*ਮਾਮਲਾ ਪਿਛਲੇ ਸਮੇਂ ਦੌਰਾਨ ਪੰਜਾਬੀਆਂ ਦੀਆਂ ਭਾਵਨਾਵਾਂ ਆਹਤ ਹੋਣ ਦਾ
ਚੰਡੀਗੜ੍ਹ/ਪੰਜਾਬ ਪੋਸਟ
ਜਲੰਧਰ ਦੇ ਨਕੋਦਰ ਸਥਿਤ ਬਾਬਾ ਮੁਰਾਦ ਸ਼ਾਹ ਦੀ ਦਰਗਾਹ ਦੇ ਮੁੱਖ ਸੇਵਾਦਾਰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਇੱਕ ਅਮਰੀਕੀ ਪੰਜਾਬੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਮੁਆਫੀ ਮੰਗੀ ਹੈ ਅਤੇ ਇਸ ਦੌਰਾਨ ਉਹ ਭਾਵੁਕ ਹੁੰਦੇ ਹੋਏ ਨਜ਼ਰ ਆਏ। ਪਿਛਲੇ ਕੁਝ ਦਿਨਾਂ ਤੋਂ ਆਪਣੇ ਗੀਤ ਅਤੇ ਡੇਰੇ ਨੂੰ ਲੈ ਕੇ ਚੱਲ ਰਹੇ ਵਿਵਾਦ ਬਾਰੇ ਗੁਰਦਾਸ ਮਾਨ ਨੇ ਕਿਹਾ ਕਿ ਉਨਾਂ ਕਾਰਨ ਜਿਸ ਕਿਸੇ ਦਾ ਵੀ ਦਿਲ ਦੁਖਿਆ ਹੈ, ਤਾਂ ਓਹ ਉਸ ਤੋਂ ਮੁਆਫੀ ਮੰਗਦੇ ਹਨ। ਉਨਾਂ ਨੇ ਇਹ ਵੀ ਕਿਹਾ ਹੈ ਕਿ ਕਿਸੇ ਨੂੰ ਠੇਸ ਪਹੁੰਚਾਉਣ ਦਾ ਇਰਾਦਾ ਨਹੀਂ ਸੀ, ਪਰ ਜੇਕਰ ਕਿਸੇ ਨੂੰ ਉਨਾਂ ਕਾਰਨ ਠੇਸ ਪਹੁੰਚੀ ਹੈ ਤਾਂ ਉਸ ਲਈ ਉਹ ਮੁਆਫੀ ਚਾਹੁੰਦੇ ਹਨ। ਮਾਨ ਨੇ ਅੱਗੇ ਕਿਹਾ ਕਿ ਉਨਾਂ ਕਦੇ ਵੀ ਗਲਤ ਸ਼ਬਦ ਨਹੀਂ ਲਿਖੇ ਅਤੇ ਨਾ ਹੀ ਕਦੇ ਲਿਖਣਗੇ ਅਤੇ ਨਾ ਹੀ ਗਾਉਣਗੇ। ਆਉਂਦੇ ਦਿਨਾਂ ਦੌਰਾਨ ਗੁਰਦਾਸ ਮਾਨ ਨੇ ਅਮਰੀਕਾ ਦੇ ਦੌਰੇ ਉੱਤੇ ਪੇਸ਼ਕਾਰੀ ਕਰਨੀ ਹੈ ਅਤੇ ਉਸ ਤੋਂ ਐਨ ਪਹਿਲਾਂ ਉਨਾਂ ਵੱਲੋਂ ਇਹ ਮੁਆਫੀ ਦਾ ਵੀਡੀਓ ਸਾਹਮਣੇ ਆਇਆ ਹੈ।