ਕਈ ਸਾਲਾਂ ਤੋਂ ਹੀ ਨਹੀਂ ਬਲਕਿ ਕਈ ਦਹਾਕਿਆਂ ਤੋਂ ਇਹ ਗੱਲ ਮਹਿਸੂਸ ਕੀਤੀ ਜਾਂਦੀ ਰਹੀ ਹੈ ਕਿ ਭਾਰਤ ਨੂੰ ਵਿਸ਼ਵ ਪੱਧਰ ਦਾ ਕੋਈ ਤੇਜ਼ ਦੌੜਾਕ ਨਹੀਂ ਮਿਲ ਰਿਹਾ ਜੋ ਅੰਤਰਰਾਸ਼ਟਰੀ ਦੌੜਾਂ ਵਿੱਚ ਭਾਰਤ ਨੂੰ ਮਾਣ ਦੁਆ ਸਕੇ। ਦੇਸ਼ ਦੇ ਅਥਲੈਟਿਕਸ ਇਤਿਹਾਸ ਦੀ ਗੱਲ ਹੋਵੇ ਤਾਂ ‘ਉੱਡਣੇ ਸਿੱਖ’ ਵਜੋਂ ਜਾਣੇ ਜਾਂਦੇ ਸਵਰਗੀ ਮਿਲਖਾ ਸਿੰਘ ਅਤੇ ਪੀਟੀ ਊਸ਼ਾ ਦੇ ਨਾਂਅ ਹੀ ਪ੍ਰਮੁੱਖਤਾ ਨਾਲ ਲਏ ਜਾਂਦੇ ਹਨ ਅਤੇ ਇਨਾਂ ਤੋਂ ਬਾਅਦ ਦੇਸ਼ ਨੂੰ ਅੰਤਰਰਾਸ਼ਟਰੀ ਮੰਚ ਉੱਤੇ ਚਮਕਣ ਵਾਲੇ ਇੱਕ ਦੌੜਾਕ ਦੀ ਹੁਣ ਤੱਕ ਉਡੀਕ ਹੀ ਬਣੀ ਰਹੀ ਹੈ ਪਰ ਹੁਣ ਇਸ ਮਾਮਲੇ ਵਿੱਚ ਇੱਕ ਸਿੱਖ ਨੌਜਵਾਨ ਜੋ ਪਿਛਲੇ ਲੰਮੇ ਸਮੇਂ ਤੋਂ ਮਿਹਨਤ ਕਰ ਰਿਹਾ ਹੈ, ਸਮੁੱਚੇ ਦੇਸ਼ ਲਈ ਇੱਕ ਵੱਡੀ ਆਸ ਦੀ ਕਿਰਨ ਬਣਿਆ ਹੈ ਜਿਸ ਨੇ 100 ਮੀਟਰ ਦੀ ਵੱਕਾਰੀ ਅਤੇ ਬੇਹੱਦ ਚੁਣੌਤੀ ਭਰਪੂਰ ਦੌੜ ਵਿੱਚ ਆਪਣਾ ਨਾਂਅ ਚਮਕਾ ਦਿੱਤਾ ਹੈ। ਪੰਜਾਬ ਦਾ ਗੱਭਰੂ ਗੁਰਿੰਦਰਵੀਰ ਸਿੰਘ ਦੇਸ਼ ਦਾ ਸਭ ਤੋਂ ਤੇਜ਼ ਦੌੜਾਕ ਬਣ ਗਿਆ ਹੈ ਜਿਸ ਨੇ ਕਰਨਾਟਕਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਬੀਤੇ ਦਿਨੀਂ ਕੈਂਗੇਰੀ ਬੰਗਲੌਰ ਵਿਖੇ ਕਰਵਾਈ ਗਈ ਇੰਡੀਅਨ ਗਰੈਂਡ ਪ੍ਰੀ-1 2025 ਵਿੱਚ ਵੱਡੀ ਉਪਲਬਧੀ ਹਾਸਲ ਕਰਕੇ ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਇਸ ਮੁਕਾਬਲੇ ਤਹਿਤ, 100 ਮੀਟਰ ਰੇਸ ਨੂੰ 10.2 ਸੈਕੰਡ ਵਿੱਚ ਪਹਿਲੇ ਨੰਬਰ ‘ਤੇ ਪੂਰਾ ਕਰਦੇ ਹੋਏ ਗੁਰਿੰਦਰਵੀਰ ਸਿੰਘ ਨੇ ਭਾਰਤ ਵਿੱਚ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਅਤੇ ‘ਦੇਸ਼ ਦੇ ਸਭ ਤੋਂ ਤੇਜ਼ ਆਦਮੀ’ ਦਾ ਖਿਤਾਬ ਆਪਣੇ ਨਾਂਅ ਕੀਤਾ ਭਾਵ ਇਸ ਉਪਲਬਧੀ ਨਾਲ ਗੁਰਿੰਦਰਵੀਰ ਸਿੰਘ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਵਜੋਂ ਸਥਾਪਤ ਹੋਇਆ। ਇਸ ਦੇ ਨਾਲ ਹੀ ਗੁਰਿੰਦਰਵੀਰ ਸਿੰਘ ਨੇ ਏਸ਼ੀਅਨ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ। ਗੁਰਿੰਦਰਵੀਰ ਸਿੰਘ ਨੇ ਮਣੀਕਾਂਤ ਹੋਬਲੀਧਰ ਵੱਲੋਂ ਬਣਾਏ ਗਏ 10.23 ਸੈਕਿੰਡ ਦੇ ਪਿਛਲੇ ਕੌਮੀ ਰਿਕਾਰਡ ਨੂੰ ਤੋੜ ਦਿੱਤਾ ਅਤੇ ਆਪਣਾ ਹੁਣ ਤੱਕ ਦਾ ਨਿੱਜੀ ਸਭ ਤੋਂ ਚੰਗਾ ਪ੍ਰਦਰਸ਼ਨ 10.27 ਸੈਂਕਿੰਡ ਵੀ ਹੋਰ ਬਿਹਤਰ ਕਰ ਦਿੱਤਾ ਜੋ ਉਸ ਨੇ ਸਾਲ 2021 ਵਿੱਚ ਹਾਸਲ ਕੀਤਾ ਸੀ। ਗੁਰਿੰਦਰਵੀਰ ਸਿੰਘ 100 ਮੀਟਰ ਦੇ ਨਾਲ ਨਾਲ 200 ਮੀਟਰ ਦੌੜ ਵਿੱਚ ਵੀ ਹਿੱਸਾ ਲੈਂਦਾ ਹੈ। ਸਾਲ 2022 ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਗੁਰਿੰਦਰਵੀਰ ਅਥਲੈਟਿਕਸ ਦੇ ਖੇਤਰ ਨੂੰ ਅਲਵਿਦਾ ਕਹਿ ਸਕਦਾ ਸੀ ਪਰ ਉਸ ਦੇ ਮਾਨਸਿਕ ਜਜ਼ਬੇ ਅਤੇ ਦਿ੍ਰੜਤਾ ਸਦਕੇ ਉਹ ਚੜਦੀ ਕਲਾ ਨਾਲ ਦੁਬਾਰਾ ਮੈਦਾਨ ‘ਚ ਉੱਤਰਿਆ ਅਤੇ ਅੱਜ ਇਸ ਵੇਲੇ ਪੰਜਾਬ ਦੇ ਇਸ ਐਥਲੀਟ ਦੀ ਪੂਰੇ ਭਾਰਤ ਵਿੱਚ ਚਰਚਾ ਹੋ ਰਹੀ ਹੈ।
