*ਵੱਖ ਵੱਖ ਕੌਮਾਂਤਰੀ ਮਸਲਿਆਂ ਅਤੇ ਦਸਤਾਵੇਜ਼ਾਂ ਉੱਤੇ ਹੋਈ ਚਰਚਾ
ਨਿਊਯਾਰਕ/ਪੰਜਾਬ ਪੋਸਟ
ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜੀ-4 ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਦਸਤਾਵੇਜ਼ ਆਧਾਰਿਤ ਵਾਰਤਾ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਤੁਰੰਤ ਸੁਧਾਰ ਲਈ ਇਸ ਸਮੂਹ ਦੀ ਵਚਨਬੱਧਤਾ ਦੁਹਰਾਈ। ਲਿਖਤੀ ਦਸਤਾਵੇਜ਼ ਆਧਾਰਿਤ ਵਾਰਤਾ ਤੋਂ ਭਾਵ ਕਿਸੇ ਸਮਝੌਤੇ ਦੀ ਅਜਿਹੀ ਵਿਸ਼ਾ ਵਸਤੂ ਤਿਆਰ ਕਰਨ ਦੀ ਪ੍ਰਕਿਰਿਆ ਤੋਂ ਹੈ, ਜਿਸ ਨੂੰ ਸਵੀਕਾਰ ਕਰਨ ਅਤੇ ਜਿਸ ’ਤੇ ਦਸਤਖ਼ਤ ਕਰਨ ਲਈ ਸਾਰੀਆਂ ਧਿਰਾਂ ਸਹਿਮਤ ਹੋਣ। ਜੀ-4 ਮੁਲਕਾਂ ’ਚ ਬ੍ਰਾਜ਼ੀਲ, ਜਰਮਨੀ, ਭਾਰਤ ਤੇ ਜਪਾਨ ਸ਼ਾਮਲ ਹਨ। ਭਾਰਤ, ਸੁਰੱਖਿਆ ਕੌਂਸਲ ’ਚ ਸੁਧਾਰ ਲਈ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ’ਚ ਮੋਹਰੀ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ 1945 ’ਚ ਸਥਾਪਤ 15 ਦੇਸ਼ਾਂ ਦੀ ਕੌਂਸਲ 21ਵੀਂ ਸਦੀ ਦੇ ਮਕਸਦ ਪੂਰੇ ਕਰਨ ਲਈ ਢੁੱਕਵੀਂ ਨਹੀਂ ਹੈ। ਉਸ ਦਾ ਮੰਨਣਾ ਹੈ ਕਿ ਇਹ ਸਮਕਾਲੀ ਭੂ-ਰਾਜਨੀਤਕ ਸੱਚਾਈਆਂ ਦੀ ਨਿਸ਼ਾਨਦੇਹੀ ਨਹੀਂ ਕਰਦੀ। ਧੜਿਆਂ ’ਚ ਵੱਡੀ ਹੋਈ ਸੁਰੱਖਿਆ ਕੌਂਸਲ ਸ਼ਾਂਤੀ ਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ ’ਚ ਨਾਕਾਮ ਰਹੀ ਹੈ। ਉਸ ਦੇ ਮੈਂਬਰ ਯੂਕਰੇਨ ਜੰਗ ਤੇ ਇਜ਼ਰਾਈਲ-ਹਮਾਸ ਜੰਗ ਜਿਹੇ ਮੁੱਦਿਆਂ ’ਤੇ ਵੰਡੇ ਹੋਏ ਹਨ। ਇਸ ਦਰਮਿਆਨ, ਜੈਸ਼ੰਕਰ ਨੇ ਵੈਨੇਜ਼ੁਏਲਾ ਦੇ ਆਪਣੇ ਹਮਰੁਤਬਾ ਯਵਾਨ ਗਿਲ ਨਾਲ ਵੀ ਊਰਜਾ ਅਤੇ ਆਰਥਿਕ ਸਹਿਯੋਗ ਅਤੇ ਹੋਰ ਮੁੱਦਿਆਂ ’ਤੇ ਗੱਲਬਾਤ ਕੀਤੀ।