13.7 C
New York

ਇਨਕਲਾਬੀ ‘ਖਾਲਸੇ’ ਦੀ ਦਾਤ ਬਖਸ਼ਣ ਵਾਲੇ- ਸ੍ਰੀ ਗੁਰੂ ਗੋਬਿੰਦ ਸਿੰਘ ਜੀ

Published:

Rate this post

ਦਸਮ ਪਿਤਾ, ਸਰਬੰਸਦਾਨੀ, ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਅਜਿਹੇ ਮਹਾਨ ਇਨਕਲਾਬੀ ਰਹਿਬਰ ਵਜੋਂ ਇਸ ਦੁਨੀਆ ਉੱਤੇ ਪ੍ਰਗਟ ਹੋਏ ਕਿ ਜ਼ੁਲਮ ਅਤੇ ਅਨਿਆ ਦੇ ਖਿਲਾਫ ਉਨਾਂ ਇੱਕ ਕ੍ਰਾਂਤੀਕਾਰੀ ਫਲਸਫ਼ਾ ਅਤੇ ਵਿਸ਼ਵ ਇਤਿਹਾਸ ਵਿੱਚ ਬਹਾਦਰੀ ਦੇ ਨਵੇਂ ਮੁਕਾਮ ਸਿਰਜਣ ਵਾਲੇ ਪੰਥ ਦੀ ਸਥਾਪਨਾ ਕੀਤੀ ਜਿਸ ਦੀ ਲੋਅ ਅਤੇ ਜਲੌਅ ਨਾਲ ਅੱਜ ਸਮੁੱਚੀ ਦੁਨੀਆਂ ਰੁਸ਼ਨਾ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਤੇ ਸ਼ਖ਼ਸੀਅਤ ਮਾਨਵਤਾ ਲਈ ਚਾਨਣ ਮੁਨਾਰਾ ਹੈ। ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ ਅਤੇ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ ਨਹੀਂ, ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕੀਤਾ। ਦਸਮੇਸ਼ ਪਿਤਾ ਜੀ ਦਾ ਸਾਰਾ ਜੀਵਨ ਹੀ ਸਮੁੱਚੀ ਮਾਨਵਤਾ ਭਾਵ ਹਰ ਧਰਮ, ਹਰ ਵਰਗ, ਹਰ ਫਿਰਕੇ ਲਈ ਪ੍ਰਣਾਇਆ ਨਜ਼ਰ ਆਇਆ। ਆਪ ਜੀ ਦੀ ਕ੍ਰਾਂਤੀਕਾਰੀ ਸ਼ਖ਼ਸੀਅਤ ਨੂੰ ਇਤਿਹਾਸਕਾਰਾਂ ਨੇ ਆਪੋ-ਆਪਣੀ ਸਮਝ ਅਨੁਸਾਰ ਬਿਆਨ ਕੀਤਾ ਹੈ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੀ ਸੰਪੂਰਨ ਵਿਆਖਿਆ ਕਰਨੀ ਮਨੁੱਖੀ ਸਮਝ ਤੋਂ ਪਰ੍ਹੇ ਹੀ ਰਹੀ ਹੈ। ਗੁਰੂ ਸਾਹਿਬ ਜੀ ਦੇ ਜੀਵਨ ਦਰਸ਼ਨ ਦੇ ਆਧਾਰ ’ਤੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਵਿਚ ਬਿਆਨ ਕਰਨ ਦੇ ਬਹੁਤ ਮਨੁੱਖੀ ਉਪਰਾਲੇ ਹੋਏ ਹਨ ਪਰ ਦੁਨੀਆਂ ਭਰ ਦੇ ਸ਼ਬਦ ਵੀ ਇਸ ਬੰਨੇ ਸੀਮਤ ਲੱਗਦੇ ਹਨ ਅਤੇ ਗੁਰੂ ਸਾਹਿਬ ਦੀ ਸ਼ਖ਼ਸੀਅਤ ਦੀ ਮੁਕੰਮਲ ਬਿਆਨੀ ਹਮੇਸ਼ਾ ਦੁਨਿਆਵੀ ਲੇਖਕਾਂ ਲਈ ਅਸੰਭਵ ਜਿਹੀ ਹੀ ਰਹੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿ੍ਰੜਤਾ, ਸਬਰ ਅਤੇ ਸਿਦਕ ਭਰਪੂਰ ਅਦੁੱਤੀ ਜੀਵਨ ਗਾਥਾ ਸਮੁੱਚੀ ਮਨੁੱਖਤਾ ਅੰਦਰ ਹੱਕ-ਸੱਚ ਲਈ ਜੂਝਣ ਦਾ ਜਜ਼ਬਾ ਭਰਨ ਅਤੇ ਧਰਮ ਦੇ ਉਭਾਰ ਵਾਲੀ ਹੈ ਅਤੇ ਇਸੇ ਕਰਕੇ ਉਨਾਂ ਦੀ ਉਸਤਤਿ ਵਿੱਚ ਲਿਖਣਾ ਵੀ ਫਰਜ਼ ਨਿਭਾਉਣ ਦੀ ਇੱਕ ਨਿਮਾਣੀ ਕੋਸ਼ਿਸ਼ ਬਣਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਸਿੱਖੀ ਦੇ ਪ੍ਰਚਾਰ ਲਈ ਦੇਸ਼ ਦੇ ਵੱਖ ਵੱਖ ਖੇਤਰਾਂ ਦੀ ਯਾਤਰਾ ਕਰ ਰਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਵਿਖੇ ਠਹਿਰਾਇਆ ਅਤੇ ਆਪ ਅੱਗੇ ਆਸਾਮ ਵੱਲ ਚਲੇ ਗਏ ਸਨ। ਗੁਰੂ ਜੀ ਜਦੋਂ ਢਾਕਾ (ਬੰਗਲਾਦੇਸ਼) ਵਿਖੇ ਪਹੁੰਚੇ ਸਨ ਤਾਂ ਆਪ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ ਕੁੱਝ ਸਾਲਾਂ ਦੀ ਹੀ ਸੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਾਪਸ ਆ ਕੇ ਆਪਣੇ ਪੁੱਤਰ ਅਤੇ ਪਰਿਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਬੁਲਾ ਲਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਔਰੰਗਜ਼ੇਬ ਦਾ ਜਬਰ, ਜ਼ੁਲਮ ਅਤੇ ਅੱਤਿਆਚਾਰ ਸਭ ਹੱਦਾਂ ਬੰਨੇ ਟੱਪ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਲੋਕਾਂ ਨੂੰ ਢਾਰਸ ਦੇਣ ਦਾ ਕੰਮ ਕਰ ਰਹੇ ਸਨ। ਔਰੰਗਜ਼ੇਬ ਨੇ ਉਸ ਵੇਲੇ ਦੇਸ਼ ਭਰ ਦੇ ਆਪਣੇ ਸਾਰੇ ਗਵਰਨਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਿੰਦੂਆਂ ਦੇ ਸਾਰੇ ਮੰਦਿਰ ਅਤੇ ਵਿੱਦਿਆ ਦੇ ਅਦਾਰੇ ਢਾਹ ਦਿੱਤੇ ਜਾਣ। ਇਨ੍ਹਾਂ ਹੁਕਮਾਂ ਨੂੰ ਸਾਰੇ ਗਵਰਨਰਾਂ ਵਲੋਂ ਬੜੀ ਸਖ਼ਤੀ ਨਾਲ ਲਾਗੂ ਕੀਤਾ ਜਾਣ ਲੱਗ ਪਿਆ। ਕਸ਼ਮੀਰ ਵਿਚ ਮੰਦਿਰ ਢਹਿਣ ਲੱਗੇ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗ ਪਿਆ। ਜਦੋਂ ਅੱਤਿਆਚਾਰ ਸਭ ਹੱਦਾਂ ਬੰਨੇ ਟੱਪ ਗਿਆ ਤਾਂ ਕਸ਼ਮੀਰੀ ਪੰਡਿਤਾਂ ਦਾ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਾ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਇਸ ਜ਼ੁਲਮ ਦੇ ਵਿਰੁੱਧ ਫਰਿਆਦ ਕੀਤੀ ਜਾ ਸਕੇ। ਕਸ਼ਮੀਰੀ ਪੰਡਿਤਾਂ ਨੇ ਸਾਰਾ ਹਾਲ ਗੁਰੂ ਜੀ ਨੂੰ ਦੱਸਿਆ, ਜਿਸ ਨੂੰ ਸੁਣਕੇ ਗੁਰੂ ਜੀ ਗੰਭੀਰ ਹੋ ਗਏ। ਉਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ 9 ਸਾਲ ਦੀ ਸੀ ਅਤੇ ਉਨਾਂ ਦਾ ਨਾਂਅ ‘ਗੋਬਿੰਦ ਰਾਇ’ ਸੀ। ਆਪ ਜੀ ਦੇ ਪੁੱਛਣ ਉੱਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਇਨ੍ਹਾਂ ਲਾਚਾਰ ਪੰਡਿਤਾਂ ’ਤੇ ਜ਼ੁਲਮ ਹੋ ਰਿਹਾ ਹੈ, ਜਿਸ ਨੂੰ ਤਦ ਹੀ ਠੱਲ੍ਹ ਪੈ ਸਕਦੀ ਹੈ, ਜੇਕਰ ਕੋਈ ਮਹਾਂਬਲੀ ਆਪਣੀ ਕੁਰਬਾਨੀ ਦੇਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤੁਰੰਤ ਕਿਹਾ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਬਲੀ ਹੋਰ ਕੌਣ ਹੋ ਸਕਦਾ ਹੈ। ਇਸ ਤਰ੍ਹਾਂ ਹਿੰਦੋਸਤਾਨ ਵਿਚ ਹਿੰਦੂ ਧਰਮ ਦੀ ਰੱਖਿਆ ਦੇ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਉਮਰ ਵਿਚ ਹੀ ਆਪਣੇ ਪਿਤਾ ਜੀ ਨੂੰ ਦਿੱਲੀ ਵੱਲ ਤੋਰਿਆ ਅਤੇ ਔਰੰਗਜ਼ੇਬ ਦੇ ਹੁਕਮ ’ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ।
ਨੌਵੇਂ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਸਿੱਖਾਂ ਨੂੰ ਸ਼ਸਤਰ ਬੱਧ ਹੋਣ ਅਤੇ ਵਧੀਆ ਘੋੜੇ ਰੱਖਣ ਲਈ ਉਸੇ ਤਰ੍ਹਾਂ ਹੁਕਮ ਜਾਰੀ ਕਰ ਦਿੱਤਾ, ਜਿਸ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤਾ ਸੀ। ਗੁਰੂ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਕੁੱਝ ਸਮੇਂ ਲਈ ਹਿਮਾਚਲ ਪ੍ਰਦੇਸ਼ ਵਿਚ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਸੱਦੇ ’ਤੇ ਚਲੇ ਗਏ ਅਤੇ ਉਥੇ ਪਾਉਂਟਾ ਸਾਹਿਬ ਨਾਂਅ ਦਾ ਨਗਰ ਵਸਾਇਆ। ਇਥੇ ਹੀ ਗੁਰੂ ਸਾਹਿਬ ਨੇ ਵਧੇਰੇ ਬਾਣੀ ਦੀ ਰਚਨਾ ਕੀਤੀ ਅਤੇ ਭੰਗਾਣੀ ਦਾ ਯੁੱਧ ਵੀ ਪਾਉਂਟਾ ਸਾਹਿਬ ਦੇ ਨੇੜੇ ਹੀ ਲੜਨਾ ਪਿਆ। ਭੰਗਾਣੀ ਦਾ ਯੁੱਧ ਗੁਰੂ ਸਾਹਿਬ ਦਾ ਪਹਿਲਾ ਯੁੱਧ ਸੀ, ਜਿਸ ਵਿਚ ਬਿਨਾਂ ਯੁੱਧ ਸਿਖਲਾਈ ਵਿਅਕਤੀ ਹਿੰਦੋਸਤਾਨ ਦੇ ਬਾਦਸ਼ਾਹ ਅਤੇ ਬਾਈਧਾਰ ਦੇ ਰਾਜਿਆਂ ਦੀਆਂ ਫੌਜਾਂ ਨਾਲ ਲੜੇ ਅਤੇ ਜਿੱਤ ਹਾਸਲ ਕੀਤੀ। ਇਸ ਤੋਂ ਬਾਅਦ ਗੁਰੂ ਸਾਹਿਬ ਮੁੜ ਸ੍ਰੀ ਆਨੰਦਪੁਰ ਸਾਹਿਬ ਵਿਖੇ ਆ ਗਏ। 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਅਤੇ ਪੰਜ ਪਿਆਰਿਆਂ ਕੋਲੋਂ ਆਪ ਅੰਮਿ੍ਰਤ ਛਕ ਕੇ ਆਪਣਾ ਨਾਂਅ ‘ਗੋਬਿੰਦ ਰਾਇ’ ਤੋਂ ‘ਗੋਬਿੰਦ ਸਿੰਘ’ ਕੀਤਾ ਅਤੇ ਇਹ ਵਾਕੀਅਤ ਵਿਸ਼ਵ ਇਤਿਹਾਸ ਦਾ ਇੱਕ ਅਹਿਮ ਵਾਕਿਆਤ ਬਣਿਆ। ਇਸ ਦਰਮਿਆਨ ਗੁਰੂ ਸਾਹਿਬ ਵੱਲੋਂ ‘ਆਪੇ ਗੁਰੂ, ਆਪੇ ਚੇਲਾ’ ਦਾ ਦਿੱਤਾ ਗਿਆ ਸੰਕਲਪ ਵੀ ਇੱਕ ਅਜਿਹਾ ਵਾਕਿਆਤ ਹੈ ਜਿਸ ਵਰਗੀ ਕੋਈ ਮਿਸਾਲ ਦੁਨੀਆਂ ਭਰ ਵਿੱਚ ਨਹੀਂ ਲੱਭਦੀ।
ਇਸ ਸਮੇਂ ਦਰਮਿਆਨ, ਸ੍ਰੀ ਅਨੰਦਪੁਰ ਸਾਹਿਬ ਵਿਖੇ ਰਹਿੰਦਿਆਂ ਵੀ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਅਤੇ ਖਾਲਸਾ ਪੰਥ ਨਾਲ ਈਰਖਾ ਦਾ ਆਲਮ ਜਾਰੀ ਰੱਖਿਆ ਪਰ ਜਿੱਤ ਹਮੇਸ਼ਾ ਗੁਰੂ ਸਾਹਿਬ ਦੇ ਖਾਲਸਾ ਪੰਥ ਦੀ ਹੀ ਹੁੰਦੀ ਰਹੀ। ਅਖੀਰ 1704 ਈਸਵੀ ਨੂੰ ਜਦੋਂ ਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਤਾਂ ਮੁਗਲ ਫੌਜਾਂ ਨੇ ਪਿੱਛੋਂ ਹਮਲਾ ਕਰ ਦਿੱਤਾ, ਜਿਸ ਕਰਕੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ। ਚਮਕੌਰ ਸਾਹਿਬ ਇਕ ਕੱਚੀ ਗੜ੍ਹੀ ਵਿਚ ਗੁਰੂ ਜੀ ਨੇ ਆਪਣੇ 40 ਸਿੰਘਾਂ ਸਮੇਤ 10 ਲੱਖ ਮੁਗਲ ਫੌਜ ਦਾ ਡਟਵਾਂ ਟਾਕਰਾ ਕੀਤਾ। ਇਥੇ ਗੁਰੂ ਸਾਹਿਬ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹੀਦ ਹੋਏ ਜਦਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਰਹਿੰਦ ਦੇ ਸੂਬੇ ਵਜ਼ੀਰ ਖ਼ਾਨ ਦੇ ਹੁਕਮ ’ਤੇ ਜ਼ਿੰਦਾ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ। ਬਾਅਦ ਵਿਚ ਗੁਰੂ ਸਾਹਿਬ ਦੇ ਥਾਪੜੇ ਨਾਲ, ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਆ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲਿਆ। ਗੁਰੂ ਸਾਹਿਬ ਨੇ ਸਾਬੋ ਕੀ ਤਲਵੰਡੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਨਰ ਸੰਪਾਦਨ ਕੀਤਾ ਅਤੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੱਖੋ ਵੱਖ ਰਾਗਾਂ ਵਿਚ ਦਰਜ ਕੀਤਾ ਅਤੇ ਸਿੱਖ ਕੌਮ ਨੂੰ ਗੁਰੂ ਗਿਆਨ ਦਾ ਅਮੁੱਲ ਖਜ਼ਾਨਾ ਬਖਸ਼ਿਸ਼ ਕੀਤਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ’ਚੋਂ ਸਾਨੂੰ ਇਕ ਗੱਲ ਬਹੁਤ ਪ੍ਰਮੁੱਖਤਾ ਨਾਲ ਪਤਾ ਲੱਗਦੀ ਹੈ ਕਿ ਆਪ ਜੀ ਦੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ। ਪੀਰ ਬੁੱਧੂ ਸ਼ਾਹ ਵਰਗੇ ਮੁਸਲਮਾਨ ਫਕੀਰ ਆਪ ਜੀ ਦੇ ਪੱਕੇ ਮੁਰੀਦ ਸਨ ਅਤੇ ਹੋਰ ਤਾਂ ਹੋਰ ਪੀਰ ਜੀ ਨੇ ਗੁਰੂ ਸਾਹਿਬ ਦੀ ਭੰਗਾਣੀ ਦੇ ਯੁੱਧ ਵਿੱਚ ਵੀ ਮਦਦ ਕੀਤੀ ਸੀ। ਗੁਰੂ ਸਾਹਿਬ ਦੀ ਲੜਾਈ ਜ਼ੁਲਮ ਨਾਲ ਸੀ, ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ। ਗੁਰੂ ਸਾਹਿਬ ਦੀ ਬਾਣੀ ਵਿਚ ਵੀ ਸੱਚ ਲਈ ਲੜਨਾ ਅਤੇ ਮਜ਼ਲੂਮ ਦੀ ਰੱਖਿਆ ਕਰਨ ਦੀ ਸਿੱਖਿਆ ਮਿਲਦੀ ਹੈ। ਓਹ ਆਪ ਇਕ ਮਹਾਨ ਸੰਗੀਤਕਾਰ ਅਤੇ ਸਹਿਤਕ ਰੁਚੀਆਂ ਦੇ ਮਾਲਕ ਸਨ। ਜਿੰਨੇ ਪ੍ਰਚਲਤ ਅਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ, ਅੱਜ ਤਕ ਕਿਸੇ ਕਵੀ ਨੇ ਵਰਤਣੇ ਤਾਂ ਅੱਲਗ, ਸੋਚੇ ਵੀ ਨਹੀਂ ਹੋਣਗੇ। ਗੁਰੂ ਸਾਹਿਬ ਦੀ ਬਾਣੀ ਵਿਚ ਅਲੰਕਾਰਾਂ ਦੀ ਭਰਮਾਰ ਹੈ, ਫਿਰ ਵੀ ਬਾਣੀ ਵਿਚ ਸਾਦਗੀ ਰੱਖਣੀ ਉਨਾਂ ਦੀ ਰਚਨਾ ਦਾ ਖਾਸ ਗੁਣ ਹੈ। ਗੁਰੂ ਸਾਹਿਬ ਬੋਲੀਆਂ ਦੇ ਸਿਰਫ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ। ਅਰਬੀ ਦੇ ਗਿਆਨ ਦੀ ਸਿਖਰ, ਫ਼ਾਰਸੀ ਅਤੇ ਸੰਸਕਿ੍ਰਤ ਦੇ ਨਾਲ ਨਾਲ ਬਿਹਾਰੀ, ਬਿ੍ਰਜ ਭਾਸ਼ਾ ਅਤੇ ਮਾਝੀ ਵਿਚ ਵੀ ਓਹ ਮਾਹਿਰ ਸਨ। ਗੁਰੂ ਸਾਹਿਬ ਵੱਲੋਂ ਫ਼ਾਰਸੀ ਵਿਚ ਲਿਖਿਆ ‘ਜ਼ਫਰਨਾਮਾ’ ਜਿਸ ਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰੱਖ ਦਿੱਤਾ ਸੀ ਠੀਕ ਸਮੇ ਵਿਚ ਠੀਕ ਸ਼ਬਦ ਵਰਤਣ ਦੀ ਉਨਾਂ ਦੀ ਕਲਾ ਦਾ ਬੇਮਿਸਾਲ ਪ੍ਰਗਟਾਵਾ ਸੀ। ‘ਓਟ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰੇ ਖਾਲਸੇ ਦਾ’ ਅਤੇ ਸਿੱਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ-ਧਾਰੀਆਂ ਤੋ ਉਨਾਂ ਨੇ ਮੁਕਤ ਕੀਤਾ। ਉਨ੍ਹਾ ਦਾ ਕੋਈ ਇੱਕ ਦੇਸ਼ ਨਹੀ ਸੀ, ਸੂਰਜ ਚੜਦੇ ਤੋਂ ਲਹਿੰਦੇ ਤਕ ਜਿੰਨੇ ਦੇਸ਼ਾਂ ਦੇ ਨਾਂਅ ਗਿਣ ਸਕਦੇ ਹਾਂ, ਓਹ ਸਾਰੇ ਉਨਾਂ ਦੇ ਹੀ ਸਨ। ਜੇਕਰ ਗੁਰੂ ਸਾਹਿਬ ਨੇ ਜੰਗਾਂ ਲੜੀਆਂ ਤਾਂ ਕੇਵਲ ਜ਼ੁਲਮ ਦੇ ਟਾਕਰੇ ਲਈ, ਕਿਸੇ ਕੌਮ, ਰਾਜ-ਭਾਗ, ਧੰਨ-ਦੌਲਤ, ਜ਼ਮੀਨ-ਜਾਇਦਾਦ ਜਾਂ ਸ਼ੁਹਰਤ ਵਾਸਤੇ ਨਹੀਂ। ਇਹ ਉਨ੍ਹਾ ਦਾ ਧਰਮ ਯੱੁਧ ਸੀ ਜਿਸ ਪਿੱਛੇ ਉਨਾਂ ਨੇ ਆਪਣਾ ਸਰਬੰਸ ਅਤੇ ਅਖੀਰ ਆਪਣੇ ਆਪ ਨੂੰ ਵੀ ਵਾਰ ਦਿਤਾ। ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਵੀ ਉਸ ਓਚਾਈਆਂ ਤਕ ਪਹੁੰਚਾਇਆ ਜਿਥੇ ਆਮ ਸੋਚ ਦਾ ਪਹੁੰਚਣਾ ਅਸੰਭਵ ਹੈ। ਇਸ ਤਰਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਹੀ ਧਰਮ ਦੀ ਸਥਾਪਨਾ, ਮਜ਼ਲੂਮਾਂ ਦੀ ਰਾਖੀ ਅਤੇ ਜਬਰ-ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਸੀ ਜਿਸ ਤੋਂ ਅੱਜ ਦੇਸ਼ ਦੇ ਨਾਲ ਨਾਲ ਸਾਰੀ ਦੁਨੀਆਂ ਸਿੱਖੀ ਅਤੇ ‘ਖਾਲਸੇ’ ਦੇ ਰੂਪ ‘ਚ ਲਾਹਾ ਲੈ ਰਹੀ ਹੈ।
-ਪੰਜਾਬ ਪੋਸਟ

Read News Paper

Related articles

spot_img

Recent articles

spot_img