ਬੇਂਗਲੁਰੂ/ਪੰਜਾਬ ਪੋਸਟ
ਸਾਬਕਾ ਵਿਦੇਸ਼ ਮੰਤਰੀ ਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਸਐੱਮ ਕ੍ਰਿਸ਼ਨਾ ਦਾ ਦੇਰ ਰਾਤ ਉਨ੍ਹਾਂ ਦੇ ਘਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰਕ ਸੂਤਰ ਨੇ ਦੱਸਿਆ ਕਿ 92 ਸਾਲ ਦੇ ਸੀਨੀਅਰ ਸਿਆਸੀ ਆਗੂ ਐੱਸਐੱਮ ਕ੍ਰਿਸ਼ਨਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਆਪਣੀ ਰਿਹਾਇਸ਼ ’ਤੇ ਰਾਤ 2.45 ਵਜੇ ਆਖਰੀ ਸਾਹ ਲਿਆ। ਉਨ੍ਹਾਂ ਦੀ ਦੇਹ ਮੱਦੁਰ ਲਿਜਾਈ ਜਾਵੇਗੀ, ਜਿੱਥੇ ਅੱਜ ਉਨ੍ਹਾਂ ਦਾ ਸਰਕਾਰੀ ਸਨਮਾਨ ਨਾਲ ਸਸਕਾਰ ਕੀਤਾ ਜਾਵੇਗਾ। ਸੋਮਨਹੱਲੀ ਮਲੱਈਆ ਕ੍ਰਿਸ਼ਨਾ ਦੇ ਪਰਿਵਾਰ ’ਚ ਉਨ੍ਹਾਂ ਦੀ ਪਤਨੀ ਪ੍ਰੇਮਾ ਅਤੇ ਦੋ ਧੀਆਂ ਸਾਂਭਵੀ ਤੇ ਮਾਲਵਿਕਾ ਹਨ। ਕਰਨਾਟਕ ਸਰਕਾਰ ਨੇ ਸੂਬੇ ’ਚ ਤਿੰਨ ਦਿਨਾ ਸਰਕਾਰੀ ਸੋਗ ਐਲਾਨਿਆ ਹੈ। ਉਨ੍ਹਾਂ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਹੋਰ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।