ਗੁਰਿੰਦਰਵੀਰ ਸਿੰਘ ਪੰਜਾਬ ਦੇ ਜਲੰਧਰ ਜ਼ਿਲੇ ਦੇ ਪਿੰਡ ਪਤਿਆਲਾ (ਪਤਿਆਲ) ਦਾ ਰਹਿਣ ਵਾਲਾ ਹੈ। ਗੁਰਿੰਦਰਵੀਰ ਸਿੰਘ ਨੇ ਅਥਲੈਕਿਟਸ ਉਦੋਂ ਸ਼ੁਰੂ ਕੀਤੀ, ਜਦੋਂ ਉਹ ਛੇਵੀਂ ਜਮਾਤ ਵਿੱਚ ਪੜਦਾ ਸੀ। ਗੁਰਿੰਦਰਵੀਰ ਸਿੰਘ ਨੂੰ ਅਥਲੈਟਿਸ ਵੱਲ ਲਾਉਣ ਵਾਲੇ ਉਨਾਂ ਦੇ ਪਿਤਾ ਹੀ ਸਨ, ਜੋ ਖੁਦ ਵੀ ਵਾਲੀਵਾਲ ਦੇ ਖਿਡਾਰੀ ਰਹਿ ਚੁੱਕੇ ਸਨ। ਜਦੋਂ ਗੁਰਿੰਦਰਵੀਰ ਸਿੰਘ ਨੌਵੀਂ ਜਮਾਤ ਵਿੱਚ ਆਇਆ ਤਾਂ ਉਸ ਨੇ ਸਰਵਣ ਸਿੰਘ ਕੋਚ ਕੋਲੋਂ ਦੌੜਾਂ ਦੇ ਗੁਰ ਲੈਣੇ ਸ਼ੁਰੂ ਕੀਤੇ। ਨੌਵੀਂ ਜਮਾਤ ਕਰਨ ਮਗਰੋਂ ਗੁਰਿੰਦਰਵੀਰ ਸਿੰਘ ਜਲੰਧਰ ਗਿਆ ਜਿੱਥੇ ਨਾਮਵਰ ਐਥਲੈਟਿਕਸ ਕੋਚ ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣੀ ਸ਼ੁਰੂ ਕੀਤੀ। ਸਰਬਜੀਤ ਸਿੰਘ ਹੈਪੀ ਕੋਲ ਕੋਚਿੰਗ ਲੈਣ ਤੋਂ ਬਾਅਦ ਇੱਕ ਤਰਾਂ ਨਾਲ ਗੁਰਿੰਦਰਵੀਰ ਸਿੰਘ ਦੀ ਜ਼ਿੰਦਗੀ ਹੀ ਬਦਲ ਗਈ। ਉਨਾਂ ਦੇ ਤਹਿਤ ਕੋਚਿੰਗ ਲੈਣ ਮਗਰੋਂ ਗੁਰਿੰਦਰਵੀਰ ਸਿੰਘ ਨੇ ਕਈ ਟੂਰਨਾਮੈਂਟਾਂ ਵਿੱਚ ਮੈਡਲ ਹਾਸਲ ਕੀਤੇ।
ਇਨਾਂ ਤਮਾਮ ਪ੍ਰਾਪਤੀਆਂ ਦਾ ਜ਼ਿਕਰ ਕਰੀਏ ਤਾਂ ਗੁਰਿੰਦਰਜੀਤ ਸਿੰਘ ਨੇ ਅੰਡਰ-18 ਅਥਲੈਟਿਕਸ ਵਿੱਚ ਹਿੱਸਾ ਲੈਂਦਿਆਂ ਨੈਸ਼ਨਲ ਰਿਕਾਰਡ ਬਣਾਇਆ। ਇਸ ਤੋਂ ਬਾਅਦ ਅੰਡਰ-19 ਏਸ਼ੀਆਈ ਖੇਡਾਂ ਵਿੱਚੋਂ ਗੋਲਡ ਮੈਡਲ ਜਿੱਤਿਆ। ਇਸ ਉਪਰੰਤ, ਅੰਡਰ-20 ਵਿੱਚ ਗੁਰਿੰਦਰਵੀਰ ਸਿੰਘ ਨੇ 10.35 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਨੈਸ਼ਨਲ ਰਿਕਾਰਡ ਬਣਾਇਆ। ਇਸੇ ਤਰਾਂ ਉਸ ਨੇ ਯੂਥ ਏਸ਼ੀਆ, ਜੂਨੀਅਰ ਏਸ਼ੀਆ, ਜੂਨੀਅਰ ਸੈਫ, ਯੂਰੋ ਏਸ਼ੀਆ ਵਿਚੋਂ ਵੀ ਗੋਲਡ ਮੈਡਲ ਜਿੱਤੇ। ਸੈਫ ਸੀਨੀਅਰ ਗੇਮਾਂ ਵਿੱਚ ਰਿਲੇਅ ਦੌੜ ਦੌਰਾਨ ਸਿਲਵਰ ਮੈਡਲ ਜਿੱਤਿਆ। ਜਿਸ ਸਾਲ ਕੋਰੋਨਾ ਨੇ ਦਸਤਕ ਦਿੱਤੀ ਸੀ, ਉਸ ਸਮੇਂ ਗੁਰਿੰਦਰਵੀਰ ਅਤੇ ਕੋਚ ਹੈਪੀ ਹੁਰਾਂ ਨੂੰ ਕਾਫ਼ੀ ਚਿੰਤਾ ਹੋ ਗਈ ਸੀ ਕਿ ਪ੍ਰੈਕਟਿਸ ਕਿਸ ਤਰਾਂ ਜਾਰੀ ਰੱਖੀ ਜਾਵੇਗੀ ਪਰ ਉਨਾਂ ਮੁਸ਼ਕਲ ਹਾਲਾਤ ਵਿੱਚ ਵੀ ਗੁਰਿੰਦਰਵੀਰ ਸਿੰਘ ਨੇ ਟਰੇਨਿੰਗ ਜਾਰੀ ਰੱਖੀ। ਫਿਰ ਕਰੋਨਾ ਤੋਂ ਬਾਅਦ 2021 ਵਿੱਚ ਪਟਿਆਲਾ ਵਿਖੇ ਹੋਈ ਮੀਟ ਵਿੱਚ ਗੁਰਿੰਦਰਵੀਰ ਸਿੰਘ ਨੇ 100 ਮੀਟਰ ਦੌੜ 10.27 ਸੈਕਿੰਡ ਵਿੱਚ ਪੂਰੀ ਕੀਤੀ। ਉਦੋਂ ਵੀ ਓਹ ਕੌਮੀ ਰਿਕਾਰਡ ਤੋੜਨ ਦੇ ਬੇਹੱਦ ਨਜ਼ਦੀਕ ਸੀ ਪਰ ਮਹਿਜ਼ 1 ਮਾਈਕਰੋ ਸੈਕਿੰਡ ਤੋਂ ਰਿਕਾਰਡ ਟੁੱਟਣੋ ਰਹਿ ਗਿਆ ਸੀ। ਇਸੇ ਵਰੇ ਉਤਰਾਖੰਡ ਵਿੱਚ ਹੋਈਆਂ ਰਾਸ਼ਟਰੀ ਖੇਡਾਂ ਵਿੱਚ ਗੁਰਿੰਦਰਵੀਰ ਸਿੰਘ ਚੰਗਾ ਨਹੀਂ ਕਰ ਸਕਿਆ ਸੀ ਜਿੱਥੇ ਉਹ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਿਹਾ। ਗੁਰਿੰਦਰਵੀਰ ਸਿੰਘ 10.96 ਸਕਿੰਟ ਦੇ ਨਾਲ ਆਪਣੀ ਹੀਟ ਵਿੱਚੋਂ ਤੀਜੇ ਸਥਾਨ ’ਤੇ ਰਿਹਾ ਸੀ ਪਰ ਉਸ ਨੇ ਮਿਹਨਤ ਕਰਨਾ ਜਾਰੀ ਰੱਖਿਆ।
ਸਾਡੇ ਦੇਸ਼ ਵਿੱਚ ਕਿ੍ਰਕਟ ਦੀ ਖੇਡ ਤੋਂ ਛੁੱਟ ਹੋਰਨਾਂ ਖੇਡਾਂ ਦੇ ਖਿਡਾਰੀਆਂ ਲਈ ਸਪਾਂਸਰਸ਼ਿੱਪ ਹਾਸਲ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਹੁੰਦਾ ਹੈ। ਗੁਰਿੰਦਰਵੀਰ ਨੂੰ ਵੀ ਇਸ ਚੁਣੌਤੀ ਨਾਲ ਲੰਮਾ ਸਮਾਂ ਜੂਝਣਾ ਪਿਆ ਪਰ ਉਸ ਲਈ ਮੁਸ਼ਕਿਲ ਸਮਾਂ ਉਦੋਂ ਬਦਲਿਆ ਜਦੋਂ ਗੁਰਿੰਦਰਵੀਰ ਨੂੰ ਰਿਲਾਇੰਸ ਫਾਊਂਡੇਸ਼ਨ ਨੇ ਆਪਣੇ ਨਾਲ ਕਰ ਲਿਆ ਸੀ। ਪੰਜਾਬ ਅਤੇ ਉਥੋਂ ਦੀਆਂ ਸਹੂਲਤਾਂ ਵਿੱਚ ਕਾਫ਼ੀ ਅੰਤਰ ਨੂੰ ਵੇਖਦੇ ਹੋਏ ਗੁਰਿੰਦਰਵੀਰ ਨੂੰ ਮੁੰਬਈ ਭੇਜਣ ਦਾ ਫੈਸਲਾ ਕੀਤਾ ਗਿਆ ਸੀ ਕਿਉਂਕਿ ਮੁੰਬਈ ਵਿੱਚ ਖਿਡਾਰੀਆਂ ਨੂੰ ਹਰ ਉਹ ਸਹੂਲਤ ਮਿਲਦੀ ਹੈ, ਜਿਸ ਦੀ ਅੱਜ ਦੇ ਸਮੇਂ ਵਿੱਚ ਲੋੜ ਹੈ। ਮਨਿਆ ਜਾਂਦਾ ਹੈ ਕਿ ਪੰਜਾਬ ਵਿੱਚ ਇੱਕ ਐਥਲੀਟ ਨੂੰ ਕੋਚ ਤਾਂ ਮਿਲ ਜਾਂਦਾ ਹੈ ਪਰ ਸਹਾਇਕ ਕੋਚ ਸਹਿਜੇ ਨਹੀਂ ਮਿਲਦੇ ਅਤੇ ਨਾ ਹੀ ਪੂਰੀ ਢੁੱਕਵੀਂ ਡਾਇਟ ਦਾ ਪ੍ਰਬੰਧ ਹੁੰਦਾ। ਜਦੋਂ ਜਲੰਧਰ ਵਿੱਚ ਸਿੰਥੈਟਿਕ ਦਾ ਟਰੈਕ ਨਹੀਂ ਸੀ ਬਣਿਆ ਤਾਂ ਉਦੋਂ ਗੁਰਿੰਦਰਵੀਰ ਅਤੇ ਹੋਰ ਖਿਡਾਰੀ ਸਰਬਜੀਤ ਸਿੰਘ ਹੈਪੀ ਦੀ ਨਿਗਰਾਨੀ ਹੇਠ ਪ੍ਰੈਕਿਟਸ ਕਰਵਾਉਣ ਲਈ ਕਈ ਕਿਲੋਮੀਟਰ ਦੂਰ ਜਲੰਧਰ ਤੋਂ ਤਰਨ ਤਾਰਨ ਵੀ ਜਾਂਦੇ ਸੀ।
ਗੁਰਿੰਦਰਵੀਰ ਸਿੰਘ ਆਪਣੇ ਰੋਲ ਮਾਡਲ ਆਪਣੇ ਪਿਤਾ ਅਤੇ ਕੋਚ ਨੂੰ ਮੰਨਦਾ ਹੈ, ਜਿਨਾਂ ਨੇ ਉਸ ਦਾ ਹਮੇਸ਼ਾ ਸਾਥ ਦਿੱਤਾ ਅਤੇ ਇਸ ਮੁਕਾਮ ਤੱਕ ਪਹੁੰਚਾਇਆ। ਉਸ ਦੇ ਇਸ ਸਫਰ ਬਾਰੇ ਇਹ ਗੱਲ ਵੀ ਜਾਣਨ ਵਾਲੀ ਹੈ ਕਿ ਗੁਰਿੰਦਰਵੀਰ ਦੀ ਜ਼ਿੰਦਗੀ ਵਿੱਚ ਇਕ ਅਜਿਹਾ ਸਮਾਂ ਵੀ ਆਇਆ ਸੀ ਜਦੋਂ ਉਸ ਨੇ ਹੋਰਨਾਂ ਨੌਜਵਾਨਾਂ ਵਾਂਗ ਵਿਦੇਸ਼ ਜਾਣ ਦਾ ਮਨ ਬਣਾ ਲਿਆ ਸੀ। ਦਰਅਸਲ, ਇਹ ਓਹ ਸਮਾਂ ਸੀ ਜਦੋਂ ਕੁੱਝ ਸਾਲ ਗੁਰਿੰਦਰਵੀਰ ਆਸ ਮੁਤਾਬਕ ਪ੍ਰਦਰਸ਼ਨ ਨਹੀਂ ਸੀ ਕਰ ਰਿਹਾ ਪਰ ਗੁਰਿੰਦਰਵੀਰ ਦੇ ਪਿਤਾ ਨੇ ਹੌਂਸਲਾ ਦਿੰਦੇ ਹੋਏ ਕਿਹਾ ਸੀ ਕਿ ‘ਕੁੱਝ ਸਮਾਂ ਇੰਤਜ਼ਾਰ ਕਰ ਅਤੇ ਮਿਹਨਤ ਕਰ’। ਗੁਰਿੰਦਰਵੀਰ ਦਾ ਇੱਕ ਭਰਾ ਪਹਿਲਾਂ ਹੀ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਆਪਣੇ ਦੂਜੇ ਬੱਚੇ ਨੂੰ ਵੀ ਦੂਰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ ਸੀ ਅਤੇ ਇਹ ਫੈਸਲਾ ਅੱਜ ਬਿਲਕੁਲ ਸਹੀ ਸਾਬਤ ਹੋਇਆ ਹੈ। ਗੁਰਿੰਦਰਵੀਰ ਸਿੰਘ ਨੇ ਜਿਸ ਤਰਾਂ ਆਪਣੀ ਤੇਜ਼ ਤਰਾਰ ਦੌੜ ਨਾਲ ਹੁਣ ਇੱਕ ਵੱਖਰੀ ਪਛਾਣ ਬਣਾਈ ਹੈ, ਉਨਾਂ ਨੂੰ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ‘ਫਲਾਇੰਗ ਸਿੱਖ’ ਦਾ ਨਾਂਅ ਵੀ ਦਿੱਤਾ ਜਾ ਰਿਹਾ ਹੈ ਭਾਵ ਕਿ ਹੁਣ ਤਾਂ ਗੁਰਿੰਦਰਵੀਰ ਸਿੰਘ ਦੀ ਤੁਲਨਾ ਮਿਲਖਾ ਸਿੰਘ ਨਾਲ ਵੀ ਹੋ ਰਹੀ ਹੈ। ਗੁਰਿੰਦਰਵੀਰ ਦੇ ਪਿਤਾ ਅਤੇ ਕੋਚ ਦੁਹੇਂ ਕਹਿੰਦੇ ਹਨ ਕਿ ਖੁਸ਼ੀ ਹੁੰਦੀ ਹੈ ਜਦੋਂ ਲੋਕ ਇਸ ਤਰਾਂ ਨਾਲ ਬੱਚੇ ਨੂੰ ਬੁਲਾਉਂਦੇ ਹਨ ਜਾਂ ਤਾਰੀਫ਼ ਕਰਦੇ ਹਨ ਹਾਲਾਂਕਿ ਉਹ ਇਹ ਵੀ ਕਹਿੰਦੇ ਹਨ ਕਿ ਮਿਲਖਾ ਸਿੰਘ ਦਾ ਈਵੈਂਟ ਅਲੱਗ ਸੀ। ਕੋਚ ਸਰਬੀਜਤ ਸਿੰਘ ਨੇ ਇੱਕ ਵਾਰ ਇਸ ਗੱਲ ਦਾ ਵੀ ਖ਼ੁਲਾਸਾ ਕੀਤਾ ਸੀ ਕਿ ਗੁਰਿੰਦਰਵੀਰ ਨੂੰ ਬਹੁਤ ਲੋਕਾਂ ਨੇ ਕਿਹਾ ਸੀ ਕਿ 100 ਮੀਟਰ ਦੌੜ ਨਾ ਕਰੇ ਕਿਉਂਕਿ ਇਹ ਦੱਖਣ-ਭਾਰਤੀ ਲੋਕਾਂ ਦੀ ਖੇਡ ਹੈ ਜਦਕਿ ਉੱਤਰੀ ਭਾਰਤ ਵਿੱਚ ਅਥਲੈਟਿਕਸ ਕਾਮਯਾਬ ਖੇਡ ਨਹੀਂ ਹੈ। ਗੁਰਿੰਦਰਵੀਰ ਦੇ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਸਦਕਾ ਅੱਜ ਇਹ ਉਪਰੋਕਤ ਧਰਨਾ ਅਤੇ ਮਿੱਥ ਹੁਣ ਪੂਰੀ ਤਰਾਂ ਨਾਲ ਟੁੱਟ ਚੁੱਕੀ ਹੈ ਕਿ ਉੱਤਰੀ ਭਾਰਤ ਵਿੱਚ ਅਥਲੈਟਿਕਸ ਨਹੀਂ ਕੀਤੀ ਜਾ ਸਕਦੀ। ਗੁਰਿੰਦਰਵੀਰ ਨੇ ਕੇਵਲ ਮਿੱਥ ਹੀ ਨਹੀਂ ਤੋੜੀ ਬਲਕਿ ਆਉਣ ਵਾਲੇ ਬੱਚਿਆਂ ਲਈ ਵੀ ਮਿਸਾਲ ਕਾਇਮ ਕੀਤੀ ਹੈ ਅਤੇ ਇਸ ਖੇਤਰ ਵਿੱਚ ਨਵੇਂ ਬੂਹੇ ਖੋਲੇ ਹਨ।
