ਨਿਊਯਾਰਕ/ਪੰਜਾਬ ਪੋਸਟ
ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਨ ਨੇ ਸੰਯੁਕਤ ਰਾਸ਼ਟਰ (ਯੂ.ਐਨ) ਦੀ ਆਮ ਸਭਾ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿੱਚ ਭਾਰਤ ਦੀ ਪੱਕੀ ਮੈਂਬਰੀ ਦੀ ਹਮਾਇਤ ਕੀਤੀ ਹੈ ਅਤੇ ਨਾਲ ਹੀ ਯੂ. ਐੱਨ. ਦੀ ਇਸ ਤਾਕਤਵਰ ਸੰਸਥਾ ਦੇ ਮੈਂਬਰਾਂ ਦੀ ਗਿਣਤੀ ਵਧਾਏ ਜਾਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਹੈ। ਅਮਰੀਕਾ ਦੇ ਨਿਊਯਾਰਕ ਵਿਖੇ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਨ ਕਰਦਿਆਂ ਮੈਕਰੌਨ ਨੇ ਕਿਹਾ, ‘‘ਇਸ ਸਮੇਂ ਸਾਡੀ ਸਲਾਮਤੀ ਕੌਂਸਲ ਰੁਕੀ ਹੋਈ ਹੈ। ਸਾਨੂੰ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ ਬਣਾਉਣ ਦੀ ਲੋੜ ਹੈ।’’ ਜ਼ਿਕਰਯੋਗ ਹੈ ਕਿ ਫਰਾਂਸ ਖ਼ੁਦ ਸਲਾਮਤੀ ਕੌਂਸਲ ਦਾ ਪੱਕਾ ਮੈਂਬਰ ਹੈ ਅਤੇ ਇਸੇ ਕਰਕੇ ਫਰਾਂਸ ਦੀ ਹਿਮਾਇਤ ਭਾਰਤ ਲਈ ਕਾਫੀ ਅਹਿਮ ਹੋ ਸਕਦੀ ਹੈ।