ਸਮੂਹ ਸਿੱਖ ਸੰਗਤਾਂ ਲਈ ਇਨਾਂ ਦਿਨਾਂ ਦੀ ਵਿਸ਼ੇਸ਼ ਅਹਿਮੀਅਤ ਬਣਦੀ ਹੈ ਕਿਉਂਕਿ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ 450ਵੇਂ ਗੁਰਿਆਈ ਦਿਵਸ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਸਾਹਿਬ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮਿ੍ਰਤਸਰ ਵਿਖੇ 15 ਤੋਂ 18 ਸਤੰਬਰ ਤੱਕ ਪੰਥਕ ਰਵਾਇਤ ਅਤੇ ਪੂਰੇ ਜਾਹੋ ਜਲਾਲ ਨਾਲ ਕਰਵਾਏ ਜਾ ਰਹੇ ਹਨ। ਇਨ੍ਹਾਂ ਦਿਹਾੜਿਆਂ ਨੂੰ ਸਮਰਪਿਤ ਸਮਾਗਮ ਬੀਤੀ 30 ਅਗਸਤ ਤੋਂ ਰਿਵਾਇਤ ਮੁਤਾਬਕ ਸ਼ੁਰੂ ਹੋ ਚੁੱਕੇ ਹਨ। ਵੱਖ ਇਤਿਹਾਸਕ ਗੁਰੂ ਘਰਾਂ ਤੋਂ ਨਗਰ ਕੀਰਤਨ, ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਸੈਮੀਨਾਰ, ਕੀਰਤਨ ਦਰਬਾਰ ਅਤੇ ਅੰਮਿ੍ਰਤ ਸੰਚਾਰ ਸਮਾਗਮ ਕਰਵਾਏ ਜਾ ਰਹੇ ਹਨ ਅਤੇ ਗੁਰੂ ਸਾਹਿਬ ਪ੍ਰਤੀ ਸਤਿਕਾਰ ਭੇਟ ਕਰਨ ਲਈ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਹਨ। ਗੁਰੂ ਕੀ ਨਗਰੀ ਸ੍ਰੀ ਅੰਮਿ੍ਰਤਸਰ ਵਿਖੇ ਇਸ ਪਾਵਨ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਸਿਜਦਾ ਕਰਨ ਤਾਂ ਸੰਗਤਾਂ ਸਾਲ ਦੇ ਹਰੇਕ ਦਿਨ ਪਹੁੰਚਦੀਆਂ ਹਨ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਹਾਸਲ ਕਰਦੀਆਂ ਹਨ। ਗੁਰੂ ਸਾਹਿਬ ਦੇ ਗੁਰਿਆਈ ਦਿਵਸ ਮੌਕੇ ਵੀ ਸ਼ਰਧਾ ਅਤੇ ਸਤਿਕਾਰ ਦਾ ਇਹ ਆਲਮ ਬਾਦਸਤੂਰ ਜਾਰੀ ਰਹਿੰਦਾ ਹੈ ਜਦਕਿ ਐਤਕੀਂ ਸ਼ਤਾਬਦੀ ਮੌਕੇ ਹੋਰ ਵੀ ਖਾਸ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਮਿਤੀ 24 ਸਤੰਬਰ 1534 ਈ: ਨੂੰ ਪਿਤਾ, ਸੋਢੀ ਹਰਿਦਾਸ ਜੀ ਦੇ ਘਰ, ਮਾਤਾ ਦਇਆ ਕੌਰ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਜੀ ਆਪਣੇ ਘਰ ਵਿੱਚ ਪਲੇਠੇ ਪੁੱਤਰ ਸਨ ਅਤੇ ਇਸ ਕਰਕੇ ਵੱਡਾ ਭਾਵ ਜੇਠਾ ਪੁੱਤਰ ਹੋਣ ਕਰਕੇ ਆਪ ਜੀ ਦਾ ਨਾਂਅ ‘ਜੇਠਾ’ ਹੀ ਪੈ ਗਿਆ ਪਰ ਮੂਲ ਨਾਂਅ ਰਾਮਦਾਸ ਹੀ ਸੀ। ਜੇਠਾ ਜੀ ਦੀ ਪਾਲਣਾ ਵੀ ਗੁਰਮਤਿ ਸੰਸਕਾਰਾਂ ਅਧੀਨ ਸ਼ੁਰੂ ਹੋਈ। ਕਿਸਮਤ ਨੇ ਅਜਿਹਾ ਮੋੜ ਵਿਖਾਇਆ ਕਿ ਉਨਾਂ ਦੀ ਛੋਟੀ ਉਮਰ ਵਿੱਚ ਹੀ ਕਿ ਮਾਤਾ ਜੀ ਚਲਾਣਾ ਕਰ ਗਏ ਅਤੇ ਸੱਤ ਸਾਲਾਂ ਦੀ ਉਮਰ ਹੋਈ ਤਾਂ ਪਿਤਾ ਜੀ ਦਾ ਵੀ ਦੇਹਾਂਤ ਹੋ ਗਿਆ। ਮਾਤਾ ਪਿਤਾ ਦੇ ਚਲਾਣੇ ਤੋਂ ਬਾਅਦ ਆਪ ਜੀ ਇਕਦਮ ਇਕੱਲੇ ਹੋ ਗਏ ਪਰ ਉਨ੍ਹਾਂ ਬਿਨਾਂ ਕਿਸੇ ਵੀ ਆਸਰੇ ਦੀ ਪਰਵਾਹ ਕੀਤਿਆਂ ਛੋਟੀ ਉਮਰ ਵਿੱਚ ਹੀ ਹੱਥੀਂ ਕਿਰਤ ਕਰਨੀ ਆਰੰਭ ਕਰ ਦਿੱਤੀ। ਉਨ੍ਹਾਂ ਦੀ ਬਿਰਧ ਨਾਨੀ ਜੋ ਕਿ ਬਾਸਰਕੇ ਇਕੱਲੀ ਹੀ ਰਹਿੰਦੀ ਸੀ, ਆਪ ਦੀ ਅਜਿਹੀ ਤਰਸਯੋਗ ਹਾਲਤ ਨੂੰ ਸਹਿਣ ਨਾ ਕਰ ਸਕੀ ਅਤੇ ਉਨਾਂ ਨੂੰ ਆਪਣੇ ਨਾਲ ਲਾਹੌਰ ਤੋਂ ਬਾਸਰਕੇ ਲੈ ਗਈ। ਬਾਸਰਕੇ ਆ ਕੇ ਪੰਜ ਸਾਲ ਨਾਨੀ ਜੀ ਕੋਲ ਹੀ ਰਹੇ। ਇਸੇ ਸਮੇਂ ਦੌਰਾਨ, ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ, ਜੋ ਗੁਰੂ ਨਾਨਕ ਸਾਹਿਬ ਦੁਆਰਾ ਆਰੰਭੇ ਕਾਰਜ ਨੂੰ ਬਾਖ਼ੂਬੀ ਨਿਭਾ ਰਹੇ ਸਨ, ਵੀ ਭਾਈ ਜੇਠਾ ਜੀ ਨੂੰ ਮਿਲਣ ਲਈ ਆਏ। ਉਨ੍ਹਾਂ ਜੇਠਾ ਜੀ ਦੇ ਪਾਲਣ ਪੋਸ਼ਣ ਵਿੱਚ ਖਾਸ ਦਿਲਚਸਪੀ ਪ੍ਰਗਟ ਕੀਤੀ ਅਤੇ ਗੁਰੂ ਅਮਰਦਾਸ ਜੀ ਨਾਲ ਮਿਲਾਪ ਹੋਣ ਨਾਲ ਭਾਈ ਜੇਠਾ ਜੀ ਦੇ ਜੀਵਨ ਵਿੱਚ ਨਵਾਂ ਮੋੜ ਆਇਆ ਅਤੇ ਅਧਿਆਤਮਕ ਤੌਰ ’ਤੇ ਅਗਵਾਈ ਹੋਣ ਲੱਗ ਪਈ। ਸੰਨ 1546 ਵਿਚ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕਮ ਨਾਲ ਗੋਇੰਦਵਾਲ ਵਸਾਇਆ ਤਾਂ ਆਪਣੇ ਕਈ ਅੰਗਾਂ-ਸਾਕਾਂ ਨੂੰ ਗੋਇੰਦਵਾਲ ਨਾਲ ਲੈ ਆਏ। ਜੇਠਾ ਜੀ ਵੀ ਆਪਣੀ ਨਾਨੀ ਸਮੇਤ ਗੋਇੰਦਵਾਲ ਆ ਵਸੇ। ਉਸ ਸਮੇਂ ਆਪ ਦੀ ਉਮਰ 12 ਸਾਲ ਦੀ ਸੀ।
