ਚੰਡੀਗੜ੍ਹ/ਪੰਜਾਬ ਪੋਸਟ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸੂਬੇ ਦੇ ਤਿੰਨ ਸਰਹੱਦੀ ਜ਼ਿਲ੍ਹਿਆਂ ’ਚ ਚਾਰ ਦਿਨਾਂ ਪੈਦਲ ਯਾਤਰਾ ਕਰਨਗੇ। ਰਾਜਪਾਲ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਦੀ ਕੜੀ ਵਜੋਂ ਇਹ ਪੈਦਲ ਯਾਤਰਾ ਕਰਨਗੇ। ਪੰਜਾਬ ਰੈੱਡ ਕਰਾਸ ਨੇ ਇਸ ਯਾਤਰਾ ਦਾ ਪ੍ਰੋਗਰਾਮ ਜਾਰੀ ਕਰਦੇ ਹੋਏ ਦੱਸਿਆ ਕਿ ਰਾਜਪਾਲ 9 ਫਰਵਰੀ ਨੂੰ ਤਰਨ ਤਾਰਨ ਤੋਂ ਯਾਤਰਾ ਦਾ ਆਗਾਜ਼ ਕਰਨਗੇ। ਜ਼ਿਲ੍ਹਾ ਫਿਰੋਜ਼ਪੁਰ ਵਿੱਚ 10 ਫਰਵਰੀ ਨੂੰ ਪੈਦਲ ਯਾਤਰਾ ਹੋਵੇਗੀ। ਯਾਤਰਾ ਤੀਜੇ ਦਿਨ ਫ਼ਾਜ਼ਿਲਕਾ ’ਚੋਂ ਲੰਘੇਗੀ ਅਤੇ ਸਮਾਪਤੀ 12 ਫਰਵਰੀ ਨੂੰ ਅਬੋਹਰ ਵਿੱਚ ਹੋਵੇਗੀ। ਰਾਜਪਾਲ ਨੇ ਕਿਹਾ ਕਿ ਉਹ ਨਸ਼ਿਆਂ ਦੇ ਖ਼ਤਰੇ ਬਾਰੇ ਜਾਗਰੂਕਤਾ ਲਈ ਇਸ ਪੈਦਲ ਯਾਤਰਾ ਦੀ ਅਗਵਾਈ ਕਰਨਗੇ। ਉਹ ਰੋਜ਼ਾਨਾ ਦੋ ਘੰਟੇ ਆਮ ਲੋਕਾਂ ਨਾਲ ਪੈਦਲ ਯਾਤਰਾ ਕਰਨਗੇ। ਸਰਹੱਦੀ ਜ਼ਿਲ੍ਹਿਆਂ ’ਚ ਪਹਿਲਾਂ ਵੀ ਦੌਰੇ ਕੀਤੇ ਗਏ ਸਨ ਅਤੇ ਪਿਛਲੇ ਸਾਲ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਵੀ ਕੀਤੀ ਗਈ ਸੀ। ਪਿਛਲੀ ਪੈਦਲ ਯਾਤਰਾ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਸੀ ਅਤੇ ਖਾਸਕਰ ਔਰਤਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਸੀ।






