ‘ਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਸ ਦਾ ਦਾਇਰਾ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਸਤਲੁਜ, ਬਿਆਸ ਅਤੇ ਰਾਵੀ ਦੇ ਛੂਕਾਂ ਮਾਰਦੇ ਪਾਣੀ ਨਾਲ ਪੰਜਾਬ ਦੇ ਸੈਂਕੜੇ ਪਿੰਡ ਡੁੱਬ ਗਏ ਗਏ ਹਨ। ਹਜ਼ਾਰਾਂ ਲੋਕ ਬਿਨਾਂ ਭੋਜਨ, ਦਵਾਈਆਂ ਦੇ ਫਸੇ ਹੋਏ ਹਨ। ਜ਼ਮੀਨੀ ਪੱਧਰ ’ਤੇ ਹਾਲਾਤ ਬੇਹੱਦ ਹੀ ਗੰਭੀਰ ਹਨ। ਪੰਜਾਬ ’ਚ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਦਾ ਡਿਸਚਾਰਜ ਹੋਇਆ ਹੈ। ਇਹ ਡਿਸਚਾਰਜ ਡੈਮਾਂ ਤੋਂ 2 ਲੱਖ ਕਿਊਸਿਕ ਹੋਇਆ ਹੈ, ਬਾਕੀ ਸਾਰਾ ਹਿਮਾਚਲ, ਜੰਮੂ ਅਤੇ ਬਾਕੀ ਸੂਬਿਆਂ ਦੀਆਂ ਖੱਡਾਂ ’ਚੋਂ ਹੋਇਆ ਹੈ। ਇਸ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ’ਚ ਬਹੁਤ ਵੱਡੀ ਮਾਤਰਾ ’ਚ ਪਾਣੀ ਨੇ ਨੁਕਸਾਨ ਕੀਤਾ ਹੈ। ਇਸ ਲਈ 7 ਜ਼ਿਲ੍ਹਿਆਂ ਦੇ ਇੱਕ ਹਜ਼ਾਰ ਪਿੰਡ ਪ੍ਰਭਾਵਿਤ ਹੋਏ ਹਨ।
ਘਰਾਂ ਦੇ ਘਰ ਪਾਣੀ ’ਚ ਡੁੱਬੇ ਹੋਏ ਹਨ, ਫ਼ਸਲਾਂ ਤਬਾਹ ਹੋ ਗਈਆਂ ਹਨ ਅਤੇ ਦਰਿਆ ਨੱਕੋ-ਨੱਕ ਭਰੇ ਹੋਏ ਹਨ। ਸੂਬੇ ਦੇ ਸੱਤ ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ’ਚ ਨਾ ਤਾਂ ਪਾਣੀ ਅਤੇ ਨਾ ਹੀ ਲੋਕਾਂ ਦੀਆਂ ਮੁਸੀਬਤਾਂ ਘਟੀਆਂ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਜਿਧਰ ਦੇਖੋ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਫ਼ੌਜ, ਐਨ.ਡੀ.ਆਰ.ਐਫ ਅਤੇ ਪ੍ਰਸ਼ਾਸਨ ਤਰਫ਼ੋਂ ਬਚਾਅ ਕਾਰਜਾਂ ਦੀ ਰਫ਼ਤਾਰ ਵਧਾ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਹੜ੍ਹਾਂ ਦੌਰਾਨ 24 ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਜਦੋਂ ਕਿ ਮਾਧੋਪੁਰ ਹੈੱਡ ਵਰਕਸ ’ਤੇ ਫਲੱਡ ਗੇਟ ਖੋਲ੍ਹਣ ਸਮੇਂ ਇੱਕ ਚਾਰਜਮੈਨ ਪਾਣੀ ’ਚ ਵਹਿ ਗਿਆ ਸੀ, ਜਿਸ ਦਾ ਹਾਲੇ ਤੱਕ ਥਹੁ-ਪਤਾ ਨਹੀਂ ਲੱਗਾ ਹੈ। ਸੂਬੇ ਦੇ ਸੱਤ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮਿ੍ਰਤਸਰ, ਤਰਨ ਤਾਰਨ, ਕਪੂਰਥਲਾ, ਫਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਪਿੰਡ ਹੜ੍ਹਾਂ ਦੇ ਪਾਣੀ ਦੀ ਮਾਰ ਹੇਠ ਹਨ, ਜਿਨ੍ਹਾਂ ’ਚੋਂ 330 ਪਿੰਡ ਗੁਰਦਾਸਪੁਰ, ਪਠਾਨਕੋਟ ਅਤੇ ਅੰਮਿ੍ਰਤਸਰ ਜ਼ਿਲ੍ਹਿਆਂ ਦੇ ਹਨ। ਇਸੇ ਤਰ੍ਹਾਂ ਤਰਨ ਤਾਰਨ ਦੇ ਕਰੀਬ 50 ਪਿੰਡ ਅਤੇ ਫਿਰੋਜ਼ਪੁਰ ਦੇ 60 ਪਿੰਡ ਵੀ ਪਾਣੀ ਤੋਂ ਪ੍ਰਭਾਵਿਤ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਕਰੀਬ 300 ਸਰਕਾਰੀ ਸਕੂਲ ਵੀ ਪ੍ਰਭਾਵਿਤ ਹੋਏ ਹਨ। ਖੇਤੀ ਮਹਿਕਮੇ ਅਨੁਸਾਰ ਹੜ੍ਹਾਂ ਕਾਰਨ ਹੁਣ ਤੱਕ 16 ਜ਼ਿਲ੍ਹਿਆਂ ’ਚ 3 ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ।

ਘੱਗਰ ਨਦੀ ਵਿਚ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਅਤੇ ਪੂਰੇ ਖੇਤਰ ਵਿੱਚ ਭਾਰੀ ਮੀਂਹ ਅਤੇ ਸੁਖਨਾ ਝੀਲ ਦੇ ਫਲੱਡ ਗੇਟ ਖੁੱਲ੍ਹਣ ਤੋਂ ਬਾਅਦ ਮੁਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਹੜ੍ਹਾਂ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ। ਘੱਗਰ ਨਦੀ ਹਿਮਾਚਲ ਪ੍ਰਦੇਸ਼ ਤੋਂ ਨਿਕਲਦੀ ਹੈ ਅਤੇ ਪੰਜਾਬ ਵਿੱਚੋਂ 165 ਕਿਲੋਮੀਟਰ ਦਾ ਰਸਤਾ ਤੈਅ ਕਰਦੀ ਹੈ ਅਤੇ ਮੁਹਾਲੀ ਦੇ ਮੁਬਾਰਿਕਪੁਰ ਪਿੰਡ ਵਿੱਚ ਸੂਬੇ ’ਚ ਦਾਖਲ ਹੁੰਦੀ ਹੈ, ਜਿੱਥੇ ਇਸ ਨੇ ਕੱੁਝ ਨੁਕਸਾਨ ਪਹੁੰਚਾਇਆ ਹੈ। ਨੀਵੇਂ ਇਲਾਕਿਆਂ ਅਤੇ ਦਰਿਆ ਕੰਢੇ ਰਹਿੰਦੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਅਪਡੇਟਸ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਬਨੂੜ ਖੇਤਰ ਵਿੱਚੋਂ ਲੰਘਦੇ ਘੱਗਰ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਤਿੰਨ ਫੁੱਟ ਉੱਪਰ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਘੱਗਰ ਵਿੱਚ ਪਾਣੀ ਦਾ ਪੱਧਰ ਸਵੇਰੇ ਤਿੰਨ ਵਜੇ ਵਧਣਾ ਸ਼ੁਰੂ ਹੋਇਆ ਅਤੇ 8 ਵਜੇ ਤੱਕ ਇਸ ਦਾ ਪੱਧਰ ਸਾਢੇ 11 ਫੁੱਟ ਦੀ ਉਚਾਈ ਤੱਕ ਪਹੁੰਚ ਗਿਆ ਸੀ।
ਘੱਗਰ ਦਾ ਖਤਰੇ ਦਾ ਨਿਸ਼ਾਨ 8 ਫੁੱਟ ਤੋਂ ਆਰੰਭ ਹੁੰਦਾ ਏ। ਇਸੇ ਤਰਾਂ, ਰਾਵੀ ’ਚ ਆਏ ਭਿਆਨਕ ਹੜ੍ਹ ਨੇ ਪਹਿਲਾਂ ਨਾਲੋਂ ਵੀ ਹੋਰ ਵਿਕਰਾਲ ਰੂਪ ਧਾਰਨ ਕਰਦਿਆਂ ਬਹੁਤ ਸਾਰੀਆਂ ਨਵੀਆਂ ਥਾਵਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪਲ-ਪਲ ਵੱਧ ਰਹੇ ਪਾਣੀ ਦੇ ਪੱਧਰ ਨੇ ਸਰਹੱਦੀ ਕਸਬਾ ਗੱਗੋਮਾਹਲ ਤੋਂ ਇਤਿਹਾਸਿਕ ਕਸਬਾ ਰਮਦਾਸ ਭਾਵ ਧੁੱਸੀ ਬੰਨ੍ਹ ਨੇੜਲੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਹੁਣ ਆਪਣਾ ਰੁਖ ਅਜਨਾਲਾ-ਫਤਹਿਗੜ੍ਹ ਚੂੜੀਆਂ ਮੁੱਖ ਮਾਰਗ ਅਤੇ ਸਥਿਤ ਕਸਬਾ ਚਮਿਆਰੀ ਦੇ ਲਹਿੰਦੇ ਪਾਸੇ ਵੱਲ ਨੂੰ ਕਰ ਲਿਆ ਹੈ।
ਲੰਘੇ ਕਈ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਵੀ ਪਾਇਆ ਜਾ ਰਿਹਾ ਹੈ। ਹੁਣ ਜਦਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਤਾਂ ਹੁਣ ਸਤਲੁਜ ਦਰਿਆ ਵਿੱਚ ਵੱਧ ਰਹੇ ਲਗਾਤਾਰ ਪਾਣੀ ਕਾਰਨ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਹੈ। ਪਿਛਲੇ ਦੋ ਦਿਨਾਂ ਤੋਂ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਹਰੀਕੇ ਹੈੱਡ ਵਰਕਸ ਤੋਂ ਅੱਗੇ ਸਤਲੁਜ ਦਰਿਆ ਵਿੱਚ ਆਏ ਹੜ੍ਹਾਂ ਕਾਰਨ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਭਾਰਤੀ ਫੌਜ ਅਤੇ ਐਨਡੀਆਰਐਫ਼ ਦੀਆਂ ਟੀਮਾਂ ਭੇਜੀਆਂ ਗਈਆਂ ਅਤੇ ਕਈ ਪਰਿਵਾਰਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ। ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਵਿੱਚ ਘਿਰੇ ਕਈ ਪਰਿਵਾਰ ਆਪਣੇ ਘਰ ਛੱਡਣ ਦੀ ਤਿਆਰ ਨਹੀਂ ਸਨ ਪਰ ਹੁਣ ਸਤਲੁਜ ਦਰਿਆ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧਣ ਕਾਰਨ ਅਤੇ ਮੌਸਮ ਵਿਭਾਗ ਵੱਲੋਂ ਆਉਂਦੇ ਦੋ ਤਿੰਨ ਦਿਨਾਂ ਵਿੱਚ ਭਾਰੀ ਮੀਂਹ ਹੋਣ ਦੇ ਅਲਰਟ ਜਾਰੀ ਕਰਨ ਮਗਰੋਂ ਇਨ੍ਹਾਂ ਪਰਿਵਾਰਾਂ ਕੋਲ ਆਪਣੇ ਘਰ ਛੱਡਣ ਦਾ ਸਿਵਾਏ ਕੋਈ ਚਾਰਾ ਨਹੀਂ ਰਿਹਾ।
ਹੜ ਕਾਰਨ ਪੰਜਾਬ ਦੇ ਪੇਂਡੂ ਅਰਥਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ ਜਿੱਥੇ ਫਸਲਾਂ ਨੁਕਸਾਨੀਆਂ ਗਈਆਂ ਹਨ ਅਤੇ ਹਰੇ ਚਾਰੇ ਅਤੇ ਪਸ਼ੂ ਧਨ ਦਾ ਵੀ ਵੱਡੇ ਪੱਧਰ ਉੱਤੇ ਉਜਾੜਾ ਹੋਇਆ ਹੈ। ਸਪਸ਼ਟ ਨਜ਼ਰ ਆ ਰਿਹਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਜੋ ਹੜ ਦੀ ਸਥਿਤੀ ਹੈ ਉਹ ਦੋ ਸਾਲ ਪਹਿਲਾਂ ਯਾਨੀ ਕਿ ਸਾਲ 2023 ਵਿੱਚ ਆਏ ਹੜ ਨਾਲੋਂ ਵੀ ਜ਼ਿਆਦਾ ਵੱਡੀ ਨਜ਼ਰ ਆ ਰਹੀ ਹੈ। ਇਸ ਦਰਮਿਆਨ ਦਰਿਆ ਕੰਢੇ ਅਤੇ ਨੀਵੇਂ ਇਲਾਕਿਆਂ ਵਿੱਚ ਰਹਿੰਦੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਇੱਕ ਵੱਡਾ ਰੋਸ ਇਹ ਹੈ ਕਿ ਸਰਕਾਰ ਵੱਲੋਂ ਬਰਸਾਤ ਦੇ ਦਿਨ ਆਉਣ ਤੋਂ ਪਹਿਲਾਂ ਇਸ ਸਬੰਧੀ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ। ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਲੋਕਾਂ ਦਾ ਨੁਕਸਾਨ ਹੋਣ ਤੋਂ ਬਾਅਦ ਉਨਾਂ ਨੂੰ ਮੁਆਵਜ਼ਾ ਦੇਣ ਦੀ ਥਾਂ ਇਹੀ ਰਕਮ ਖਰਚ ਕਰਕੇ ਬਰਸਾਤਾਂ ਦੇ ਆਉਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਕਿਉਂ ਨਹੀਂ ਕੀਤੇ ਜਾਂਦੇ?
