- ਧਮਾਕਿਆਂ ਦੀ ਆਵਾਜ਼ ਦਰਮਿਆਨ ਇੱਕ ਵਿਅਕਤੀ ਦੀ ਮੌਤ
ਗੋਆ/ਪੰਜਾਬ ਪੋਸਟ
ਗੋਆ ਦੇ ਬੈਤੁਲ ਇਲਾਕੇ ਦੇ ਸਮੁੰਦਰੀ ਕੰਢੇ ਨੇੜੇ ਇੱਕ ਕੰਟੇਨਰ ਕਾਰਗੋ ਵਪਾਰੀ ਜਹਾਜ਼ – ਐਮਵੀ ਮਾਰਸਕ ਫਰੈਂਕਫਰਟ – ਵਿੱਚ ਅੱਗ ਲੱਗ ਗਈ। ਜਹਾਜ਼ਰਾਨੀ ਮੰਤਰਾਲੇ ਦੇ ਅਧਿਕਾਰੀ ਮੁਤਾਬਕ ਅੱਗ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫਿਲੀਪੀਨਜ਼ ਦੇ ਵਿਅਕਤੀ ਵਜੋਂ ਹੋਈ ਹੈ। ਜਹਾਜ਼ ਵਿੱਚ ਫਿਲੀਪੀਨੋ, ਮੋਂਟੇਨੇਗ੍ਰੀਨ ਅਤੇ ਯੂਕਰੇਨੀ ਨਾਗਰਿਕਾਂ ਸਮੇਤ ਚਾਲਕ ਦਲ ਦੇ 21 ਮੈਂਬਰ ਸਵਾਰ ਸਨ ਅਤੇ ਇਹ ਜਹਾਜ਼ ਬੰਦਰਗਾਹ ਤੋਂ ਕੋਲੰਬੋ (ਸ਼੍ਰੀਲੰਕਾ) ਜਾ ਰਿਹਾ ਸੀ। ਤੱਟ ਰੱਖਿਅਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਕਥਿਤ ਤੌਰ ‘ਤੇ ਸ਼ਾਰਟ ਸਰਕਟ ਕਾਰਨ ਲੱਗੀ ਅਤੇ ਤੇਜ਼ੀ ਨਾਲ ਫੈਲ ਗਈ। ਜਦੋਂ ਚਾਲਕ ਦਲ ਅੱਗ ਬੁਝਾਉਣ ਵਿੱਚ ਕਾਮਯਾਬ ਨਾ ਹੋ ਸਕਿਆ ਤਾਂ ਤੱਟ ਰੱਖਿਅਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪਹਿਲਾਂ ਤਾਂ ਜਹਾਜ਼ ਦੇ ਅਮਲੇ ਨੇ ਆਪਣੇ ਦਮ ‘ਤੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਇਸ ‘ਤੇ ਕਾਬੂ ਨਹੀਂ ਪਾ ਸਕੇ। ਅੱਗ ਡੈੱਕ ‘ਤੇ ਤੇਜ਼ੀ ਨਾਲ ਫੈਲ ਗਈ, ਜਿਸ ਕਾਰਨ ਕੰਟੇਨਰ ਫਟ ਗਏ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜਹਾਜ਼ ਦੇ 160 ਵਿੱਚੋਂ 20 ਕੰਟੇਨਰਾਂ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਮਾਲਵਾਹਕ ਜਹਾਜ਼ ਭਾਰਤੀ ਤੱਟ ਤੋਂ ਲਗਭਗ 80 ਨੌਟੀਕਲ ਮੀਲ ਦੂਰ ਹੈ ਅਤੇ ਇਸ ਕਰਕੇ ਇਸ ਬੰਨੇ ਕਾਫੀ ਚੌਕਸੀ ਵਰਤੀ ਗਈ ਹੈ।