ਜਗੇਸ਼ ਦਾ ਪਿਤਾ ਗੁਜ਼ਰ ਗਿਆ ਸੀ। ਜਿਸ ਦਿਨ ਉਸ ਨੂੰ ਇਸ ਦੁੱਖ-ਭਰੀ ਘਟਨਾ ਦੀ ਸੂਚਨਾ ਮਿਲੀ, ਉਹ ਦਫ਼ਤਰ ਵਿੱਚ ਬੈਠਾ ਕੰਮ ਕਰ ਰਿਹਾ ਸੀ। ਸੂਚਨਾ ਦਫ਼ਤਰ ਦੇ ਸੈਕਸ਼ਨ ਅਫ਼ਸਰ ਨੂੰ ਮਿਲੀ ਸੀ, ਪਰ ਉਸ ਨੇ ਆਪ ਜਾ ਕੇ ਜਗੇਸ਼ ਨੂੰ ਨਾ ਦੱਸਿਆ। ਸਗੋਂ ਸੂਰਜ ਨੂੰ ਬੁਲਾ ਕੇ ਕਿਹਾ, ‘‘ਓ ਸਰਜੂ, ਜਾਹ ਜਗੇਸ਼ ਨੂੰ ਦੱਸ ਕਿ ਤੇਰੇ ਬਾਪ ਦੀ ਡੈੱਥ ਹੋ ਗਈ।’’
‘‘ਠੀਕ ਹੈ ਸਰ!’’ ਸਰਜੂ ਉਸ ਕੋਲ ਗਿਆ, ‘‘ਬਾਬੂ, ਤੁਹਾਡਾ ਪਿਤਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ।’’
‘‘ਕੀ?’’ ਜਗੇਸ਼ ਅਵਾਕ ਹੋ ਗਿਆ। ਉਸ ਦੀਆਂ ਅੱਖਾਂ ’ਚੋਂ ਪਾਣੀ ਵਹਿ ਤੁਰਿਆ।
ਦਫ਼ਤਰ ਵਿੱਚ ਬਾਕੀ ਕੰਮ ਪੂਰਾ ਕਰ ਕੇ ਤੇ ਛੁੱਟੀ ਦਾ ਫਾਰਮ ਭਰ ਕੇ ਉਹ ਕਾਹਲੀ ਨਾਲ ਘਰ ਵੱਲ ਨੂੰ ਤੁਰ ਪਿਆ।
ਉਹ ਮਹੀਨੇ ਮਗਰੋਂ ਦਫ਼ਤਰ ਆਇਆ ਸੀ, ਪਰ ਕਿਸੇ ਨੇ ਵੀ ਉਹਦੇ ਪਿਤਾ ਦੇ ਚਲਾਣੇ ਬਾਰੇ ਅਫ਼ਸੋਸ ਜ਼ਾਹਿਰ ਨਾ ਕੀਤਾ। ਇਸ ਦੀ ਵਜ੍ਹਾ ਉਸ ਨੂੰ ਪਤਾ ਸੀ। ਉਹ ਦਲਿਤ ਸੀ। ਇਸ ਲਈ ਉਹਦੇ ਪਿਤਾ ਦੀ ਮੌਤ ਬਾਕੀ ਉੱਚ ਜਾਤੀਆਂ ਵਾਲਿਆਂ ਲਈ ਮਾਇਨੇ ਨਹੀਂ ਰੱਖਦੀ ਸੀ। ਸੈਕਸ਼ਨ ਅਫ਼ਸਰ ਨੇ ਸਰਜੂ ਨੂੰ ਹੀ ਉਸ ਨੂੰ ਸੂਚਨਾ ਦੇਣ ਲਈ ਕਿਉਂ ਚੁਣਿਆਂ ਸੀ, ਇਸ ਦਾ ਵੀ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ। ਸਰਜੂ ਵੀ ਦਲਿਤ ਸੀ। ਪਰਾਸ਼ਰ ਅਗਰਵਾਲ ਤੇ ਸੰਦੀਪ ਝਾ ਆਦਿ ਕਈ ਕਰਮਚਾਰੀ ਉਸੇ ਕਮਰੇ ਵਿੱਚ ਬੈਠਦੇ ਸਨ, ਜਿਸ ਵਿੱਚ ਸਰਜੂ। ਪਰ ਸੈਕਸ਼ਨ ਅਫ਼ਸਰ ਜਗਦੀਸ਼ ਪਾਂਡਾ ਨੇ ਕਿਸੇ ਨੂੰ ਵੀ ਇਸ ਦੁੱਖਦਾਈ ਸੂਚਨਾ ਨੂੰ ਦੇਣ ਲਈ ਨਹੀਂ ਭੇਜਿਆ ਸੀ।
ਜਗੇਸ਼ ਨੂੰ ਇਨ੍ਹਾਂ ਸਾਥੀਆਂ ਦੇ ਵਤੀਰੇ ਨਾਲ ਚੋਖਾ ਦੁੱਖ ਪਹੁੰਚਿਆ ਸੀ। ਜਦ ਕਦੀ ਉਨ੍ਹਾਂ ਦੇ ਰਿਸ਼ਤੇਦਾਰ ਦੀ ਮੌਤ ਹੋ ਜਾਂਦੀ ਤਾਂ ਉਹ ਉਨ੍ਹਾਂ ਕੋਲ ਜਾ ਕੇ ਤਾਂ ਉਸ ਕੋਲ ਆ ਕੇ ਕਿਸੇ ਨੇ ਵੀ ਸੰਵੇਦਨਾ ਪ੍ਰਗਟ ਕੀਤੀ। ਇਸ ਦਾ ਉਸ ਨੂੰ ਬਹੁਤ ਦੁੱਖ ਹੋਇਆ ਸੀ। ਆਖਿਰ ਅਜਿਹਾ ਕਿਉਂ ਹੋਇਆ? ਉਹ ਆਪਣੇ ਦਿਮਾਗ ’ਤੇ ਜ਼ੋਰ ਪਾਉਣ ਲੱਗਾ ਸੀ। ਕਿ ਜਾਤ ਕਾਰਨ? ਕੀ ਗ਼ਰੀਬੀ ਕਾਰਨ? ਅਮੀਰ_ਗ਼ਰੀਬ ਆਪਣੀ ਥਾਂ ਹਨ ਤੇ ਇਨਸਾਨੀਅਤ ਆਪਣੀ ਥਾਂ। ਮਨੁੱਖ ਜਾਤ ਤਾਂ ਸਿਰਫ਼ ਦੋ ਵਰਗਾਂ ਵਿੱਚ ਵੰਡੀ ਹੋਈ ਹੈ। ਇੱਕ ਮਰਦ ਦੀ ਤੇ ਦੂਜੀ ਔਰਤ ਦੀ। ਬੁੱਧ ਅਤੇ ਸਿੱਖ ਗੁਰੂਆਂ ਨੇ ਤਾਂ ਮਨੁੱਖ ਜਾਤੀ ਨੂੰ ਹੀ ਇੱਕ ਮੰਨਿਆ ਹੈ। ਫਿਰ ਜਾਤ ਦੇ ਨਾਂ ਉੱਤੇ ਇਹ ਅਣਗਿਣਤ ਭੇਤ ਕਿਉ? ਸੁੱਖ-ਦੁੱਖ ਤਾਂ ਆਉਦਾ-ਜਾਂਦਾ ਰਹਿੰਦਾ ਹੈ। ਅੱਜ ਮੇਰੇ ਨਾਲ ਹੋਇਆ ਭਲਕੇ ਉਸ ਨਾਲ ਹੋਵੇਗਾ। ਕੋਈ ਉਸ ਤੋਂ ਅਣਛੋਹਿਆ ਨਹੀਂ ਰਹਿ ਸਕਦਾ। ਫਿਰ ਵੀ ਇਹ ਵਿਤਕਰਾ ਉਨ੍ਹਾਂ ਲੋਕਾਂ ਨੇ ਕਿਉਂ ਦਿਖਾਇਆ। ਉਸ ਮੋਹਰੇ ਇਹ ਸਵਾਲ ਮੂੰਹ ਅੱਡੀ ਖੜ੍ਹਾ ਸੀ। ਕਿਤਿਉਂ ਜਵਾਬ ਨਾ ਮਿਲਦਾ।
ਪੰਜ-ਸੱਤ ਦਿਨ ਬਾਅਦ ਇੱਕ ਹੋਰ ਮੌਤ ਹੋ ਗਈ ਉਹ ਵੀ ਇਸ ਦਫ਼ਤਰ ਦੇ ਸਭ ਤੋਂ ਵੱਡੇ ਅਫ਼ਸਰ ਜਮਾਲੁਦੀਨ ਹਸਨ ਦੇ ਮੁੰਡੇ ਦੀ। ਸ਼ਾਮ ਹੋਣ ਵਾਲੀ ਸੀ। ਦਫ਼ਤਰ ਦਾ ਵਕਤ ਖ਼ਤਮ ਹੋਣ ਵਾਲਾ ਸੀ। ਜਗੇਸ਼ ਵੀ ਆਪਣਾ ਸਾਮਾਨ ਸਮੇਟਣ ਲੱਗਾ ਸੀ ਕਿ ਰਤਨਾ ਸ਼ਰਮਾ ਨੇ ਆ ਕੇ ਜ਼ੋਰ ਨਾਲ ਕਿਹਾ, ‘‘ਜਗੇਸ਼! ਓ ਜਗੇਸ਼! ਵੱਡੇ ਬਾਬੂ ਜਮਾਲੁਦੀਨ ਦੇ ਪੁੱਤ ਦੀ ਮੌਤ ਹੋ ਗਈ।’’
‘‘ਕੀ! ਕਦੋਂ?’’
