- ਐਤਵਾਰ ਨੂੰ ਫ਼ਾਈਨਲ ਵਿੱਚ ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ
ਦੰਬੂਲਾ, ਸ਼੍ਰੀਲੰਕਾ/ਪੰਜਾਬ ਪੋਸਟ
ਗੁਆਂਢੀ ਦੇਸ਼ ਸ਼੍ਰੀਲੰਕਾ ਵਿਖੇ ਔਰਤਾਂ ਦਾ ਟੀ-20 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਚੱਲ ਰਿਹਾ ਹੈ ਜਿਸ ਵਿੱਚ ਅੱਜ ਖੇਡੇ ਤਾਜ਼ਾ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੈਮੀਫਾਈਨਲ ਵਿੱਚ ਬੰਗਲਾਦੇਸ਼ ਨੂੰ ਦਸ ਵਿਕਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ ਅਤੇ ਇਸ ਜਿੱਤ ਸਦਕਾ ਭਾਰਤੀ ਟੀਮ ਨੌਵੀਂ ਵਾਰ ਏਸ਼ੀਆ ਕੱਪ ਦੇ ਫ਼ਾਈਨਲ ਵਿੱਚ ਪੁੱਜੀ ਹੈ। ਭਾਰਤ ਵੱਲੋਂ ਸਮਰਿਤੀ ਮੰਦਾਨਾ ਨੇ 39 ਗੇਂਦਾਂ ਵਿਚ 55 ਦੌੜਾਂ ਬਣਾਈਆਂ ਜਦਕਿ ਸ਼ੈਫਾਲੀ ਵਰਮਾ ਨੇ 28 ਗੇਂਦਾਂ ’ਤੇ 26 ਦੌੜਾਂ ਦੀ ਪਾਰੀ ਖੇਡੀ। ਇਸ ਮੈਚ ਵਿੱਚ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ ਸਿਰਫ 80 ਦੌੜਾਂ ਬਣਾਈਆਂ ਜਦਕਿ ਭਾਰਤ ਨੇ ਜੇਤੂ ਟੀਚਾ ਮਹਿਜ਼ 11 ਓਵਰਾਂ ਵਿਚ ਬਿਨਾਂ ਕੋਈ ਵਿਕਟ ਗੁਆਏ ਹਾਸਲ ਕਰ ਲਿਆ। ਇਸ ਮੈਚ ਤੋਂ ਬਾਅਦ ਦੂਜਾ ਸੈਮੀਫਾਈਨਲ ਮੈਚ ਸ੍ਰੀਲੰਕਾ ਅਤੇ ਪਾਕਿਸਤਾਨ ਦਰਮਿਆਨ ਖੇਡਿਆ ਗਿਆ ਜਿਸ ਵਿੱਚ ਇੱਕ ਬੇਹੱਦ ਫਸਵੇਂ ਮੈਚ ਤੋਂ ਬਾਅਦ ਸ਼੍ਰੀਲੰਕਾ ਨੇ ਜਿੱਤ ਹਾਸਲ ਕੀਤੀ ਅਤੇ ਹੁਣ ਫ਼ਾਈਨਲ ਵਿੱਚ ਐਤਵਾਰ ਨੂੰ ਭਾਰਤ ਦਾ ਖ਼ਿਤਾਬੀ ਮੁਕਾਬਲਾ ਮੇਜ਼ਬਾਨ ਸ਼੍ਰੀਲੰਕਾ ਨਾਲ ਹੋਵੇਗਾ।