ਸਾਬਤ ਸੂਰਤ ਸਿੱਖ ਨੌਜਵਾਨ ਗੁਰਿੰਦਰਵੀਰ ਸਿੰਘ ਸਿੱਖੀ ਦੀਆਂ ਕਦਰਾਂ ਕੀਮਤਾਂ ਨੂੰ ਨਾਲ ਲੈ ਕੇ ਚੱਲਦਾ ਹੈ ਅਤੇ ਉਸ ਦਾ ਹਮੇਸ਼ਾ ਇਹ ਕਹਿਣਾ ਰਿਹਾ ਹੈ ਕਿ ਉਸ ਨੂੰ ਸਿੱਖ ਧਰਮ ਦੇ ਸ਼ਹੀਦਾਂ ਤੋਂ ਪ੍ਰੇਰਨਾ ਮਿਲਦੀ ਹੈ। ਗੁਰਿੰਦਰਵੀਰ ਦਾ ਸਫਰ ਹਾਲੇ ਸ਼ੁਰੂ ਹੋਇਆ ਹੈ ਉਸ ਦਾ ਅਗਲਾ ਟੀਚਾ ਏਸ਼ੀਅਨ ਚੈਂਪੀਅਨਸ਼ਿਪ ਵਿੱਚੋਂ ਗੋਲਡ ਮੈਡਲ ਹਾਸਲ ਕਰਨ ਦਾ ਹੈ। ਉਸ ਨੇ ਇਹ ਵੀ ਟੀਚਾ ਰੱਖਿਆ ਹੋਇਆ ਹੈ ਕਿ ਇਸੇ ਸਾਲ ਓਹ ਆਪਣੇ ਪ੍ਰਦਰਸ਼ਨ ਵਿੱਚ ਹੋਰ ਵੀ ਸੁਧਾਰ ਕਰੇਗਾ ਅਤੇ 10.01 ਸੈਕਿੰਡ ਦੇ ਸਮੇਂ ਵਿੱਚ ਆਪਣੀ 100 ਮੀਟਰ ਦੌੜ ਪੂਰੀ ਕਰਨ ਦਾ ਚਾਹਵਾਨ ਹੈ। ਗੁਰਿੰਦਰਵੀਰ ਸਿੰਘ ਓਲੰਪਿਕ ਤੱਕ ਪਹੁੰਚਣ ਅਤੇ ਓਸ ਮੰਚ ਉੱਤੇ ਮੈਡਲ ਹਾਸਲ ਕਰਨ ਦਾ ਸੁਫਨਾ ਵੀ ਵੇਖਦਾ ਹੈ ਅਤੇ ਇਸੇ ਤਰਾਂ ਮਹਾਨ ਦੌੜਾਕ ਉਸੈਨ ਬੋਲਟ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੋਏ 100 ਮੀਟਰ ਦੌੜ ਨੌਂ ਤੋਂ ਸਾਢੇ ਨੌਂ ਸੈਕਿੰਡ ਵਿੱਚ ਪੂਰੀ ਕਰਨ ਦੀ ਵੀ ਇੱਛਾ ਰੱਖਦਾ ਹੈ। ਜਿਸ ਤਰਾਂ ਉਹ ਇਸ ਮੁਕਾਮ ਤੱਕ ਪਹੁੰਚਾ ਹੈ, ਇਸ ਗੱਲ ਦੀ ਪੂਰੀ ਆਸ ਬਣਦੀ ਹੈ ਕਿ ਉਹ ਇਹ ਸਾਰੇ ਟੀਚੇ ਸਰ ਕਰੇਗਾ ਕਿਉਂਕਿ ਹੁਣ ਸਮੁੱਚਾ ਦੇਸ਼ ਉਸ ਵੱਲ ਨੀਝ ਲਾ ਕੇ ਵੇਖ ਰਿਹਾ ਹੈ।
_ਪੰਜਾਬ ਪੋਸਟ






