1.4 C
New York

26 ਅਪ੍ਰੈਲ ਜਨਮ ਦਿਨ ’ਤੇ ਵਿਸ਼ੇਸ਼-ਮਹਾਨ ਸੁਪਨਸਾਜ਼ ਸੀ ਗੁਰਬਖਸ਼ ਸਿੰਘ ਪ੍ਰੀਤਲੜੀ

Published:

Rate this post

ਪੰਜਾਬੀ ਵਾਰਤਕ ਦੇ ਸ਼ਾਹਸਵਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਸਾਹਿਤ, ਸਾਹਿਤਕ ਪੱਤਰਕਾਰੀ, ਮਾਂ ਬੋਲੀ ਤੇ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ ਲਈ ਬਹੁਮੁੱਲਾ ਯੋਗਦਾਨ ਹੈ। ਉਨ੍ਹਾਂ ਮਾਤ ਭਾਸ਼ਾ ਦੇ ਵਿਕਾਸ ਲਈ ਇਸਨੂੰ ਲਿਸ਼ਕਾਇਆ, ਇਸਦੇ ਨੈਣ ਨਕਸ਼ ਤਰਾਸ਼ੇ, ਨਵੇਂ ਸ਼ਬਦ ਚਿੱਤਰਾਂ ਦੀ ਸਿਰਜਣਾ ਕੀਤੀ। ਜਿਸਦੇ ਫਲਸਰੂਪ ਇੱਕ ਨਵੀਂ ਭਾਸ਼ਾ ਸ਼ੈਲੀ ਦਾ ਜਨਮ ਹੋਇਆ। ਗੁਰਬਖਸ਼ ਸਿੰਘ ਨੇ ਭਾਸ਼ਾ ਸ਼ੈਲੀ ਤੇ ਜੀਵਨ ਸ਼ੈਲੀ ਨੂੰ ਨਵੇਂ ਪ੍ਰਯੋਗਾਂ ਨਾਲ ਸਿਰਜਿਆ। ਸੌਦਰਯ ਬੋਧ ਉਨ੍ਹਾਂ ਦਾ ਇਸ਼ਕ ਅਤੇ ਸ਼ੈਲੀ ਦੀ ਪਛਾਣ ਸੀ। ਜਿਸ ਵਿੱਚ ਮਾਤ ਭਾਸ਼ਾ ਦੀ ਸਰਲਤਾ, ਸਾਦਗੀ, ਨਵੀਨਤਾ ਅਤੇ ਅਧੁਨਿਕਤਾ ਸੀ। ਪ੍ਰੀਤ ਲੜੀ ਦੇ ਹਰ ਪੰਨੇ ’ਤੇ ਨਰੋਈ ਸੋਚ ਤੇ ਸੁਚੱਜ਼ੀ ਜ਼ਿੰਦਗੀ ਜਿਊਣ ਦਾ ਉਮਾਂਹ ਝਲਕਦਾ ਸੀ। ਅਸਲ ਵਿੱਚ ਗੁਰਬਖਸ਼ ਸਿੰਘ ਮਹਾਨ ਸੁਪਨਸਾਜ਼ ਸਨ ਅਤੇ ਪ੍ਰੀਤਲੜੀ ਸੁਪਨਿਆਂ ਨੂੰ ਸਾਕਾਰ ਕਰਨ ਦਾ ਹੁਨਰ ਵੀ ਦੱਸਦੀ ਸੀ। ਪ੍ਰੀਤ ਲੜੀ ਸੁਪਨੇ ਸਜਾਉਣ ਲਈ ਪ੍ਰੇਰਦੀ ਸੀ। ਗੁਰਬਖਸ਼ ਸਿੰਘ ਨੇ ਆਪਣੀਆਂ ਲਿਖਤਾਂ ਰਾਹੀਂ ਮਨੁੱਖੀ ਸ਼ਖਸ਼ੀਅਤ ਦੀ ਉਸਾਰੀ, ਚੰਗੇਰੀ ਜੀਵਨ ਜਾਚ, ਬੇਰੜਕ ਭਾਈਚਾਰਾ, ਦੂਜਿਆਂ ਨਾਲ ਸਾਊਆਂ ਵਾਲਾ ਵਿਹਾਰ, ਖੁਸ਼ੀ ਲੈਣ ਤੇ ਦੇਣ ਦਾ ਚਾਉ, ਗਲਤ ਕੀਮਤਾਂ ਦਾ ਖੰਡਨ, ਵਹਿਮਾਂ ਭਰਮਾਂ ਦਾ ਤਿਆਗ, ਉਨ੍ਹਾਂ ਦਾ ਪ੍ਰੀਤ ਫਲਸਫਾ, ‘ਪਿਆਰ ਕਬਜ਼ਾ ਨਹੀਂ ਪਛਾਣ’ ਸੀ। ਗੁਰਬਖਸ਼ ਸਿੰਘ ਨੇ ਮਨੁੱਖੀ ਸਮਾਜ ਲਈ ਕਈ ਬਿਹਤਰੀਨ ਯੋਜਨਾਵਾਂ ਉਲੀਕੀਆਂ, ਜਿਸਦੇ ਸਿੱਟੇ ਵਜੋਂ ਜੀਵਨ ਜਾਚ ਨੂੰ ਹੋਰ ਵੀ ਖੂਬਸੂਰਤ ਬਣਾਇਆ। ਨਿਰਸੰਦੇਹ ਉਹ ਖੂਬਸੂਰਤੀ ਦੇ ਰਸੀਆ ਸਨ।
ਨੋਰਾ ਰਿਚਰਡ ਨੇ ਕਿਹਾ ਸੀ, ‘ਪ੍ਰੀਤ ਲੜੀ ਮਾਰੂਥਲ ਵਿੱਚ ਇੱਕ ਨਖਲਿਸਤਾਨ ਹੈ, ਇਸ ਨਾਲੋਂ ਵੀ ਵੱਧ ਭਾਂਤ ਦਾ’। ਆਇਰਸ਼ ਲੇਡੀ ਨੋਰਾ ਦੀ ਬਾਗ ਵਿੱਚ,’ ਝੌਂਪੜੀ ਬਣਾਈ ਹੋਈ ਸੀ ਜਿਸਨੂੰ ਉਹ ਆਪਣੀ ਯਾਤਰਾ ਦੀ ‘ਅਖੀਰਲੀ ਝਾਤੀ’ ਆਖਦੇ ਸਨ। ਜਿਸਦੇ ਦੁਆਲੇ ਮੌਸਮੀ ਤੇ ਸਦੀਵੀ ਫੁੱਲਾਂ ਦਾ ਖੇੜਾ ਸੀ। ਇਸਦੇ ਵਰਾਂਡੇ ਵਿੱਚ ਸਾਰਾ ਦਿਨ ਸੂਰਜ ਦਿਸਦਾ ਰਹਿੰਦਾ ਸੀ। ‘ਜਿੰਦਗੀ ਦਾ ਆਂਖਰੀ ਹਫਤਾ ਮੈਂ ਇੱਥੇ ਆ ਕੇ ਰਹਾਂਗੀ ਤੇ ਫੁੱਲਾਂ, ਪਹਾੜਾਂ ਤੇ ਸੂਰਜ ਵੱਲ ਤੱਕਦੀ ਆਪਣੀਆਂ ਅੱਖਾਂ ਮੀਟ ਲਵਾਂਗੀ’। ਨਾਟਕ ਦੀ ਨੱਕੜਦਾਦੀ ਦਾ ਇਹ ਸੁਪਨਾ ਅੰਧਰੇਟੇ ਸੰਪੂਰਨ ਹੋਇਆ।
ਦਾਰ ਜੀ ਦਾ ਇਸ਼ਟ! ‘ਸੂਰਜ ਨਾਲ ਮੇਰਾ ਇਸ਼ਕ, ਸ਼ਰਧਾ ਦੀ ਹੱਦ ਤੱਕ ਹੈ। ਮੈਂ ਸੂਰਜ ਨੂੰ ਮੱਥਾ ਟੇਕਦਾ ਹਾਂ। ਹਮੇਸ਼ਾਂ ਇਕੱਲਿਆਂ’। ਗੁਰਬਖਸ਼ ਸਿੰਘ। ਗੁਰਬਖਸ਼ ਸਿੰਘ ਜੀ ‘ਸ਼ਬਦਾਂ ਦੇ ਜਾਦੂਗਰ’ ਅਤੇ ਉਹ ਪ੍ਰੀਤਾਂ ਦੇ ਪਹਿਰੇਦਾਰ ਸਨ। ਮੋਹ ਮੁਹੱਬਤ ਉਨ੍ਹਾ ਦਾ ਸਲੀਕਾ ਸੀ। ਉਨ੍ਹਾਂ ’ਤੇ ਰੂਸ ਦੇ ਸਮਾਜਵਾਦ ਦਾ ਡੂੰਘਾ ਪ੍ਰਭਾਵ ਸੀ ਅਤੇ ਇਹ ਪ੍ਰੀਤ ਲੜੀ ਦੀਆਂ ਲਿਖਤਾਂ ਵਿੱਚੋਂ ਮਹਿਸੂਸ ਹੁੰਦਾ ਸੀ।
ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ 1895 ਭਾਵਬੜਿਆਂ ਦੀ ਗਲੀ, ਬਾਂਸਾਂਵਾਲਾ ਗੇਟ ਸਿਆਲਕੋਟ (ਵਰਤਮਾਨ ਪਾਕਿਸਤਾਨ) ਵਿਖੇ ਪਸ਼ੌਰਾ ਸਿੰਘ ਦੇ ਘਰ ਮਾਤਾ ਮਾਲਣੀ ਦੇ ਘਰ ਹੋਇਆ। 8ਸਾਲ ਦੇ ਸਨ ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਉਨ੍ਹਾਂ ਦੇ ਮੋਢਿਆਂ ’ਤੇ ਮਾਂ ਤੇ ਦੋ ਭੈਣ ਭਰਾਵਾਂ ਦਾਂ ਬੋਝ ਆ ਪਿਆ। 10ਵੀਂ ਪਾਸ ਕਰ ਫੋਰਮੋਨ ਕਾਲਜ ਲਾਹੌਰ ਦਾਖਲ ਹੋ ਗਏ। 1911 ਵਿੱਚ ਉਨ੍ਹਾਂ ਦਾ ਵਿਆਹ ਬੀਬੀ ਜਗਜੀਤ ਕੌਰ ਨਾਲ ਹੋਇਆ। 1917 ਵਿੱਚ ਉਹ ਥਾਮਸਨ ਇੰਜੀਰਿੰਗ ਕਾਲਜ ਰੁੜਕੀ ਵਿੱਚ ਦਾਖਲ ਹੋਏ। ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਧਨ ਜੁਟਾ ਕੇ ਇੰਜੀਰਿੰਗ ਦੀ ਉਚੇਰੀ ਪੜ੍ਹਾਈ ਲਈ 1918 ਵਿੱਚ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ ਗਏ। ਉੱਥੇ ਉਹ 1923 ਤੱਕ ਰਹੇ। ਅਮਰੀਕਾ ਪੜ੍ਹਾਈ ਆਦਿ ਦੇ ਖਰਚਿਆਂ ਲਈ ਉਨ੍ਹਾਂ ਨੂੰ ਬਹੁਤ ਮਿਹਨਤ ਕਰਨੀ ਪਈ। ਬੰਦ ਸੜਕਾਂ ਤੋਂ ਬਰਫ ਹਟਾਈ। ਅੰਗੀਠੀਆਂ ਗਰਮ ਰੱਖਣ ਲਈ ਉਨ੍ਹਾਂ ਵਿੱਚ ਕੋਇਲਾ ਪਾਉਣ ਦਾ ਸਖਤ ਕੰਮ ਕੀਤਾ। ਮਕਾਨ ਮਾਲਕਣ ਦੇ ਕਪੜੇ ਪ੍ਰੈੱਸ ਕੀਤੇ। ਇਸ ਦੌਰਾਨ ਪ੍ਰੋ: ਰਿਗਜ ਨੇ ਇਨ੍ਹਾਂ ਦੀ ਹਰ ਸੰਭਵ ਮਦਦ ਕੀਤੀ। ਇਕੱਲਤਾ ਤੇ ਹੇਰਵਾ ਦੂਰ ਕਰਨ ਲਈ ਪਤਨੀ ਨੂੰ 60-65 ਸਫਿਆਂ ਦੇ ਖਤ ਲਿਖਦੇ ਰਹੇ ਜਿਹੜੇ ਬਾਅਦ ’ਚ ‘ਜੀਤਾਂ ਦੇ ਨਾਂ ਚਿੱਠੀਆਂ’ ਨਾਂ ਦੀ ਪੁਸਤਕ ਵਿੱਚ ਛਪੇ।
ਇੰਜੀਨੀਰਿੰਗ ਕਰਨ, ਯੁਰਪੀ ਦੇਸ਼ ਘੁੰਮਣ ਉਪਰੰਤ ਭਾਰਤ ਪਰਤ ਆਏ। 1925 ਵਿੱਚ ਉਨ੍ਹਾਂ ਨੂੰ ਰੇਲਵੇ ਵਿਭਾਗ ਵਿੱਚ ਨੌਕਰੀ ਮਿਲ ਗਈ। ਪਰ ਉਨ੍ਹਾਂ ਦੇ ਸੁਪਨੇ ਬੜੇ ਉੱਚੇ ਸਨ, ਸੋ ਸ਼ਾਨੌ ਸ਼ੌਕਤ ਤੇ ਸੁੱਖ ਸਹੂਲਤਾਂ ਵਾਲੀ ਨੌਕਰੀ ਛੱਡ 1932-33 ਅਟੱਕ ਦਰਿਆ ਦੇ ਦੂਸਰੇ ਕਿਨਾਰੇ ਸਮਾਧ ਬਾਬਾ ਫੂਲਾ ਸਿੰਘ ਵਿਖੇ ਕੱਚੇ ਕੋਠਿਆਂ ਵਿੱਚ ਆ ਵਸੇ ਅਤੇ ਉੱਥੇ ਜ਼ਮੀਨ ਹਿੱਸੇ ਠੇਕੇ ਲੈ ਨਵੇਂ ਢੰਗ ਦੀ ਮਸ਼ੀਨੀ ਖੇਤੀ ਸ਼ੁਰੂ ਕੀਤੀ। ਪਰ ਅਸਫਲ ਰਹੇ। ਫਿਰ 1933 ਵਿੱਚ ਨੌਸ਼ਹਿਰਾ ਤੋਂ ਮਹੀਨੇ ਵਾਰ ਰਸਾਲਾ ਪ੍ਰੀਤਲੜੀ ਸ਼ੁਰੂ ਕੀਤਾ। ਪ੍ਰੀਤਲੜੀ ਨੇ ਰੂੜੀਵਾਦੀ ਸੋਚ, ਜਾਤੀਵਾਦ, ਅੰਧ-ਵਿਸ਼ਵਾਸ਼ ਦਾ ਹਨੇਰਾ ਦੂਰ ਕਰ ਨਵੀਂ ਚੇਤੰਨਤਾ ਦਾ ਚਾਨਣ ਬਖੇਰਿਆ ਅਤੇ ਹੋਰ ਸਮਾਜਿਕ ਕੁਰੀਤੀਆਂ ’ਤੇ ਸਿੱਧਾ ਵਾਰ ਕੀਤਾ।
ਗੁਰਬਖਸ਼ ਸਿੰਘ ਨੇ ਲਾਹੌਰ ਅਤੇ ਅੰਬਰਸਰ ਦੇ ਵਿਚਕਾਰ ਪੈਂਦੇ, ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਜੱਦੀ ਪਿੰਡ ਲੋਪੋਕੇ ਚਰਾਣੀ ਬੁੱਧਵੰਤੀ ਦੀ ਮਾਲਕੀ ਵਾਲੀ ਬੰਜਰ ਜ਼ਮੀਨ ਧਨੀਰਾਮ ਚਾਤਿ੍ਰਕ ਰਾਹੀਂ ਉਸਦੇ ਸਰਬਰਾਹ ਸ਼ਰਾਬੀ ਪੰਡਤ ਦੌਲਤ ਰਾਮ ਤੋਂ 376 ਵਿਘੇ ਬੰਜਰ ਜ਼ਮੀਨ 40 ਹਜਜ਼ਾਰ ਦੀ ਖ੍ਰੀਦੀ ਸੀ। ਜਿਸਦੀ 2 ਦਸੰਬਰ 1937 ਨੂੰ ਅਜਨਾਲੇ ਰਜਿਸਟਰੀ ਹੋਈ ਸੀ। ਇਸ ਜ਼ਮੀਨ ’ਤੇ ਗੁਰਬਖਸ਼ ਸਿੰਘ ਨੇ ਸੁਪਨਨਗਰੀ ਪ੍ਰੀਤਨਗਰ ਵਸਾਈ। 