ਓਧਰ, ਆਮ ਦਿਨਾਂ ਵਿੱਚ ਪੰਜਾਬ ਤੋਂ ਪਾਣੀ ਮੰਗਣ ਵਾਲੇ ਸੂਬੇ ਵੀ ਹੁਣ ਪੰਜਾਬ ਦਾ ਪਾਣੀ ਲੈਣ ਤੋਂ ਤੌਬਾ ਕਰ ਰਹੇ ਹਨ। ਹਰਿਆਣਾ ਕੱੁਝ ਹਫ਼ਤੇ ਪਹਿਲਾਂ ਤੱਕ ਤਾਂ ਪੰਜਾਬ ਤੋਂ ਵਾਧੂ ਪਾਣੀ ਲੈਣ ਲਈ ਲੜਾਈ ਲੜ ਰਿਹਾ ਸੀ ਪਰ ਹੁਣ ਜਦੋਂ ਪੰਜਾਬ ’ਚ ਹੜ੍ਹ ਆ ਗਏ ਹਨ ਤਾਂ ਗੁਆਂਢੀ ਸੂਬੇ ਨੇ ਹੁਣ ਹੋਰ ਪਾਣੀ ਲੈਣ ਤੋਂ ਤੌਬਾ ਕਰ ਲਈ ਹੈ। ਪੰਜਾਬ ’ਚ ਕੁਦਰਤੀ ਆਫ਼ਤ ਦੀ ਬਣੀ ਸਥਿਤੀ ਮੌਕੇ ਹੁਣ ਹਰਿਆਣਾ ਆਖ ਰਿਹਾ ਕਿ ‘ਸਾਡਾ ਪਾਣੀ ਘਟਾ ਦਿਓ’। ਪੰਜਾਬ ਸਰਕਾਰ ਨੇ ਹੜ੍ਹਾਂ ਦੀ ਸਥਿਤੀ ਦੌਰਾਨ 22 ਅਗਸਤ ਨੂੰ ਹਰਿਆਣਾ ਨੂੰ ਪੱਤਰ ਲਿਖ ਕੇ ਦਰਿਆਈ ਪਾਣੀਆਂ ’ਚੋਂ ਹੋਰ ਪਾਣੀ ਦੇਣ ਦੀ ਪੇਸ਼ਕਸ਼ ਕੀਤੀ ਸੀ। ਹਰਿਆਣਾ ਨੇ ਪੰਜਾਬ ਦੀ ਅਪੀਲ ’ਤੇ ਹੋਰ ਵਾਧੂ ਦਰਿਆਈ ਪਾਣੀ ਲੈਣ ਤੋਂ ਹਫ਼ਤਾ ਭਰ ਚੁੱਪ ਵੱਟੀ ਰੱਖੀ ਅਤੇ ਹੁਣ ਪੱਤਰ ਲਿਖ ਕੇ ਹਰਿਆਣਾ ਭਾਖੜਾ ਨਹਿਰ ’ਚ ਪਾਣੀ ਘੱਟ ਕਰਨ ਵਾਸਤੇ ਆਖਿਆ ਹੈ।
ਜੇਕਰ ਹੜ ਦੇ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਇੰਨੇ ਮੀਂਹ ਨਹੀਂ ਪਏ ਜਿੰਨਾ ਪਾਣੀ ਭਰ ਗਿਆ ਹੈ। ਸਪਸ਼ਟ ਤੌਰ ‘ਤੇ ਪੰਜਾਬ ਵਿੱਚ ਹੜ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਡੈਮਾਂ ਤੋਂ ਫਲੱਡ ਗੇਟ ਖੋਲ ਕੇ ਜੋ ਪਾਣੀ ਛੱਡਿਆ ਗਿਆ ਹੈ ਉਸ ਨਾਲ ਵੱਡੇ ਪੱਧਰ ਉੱਤੇ ਹੜ ਆਇਆ ਹੈ ਅਤੇ ਡੈਮਾਂ ਵਿੱਚ ਪਾਣੀ ਇਸ ਕਰਕੇ ਭਰਿਆ ਕਿਉਂਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਅਤੇ ਉਥੋਂ ਪਾਣੀ ਦੇ ਤੇਜ਼ ਵਹਾਅ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧਦਾ ਗਿਆ। ਦਰਿਆਵਾਂ ਦਾ ਪਾਣੀ ਭਾਵੇਂ ਹੋਰਨਾਂ ਸੂਬਿਆਂ ਨੂੰ ਵੀ ਜਾਂਦਾ ਹੈ ਪਰ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੂੰ ਝੱਲਣਾ ਪੈਂਦਾ ਹੈ ਅਤੇ ਇਸ ਵਾਰ ਵੀ ਇਓਂ ਹੀ ਹੋਇਆ ਹੈ। ਸਾਲ 2023 ਵਾਂਗ ਇਸ ਵਾਰ ਵੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਦਕਿ ਐਤਕੀਂ ਮੌਸਮ ਵਿਭਾਗ ਨੇ ਭਰਵੇਂ ਮੌਨਸੂਨ ਦੀ ਭਵਿੱਖਬਾਣੀ ਪਹਿਲਾਂ ਹੀ ਜਾਰੀ ਕੀਤੀ ਹੋਈ ਸੀ।






