-1.3 C
New York

ਭਗਤੀ ਅਤੇ ਸ਼ਕਤੀ ਦੇ ਸੁਮੇਲ ਰਹਿਬਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

Published:

Rate this post

ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸਥਿਤ ‘ਮੀਰੀ ਅਤੇ ਪੀਰੀ’ ਦੇ ਸਿਧਾਂਤ ਨੂੰ ਰੂਪਮਾਨ ਕਰਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਲੌਕਿਕ ਇਮਾਰਤ ਮੂਹਰੇ ਹਰੇਕ ਸਿੱਖ ਦਾ ਸਿਰ ਸਤਿਕਾਰ ਸਹਿਤ ਚੁੱਕਦਾ ਹੈ। ‘ਸੰਤ’ ਅਤੇ ‘ਸਿਪਾਹੀ’ ਦੇ ਮਹਾਨ ਗੁਣਾਂ ਨਾਲ ਲਬਰੇਜ਼ ਸੰਕਲਪ ਨੂੰ ਇਸ ਇਮਾਰਤ ਜ਼ਰੀਏ ਸਿੱਖ ਕੌਮ ਦੀ ਝੋਲੀ ਪਾਉਣ ਵਾਲੇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇਹ ਇੱਕ ਮਹਾਨ ਅਤੇ ਅਮੁੱਲ ਦੇਣ ਹੈ ਜਿਸ ਵਰਗੀ ਦੁਨੀਆ ਵਿੱਚ ਕੋਈ ਹੋਰ ਮਿਸਾਲ ਨਹੀਂ ਲੱਭਦੀ। ‘ਮੀਰੀ ਅਤੇ ਪੀਰੀ’ ਦੇ ਸਿਧਾਂਤ ਨੂੰ ਸਿੱਖਾਂ ਦੇ ਮਨ ਮਸਤਕ ਵਿੱਚ ਲਾਗੂ ਕਰਕੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਇੱਕੋ ਫਲਸਫੇ ਰਾਹੀਂ ਕਈ ਗੁਣ ਬਖਸ਼ ਦਿੱਤੇ। ਇਸ ਸਿਧਾਂਤ ਨੂੰ ਅਮਲੀ ਜਾਮਾ ਪੁਆ ਕੇ ਜਿੱਥੇ ਛੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੇ ਫਲਾਸਫ਼ੇ ਦੀ ‘ਸੰਤ ਬਲ’ ਅਤੇ ‘ਰਾਜ ਬਲ’ ਨਾਲ ਸਾਂਝ ਪੁਆਈ, ਉੱਥੇ ਹੀ ਸੰਤਾਂ ਨੂੰ ‘ਸਿਪਾਹੀ ਵਾਲਾ’ ਅਤੇ ਇੱਕ ‘ਯੋਧੇ ਵਾਲਾ’ ਮੁਹਾਂਦਰਾ ਵੀ ਬਖ਼ਸ਼ਿਸ਼ ਕੀਤਾ।
ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹਾੜ ਵਦੀ 7, 21 ਹਾੜ ਸੰਮਤ 1652 ਬਿਕ੍ਰਮੀ ਮੁਤਾਬਿਕ 19 ਜੂਨ 1595 ਈ: ਨੂੰ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਘਰ, ਪਿੰਡ ਵਡਾਲੀ, ਜ਼ਿਲ੍ਹਾ ਅੰਮਿ੍ਰਤਸਰ ਵਿਖੇ ਹੋਇਆ ਅਤੇ ਇਸੇ ਕਰਕੇ ਉਸ ਨਗਰ ਨੂੰ ਹੁਣ ਤੱਕ ਵੀ ‘ਗੁਰੂ ਕੀ ਵਡਾਲੀ’ ਕਿਹਾ ਜਾਂਦਾ ਹੈ। ਸੰਸਾਰ ਵਿੱਚ ਹਮੇਸ਼ਾ ਤੋਂ ਦੋ ਗੁਣਾਂ ਦੀ ਮਹਿਮਾ ਹੁੰਦੀ ਆਈ ਹੈ- ‘ਸਿਮਰਨ’ ਅਤੇ ‘ਸਿਆਸੀ ਤਾਕਤ’। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਗੁਣ ਨੂੰ ਸਿਖਰ ਉੱਤੇ ਪੁਚਾ ਦਿੱਤਾ ਸੀ। ਤੱਤੀ ਤਵੀ ’ਤੇ ਬਹਿ ਕੇ ਵੀ ਸ਼ਾਂਤ ਰਹਿਣਾ, ਇਹ ਸਿਮਰਨ ਦਾ ਅਲੌਕਿਕ ਸਿਖਰ ਸੀ। ਪਹਿਲੇ ਗੁਣ ਦੇ ਕਾਰਨ ਗੁਰੂ ਸਾਹਿਬਾਨ ਦਾ ਬਹੁਤ ਸਤਿਕਾਰ ਸੀ ਅਤੇ ਦੂਜੀ ਸ਼ਕਤੀ ਦੇ ਕਾਰਨ ਆਮ ਜਨਤਾ ਮੁਗਲਾਂ ਦੀ ਸਰਕਾਰ ਅੱਗੇ ਝੁਕਦੀ ਸੀ। ਸ੍ਰੀ ਗੁਰੂ ਅਰਜਨ ਦੇਵ ਜੀ ਚਾਹੁੰਦੇ ਸਨ ਕਿ ਲੋਕੀਂ ਅਤੇ ਖਾਸਕਰ ਸਿੱਖ ਅਕਾਰਣ ਹੀ ਝੁਕਣ ਵਾਲਾ ਸੁਭਾਅ ਬਦਲਣ।
