ਸਾਨ ਫਰਾਂਸਿਸਕੋ/ਬਿਓਰੋ
ਸਾਨ ਫਰਾਂਸਿਸਕੋ ਅਧਾਰਤ ਪ੍ਰੋਫੈਸ਼ਨਲ ਬਾਸਕਿਟ ਬਾਲ ਟੀਮ ਗੋਲਡਨ ਸਟੇਟ ਵਾਰੀਅਰਜ ਦੇ ਅਸਿਸਟੈਂਟ ਕੋਚ 46 ਸਾਲਾ ਡੇਜਾਨ ਮਿਲੋਜੇਵਿਕ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਜਿਸ ਕਾਰਨ ਐੱਨ. ਬੀ. ਏ. ਨੇ ਵਾਰੀਅਰ ਅਤੇ ਉਟਾਹ ਜ਼ੈਜ ਟੀਮਾਂ ਵਿਚਕਾਰ ਹੋਣ ਵਾਲਾ ਮੈਚ ਅੱਗੇ ਪਾ ਦਿੱਤਾ ਹੈ। ਕੋਚ ਡੇਜਾਨ ਨੂੰ ਸਾਲਟ ਲੇਕ ਸਿਟੀ ’ਚ ਪ੍ਰਾਈਵੇਟ ਟੀਮ ਡਿਨਰ ਦੌਰਾਨ ਹੀ ਮੈਡੀਕਲ ਐਮਰਜੈਂਸੀ ਲਈ ਲਿਜਾਣਾ ਪਿਆ। ਇਸ ਦੁਖਦ ਘਟਨਾ ਤੋਂ ਆਹਤ ਟੀਮ ਕੋਚ ਸਟੀਵ ਕੇਰ ਨੇ ਆਖਿਆ ਹੈ ਕਿ ਡੇਜਾਨ ਦੇ ਅਚਾਨਕ ਵਿਛੋੜੇ ਨਾਲ ਅਸੀਂ ਗਹਿਰੇ ਸਦਮੇ ਵਿੱਚ ਹਾਂ ਅਤੇ ਇਹ ਸਾਡੀ ਟੀਮ ਨਾਲ ਜੁੜੇ ਹਰ ਵਿਆਕਤੀ ਅਤੇ ਡੇਜਾਨ ਦੇ ਪਰਿਵਾਰ ਲਈ ਵੱਡਾ ਧੱਕਾ ਹੈ।
6 ਫੁੱਟ 7 ਇੰਚ ਲੰਬੇ ਬੈਲਗ੍ਰੇਡ ਵਾਸੀ ਡੇਜਾਨ ਨੂੰ ਯੂਰਪ ਵਿੱਚ ਉਸਦੇ ਸ਼ਾਨਦਾਰ ਕਰੀਅਰ ਤੋਂ ਬਾਅਦ 2021 ਵਿੱਚ ਟੀਮ ਦੀਆਂ ਸੇਵਾਵਾਂ ਲਈ ਹਾਇਰ ਕੀਤਾ ਗਿਆ ਸੀ। ਵਾਰੀਅਰਜ ਅੰਦਰ ਉਹ ‘ਕੋਚ ਡੈਕੀ’ ਦੇ ਨਾਂ ਨਾਲ ਮਸ਼ਹੂਰ ਸੀ ਅਤੇ ਅਣਥੱਕ ਵਿਆਕਤੀ ਸੀ ਜੋ ਟੀਮ ਨੂੰ ਰੋਜ਼ਾਨਾ ਟੀਮ ਲਈ ਖੁਸ਼ੀ ਅਤੇ ਰੌਸ਼ਨੀ ਪ੍ਰਦਾਨ ਕਰਦਾ ਸੀ। ਉਸਨੂੰ ਗੋਲਡਨ ਵਾਰੀਅਰਜ ਟੀਮ ਦੇ ਸੈਂਟਰ ਅਤੇ ਫਾਰਵਰਡ ਖੇਡ ਹਿੱਸੇ ਨੂੰ ਹੋਰ ਨਿਖਾਰਨ ਦੀ ਜਿੰਮੇਵਾਰੀ ਦਿੱਤੀ ਗਈ ਸੀ। ਟੀਮ ਕੋਚ ਕੇਰ ਅਨੁਸਾਰ ਡੇਜਾਨ ਖੇਡ ਨੂੰ ਪਿਆਰ ਕਰਦਾ ਸੀ, ਉਹ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਸਾਡੀਆਂ ਰੋਜਾਨਾ ਮਿਲਣੀਆਂ ਵਿੱਚ ਹੱਸਾ-ਠੱਠਾ ਕਰ ਲੈਣਾ ਉਸਦਾ ਸੁਭਾਅ ਸੀ ਅਤੇ ਹਮੇਸ਼ਾ ਆਪਣੇ ਖੁਸ਼ਨੁਮਾ ਅਤੇ ਹਾਂ-ਪੱਖੀ ਵਰਤਾਓ ਨਾਲ ਵਿਚਰਦਾ ਸੀ। ਗੋਲਡਨ ਸਟੇਟ ਵਾਰੀਅਰਜ਼ ਵੱਲੋਂ 2022 ਵਿੱਚ ਐੱਨ. ਬੀ. ਏ. ਟਾਈਟਲ ਜਿੱਤਣ ਵਿੱਚ ਉਸਦੀ ਮਹੱਤਵਪੂਰਨ ਭੂਮਿਕਾ ਰਹੀ ਹੈ।