‘‘ਜ਼ਰਾ ਕੁ ਪਹਿਲਾਂ ਸਾਢੇ ਪੰਜ ਵਜੇ’’, ਕਹਿ ਕੇ ਰਤਨਾ ਸ਼ਰਮਾ ਘਬਰਾਈ ਹੋਈ ਦੂਜੇ ਮੁਲਾਜ਼ਮਾ ਵੱਲ ਚਲੇ ਗਈ।
ਜਗੇਸ਼ ਸੋਚੀਂ ਪੈ ਗਿਆ। ਆਖਿਰ ਰਤਨ ਨੂੰ ਇੰਨੀ ਘਬਰਾਹਟ ਕਿਉਂ? ਇਹ ਲੋਕ ਨਿੱਤ ਜਮਾਲੁਦੀਨ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਹਨ। ਇਹੀ ਰਤਨਾ ਸ਼ਰਮਾ ਕਹਿੰਦੀ ਹੈ, ‘‘ਓਹ! ਇਸ ਮੁਸਲਮਾਨ ਦੇ ਆਉਣ ਨਾਲ ਤਾਂ ਸਾਡਾ ਧਰਮ ਭ੍ਰਸ਼ਟ ਹੋ ਗਿਆ।’’
ਸੀਤਾ ਰਾਮ ਤਿਵਾੜੀ ਕਹਿੰਦਾ ਹੈ, ‘‘ਮਲੇਸ਼ਾਂ ਦਾ ਰਾਜ ਆ ਗਿਆ।’’ ਸਤਨਾ ਰਾਈ ਕਹਿੰਦਾ ਹੈ, ‘‘ਪਾਕਿਸਤਾਨ ਬਣ ਗਿਆ ਸਾਲਾ ਇਹ ਦਫ਼ਤਰ।’’ ਵਤਰਸ ਤਿਰਖਾ ਕਹਿੰਦਾ ਹੈ, ‘‘ਦੇਖੋ ਇਹ ਨਸੀਮ ਸਮਝਦਾ ਹੈ ਕਿ ਉਸ ਦਾ ਬਾਪ ਬਣ ਗਿਆ ਹੈ ਇਸ ਦਫ਼ਤਰ ਦਾ ਮਾਲਿਕ।’’ ਇੰਨੇ ਨੂੰ ਸੀਤਾ ਰਾਮ ਉੱਚੀ ਦੇਣੀ ਬੋਲਿਆ, ‘‘ਬਾਈ, ਜਗੇਸ਼ ਮਲਿਕ ਦਾ ਪੁੱਤ ਮਰ ਗਿਆ, ਸਾਨੂੰ ਜਾਣਾ ਚਾਹੀਦਾ, ਉਸ ਦੇ ਜਨਾਜ਼ੇ ’ਚ।’’
‘‘ਠੀਕ ਹੈ, ਮੈਂ ਘਰੋਂ ਹੋ ਕੇ ਉੱਥੇ ਪਹੁੰਚ ਜਾਵਾਂਗਾ।’’ (ਮਨ ਹੀ ਮਨ ਉਸ ਨੇ ਕਿਹਾ, ‘ਵਾਹ ਬਈ ਧਰਮ ਦੇ ਠੇਕੇਦਾਰੋ!’)
ਘਰ ਪਹੁੰਚ ਕੇ ਆਪਣੀ ਪਤਨੀ ਰਮਣੀ ਨੂੰ ਜਮਾਲਦੀਨ ਦੇ ਪੁੱਤਰ ਦੀ ਮੌਤ ਦੀ ਖ਼ਬਰ ਦਿੰਦਿਆਂ ਤੇ ਆਪਣਾ ਸਾਮਾਨ ਰੱਖ ਕੇ ਜਮਾਲੁਦੀਨ ਸਾਹਬ ਦੇ ਘਰ ਵੱਲ ਨੂੰ ਤੁਰ ਪਿਆ। ਉੱਥੇ ਪਹੁੰਚ ਕੇ ਦੇਖਿਆ ਲੋਕਾਂ ਦੀ ਭੀੜ ਜੁੜੀ ਹੋਈ ਸੀ। ਰਤਨਾ ਸ਼ਰਮਾ ਪਹਿਲਾਂ ਹੀ ਉੱਥੇ ਮੌਜੂਦ ਸੀ। ਵਾਲ ਖਿਲਾਰ ਕੇ ਰੋਣਹਾਕਾ ਮੂੰਹ ਬਣਾ ਕੇ ਉਹ ਜਮਾਲੁਦੀਨ ਦੀ ਪਤਨੀ ਰਜ਼ੀਆ ਨਾਲ ਜੁੜ ਕੇ ਬੈਠੀ ਹੋਈ ਸੀ। ਇਉ ਲੱਗ ਰਿਹਾ ਸੀ ਜਿਵੇਂ ਰਤਨਾ ਦਾ ਬਾਪ ਮਰ ਗਿਆ ਹੋਵੇ। ਇਹ ਦਿ੍ਰਸ਼ ਦੇਖ ਕੇ ਜਗੇਸ਼ ਨੂੰ ਹਾਸਾ ਆ ਗਿਆ।
‘‘ਆ ਜਗੇਸ਼ ਦੇਖ ਕੀ ਹੋ ਗਿਆ?’’ ਪਹਿਲਾਂ ਹੀ ਮੌਜੂਦ ਸੀਤਾ ਰਾਮ ਤਿਵਾੜੀ ਨੇ ਬਨਾਉਟੀ ਭਰੇ ਗਲ਼ੇ ਨਾਲ ਆਖਿਆ।
ਜਗੇਸ਼ ਉਹਦੇ ਕੋਲ ਜਾ ਕੇ ਖੜ੍ਹਾ ਹੋ ਗਿਆ। ਉਦੋਂ ਤੱਕ ਗੋਪਾਲਕ ਤਿ੍ਰਪਾਠੀ ਲੰਮਾ-ਚਿੱਟਾ ਕੁੜਤਾ ਪਹਿਨ ਕੇ ਮੂੰਹ ਉੱਤੇ ਰੁਮਾਲ ਰੱਖ ਕੇ ਉੱਥੇ ਪਹੁੰਚਾ।
‘‘ਹਾਏ, ਕੀ ਹੋ ਗਿਆ ਤਿਵਾੜੀ ਜੀ? ਸਾਡੇ ਸਾਹਬ ਦਾ ਜਵਾਨ ਮੁੰਡਾ ਗੁਜ਼ਰ ਗਿਆ।’’
‘‘ਹਾਂ, ਗੋਪਾਲਕ ਇਉਂ ਲੱਗਦਾ, ਅਸੀਂ ਅਨਾਥ ਹੋ ਗਏ ਹਾਂ।’’
ਜਗੇਸ਼ ਮਨ ’ਚ ਸੋਚਣ ਲੱਗਾ, ਇਹ ਲੋਕ ਕਿਸ ਵਿਚਾਰਧਾਰਾ ਦੇ ਹਨ! ਆਪਣੇ ਫਾਇਦੇ ਖਾਤਰ ਪਤਾ ਨਹੀਂ ਕੀ_ਕੀ ਕਰਦੇ ਹਨ।
ਇੰਨੇ ਨੂੰ ਵਤਰਸ ਤਰਿੱਖਾ ਖਿਸਕਦਾ ਹੋਇਆ ਰਤਨਾ ਸ਼ਰਮਾ ਕੋਲ ਪਹੁੰਚ ਗਿਆ। ਉਸ ਦੀ ਵਧੀ ਹੋਈ ਦਾੜ੍ਹੀ ਅੱਜ ਕੰਮ ਆ ਗਈ। ਉਸ ਨੇ ਆਪਣਾ ਲਿਬਾਸ ਇਉ ਬਣਾਇਆ ਹੋਇਆ ਸੀ ਜਿਵੇਂ ਕੋਈ ਮੌਲਵੀ ਹੋਵੇ। ਅੱਜ ਉਸ ਨੇ ਚੂੜੀਦਾਰ ਪਜਾਮਾ ਪਾ ਕੇ ਉੱਤੇ ਕਾਲੇ ਰੰਗ ਦਾ ਕੁੜਤਾ ਪਾਇਆ ਹੋਇਆ ਸੀ। ਪਹਿਲਾਂ ਕਦੇ ਕਿਸੇ ਨੇ ਉਸ ਨੂੰ ਇੰਜ ਦਾ ਨਹੀਂ ਦੇਖਿਆ ਸੀ।
‘‘ਰਤਨਾ ਸ਼ਰਮਾ, ਇਹ ਕੀ ਹੋ ਗਿਆ। ਸਾਡੇ ਸਾਹਬ ਦਾ ਲੜਕਾ ਕਿੰਨਾ ਹੋਣਹਾਰ ਸੀ।’’
‘‘ਹਾਂ ਵਤਰਸ, ਅੱਲਾ ਮੀਆਂ ਨੇ ਇੰਨੀ ਛੇਤੀਂ ਉਸ ਨੂੰ ਕੋਲ ਬੁਲਾ ਲਿਆ।’’
ਕਹਿੰਦਿਆਂ ਉਸ ਨੇ ਵਤਰਸ ਦਾ ਹੱਥ ਫੜ੍ਹ ਲਿਆ। ਲੋਕਾਂ ਨੇ ਸਮਝਿਆ ਕਿ ਉਹ ਪਤੀ-ਪਤਨੀ ਹਨ।
ਉਸੇ ਵੇਲੇ ਸਕੀਨਾ ਬੇਗਮ ਆ ਗਈ। ਇਹ ਜਮਾਲੁਦੀਨ ਦੀ ਭਾਬੀ ਸੀ। ਪਰਾਸ਼ਰ ਅਗਰਵਾਲ ਤੇ ਸੰਦੀਪ ਝਾ ਨੇ ਆਪੋ-ਆਪਣੀਆਂ ਤੀਵੀਆਂ ਨੂੰ ਕਿਹਾ, ‘‘ਛੇਤੀ ਨਾਲ ਜਾ ਕੇ ਸਕੀਨਾ ਬੇਗਮ ਨੂੰ ਜ਼ੋਰ ਨਾਲ ਫੜ੍ਹ ਕੇ ਦੁਹੱਥੜਾਂ ਮਾਰ ਕੇ ਰੋਣਾ ਸ਼ੁਰੂ ਕਰੋ। ਇਹ ਮੌਕਾ ਮੁੜ ਨਹੀਂ ਮਿਲੇਗਾ ਦਿਲ ਜਿੱਤਣ ਦਾ। ਇਸ ਲਈ ਜਮਾਲੁਦੀਨ ਦੀ ਭਾਬੀ ਨੂੰ ਚੁੰਬੜ ਜਾਵੋ।’’