ਇਸ ਵਾਸਤੇ ਉਨਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਲਕ ਉਮਰੇ ਹੀ ਧਾਰਮਿਕ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਦਾ ਅਭਿਆਸ ਵੀ ਕਰਨ ਲਈ ਕਿਹਾ। ਸੰਨ 1603 ਵਿੱਚ (ਗੁਰੂ) ਹਰਗੋਬਿੰਦ ਸਾਹਿਬ ਜੀ ਦੀ ਵਿੱਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੱੁਢਾ ਜੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸ਼ਸਤਰ ਵਿੱਦਿਆ ਦਾ ਆਪ ਜੀ ਨੂੰ ਬਹੁਤ ਸ਼ੌਂਕ ਸੀ ਅਤੇ ਜਲਦੀ ਹੀ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਨੂੰ ਦੇਖ ਕੇ ‘ਮਹਾਂਬਲੀ ਯੋਧਾ’ ਹੋਣ ਦਾ ਆਖ ਦੇਂਦੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਡੱਲਾ ਨਿਵਾਸੀ ਸ੍ਰੀ ਨਰਾਇਣ ਦਾਸ ਦੀ ਸਪੁੱਤਰੀ ਮਾਤਾ ਦਮੋਦਰੀ ਜੀ ਨਾਲ ਸੰਮਤ 1661 (ਸੰਨ 1604) ਵਿੱਚ ਹੋਇਆ। ਆਪ ਜੀ ਦੇ ਘਰ ਪੰਜ ਪੁੱਤਰਾਂ ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਇ ਜੀ, ਬਾਬਾ ਅਟੱਲ ਰਾਇ ਜੀ, ਬਾਬਾ ਤੇਗ ਮੱਲ ਜੀ (ਗੁਰੂ ਤੇਗ ਬਹਾਦਰ ਜੀ) ਅਤੇ ਇੱਕ ਪੁੱਤਰੀ ਬੀਬੀ ਵੀਰੋ ਜੀ ਨੇ ਜਨਮ ਲਿਆ। ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ, ਗੁਰੂ ਸਾਹਿਬ ਜੀ ਦੇ ਲਾਡਲੇ ਫ਼ਰਜ਼ੰਦ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਿਆਰਾਂ ਵਰ੍ਹੇ ਦੀ ਉਮਰ ਵਿੱਚ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਸੰਭਾਲੀ।
ਇਤਿਹਾਸਕ ਹਵਾਲੇ ਮਿਲਦੇ ਹਨ ਕਿ ਜੋ ਵੀ ਸਿੱਖ ਸ਼ਸਤਰ ਜਾਂ ਘੋੜਾ ਭੇਟ ਕਰਦਾ, ਮਹਾਰਾਜ ਉਸ ਉੱਤੇ ਬਹੁਤ ਪ੍ਰਸੰਨ ਹੁੰਦੇ ਅਤੇ ਸਿਮਰਨ ਦੇ ਨਾਲ-ਨਾਲ ਅੰਦਰ ਸ਼ਕਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦੇ ਮੰਨੇ ਹੋਏ ਪੰਜ ਤਖ਼ਤਾਂ ਵਿੱਚੋਂ ਪਹਿਲਾ ਸਰਬਉੱਚ ਤਖ਼ਤ ਹੈ ਜਿਸ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਕਰ-ਕਮਲਾਂ ਨਾਲ ਉਸਾਰਿਆ। 6 ਸਾਵਣ ਸੰਮਤ 1663, 5 ਜੁਲਾਈ 1606 ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇੱਕ ਸੱਜੇ ਪਾਸੇ ਪਹਿਨੀ ਅਤੇ ਦੂਜੀ ਖੱਬੇ ਪਾਸੇ। ਉਨ੍ਹਾਂ ਫ਼ੁਰਮਾਇਆ ਕਿ ਉਨਾਂ ਇਹ ਦੋ ਤਲਵਾਰਾਂ ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਪਹਿਨੀਆਂ ਹਨ, ਜਿਹਨਾਂ ਵਿੱਚੋਂ ਇੱਕ ‘ਮੀਰੀ’ ਦੀ ਪ੍ਰਤੀਕ ਹੈ ਅਤੇ ਦੂਜੀ ‘ਪੀਰੀ’ ਦੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਫੁਰਮਾਇਆ ਕਿ ਗੁਰੂ-ਘਰ ਵਿੱਚ ਇਹ ਦੋਵੇਂ ਸ਼ਕਤੀਆਂ ਸੰਤ (ਪੀਰੀ) ਅਤੇ ਸਿਪਾਹੀ (ਰਾਜਸੀ ਤਾਕਤ, ਮੀਰੀ) ਇਕੱਠੇ ਕੰਮ ਕਰਨਗੇ; ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਅਤੇ ਚੰਗਾ ਸਿਪਾਹੀ ਹੀ ਚੰਗਾ ਸੰਤ।
ਇਨਾਂ ਤੋਂ ਪਹਿਲਾਂ ਦੋਹਾਂ ਸੰਕਲਪਾਂ ਨੂੰ ਇਕੱਠਿਆਂ ਕਰਨ ਦਾ ਵਿਸ਼ਵ ਇਤਿਹਾਸ ’ਚ ਕਿਸੇ ਨੇ ਵੀ ਯਤਨ ਨਹੀਂ ਸੀ ਕੀਤਾ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੀ ਕੋਸ਼ਿਸ਼ ਹੁੰਦੀ ਰਹੀ ਸੀ ਕਿਉਂਕਿ ਆਮ ਧਾਰਨਾ ਇਹੀ ਮੰਨੀ ਜਾਂਦੀ ਸੀ ਕਿ ਸਿਮਰਨ ਅਤੇ ਤਲਵਾਰ ਇਕੱਠਿਆਂ ਨਹੀਂ ਹੋ ਸਕਦੇ। ਗੁਰੂ ਸਾਹਿਬ ਨੇ ਇਹ ਵੀ ਫ਼ੁਰਮਾਇਆ ਸੀ ਕਿ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ, ਅੱਗੋਂ ਤੋਂ ਸਾਡਾ ਧਰਮ ਅਤੇ ਰਾਜਨੀਤੀ ਇੱਕ ਹੋਣਗੇ, ਪਰ ਧਰਮ ਰਾਜਨੀਤੀ ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਸਾਹਿਬਾਨ ਵਿੱਚੋਂ ਸ੍ਰੀ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਦੂਸਰੇ ਨਾਲੋਂ ਜ਼ਰਾ ਵੱਧ ਹੋਣੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਧਰਮ ਦਾ ਸਥਾਨ ਰਾਜਨੀਤੀ ਨਾਲੋਂ ਉੱਚਾ ਹੈ ਅਤੇ ਹਮੇਸ਼ਾ ਹੋਵੇਗਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਹੋਰ ਮਹਾਨ ਦੇਣ ਇਹ ਵੀ ਸੀ ਕਿ ਉਨਾਂ ਨੇ ਸਿੱਖ-ਧਰਮ ਦੇ ਪ੍ਰਚਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਇੱਕ ਚੰਗੇ ਜਥੇਬੰਦਕ ਢਾਂਚੇ ਦੀ ਸਥਾਪਨਾ ਕੀਤੀ। ਆਪ ਜੀ ਨੇ ਸੰਨ 1612 ਵਿੱਚ ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਾਰਖੂ ਅੱਖ ਨੇ ਪੈਂਦੇ ਖਾਂ ’ਤੇ ਖ਼ਾਸ ਮਿਹਰ ਕੀਤੀ ਜਿਸ ਨਾਲ ਸਬੰਧਤ ਵਾਕਿਅਤ ਅੱਗੇ ਜਾ ਕੇ ਵੀ ਇਤਿਹਾਸ ਦਾ ਹਿੱਸਾ ਬਣੇ- ਓਹੀ ਪੈਂਦੇ ਖਾਂ, ਜਿਸ ਨੇ ਅੱਗੇ ਜਾ ਕੇ ਆਪਣੇ ਰਹਿਨੁਮਾ ਨਾਲ ਧ੍ਰੋਹ ਵੀ ਕੀਤਾ ਅਤੇ ਗੁਰੂ ਸਾਹਿਬ ਹੱਥੋਂ ਹੀ ਮੁਕਤ ਪਾਈ ਸੀ। ਸੰਨ 1613 ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਡਰੌਲੀ ਵਿੱਚ ਹੋਇਆ। ਇੱਥੇ ਹੀ ਸਾਧਾ ਨਾਮ ਦਾ ਇੱਕ ਸਖੀ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸਦੇ ਘਰ ਭਾਈ ਰੂਪ ਚੰਦ ਦਾ ਜਨਮ ਹੋਇਆ। ਅੰਮਿ੍ਰਤਸਰ ਦੀ ਤਰੱਕੀ ਵੱਲ ਵੀ ਉਨਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੀ ਪਾਣੀ ਦੀ ਲੋੜ ਪੂਰੀ ਕਰਨ ਲਈ ਰਾਮਸਰ, ਕੌਲਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮਿ੍ਰਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲ੍ਹਾ ਵੀ ਗੁਰੂ ਸਾਹਿਬ ਨੇ ਦੂਰ-ਅੰਦੇਸ਼ੀ ਸੋਚ ਤਹਿਤ ਬਣਵਾਇਆ।
ਮੁਗਲ ਬਾਦਸ਼ਾਹ ਨੇ ਜਦੋਂ ਸੰਨ 1612 ਨੂੰ ਆਗਰੇ ਤੋਂ ਗੁਪਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ ਤਾਂ ਇਸ ਘਟਨਾਕ੍ਰਮ ਨੇ ਵੀ ਗੁਰੂ ਸਾਹਿਬ ਦੀ ਸ਼ਖਸੀਅਤ ਦਾ ਇੱਕ ਲਾਮਿਸਾਲ ਪਹਿਲੂ ਉਜਾਗਰ ਕੀਤਾ। ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਸਿੱਖ ਦੂਰੋਂ ਨੇੜਿਉਂ ਗਵਾਲੀਅਰ ਪਹੁੰਚਦੇ, ਪਰ ਉਨਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਨਾ ਕਰਨ ਦਿੱਤੇ ਜਾਂਦੇ। 1614 ਵਿੱਚ ਜਹਾਂਗੀਰ ਨੂੰ ਦਮੇ ਦਾ ਬੜਾ ਸਖ਼ਤ ਦੌਰਾ ਪਿਆ। ਆਖਿਰ ਉਸ ਨੇ ਫਕੀਰ ਮੀਆਂ ਮੀਰ ਦੇ ਕਹਿਣ ’ਤੇ ਰਿਹਾਈ ਦਾ ਹੁਕਮ ਦੇ ਦਿੱਤਾ, ਪਰ ਗੁਰੂ ਸਾਹਿਬ ਜੀ ਇਕੱਲੇ ਬਾਹਰ ਨਹੀਂ ਸੀ ਆਏ ਉਨ੍ਹਾਂ ਦੇ ਚੋਲੇ ਦੀਆਂ ਕਲੀਆਂ ਫੜ੍ਹ ਕੇ ਸਿਆਸੀ ਕੈਦੀਆਂ ਵਜੋਂ ਨਜ਼ਰਬੰਦ 52 ਹੋਰ ਰਾਜੇ ਵੀ ਨਾਲ ਹੀ ਓਸ ਜੇਲ੍ਹ ਵਿੱਚੋਂ ਰਿਹਾਅ ਹੋਏ ਸਨ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇੱਕੋ ਵੇਲੇ 52 ਕੈਦੀ ਰਾਜਿਆਂ ਦੀ ਰਿਹਾਈ ਇੰਜ ਵੀ ਹੋ ਸਕਦੀ ਹੋਵੇਗੀ। ਗਵਾਲੀਅਰ ਦੇ ਕਿਲੇ ’ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪਰੰਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮਿ੍ਰਤਸਰ ਪਹੁੰਚਣ ਵਾਲੇ ਦਿਨ ਨੂੰ ਸਮੂਹ ਸੰਗਤਾਂ ‘ਬੰਦੀ ਛੋੜ ਦਿਵਸ’ ਵਜੋਂ ਮਨਾਉਂਦੀਆਂ ਹਨ ਅਤੇ ਗੁਰੂ ਸਾਹਿਬ ਨੂੰ ਇਸੇ ਵਾਕਿਆਤ ਕਰਕੇ ‘ਬੰਦੀ ਛੋੜ ਸਤਿਗੁਰ’ ਵਜੋਂ ਵੀ ਚੇਤੇ ਕੀਤਾ ਜਾਂਦਾ ਹੈ।
