ਸ. ਸੰਧੂ ਨੇ ਦੇਸ਼ ਲਈ ਮਿਸਾਲੀ ਸੇਵਾਵਾਂ ਨਿਭਾਈਆਂ ਅਤੇ ਹੁਣ ਚੁਣੇ ਜਾਣ ’ਤੇ ਅੰਮਿ੍ਰਤਸਰ ਦੇ ਸਰਬਪੱਖੀ ਵਿਕਾਸ ਵਿੱਚ ਪਾਉਣਗੇ ਵੱਡਾ ਯੋਗਦਾਨ : ਜੈਸ਼ੰਕਰ
ਅੰਮਿ੍ਰਤਸਰ/ਪੰਜਾਬ ਪੋਸਟ
ਲੋਕ ਸਭਾ ਹਲਕਾ ਅੰਮਿ੍ਰਤਸਰ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਓਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਵਿਸ਼ੇਸ਼ ਤੌਰ ’ਤੇ ਉਨਾਂ ਦੇ ਨਾਲ ਨਜ਼ਰ ਆਏ ਅਤੇ ਦੋਹਾਂ ਸ਼ਖਸੀਅਤਾਂ ਨੇ ਲੋਕਾਂ ਦੇ ਨਾਲ ਸਿੱਧਾ ਸੰਵਾਦ ਰਚਾਇਆ। ਬੀਤੇ ਦਿਨ ਨਾਮਜ਼ਦਗੀ ਕਾਗਜ ਦਾਖਲ ਕਰਨ ਦੀ ਪ੍ਰਕਿਰਿਆ ਦੌਰਾਨ ਵੀ ਡਾ. ਐੱਸ. ਜੈਸ਼ੰਕਰ ਅੰਮਿ੍ਰਤਸਰ ਵਿੱਚ ਹੀ ਮੌਜੂਦ ਸਨ ਅਤੇ ਇਸ ਉਪਰੰਤ ਉਨਾਂ ਅੰਮਿ੍ਰਤਸਰ ਦੀ ਆਰਟ ਗੈਲਰੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਸ਼ਹਿਰ ਦੇ ਲੋਕਾਂ ਅਤੇ ਬੁੱਧੀਜੀਵੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕੀਤਾ।
ਵਿਦੇਸ਼ੀ ਧਰਤੀ ਅਤੇ ਖਾਸਕਰ ਅਮਰੀਕਾ ਵਰਗੇ ਮੁਲਕ ਵਿੱਚ ਭਾਰਤ ਦੇ ਰਾਜਦੂਤ ਵਜੋਂ ਤਰਨਜੀਤ ਸਿੰਘ ਸੰਧੂ ਦੀਆਂ ਸੇਵਾਵਾਂ ਦੀ ਭਰਵੀਂ ਸ਼ਲਾਘਾ ਕਰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੇ ਮਿਸਾਲੀ ਸੇਵਾਵਾਂ ਨਿਭਾਈਆਂ ਹਨ ਜਿਨ੍ਹਾਂ ਦਾ ਦੇਸ਼ ਨੂੰ ਕਾਫੀ ਲਾਭ ਹੋਇਆ। ਡਾ. ਐੱਸ. ਜੈਸ਼ੰਕਰ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੇ ਪੂਰੇ ਦਿਲ ਨਾਲ ਦੇਸ਼ ਦੀ ਸੇਵਾ ਕੀਤੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹ ਅੰਮਿ੍ਰਤਸਰ ਦੀ ਸੇਵਾ ਕਰਨ ਅਤੇ ਉਹ ਤਾਂ ਹੀ ਸ਼ਹਿਰ ਦੀ ਸੇਵਾ ਕਰ ਸਕਦੇ ਹਨ ਜਦੋਂ ਇੱਥੋਂ ਦੇ ਲੋਕ ਉਨ੍ਹਾਂ ਨੂੰ ਆਪਣੇ ਐੱਮ. ਪੀ. ਵਜੋਂ ਚੁਣ ਕੇ ਸੇਵਾ ਕਰਨ ਦਾ ਮੌਕਾ ਦੇਣਗੇ।
ਅੰਮਿ੍ਰਤਸਰ ਆਰਟ ਗੈਲਰੀ ਵਿੱਚ ਬੁੱਧੀਜੀਵੀ ਸੰਮੇਲਨ ਦੌਰਾਨ ਹੀ ਉਹਨਾਂ ਵਿਕਸਤ ਭਾਰਤ ਅਤੇ ਵਿਕਸਤ ਅੰਮਿ੍ਰਤਸਰ ਸੰਕਲਪ ਲਈ ਮੋਦੀ ਸਰਕਾਰ ਵੱਲੋਂ ਉਲੀਕੀ ਗਈ ਯੋਜਨਾ ਦੀ ਤਸਵੀਰ ਵੀ ਸਾਂਝੀ ਕੀਤੀ। ਉਹਨਾਂ ਖੁੱਲ੍ਹੇ ਸ਼ਬਦਾਂ ਨਾਲ ਦੱਸਿਆ ਕਿ ਜਿਵੇਂ ਤਰਨਜੀਤ ਸਿੰਘ ਸੰਧੂ ਨੇ ਅਮਰੀਕਾ ਵਿੱਚ ਆਪਣੇ ਕਾਰਜਕਾਲ ਦੌਰਾਨ ਸਿੱਖਾਂ ਬਾਰੇ ਕਾਂਗਰਸ ਸਰਕਾਰ ਵਲੋਂ ਬਣਾਈ ਗਈ ਕਾਲੀ ਸੂਚੀ ਖਤਮ ਕਰਵਾਉਣ ਅਤੇ ਅਮਰੀਕਾ ਵਿੱਚ ਰਾਜਸੀ ਸ਼ਰਨ ਵਾਲੇ ਸਿੱਖਾਂ ਲਈ ਪਾਸਪੋਰਟ ਅਤੇ ਵੀਜ਼ਾਂ ਨੇਮਾਂ ਵਿੱਚ ਛੋਟ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਉਸੇ ਤਰ੍ਹਾਂ ਹੀ ਅਮਰੀਕਾ ਦੇ ਭਾਰਤ ਨਾਲ ਸਬੰਧਾਂ ਨੂੰ ਵੀ ਇਹਨਾਂ ਨਵੀਆਂ ਉਚਾਈਆਂ ਤੱਕ ਲਿਜਾਣ ਵਿੱਚ ਸ. ਤਰਨਜੀਤ ਸਿੰਘ ਸੰਧੂ ਨੇ ਆਪਣੀ ਕੂਟਨੀਤਿਕ ਸਿਆਣਪ ਦਾ ਸਬੂਤ ਦਿੱਤਾ।
ਇਸ ਸਮਾਗਮ ਵਿੱਚ ਅਹਿਮ ਮੁੱਦਿਆਂ, ਜਿਨ੍ਹਾਂ ਵਿੱਚ ਭਾਰਤ ਦੀ ਵਿਦੇਸ਼, ਵਪਾਰ, ਰੱਖਿਆ, ਤਕਨਾਲੌਜੀ, ਸਿੱਖਿਆ ਦੇ ਖੇਤਰ ਬਾਰੇ ਗੰਭੀਰ ਚਰਚਾ ਹੋਈ। ਇਸ ਚਰਚਾ ਦੌਰਾਨ ਹੀ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਭੁਪਿੰਦਰ ਸਿੰਘ ਰੰਧਾਵਾ ਵੱਲੋਂ ਸਿੱਖਾਂ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੇ ਉਸ ਅਹਿਮ ਸਰੋਕਾਰ, ਜਿਸ ਵਿੱਚ ਕਰਤਾਰਪੁਰ ਸਾਹਿਬ ਜਾਣ ਲਈ 20 ਡਾਲਰ ਫੀਸ ਚਾਰਜ ਕਰਨ ਅਤੇ ਪਾਸਪੋਰਟ ਲਾਜ਼ਮੀ ਹੋਣਾ ਸ਼ਾਮਲ ਹਨ, ਦੇ ਉੱਤਰ ਵਿੱਚ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਕਿਹਾ ਕਿ 20 ਡਾਲਰ ਦੀ ਫੀਸ ਸਾਡੇ ਦੁਆਰਾ ਨਹੀਂ ਬਲਕਿ ਪਾਕਿਸਤਾਨ ਦੁਆਰਾ ਲਗਾਈ ਗਈ ਸੀ। ਉਨ੍ਹਾਂ ਭਰੋਸਾ ਦੁਆਇਆ ਹੈ ਕਿ ਉਹ ਯਕੀਨੀ ਤੌਰ ’ਤੇ ਇਸ ਮੁੱਦੇ ਨੂੰ ਪਾਕਿਸਤਾਨ ਸਰਕਾਰ ਕੋਲ ਉਠਾਉਣਗੇ ਅਤੇ ਅਸੀਂ ਇਸ ’ਤੇ ਕੋਈ ਫੈਸਲਾ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਹ ਬਹੁਤ ਸਾਰੇ ਲੋਕ, ਜੋ ਕਰਤਾਰਪੁਰ ਸਾਹਿਬ ਜਾਣਾ ਚਾਹੁੰਦੇ ਹਨ, ਉਹ ਵੀ ਦਰਸ਼ਨ ਦੀਦਾਰੇ ਕਰ ਸਕਣ।