ਦੋਵੇਂ ਜਣੀਆਂ ਨੇ ਇਉਂ ਹੀ ਕੀਤਾ। ਉਹ ਭੀੜ ਵਿੱਚੀਂ ਧੱਕੇ ਮਾਰ ਕੇ ਸਕੀਨਾ ਕੋਲ ਪਹੁੰਚ ਗਈਆਂ। ‘ਹਾਏ ਅੱਲਾ ਇਹ ਕਹਿਰ ਕਿਉ ਬਰਸਾਇਆਂ?’ ਕਹਿੰਦਿਆਂ ਕਦੇ ਨਹੀਂ ਦੇਖਿਆ ਸੀ। ਇਸ ਲਈ ਉਹ ਇਕਦਮ ਘਬਰਾ ਗਈ ਤੇ ਅਜਿਹੇ ਕੁਝ ਪੁੱਛਣ ਹੀ ਵਾਲੀ ਸੀ ਕਿ ਪਰਾਸ਼ਰ ਅਗਰਵਾਲ ਦੀ ਪਤਨੀ ਨੇ ਵੈਣ ਪਾਉਂਦਿਆਂ ਉਸ ਨੂੰ ਘੱੁਟ ਕੇ ਫੜ੍ਹ ਲਿਆ।
‘‘ਹਾਏ, ਬੇਗਮ, ਅੱਲਾ ਨੇ ਜਵਾਨ ਬੇਟੇ ਨੂੰ ਆਪਣੇ ਕੋਲ ਬੁਲਾ ਲਿਆ। ਹਾਏ ਜਮਾਲੁਦੀਨ ਸਾਹਬ ਕਿਵੇਂ ਸੰਭਲਣਗੇ?’’
ਜਗੇਸ਼ ਨੇ ਮਨ ਹੀ ਮਨ ਕਿਹਾ, ‘‘ਜਮਾਲੁਦੀਨ ਨੂੰ ਤੂੰ ਸੰਭਾਲ ਲੈਣਾ।’’
ਆਖਿਰ ਸਕੀਨਾ ਕਿਸੇ ਤਰ੍ਹਾਂ ਉਸ ਤੋਂ ਖਹਿੜਾ ਛੁਡਾ ਕੇ ਉਸ ਕਮਰੇ ਵੱਲ ਚਲੇ ਗਈ ਜਿੱਧਰ ਬੇਟੇ ਦੀ ਲਾਸ਼ ਰੱਖੀ ਹੋਈ ਸੀ। ਹੌਲੀ_ਹੌਲੀ ਲੋਕਾਂ ਦਾ ਤਾਂਤਾ ਲੱਗ ਰਿਹਾ ਸੀ। ਜਮਾਲੁਦੀਨ ਕਾਫੀ ਮਸ਼ਹੂਰ ਆਦਮੀ ਸੀ, ਇਸ ਲਈ ਅੱਜ ਉਨ੍ਹਾਂ ਦੇ ਬੇਟੇ ਦੀ ਮੌਤ ਉੱਤੇ ਸਾਰੇ ਮਾਤਮ ਮਨਾਉਣ ਪਹੁੰਚ ਰਹੇ ਸਨ। ਪਰ ਉਨ੍ਹਾਂ ਦੇ ਦਫ਼ਤਰ ਦੇ ਲੋਕ ਸਿਰਫ਼ ਦਿਖਾਵੇ ਲਈ ਉੱਥੇ ਇੱਕਠੇ ਹੋਏ ਸਨ ਕਿਉਕਿ ਭਵਿੱਖ ਵਿੱਚ ਉਨ੍ਹਾਂ ਨੇ ਜਮਾਲੁਦੀਨ ਸਾਹਬ ਤੋਂ ਕੰਮ ਕੱਢਣੇ ਸਨ। ਰਾਤ ਦੇ ਤਕਰੀਬਨ ਬਾਰ੍ਹਾਂ ਵੱਜ ਚੁੱਕੇ ਸਨ ਅਤੇ ਹੁਣ ਜਨਾਜ਼ੇ ਨੂੰ ਲੈ ਕੇ ਕਬਰਿਸਤਾਨ ਜਾਣ ਦੀ ਤਿਆਰੀ ਸ਼ੁਰੂ ਹੋ ਗਈ ਸੀ। ਇੱਕ ਵੱਡੀ ਸਾਰੀ ਲਾਰੀ ਜਮਾਲੁਦੀਨ ਸਾਹਬ ਦੇ ਘਰ ਮੋਹਰੇ ਆ ਲੱਗੀ। ਇਸ ਵਿੱਚ ਜਨਾਜ਼ੇ ਨੂੰ ਰੱਖਣਾ ਸੀ। ਜਗੇਸ਼ ਦੂਰ ਖੜ੍ਹਾ ਦੇਖਦਾ ਰਿਹਾ। ਉਸ ਨੂੰ ਜਮਾਲੁਦੀਨ ਦੇ ਬੇਟੇ ਦੀ ਮੌਤ ਦਾ ਦੱੁਖ ਤਾਂ ਸੀ, ਪਰ ਇਸ ਪ੍ਰਕਾਰ ਦੇ ਦਿਖਾਵੇ ਨਾਲ ਨਫ਼ਰਤ। ਇਸ ਲਈ ਉਹ ਜਮਾਲੁਦੀਨ ਸਾਹਬ ਕੋਲ ਜਾ ਕੇ ਉਨ੍ਹਾਂ ਨੂੰ ਦਿਲਬਰੀ ਦੇ ਕੇ ਇੱਕ ਪਾਸੇ ਖੜ੍ਹਾ ਹੋ ਗਿਆ ਸੀ। ਉਹ ਹੋਰਨਾਂ ਵਾਂਗ ਨਾਟਕ ਨਹੀਂ ਕਰ ਸਕਦਾ ਸੀ।
ਆਰਾਮ ਨਾਲ ਹੌਲੀ_ਹੌਲੀ ਬੋਲਦਾ ਹੋਇਆ ਗੋਪਾਲਕ ਤਿ੍ਰਪਾਠੀ ਜਨਾਜ਼ੇ ਨੂੰ ਚੁੱਕਣ ਵਾਲੀ ਲਾਰੀ ਵੱਲ ਨੂੰ ਜਾਣ ਲੱਗਾ। ਨਾਲ ਹੋਰ ਵੀ ਲੋਕ ਸਨ। ਸੀਤਾ ਰਾਮ ਤਿਵਾੜੀ ਤੇ ਵਰਤਸ ਤਿਰਖਾ ਧੱਕਾ_ਮੁੱਕੀ ਕੇ ਜਨਾਜ਼ੇ ਨੂੰ ਫੜਨਾ ਚਾਹੁੰਦੇ ਸਨ। ਜਦ ਜਮਾਲੁਦੀਨ ਸਾਹਬ ਸਾਮ੍ਹਣੇ ਆਏ ਤਾਂ ਹੋਰ ਲੋਕਾਂ ਵਿੱਚ ਹੋੜ ਲੱਗ ਗਈ ਜਨਾਜ਼ੇ ਨੂੰ ਫੜਨ ਦੀ।
… ਤੇ ਜਨਾਜ਼ੇ ਦਾ ਜਲੂਸ ਕਬਰਿਸਤਾਨ ਵੱਲ ਨੂੰ ਤੁਰ ਪਿਆ। ਜੋ ਸੱਚਮੁੱਚ ਜਮਾਲੁਦੀਨ ਦੇ ਬੇਟੇ ਦੀ ਮੌਤ ’ਤੇ ਦੁਖੀ ਸਨ। ਉਹ ਗਮ ਵਿੱਚ ਡੁੱਬੇ ਜਨਾਜ਼ੇ ਨਾਲ ਜਾ ਰਹੇ ਸਨ, ਪਰ ਦਫ਼ਤਰ ਦੇ ਬਹੁਤੇ ਲੋਕ ਓਪਰੇ ਜਿਹੇ ਗ਼ਮ ਦਾ ਮੁਜ਼ਾਹਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਖਾਸ ਤੌਰ ’ਤੇ ਸੀਤਾ ਰਾਮ ਤਿਵਾੜੀ, ਵਤਰਸ ਤਿਰਖਾ, ਪਰਾਸ਼ਰ ਅਗਰਵਾਲ, ਸੰਦੀਪ ਝਾ, ਜਗਦੀਪ ਪਾਂਡਾ, ਨੰਦੂ ਰੈਡੀ, ਜਗਦੀਸ਼ ਸਵਾਮੀ, ਨੀਲੂ ਪ੍ਰੀਤੀ, ਹਸਚੰਦ ਪੰਤਪੂਰੇ, ਮੇਹਨਾਤੀ, ਜੁਗਲ ਕਿਸ਼ੋਰ ਇਹ ਲੋਕ ਦੌੜ_ਦੌੜ ਕੇ ਰੋਣ ਵਾਲੀ ਸ਼ਕਲ ਬਣਾ ਕੇ ਜਮਾਲੁਦੀਨ ਹਸਨ ਦੇ ਸਾਮ੍ਹਣੇ ਆਉਣ ਦੀ ਕੋਸ਼ਿਸ਼ ਕਰਦੇ। ਉਨ੍ਹਾਂ ਨੂੰ ਇਹ ਚਿੰਤਾ ਸੀ ਕਿ ਕਿਸੇ ਤਰ੍ਹਾਂ ਉਨ੍ਹਾਂ ਦੀ ਰੋਣਹਾਰੀ ਸੂਰਤ ਜਮਾਲੁਦੀਨ ਸਾਹਬ ਦੇਖ ਲੈਣ ਜਿਸ ਨਾਲ ਉਨ੍ਹਾਂ ਦੀ ਪ੍ਰੋਮੋਸ਼ਨ ਜਲਦੀ ਹੋ ਜਾਵੇ।