7 ਜੂਨ 1938 ਸੁਪਨ ਨਗਰੀ ਪ੍ਰੀਤ ਨਗਰ ਦਾ, ‘ਪ੍ਰਵੇਸ਼ ਦਿਵਸ’ ਬਣਿਆਂ। ਇੱਥੇ ਜਿਹੜਾ ਪਹਿਲਾ ਜਥਾ ਪ੍ਰੀਤਨਗਰ ਪੁੱਜਾ ਉਸ ਵਿੱਚ ਪ੍ਰੀਤ ਸੈਨਿਕ ਨਗਿੰਦਰ ਸਿੰਘ, ਕਵੀਸ਼ਰ ਨਾਨਕ ਸਿੰਘ, ਗਿਆਨੀ ਭਜਨ ਸਿੰਘ, ਕਰਤਾਰ ਸਿੰਘ ਸਚਦੇਵਾ ਆਦਿ ਸਨ। ਫਸੀਲ ਤੇ ਬੁਰਜਾਂ ਨੂੰ ਤੋੜ ਕੇ ਨਾਨਕਸ਼ਾਹੀ ਇੱਟਾਂ ਦੀਆਂ ਪਹਿਲੀਆਂ ਇੱਕੋ ਜਿਹੀਆਂ 8 ਕੋਠੀਆਂ ਬਣੀਆਂ ਸਨ। ਫਿਰ ਪ੍ਰੀਤਨਗਰ ਵਿਕਸਤ ਹੁੰਦਾ ਗਿਆ ਤੇ ਇੱਥੇ ਲੇਖਕ ਵਸਦੇ ਗਏ।
ਗੁਰਬਖਸ਼ ਸਿੰਘ ਪ੍ਰੀਤਲੜੀ ਪ੍ਰੀਤ ਦਾ ਪੈਗੰਬਰ ਸੀ। ਉਨ੍ਹਾਂ ਦਾ ਸਹਿਜ ਪ੍ਰੀਤ ਦਾ ਜਾਦੂ, ਸਾਵੀਂ ਪੱਧਰੀ ਜ਼ਿੰਦਗੀ, ਭਖਦੀ ਜੀਵਨ ਚੰਗਿਆੜੀ ਤੇ ਸਵੈ ਪੂਰਨਤਾ ਦੀ ਲਗਨ ਜੀਵਨ ਦਰਸ਼ਨ ਸੀ। ਪ੍ਰੀਤਲੜੀ ਵਿੱਚ ਛਪਦੇ ਕਾਲਮ ਮੇਰੇ ਝਰੋਖੇ ’ਚੋਂ ਵਿੱਚ ਉਹ ਆਪਣੇ ਪਾਠਕਾਂ ਖਾਸ ਕਰਕੇ ਨੌਜਵਾਨਾਂ ਦੀਆਂ ਜਟਿਲ ਸਮੱਸਿਆਵਾਂ ਤੇ ਮਾਨਸਿਕ ਉਲਝਣਾਂ, ਇਸਤਰੀ ਪੁਰਸ਼ ਸਬੰਧਾਂ ਦੀ ਸੀਮਾ ਅਤੇ ਜ਼ਿੰਦਗੀ ਨਾਲ ਜੁੜੇ ਹੋਰ ਮਸਲਿਆਂ ਦਾ ਸਮਾਧਾਨ ਅਤੇ ਵਿਸਤਿ੍ਰਤ ਜਾਣਕਾਰੀ ਪ੍ਰਦਾਨ ਕਰਦੇ ਸਨ। ਉਨ੍ਹਾਂ ਦੀਆਂ ਲਿਖਤਾਂ ਨੇ ਨਾ ਸਿਰਫ ਵਹਿਮਾਂ ਭਰਮਾਂ ਦਾ ਡਰ ਦੂਰ ਕੀਤਾ, ਸਗੋਂ ਸਮਾਜਵਾਦੀ ਵਿਚਾਰਾਂ ਦੀ ਪ੍ਰਫੱੁਲਤਾ ਲਈ ਪੁਖਤਾ ਜ਼ਮੀਨ ਵੀ ਤਿਆਰ ਕੀਤੀ। ਸੰਸਾਰ ਅਮਨ ਲਹਿਰ ਵਿੱਚ ਉਨ੍ਹਾਂ ਦੇ ਸ਼ਾਮਲ ਹੋ ਜਾਣ ਨਾਲ ਇਸ ਲਹਿਰ ਦਾ ਘੇਰਾ ਹੋਰ ਮੋਕਲਾ ਹੋਇਆ। ਇਸੇ ਤਰ੍ਹਾਂ ਕਲਾ ਲੋਕਾਂ ਲਈ ਦੇ ਸਿਧਾਂਤ ਤਹਿਤ ਪੰਜਾਬ ਵਿੱਚ ਸੱਭਿਆਚਾਰਕ ਮੰਚ ਇਪਟਾ ਦੀ ਸਥਾਪਨਾ ’ਚ ਮਹੱਤਵਪੂਰਨ ਯੋਗਦਾਨ ਪਾਇਆ। ਪ੍ਰੀਤ ਨਗਰ ਵਿੱਚ ਉਂਨ੍ਹਾਂ ਬਿਨਾ ਅਥਰੂਆਂ ਪੜ੍ਹਾਈ ਵਾਲਾ ਐਕਟਿਵਿਟੀ ਸਕੂਲ ਖੋਲ੍ਹਿਆ। ਜਿੱਥੇ ਪੜ੍ਹਾਈ ਲਿਖਾਈ ਤੋਂ ਇਲਾਵਾ ਚਿੱਤਰਕਾਰੀ ਸੰਗੀਤ, ਨਾਟਕ, ਦਸਤਕਾਰੀ ਆਦਿ ਨੂੰ ਪਹਿਲ ਦਿੱਤੀ ਜਾਂਦੀ ਸੀ। ਬੱਚੇ ਦੀ ਸ਼੍ਰੇਣੀ ਵੰਡ ਮਨੋਵਿਗਿਆਨਕ ਜਾਂਚ ਤੋਂ ਕੀਤੀ ਜਾਂਦੀ ਸੀ।
ਬਟਵਾਰੇ ਤੋਂ ਬਾਅਦ ਅੰਮਿ੍ਰਤਸਰ ਪ੍ਰੋ. ਮੋਹਨ ਸਿੰਘ ਮਾਹਰ ਦੀ ਅਗਵਾਈ ਹੇਠ ਲੋਕ ਲਿਖਰੀ ਸਭਾ ਦੀ ਸਥਾਪਨਾ ਕੀਤੀ ਗਈ। ਫਿਰ ਜਲੰਧਰ ਵਿਖੇ ਹੀਰਾ ਸਿੰਘ ਦਰਦ ਦੀ ਅਗਵਾਈ ਵਿੱਚ ਕੇਂਦਰੀ ਲੇਖਕ ਸਭਾ ਸਥਾਪਤ ਹੋਈ ਜਿਸਦੇ ਪ੍ਰਧਾਨ ਗੁਰਬਖਸ਼ ਸਿੰਘ ਪ੍ਰੀਤਲੜੀ ਸਨ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਮਾਂ ਬੋਲੀ ਨੂੰ ਸ਼ਿੰਗਾਰਿਆ, ਸੰਵਾਰਿਆ ਅਤੇ ਉਸਦੇ ਨੈਣ ਨਕਸ਼ ਤਰਾਸ਼ੇ। ਉਨ੍ਹਾਂ ਸ਼ਬਦ ਚਿੱਤਰਾਂ ਦੀ ਸਿਰਜਣਾ ਕੀਤੀ ਜਿਸਦੇ ਫਲਸਰੂਪ ਇੱਕ ਨਵੀਂ ਸ਼ੈਲੀ ਦਾ ਜਨਮ ਹੋਇਆ, ਜਿਸ ਵਿੱਚ ਮਾਂ ਬੋਲੀ ਦੀ ਸਰਲਤਾ, ਸਾਦਗੀ, ਨਵੀਨਤਾ ਤੇ ਅਧੁਨਿਕਤਾ ਸੀ। ਸੌਂਦਰਯ ਉਨ੍ਹਾਂ ਦਾ ਇਸ਼ਕ ਅਤੇ ਸ਼ੈਲੀ ਦੀ ਪਛਾਣ ਸੀ। ਉਨ੍ਹਾਂ ਨੇ ਨਵੇਂ ਲੇਖਕਾਂ ਦੀ ਅਜਿਹੀ ਪਨੀਰੀ ਤਿਆਰ ਕੀਤੀ ਜਿਹੜੀ ਨਵੀਂ ਸੋਚ ਅਤੇ ਨਵੀਆਂ ਕਦਰਾਂ ਕੀਮਤਾਂ ਨਾਲ ਪ੍ਰਣਾਈ ਸੀ। ‘ਅਣਵਿਆਹੀ ਮਾਂ’ ਉਨ੍ਹਾਂ ਦਾ ਪਹਿਲਾ ਨਾਵਲ ਅਤੇ ‘ਰੁੱਖਾਂ ਦੀ ਜਿਰਾਂਦ’ ਦੂਸਰਾ ਮਹੱਤਵਪੂਰਨ ਨਾਵਲ ਸੀ। 30 ਸਾਲਾਂ ’ਚ 10 ਕਹਾਣੀ ਸੰਗ੍ਰਹਿ ਅਤੇ ਮੇਰੀ ਸਵੈ-ਜੀਵਨੀ (ਮੰਜ਼ਿਲ ਦਿਸ ਪਈ) ਦੇ ਤਿੰਨ ਭਾਗ ਪ੍ਰਕਾਸ਼ਤ ਹੋਏ।
ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਵਿਅਕਤੀ ਨਹੀਂ ਮਾਣਮੱਤੀ ਸੰਸਥਾ ਸਨ। ਉਨ੍ਹਾਂ ਦੀ ਦਿ੍ਰਸ਼ਟੀ ਵਿਗਿਆਨਕ ਤੇ ਹਿਰਦਾ ਕੋਮਲ ਸੀ। ਪ੍ਰੀਤ ਲੜੀ ਨੇ ਸਾਡੀ ਪੀੜ੍ਹੀ ਦੇ ਲੇਖਕਾਂ ਦੇ ਬੌਧਿਕ, ਮਾਨਸਿਕ ਅਤੇ ਭਾਵਨਾਮਕ ਵਿਕਾਸ ’ਚ ਬੜਾ ਵੱਡਾ ਹਿੱਸਾ ਪਾਇਆ। ਇਸ ਪ੍ਰੀਤ ਬਿਰਖ ਦੀ ਛਾਂਵੇਂ ਮੈ ਇੱਕ ਦਹਾਕਾ ਗੁਜਾਰਿਆ। ਉਨ੍ਹਾਂ ਦੀ ਵਿਚਾਰਧਾਰਾ, ਜੀਵਨ ਸ਼ੈਲੀ ਅਤੇ ਸਮੁੱਚਾ ਲੇਖਨ ਮੇਰਾ ਆਦਰਸ਼ ਰਿਹਾ। ਸ. ਗੁਰਬਖਸ਼ ਸਿੰਘ ਪ੍ਰੀਤਲੜੀ, ਸ. ਨਾਨਕ ਸਿੰਘ ਦੀ ਯਾਦ ਨੂੰ ਸਦੀਵੀ ਬਣਾਉਣ ਅਤੇ ਉਨ੍ਹਾਂ ਦੀ ਸਿਰਜਣਾ ਨੂੰ ਆਮ ਲੋਕਾਂ ਤੱਕ ਪਹੁੰਚਾਣ ਦੇ ਮਕਸਦ ਨਾਲ ਪ੍ਰੀਤ ਭਵਨ ਦੀ ਆਲੀਸ਼ਾਨ ਇਮਾਰਤ ਉਸਾਰੀ ਗਈ, ਜਿੱਥੇ ਮਿਆਰੀ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ। ਮਹਾਨ ਸੁਪਨਸਾਜ਼, ਸੁਹਜ, ਸਲੀਕੇ, ਸੂਖਮਤਾ ਤੇ ਸੰਵੇਦਨਾ ਭਰਪੂਰ ਯੁੱਗ ਪੁਰਸ਼ ਸ. ਗੁਰਬਖਸ਼ ਸਿੰਘ ਪ੍ਰੀਤਲੜੀ 20 ਅਗਸਤ 1977 ਨੂੰ ਅਲਵਿਦਾ ਕਹਿ ਗਏ। ਲੇਖਕਾਂ ਦੀ ਇਬਾਦਤਗਾਹ, ਇਹ ਸੁਪਨ ਨਗਰੀ ਪ੍ਰੀਤ ਨਗਰ ਉਨ੍ਹਾਂ ਦੀ ਯਾਦ ਵਿੱਚ ਸਿਰ ਝੁਕਾਉਂਦੀ ਹੈ।

-ਮੁਖ਼ਤਾਰ ਗਿੱਲ  

Read News Paper

Related articles

spot_img

Recent articles

spot_img