ਦੀਨਾਨਗਰ/ਪੰਜਾਬ ਪੋਸਟ
ਗੁਰਦਾਸਪੁਰ ਦੇ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਮਕੌੜਾ ਪੱਤਣ ਦੇ ਪਿੰਡਾਂ ਨੂੰ ਜੋੜਣ ਵਾਲੇ ਆਰਜ਼ੀ ਪੁਲ ਦੇ ਕਿਨਾਰੇ ਦੋਨੋਂ ਤਰਫ਼ ਤੋਂ ਟੁੱਟ ਚੁੱਕੇ ਹਨ। ਦੱਸਿਆ ਗਿਆ ਹੈ ਕਿ ਮੀਂਹ ਕਰਕੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਹੈ, ਪਰ ਲੋਕ ਆਪਣੇ ਘਰ ਤਕ ਪਹੁੰਚਣ ਦੇ ਲਈ ਟੁੱਟੇ ਹੋਏ ਕਿਨਾਰਿਆਂ ਤੋਂ ਹੀ ਮੋਟਰਸਾਈਕਲ ਅਤੇ ਵਾਹਨ ਚੜ੍ਹਾਉਣ ਲਈ ਮਜਬੂਰ ਹੋ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹਾਲੇ ਤਕ ਇਸ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ। ਲੰਮੇ ਸਮੇਂ ਤੋਂ ਲੋਕਾਂ ਨੂੰ ਇਸ ਦੀ ਸਮੱਸਿਆ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਦੀਨਾ ਨਗਰ ਤੋਂ ਵਿਧਾਇਕ ਅਰੁਣਾ ਚੌਧਰੀ ਵੱਲੋਂ ਵੀ ਇਸ ਵਾਰ ਸੈਸ਼ਨ ਦੇ ਵਿੱਚ ਇਸ ਦਾ ਮੁੱਦਾ ਚੁੱਕਿਆ ਗਿਆ ਸੀ। ਲੋਕ ਇਹ ਮੁਸ਼ਕਿਲ ਵੀ ਦੱਸ ਰਹੇ ਹਨ ਕਿ ਹਾਲੇ ਤਾਂ 2 ਦਿਨ ਪਈ ਬਰਸਾਤ ਦੇ ਕਾਰਨ ਇਹ ਹਾਲਾਤ ਬਣੇ ਹਨ ਅਤੇ ਗਰਮੀਆਂ ਉਪਰੰਤ ਆਉਣ ਵਾਲੇ ਦਿਨਾਂ ਵਿੱਚ ਬਰਸਾਤ ਸ਼ੁਰੂ ਹੋਣ ਕਾਰਨ ਪੁਲ ਵੀ ਚੁੱਕ ਲਿਆ ਜਾਵੇਗਾ ਜਿਸ ਤੋਂ ਬਾਅਦ ਇਨ੍ਹਾਂ ਦਾ ਹੋਰ ਪਿੰਡਾਂ ਨਾਲ ਸੰਪਰਕ ਬਿਲਕੁਲ ਟੁੱਟ ਜਾਵੇਗਾ।