ਪੌਣੇ ਘੰਟੇ ਬਾਅਦ ਸਾਰੇ ਜਣੇ ਕਬਰਿਸਤਾਨ ਪਹੁੰਚ ਗਏ। ਇਹ ਥਾਂ ਅਕਸਰ ਉੱਚੀ_ਨੀਵੀਂ ਤੇ ਕੰਡਿਆਲੀਆਂ ਝਾੜੀਆਂ ਨਾਲ ਭਰਿਆ ਹੁੰਦਾ ਹੈ ਤੇ ਉਸ ਵਿੱਚ ਤੁਰਨਾ ਔਖਾ ਹੁੰਦਾ ਹੈ ਪਰ ਅੱਜ ਦਫ਼ਤਰ ਦੇ ਸਾਰੇ ਪੰਡਿਤ, ਬਾਣੀਏ ਇਸ ਪਥਰੀਲੇ ਤੇ ਕੰਡੇਦਾਰ ਝਾੜੀਆਂ ਨਾਲ ਭਰੇ ਕਬਰਿਸਤਾਨ ਵਿੱਚ ਇੰਜ ਇੱਧਰ-ਉੱਧਰ ਦੌੜ ਰਹੇ ਸਨ ਜਿਵੇਂ ਕਿ੍ਰਕਟ ਦੀ ਗਰਾਊਂਡ ਹੋਵੇ। ਜਨਾਜ਼ੇ ਨੂੰ ਇੱਕ ਜਗ੍ਹਾ ਰੱਖਿਆ ਗਿਆ। ਰੀਤ ਮੁਤਾਬਿਲ ਸਾਰੇ ਜਣੇ ਸਿਰ ਉੱਤੇ ਕੱਪੜਾ ਰੱਖ ਕੇ ਕਤਾਰ ਵਿੱਚ ਖੜ੍ਹੇ ਹੋ ਗਏ। ਕਤਾਰ ਵਿੱਚ ਜਗੇਸ਼, ਤਿਵਾੜੀ, ਸ਼ਰਮਾ, ਪਾਂਡੇ, ਨਾਥ, ਅਗਰਵਾਲ, ਪਾਂਡਾ ਵੀ ਖੜ੍ਹੇ ਸਨ। ਜਗੇਸ਼ ਨੂੰ ਇੱਕ ਪਲ ਤਾਂ ਇਉਂ ਲੱਗਾ ਕਿ ਇੱਥੇ ਸਾਰੇ ਇੱਕ ਹਨ। ਕੋਈ ਬ੍ਰਾਹਮਣ, ਕੋਈ ਸ਼ੂਦਰ ਨਹੀਂ, ਅਛੂਤ ਨਹੀਂ, ਮੁਸਲਮਾਨ ਨਹੀਂ। ਇਸੇ ਦੌਰਾਨ ਉਸ ਕੋਲ ਖੜ੍ਹੇ ਵਤਰਸ ਨੇ ਬੁੜਬੁੜ ਕਰਦਿਆਂ ਤਿਵਾੜੀ ਨੂੰ ਆਖਿਆ, ਸਾਲੇ ਮੁਸਲਮਾਨ ਦੇ ਕਰਕੇ ਅੱਜ ਅਸੀਂ ਸਭ ਅਪਵਿੱਤਰ ਹੋ ਗਏ। ਨਾਥਨ ਨੇ ਕਿਹਾ, ‘‘ਜਾ ਕੇ ਖੂਬ ਇਸ਼ਨਾਨ ਕਰਨਾ ਪਵੇਗਾ।’’ ਝਾ ਨੇ ਆਖਿਆ, ‘‘ਗੰਗਾਜਲ ਨਾਲ ਆਪਣੇ ਆਪ ਨੂੰ ਪਵਿੱਤਰ ਕਰਨਾ ਹੋਵੇਗਾ।’’ ਇਹ ਵਿਚਾਰ_ ਗੱਲਾਂ ਸੁਣ ਕੇ ਜਗੇਸ਼ ਨੂੰ ਲੱਗਿਆ ਉਸ ਅੰਦਰ ਉੱਠ ਰਹੇ ਸਮਤਾ ਦੇ ਵਿਚਾਰ ਉੱਤੇ ਜਿਵੇਂ ਕਿਸੇ ਨੇ ਮਘਦੇ ਹੋਏ ਕੋਲਿਆਂ ਦਾ ਢੇਰ ਸੁੱਟ ਦਿੱਤਾ ਹੋਵੇ। ਉਹ ਮਨ ਹੀ ਮਨ ਸੋਚਣ ਲੱਗਾ, ਨਹੀਂ ਇਹ ਧਰਮ ਦੇ ਠੇਕੇਦਾਰ ਕਦੀ ਵੀ ਇਨਸਾਨੀਅਤ ਨੂੰ ਪਨ੍ਹਪਣ ਨਹੀਂ ਦੇਣਗੇ।
ਕੁਝ ਪਲਾਂ ਬਾਅਦ ਜਨਾਜ਼ੇ ਨੂੰ ਕਬਰ ਕੋਲ ਲਿਜਾਇਆ ਗਿਆ ਸਾਰੇ ਬਾਹਮਣ-ਬਾਣੀਏ ਦੌੜ ਕੇ ਉੱਥੇ ਪਹੁੰਚ ਗਏ। ਕਬਰ ਪੁੱਟੀ ਥਾਂ ਦੁਆਲੇ ਇਉ ਖੜ੍ਹੇ ਹੋ ਗਏ ਜਿਵੇਂ ਜਨਾਜ਼ੇ ਨੂੰ ਉਸ ਅੰਦਰ ਨਹੀਂ ਰੱਖਣ ਦੇਣਗੇ।