ਗੁਰੂ ਸਾਹਿਬ ਨੇ ਇੱਕ ਹੋਰ ਬਹੁਤ ਹੀ ਅਹਿਮ ਬਖਸ਼ਿਸ਼ ਕੀਤੀ ਜਿਸ ਤਹਿਤ ਉਨਾਂ ਨੇ ਸਿੱਖ ਦੇ ਸੰਗਤੀ ਨਿਤਨੇਮ ਵਿੱਚ ਢਾਡੀ ਪਰੰਪਰਾ ਰਾਹੀਂ ਬੀਰ-ਰਸੀ ਵਾਰਾਂ ਦੇ ਗਾਇਨ ਦਾ ਆਗ਼ਾਜ਼ ਕਰਵਾਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੂਰਮਿਆਂ ਵਿੱਚ ਬੀਰ-ਰਸ ਭਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕਰਨ ਦੀ ਰੀਤ ਆਰੰਭੀ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਰਾਂ ਗਾਉਣ ਵਾਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੱਦੀ ਨੂੰ ਬਾਦਸ਼ਾਹੀ ਤਖ਼ਤ ਦਾ ਰੂਪ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਢਾਡੀ ਵਾਰਾਂ ਦੇ ਗਾਇਨ ਦੀ ਓਹ ਪ੍ਰੰਪਰਾ ਅੱਜ ਵੀ ਓਸੇ ਤਰਾਂ ਬਾਦਸਤੂਰ ਚੱਲ ਰਹੀ ਹੈ ਅਤੇ ਗੁਰੂ ਸਾਹਿਬ ਦੇ ਨਾਂਅ ਨੂੰ ਸਮਰਪਿਤ ਹੋ ਕੇ ਚੱਲ ਰਹੀ ਹੈ।
ਆਪਣੇ ਸਮੁੱਚੇ ਜੀਵਨ ਦੌਰਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਨਾਲ ਦੀ ਨਾਲ ਸ਼ਸਤਰ ਕਲਾ ਜ਼ਰੀਏ ਸੰਗਤ ਨੂੰ ਜ਼ੁਲਮ ਦਾ ਵੀ ਟਾਕਰਾ ਕਰਨ ਦੀ ਤਾਕਤ ਅਤੇ ਮੁਹਾਰਤ ਬਖਸ਼ੀ ਜੋ ਓਸ ਵੇਲੇ ਦੀ ਮੁੱਖ ਲੋੜ ਬਣ ਚੁੱਕੀ ਸੀ। ਆਪਣੀ ਸੰਸਾਰਕ ਯਾਤਰਾ ਦੀ ਸੰਪੂਰਤਾ ਨੂੰ ਨੇੜੇ ਜਾਣ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਂਪ ਦਿੱਤੀ ਅਤੇ ਅਖੀਰਲਾ ਸਮਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਬਿਤਾਉਣ ਉਪਰੰਤ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ 1644 ਈ: ਨੂੰ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨ ਧਾਰਾ ਮਨੁੱਖ ਨੂੰ ਜਿੱਥੇ ਜ਼ੁਲਮ ਅਤੇ ਅਨਿਆਂ ਵਿਰੁੱਧ ਲੜਨ ਦਾ ਬਲ ਪ੍ਰਦਾਨ ਕਰਦੀ ਹੈ, ਉੱਥੇ ਭਗਤੀ ਅਤੇ ਸ਼ਕਤੀ ਦੇ ਅਰਥਾਂ ਨੂੰ ਵਿਹਾਰਕਤਾ ਨਾਲ ਜੋੜਨ ਦੀ ਪ੍ਰੇਰਣਾ ਵੀ ਦਿੰਦੀ ਹੈ। ਇਸੇ ਕਰਕੇ ਗੁਰੂ ਸਾਹਿਬ ਨੂੰ ‘ਭਗਤੀ ਅਤੇ ਸ਼ਕਤੀ ਦੇ ਸੁਮੇਲ’ ਰਹਿਬਰ ਵਜੋਂ ਸਮੂਹ ਸੰਗਤਾਂ ਸੀਸ ਝੁਕਾ ਕੇ ਸਤਿਕਾਰ ਭੇਟ ਕਰਦੀਆਂ ਹਨ।
-ਪੰਜਾਬ ਪੋਸਟ

Read News Paper

Related articles

spot_img

Recent articles

spot_img