*ਮੌਜੂਦਾ ਸਮੇਂ ਟਰੰਪ ਨੂੰ ਮਜ਼ਬੂਤ ਕਰਾਰ ਦਿੱਤਾ ਹਾਲਾਂਕਿ ਕਮਲਾ ਹੈਰਿਸ ਕੋਲ ਵੀ ਕਾਫੀ ਨੁਕਤੇ ਮੌਜੂਦ : 6 ਸੂਬੇ ਅਹਿਮ ਭੂਮਿਕਾ ਨਿਭਾਉਣਗੇ
ਅੰਮ੍ਰਿਤਸਰ, ਵਾਸ਼ਿੰਗਟਨ/ਪੰਜਾਬ ਪੋਸਟ
ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ, ਅਮਰੀਕਾ ਵਿੱਚ ਬਣੇ ਸਿਆਸੀ ਮਾਹੌਲ ਉੱਤੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਨ੍ਹਾਂ ਮੁਤਾਬਕ ਮੌਜੂਦਾ ਸਮੇਂ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਦੌੜ ਵਿੱਚ ਅੱਗੇ ਵਧਦੇ ਨਜ਼ਰ ਆ ਰਹੇ ਹਨ ਹਾਲਾਂਕਿ ਉਨਾਂ ਨੇ ਇਹ ਵੀ ਕਿਹਾ ਕਿ ਅਮਰੀਕੀ ਰਾਜਨੀਤੀ ਬਹੁਤ ਦਿਲਚਸਪ ਹੈ। ਤਰਨਜੀਤ ਸਿੰਘ ਸੰਧੂ ਨੇ ਦੱਸਿਆ ਹੈ ਕਿ ਅਮਰੀਕਾ ਦੀਆਂ ਚੋਣਾਂ ਵਿੱਚ ਚੋਣ ਪ੍ਰਣਾਲੀ 50 ਵਿਚੋਂ ਛੇ ਰਾਜਾਂ ‘ਤੇ ਨਿਰਭਰ ਕਰਦੀ ਹੈ। ਇਸ ਲਈ ਛੇ ਰਾਜਾਂ ਦੇ ਨਤੀਜੇ ਵੱਡਾ ਫਰਕ ਲਿਆ ਸਕਦੇ ਹਨ। ਇਸ ਅਧਾਰ ਉੱਤੇ ਕਈ ਲੋਕ ਮੰਨ ਰਹੇ ਹਨ ਕਿ ਰਿਪਬਲਿਕਨ ਪਾਰਟੀ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ। ਤਰਨਜੀਤ ਸਿੰਘ ਸੰਧੂ ਨੇ ਇਹ ਵੀ ਕਿਹਾ ਹੈ ਕਿ ਡੈਮੋਕ੍ਰੇਟਿਕ ਪਾਰਟੀ ਦੇ ਸਾਹਮਣੇ ਕਈ ਚੁਣੌਤੀਆਂ ਹਨ ਪਰ ਇਹ ਚੁਣੌਤੀਆਂ ਮੌਕਿਆਂ ਵਿੱਚ ਵੀ ਬਦਲ ਸਕਦੀਆਂ ਹਨ। ਕਮਲਾ ਹੈਰਿਸ ਦੀ ਦਾਅਵੇਦਾਰੀ ਸਬੰਧੀ ਸ. ਸੰਧੂ ਨੇ ਕਿਹਾ ਹੈ ਕਿ ਜਦੋਂ ਕੋਈ ਨਵਾਂ ਚਿਹਰਾ ਅੱਗੇ ਹੁੰਦਾ ਹੈ, ਤਾਂ ਇਹ ਪਾਰਟੀ ਨੂੰ ਨਵੀਂ ਊਰਜਾ ਵੀ ਦਿੰਦਾ ਹੈ ਅਤੇ ਡੈਮੋਕ੍ਰੇਟਿਕ ਪਾਰਟੀ ਵਿਚ ਅਫਰੀਕਨ-ਅਮਰੀਕਨ ਔਰਤ ਦਾ ਹੋਣਾ ਇੱਕ ਮਜ਼ਬੂਤ ਨੁਕਤਾ ਬਣਦਾ ਹੈ। ਉਹਨਾਂ ਇਸ ਗੱਲ ਨੂੰ ਇੱਕ ਚੰਗਾ ਪਹਿਲੂ ਮੰਨਿਆ ਹੈ ਕਿ ਭਾਰਤ, ਡੈਮੋਕਰੇਟਿਕ ਅਤੇ ਰਿਪਬਲਿਕਨ ਦੋਵਾਂ ਪਾਰਟੀਆਂ ਨਾਲ ਚੰਗਾ ਵਤੀਰਾ ਰੱਖ ਰਿਹਾ ਹੈ ਅਤੇ ਇਸ ਸਦਕਾ ਅਮਰੀਕਾ ਅਤੇ ਭਾਰਤ ਦੇ ਸਬੰਧ ਮਜ਼ਬੂਤ ਹਨ।