ਲੋਕਾਂ ਦੀ ਕੋਸ਼ਿਸ਼ ਨਾਲ ਉਨ੍ਹਾਂ ਨੂੰ ਪਾਸੇ ਹਟਾਇਆ ਗਿਆ। ਫਿਰ ਕਿਤੇ ਜਨਾਜ਼ੇ ਨੂੰ ਦਫ਼ਨਾਉਣ ਦੀ ਰਸਮ ਨੂੰ ਪੂਰਾ ਕੀਤਾ ਜਾ ਸਕਿਆ। ਇੰਨਾ ਹੀ ਨਹੀਂ ਜਦ ਮੁੱਠੀ ਭਰ_ਭਰ ਕੇ ਮਿੱਟੀ ਕਬਰ ਵਿੱਚ ਪਾਈ ਜਾਣ ਲੱਗੀ ਤਾਂ ਉਸ ਸਮੇਂ ਹੋਰ ਵੀ ਕਬਰ ਦੇ ਕਿਨਾਰੇ ਜਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰਨ ਲੱਗਾ ਕਿ ਉਹ ਵੀ ਕਬਰ ਵਿੱਚ ਡਿੱਗ ਕੇ ਮਰ ਜਾਣਾ ਚਾਹੁੰਦਾ ਹੈ। ਅਜਿਹੀ ਹਰਕਤ ਸੰਦੀਪ ਝਾ ਤੇ ਸੀਤਾਰਾਮ ਤਿਵਾੜੀ ਨੇ ਵੀ ਕੀਤੀ। ਜਮਾਲੁਦੀਨ ਸਾਹਮਣੇ ਸਾਰਿਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਬੇਟੇ ਦੇ ਗ਼ਮ ਵਿੱਚ ਇੰਨੇ ਗਮਗੀਨ ਹੋ ਗਏ ਹਨ ਕਿ ਆਪਣੇ_ਆਪ ਨੂੰ ਵੀ ਕਬਰ ਵਿੱਚ ਪਾ ਦੇਣਗੇ।
ਜਗੇਸ਼ ਨੇ ਦੂਰੋਂ ਸਾਰਾ ਤਮਾਸ਼ਾ ਦੇਖਿਆ। ਉਹ ਸੋਚਣ ਲੱਗਾ ਕਿ ਅੱਜ ਕਬਰ ਵਿੱਚ ਕੱਢਣ ਦਾ ਕੋਈ ਉਪਾਅ ਹੁੰਦਾ ਤਾਂ ਉਹ ਸਾਰੇ ਜਮਾਲੁਦੀਨ ਸਾਹਬ ਤੋਂ ਫਾਇਦਾ ਉਠਾਉਣ ਲਈ ਕਬਰ ਨੂੰ ਵਿੱਚ ਛਾਲ ਮਾਰ ਕੇ ਜਾਣ ਨੂੰ ਤਿਆਰ ਹੋ ਜਾਂਦੇ। ਬਸ ਜਮਾਲੁਦੀਨ ਸਾਹਬ ਉਨ੍ਹਾਂ ਨੂੰ ਪ੍ਰਮੋਸ਼ਨ ਦਿਵਾ ਦੇਣ। ਆਖਿਰ ਮਿੱਟੀ ਨਾਲ ਢੱਕ ਕੇ ਲਾਸ਼ ਨੂੰ ਦਫ਼ਨਾ ਦਿੱਤਾ ਗਿਆ ਅਤੇ ਉੱਥੇ ਇੱਕ ਕਬਰ ਬਣ ਗਈ। ਜਮਾਲੁਦੀਨ ਸਾਹਬ ਨੂੰ ਆਪਣੇ ਬੇਟੇ ਦੇ ਗੁਜ਼ਰ ਜਾਣ ਦਾ ਇੰਨਾ ਗ਼ਮ ਸੀ ਕਿ ਉਹ ਹੀ ਜਾਣਦੇ ਸਨ। ਪਰ ਇਸ ਜਨਾਜ਼ੇ ਦੇ ਜਲੂਸ ਤੋਂ ਸਾਫ਼ ਸੀ ਕਿ ਉਨ੍ਹਾਂ ਦੇ ਦਫ਼ਤਰ ਦੇ ਸਾਰੇ ਬ੍ਰਾਹਮਣ-ਬਾਣੀਆਂ ਨੇ ਅੱਜ ਤੱਕ ਵਧੀਆ ਤਮਾਸ਼ਾ ਪੇਸ਼ ਕੀਤਾ ਸੀ।
-ਸ਼ਤਰੂਘਨ ਕੁਮਾਰ