ਦੂਸਰੀਆਂ ਪ੍ਰਜਾਤੀਆਂ ਅਤੇ ਸਾਡੇ ਵਿੱਚ ਇੱਕ ਵੱਡਾ ਅੰਤਰ ਇਹ ਹੈ ਕਿ ਉਹ ਕੁਦਰਤ ਰੂਪੀ ਪ੍ਰਮਾਤਮਾ ਨਾਲ ਸਮਾਯੋਜਨ ਕਰਕੇ ਚੱਲਦੀਆਂ ਹਨ ਅਤੇ ਉਸ ਦੁਆਰਾ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਦੀਆਂ ਹਨ, ਪ੍ਰੰਤੂ ਅਸੀਂ ‘ਉਸਦੇ’ ਨਿਯਮਾਂ ਦੀ ਪਾਲਣਾ ਅਤੇ ਉਲੰਘਣਾ ਦੇ ਨਾਲ-ਨਾਲ ‘ਉਸਨੂੰ’ ਲੱਭਣ ਵਿੱਚ ਲੱਗੇ ਹੋਏ ਹਾਂ। ਜਿਵੇਂ ਪ੍ਰਕਾਸ਼ ਦੁਆਰਾ ਵਸਤੂਆਂ ਨੂੰ ਵੇਖਿਆ ਜਾਂਦਾ ਹੈ, ਪ੍ਰੰਤੂ ਪ੍ਰਕਾਸ਼ ਆਪ ਨਹੀਂ ਦਿਸਦਾ ਉਸੇ ਤਰਾਂ ਹੀ ‘ਉਹ’ ਵੀ ਸਾਡੇ ਵਿੱਚ ਅਤੇ ਬਾਹਰ ਹੋ ਕੇ ਸਾਡੀ ਹੋਂਦ ਬਣਾਈ ਰੱਖਦਾ ਹੈ, ਪ੍ਰੰਤੂ ਦਿਸਦਾ ਨਹੀਂ। ਇਹ ਦੌੜ ਚਲਦੀ ਰਹੇਗੀ। ਮਨੁੱਖ ਨੇ ਜਨਮ ਤੋਂ ਹੀ ਨਾ ਹੌਂਸਲਾ ਛੱਡਿਆ ਹੈ ਤੇ ਨਾ ਹੀ ਛੱਡੇਗਾ। ਪਰ ਫੇਰ ਵੀ ‘ਉਸਦਾ’ ਲੁਕਣਾ ਅਤੇ ਸਾਡਾ ਲੱਭਣਾ ਚਲਦਾ ਰਹੇਗਾ।
ਅਸੀਂ ਪਹਿਲਾਂ ਧਰਤੀ ਨੂੰ ਫਰੋਲਿਆਂ ਪਰ ‘ਉਹ’ ਨਾ ਲੱਭਿਆ ਹਿੰਮਤ ਨਾ ਹਾਰਦੇ ਹੋਏ ਗੈਲੀਲਿਓ ਨੇ ਟੈਲੀਸਕੋਪ ਬਣਾ ਕੇ ਉਹ ਸੰਸਾਰ ਅਰਥਾਤ ਉਹ ਬ੍ਰਹਿਮੰਡ ਦਿਖਾਇਆ ਜਿਸਦੀ ਮਨੁੱਖ ਨੇ ਕਲਪਨਾ ਵੀ ਨਹੀਂ ਕੀਤੀ ਸੀ ਅਤੇ ਜਿਸ ਵਿੱਚ ਮਨੁੱਖ ਦੀ ਹੋਂਦ ਰੇਗਿਸਤਾਨ ਦੇ ਇੱਕ ਕਿਣਕੇ ਤੋਂ ਵੀ ਛੋਟੀ ਹੈ। ਕਦਮ-ਕਦਮ ਚਲਦੇ ਹੋਏ ਅਸੀਂ ਗ੍ਰਹਿਆਂ ਤੋਂ ਨਿਕਲ ਕੇ, ਪ੍ਰਕਾਸ਼ ਸਾਲ ਨੂੰ ਆਪਣਾ ਵਾਹਨ ਬਣਾ ਲਿਆ ਅਤੇ ਉਸਦੀ ਸਹਾਇਤਾ ਨਾਲ ਇੱਕ ਗਲੈਕਸੀ ਤੋਂ ਦੂਸਰੀ ਗਲੈਕਸੀ ਤੱਕ ਦਾ ਸਫਰ ਤਹਿ ਕੀਤਾ, ਪਰ ਸਾਡਾ ਉਹ ਜਨਮਦਾਤਾ ਨਾ ਲੱਭਿਆ। ਜਦ ‘ਉਸਦੀ’ ਹੋਂਦ ਦਾ ਪਤਾ ਸਾਨੂੰ ਇੰਨੀਆਂ ਵੱਡੀਆਂ ਰਚਨਾਵਾਂ ਵਿੱਚ ਵੀ ਨਾ ਲੱਗਿਆ ਤਾਂ ਐਟੋਨੀਵਾਨ ਲਿਊਨਹੋਕ ਨੇ ਸੂਖਮਦਰਸ਼ੀ ਬਣਾ ਕੇ ਸਾਨੂੰ ਉਹ ਸੰਸਾਰ ਦਿਖਾਇਆ, ਜਿਸਦਾ ਅਕਾਰ ਸਾਡੇ ਤੋਂ ਵੀ ਕਰੋੜਾਂ ਗੁਣਾ ਛੋਟਾ ਹੈ। ਸੂਖਮਦਰਸ਼ੀ ਦੀ ਸਹਾਇਤਾ ਨਾਲ ਅਸੀਂ ਆਪਣੇ ਲੱਖਾਂ, ਕਰੋੜਾਂ, ਬੈਕਟਰੀਆਂ, ਜੀਵਾਣੂਆਂ, ਵਿਸ਼ਾਣੂਆਂ ਦੀਆਂ ਕਿਸਮਾਂ ਲੱਭੀਆਂ ਅਤੇ ਉਹਨਾਂ ਦੀ ਪੂਰੀ ਦੁਨੀਆਂ ਛਾਣ ਮਾਰੀ, ਪਰ ‘ਉਹ’ ਨਾ ਲੱਭਿਆ। ਇਹ ਖਰਬਾ ਮੀਲ ਦੀ ਟੈਲੀਸਕੋਪ ਤੋਂ ਸੂਖਮਦਰਸ਼ੀ ਦੀ ਦੂਰੀ ਵਿੱਚ ਵੀ ਉਸ ਤੱਕ ਮਨੁੱਖ ਨਾ ਪਹੁੰਚ ਸਕਿਆ। ਜੇ ਸੋਚਿਆ ਜਾਵੇ ਤਾਂ ਸ਼ਾਇਦ ਆਪਣੇ ਅੰਦਰਲੇ ਸੂਖਮ ਜੀਵਾਂ ਦਾ ਵੀ ਇੱਕ ਵੱਖਰਾ ਸੰਸਾਰ ਹੋਵੇਗਾ ਅਤੇ ਉਹ ਵੀ ਆਪਣੇ ਜਨਮਦਾਤਾ ਨੂੰ ਲੱਭਦੇ ਹੋਣਗੇ। ਜੇਕਰ ਕਦੇ ਕੋਈ ਪੈਰ ਦੀ ਉਂਗਲੀ ਦਾ ਸੂਖਮਜੀਵ ਲੱਤ ਤੱਕ ਪਹੁੰਚਦਾ ਹੋਵੇਗਾ ਤਾਂ ਉਹ ਵੀ ਸੋਚਦੇ ਹੋਣਗੇ ਕਿ ਅਸੀਂ ਬ੍ਰਹਿਮੰਡ ਦੇਖ ਲਿਆ ਜਾਂ ਫੇਰ ਕੋਈ ਨਵੀਂ ਗਲੈਕਸੀ ਲੱਭ ਲਈ। ਮਤਲਬ ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਆਪਣੇ ਅੰਦਰ ਵਸਦੇ ਹੋਣਗੇ ਅਤੇ ਉਸ ਤਰਾਂ ਹੀ ਜਿੰਨਾਂ ਬ੍ਰਹਿਮੰਡ ਹੁਣ ਤੱਕ ਆਪਾਂ ਦੇਖਿਆ ਹੈ, ਸ਼ਾਇਦ ਉਹ ਵੀ ਕਿਸੇ ਦੇ ਪੈਰ ਦਾ ਨਹੁੰ ਹੀ ਹੋਵੇ। ਆਖਿਰ ਇਹ ਭਾਲ ਕਿੱਥੇ ਖਤਮ ਹੋਵੇਗੀ? ਨਾ ਤਾਂ ਇਸਦਾ ਕੋਈ ਆਦਿ ਦਿਖਦਾ ਹੈ ਤੇ ਨਾ ਹੀ ਕੋਈ ਅੰਤ।
ਨਿਊਟਨ ਦੇ ਗੂਰਤਾ ਆਕਰਸ਼ਣ ਨਿਯਮ ਅਨੁਸਾਰ ਜੇਕਰ ਤੁਸੀਂ ਆਪਣੀ ਉਂਗਲ ਹਿਲਾਉਂਦੇ ਹੋ ਤਾਂ ਤਾਰਿਆਂ ਦੀ ਸਥਿਤੀ ਬਦਲ ਜਾਂਦੀ ਹੈ ਜਿਵੇਂ ਇੱਕ ਛੋਟੀ ਜਿਹੀ ਸਿਲਤ ਸਰੀਰ ਦੇ ਕਿਸੇ ਅੰਗ ਵਿੱਚ ਚੁਭ ਕੇ ਆਪਣੀ ਹੋਂਦ ਦੀ ਜਾਣਕਾਰੀ ਦੇ ਦਿੰਦੀ ਹੈ ਜਾਂ ਕਹਿ ਲਵੋ ਪੂਰੇ ਸਰੀਰ ਨੂੰ ਬੇਚੈਨ ਕਰ ਦਿੰਦੀ ਹੈ ਉਸੇ ਤਰਾਂ ਆਪਣੀ ਅਧਿਆਤਮਕ ਦੇ ਰਸਤੇ ਰਾਹੀਂ ਕੀਤੀ ਭਗਤੀ ਜਾਂ ਫੇਰ ਵਿਗਿਆਨ ਰਾਹੀਂ ਚੁੱਕਿਆ ਇੱਕ ਕਦਮ ਵੀ ‘ਉਸਨੂੰ’ ਸਾਡੀ ਹੋਂਦ ਬਾਰੇ ਦੱਸਦਾ ਹੋਵੇਗਾ।
ਪ੍ਰੰਤੂ ਮਨੁੱਖ ਦੀ ਡੋਰ ਤਾਂ ਉਸਦੇ ਹੱਥ ਵਿੱਚ ਹੀ ਹੈ ਅਤੇ ਉਸਨੇ ਹੀ ਨਿਸ਼ਚਿਤ ਕਰਨਾ ਹੈ ਕਿ ਇਹ ਲੁਕਣ ਮਿੱਚੀ ਕਿਸ ਦਿਨ ਖਤਮ ਹੋਵੇਗੀ, ਮਨੁੱਖੀ ਸੱਭਿਅਤਾ ਦੇ ਵਿਨਾਸ਼ ਤੋਂ ਬਾਅਦ, ਪੁਨਰ ਵਿਕਾਸ ਦੇ ਨਾਲ ਜਾਂ ਫੇਰ ਖਾਤਮੇ ਨਾਲ। ਵਿਗਿਆਨੀ ਸੋਚਦਾ ਹੈ ਕਿ ਜਿੰਨਾਂ ਉਸਨੇ ਲੱਭ ਲਿਆ ਉਹਨਾਂ ਹੀ ਕੁਝ ਹੈ ਅਤੇ ਕਵੀ ਨੂੰ ਇਹ ਹੰਕਾਰ ਹੋ ਜਾਂਦਾ ਹੈ ਕਿ ਉਸਨੇ ਉਸਦੀ ਕਲਪਨਾ ਕਰ ਲਈ ਜੋ ਅਜੇ ਬਣਾਇਆ ਹੀ ਨਹੀਂ ਗਿਆ ਹੈ। ਪ੍ਰੰਤੂ ਉਹ ਦੋਵੇਂ ਹੀ ਭੁੱਲ ਜਾਂਦੇ ਹਨ ਕਿ ਜਿੰਨਾਂ ਉਹ ਦੇਖਦੇ ਤੇ ਸੋਚਦੇ ਹਨ। ਸ਼ਾਇਦ ਉਹਨਾਂ ਤਾਂ ‘ਉਹ’ ਆਪਣੀਆਂ ਰਚਨਾਵਾਂ ਵਿੱਚੋਂ ਕਰੋੜਾਂ ਸਾਲ ਪਹਿਲਾਂ ਹੀ ਤਿਆਗ ਚੁੱਕਿਆ ਹੋਵੇਗਾ, ਪਰ ਜਿਸ ਤਰਾਂ ਧਨ ਤੇ ਰਿਣ, ਤੇਜ਼ਾਬ ਤੇ ਖਾਰ, ਨਰ ਤੇ ਮਾਦਾ, ਦਿਨ ਤੇ ਰਾਤ ਮਿਲਕੇ ਇੱਕ ਸਥਿਰਤਾ, ਉਦਾਸੀਨਤਾ ਜਾਂ ਸੰਪੂਰਨਤਾ ਪੈਦਾ ਕਰਦੇ ਹਨ ਉਸੇ ਤਰਾਂ ਦੇ ਮਿਲਣ ਲਈ ਮਨੁੱਖ ਨੂੰ ਵੀ ਇੱਕ ਵਿਸ਼ੇਸ਼ ਸਮੇਂ ਦੀ ਉਡੀਕ ਹੈ, ਚਾਹੇ ਉਹ ਸਮਾਂ-ਅੰਤਰਾਲ ਅਜੇ ਖਰਬਾਂ ਸਾਲਾਂ ਦਾ ਹੋਵੇ ਪ੍ਰੰਤੂ ਆਉਣਾ ਨਿਸਚਿਤ ਹੈ।
-ਸੋਨੀ ਸਿੰਗਲਾ