ਸੰਨ 1552 ਵਿਚ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਮਿਲੀ। ਗੁਰੂ ਅਮਰਦਾਸ ਜੀ ਨੇ ਇਸ ਸਮੇਂ ਦੌਰਾਨ ਭਾਈ ਜੇਠਾ ਜੀ ਦੀ ਸ਼ਖ਼ਸੀਅਤ ਨੂੰ ਬਹੁਤ ਨੇੜੇ ਤੋਂ ਜਾਣਿਆ ਅਤੇ ਉਨ੍ਹਾਂ ਦੀ ਲਗਨ ਅਤੇ ਗੁਰੁ ਘਰ ਪ੍ਰਤੀ ਸ਼ਰਧਾ ਤੇ ਸੇਵਾ ਭਾਵ ਨੂੰ ਦੇਖਕੇ ਬਹੁਤ ਪ੍ਰਸੰਨ ਹੁੰਦੇ ਸਨ। ਇਸ ਲਈ ਉਨ੍ਹਾਂ ਭਾਈ ਜੇਠਾ ਜੀ ਨੂੰ ਉਨ੍ਹਾਂ ਦੇ ਗੁਣਾਂ ਦੀ ਪਰਖ ਕਰਦੇ ਹੋਏ ਆਪਣੇ ਹੀ ਪਰਿਵਾਰ ਦਾ ਹਿੱਸਾ ਬਣਾਉਣ ਦਾ ਮਨ ਬਣਾ ਲਿਆ ਅਤੇ ਸੰਨ 1553 ਵਿਚ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਆਪ ਜੀ ਨਾਲ ਕਰ ਦਿਤਾ। ਉਸ ਸਮੇਂ ਆਪ ਜੀ ਦੀ ਉਮਰ 19 ਸਾਲ ਦੀ ਸੀ। ਬੀਬੀ ਭਾਨੀ ਜੀ ਦੀ ਕੱੁਖੋਂ, ਬਾਬਾ ਪਿ੍ਰਥੀਚੰਦ, ਬਾਬਾ ਮਹਾਂਦੇਵ ਅਤੇ ਗੁਰੂ ਅਰਜਨ ਦੇਵ ਜੀ ਨੇ ਜਨਮ ਲਿਆ। ਭਾਈ ਜੇਠਾ ਜੀ ਨੇ ਬਹੁਤ ਹਲੀਮੀ ਨਾਲ ਗੁਰੂ ਅਮਰਦਾਸ ਜੀ ਅਤੇ ਸੰਗਤ ਦੀ ਸੇਵਾ ਕੀਤੀ। ਭਾਈ ਜੇਠਾ ਜੀ ਨੇ ਕਦੇ ਵੀ ਗੁਰੂ ਅਮਰਦਾਸ ਜੀ ਨੂੰ ਸਹੁਰੇ ਦੀ ਹੈਸੀਅਤ ਨਾਲ ਨਹੀਂ ਦੇਖਿਆ ਬਲਕਿ ਰੱਬੀ ਰੂਹ ਜਾਣ ਕੇ ਉਨ੍ਹਾਂ ਦੀ ਤਨੋਂ ਮਨੋਂ ਸੇਵਾ ਕੀਤੀ। ਇਸ ਸਮੇਂ ਦੌਰਾਨ ਸਮਾਜ ਵਿੱਚ ਜਾਤ-ਪਾਤ, ਛੂਤ ਛਾਤ, ਊਚ-ਨੀਚ ਦੀ ਭਾਵਨਾ ਸਿਖਰ ‘ਤੇ ਸੀ। ਜਦੋਂ ਗੁਰੂ ਅਮਰਦਾਸ ਜੀ ਵਿਰੁੱਧ ਅਕਬਰ ਬਾਦਸ਼ਾਹ ਕੋਲ ਲਾਹੌਰ ਵਿਖੇ 1557 ਈ: ਵਿਚ ਕਾਜ਼ੀਆਂ, ਮੌਲਵੀਆਂ, ਬ੍ਰਾਹਮਣਾਂ ਨੇ ਸ਼ਿਕਾਇਤਾਂ ਕੀਤੀਆਂ ਤਾਂ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਗੁਰੂ ਰਾਮਦਾਸ ਜੀ ਹੀ ਲਾਹੌਰ ਗਏ ਸਨ ਅਤੇ ਅਕਬਰ ਬਾਦਸ਼ਾਹ ਨੂੰ ਸਿੱਖ ਧਰਮ ਦੇ ਆਦਰਸ਼ ਅਜਿਹੇ ਸੁਚੱਜੇ ਤਰੀਕੇ ਨਾਲ ਸਮਝਾਏ ਕਿ ਉਸ ਦੀ ਪੂਰੀ ਤਸੱਲੀ ਹੋ ਗਈ ਅਤੇ ਉਹ ਗੋਇੰਦਵਾਲ ਵਿਖੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਖੁਦ ਚੱਲ ਕੇ ਆਇਆ ਸੀ।
ਸਿੱਖ ਕੌਮ ਦੇ ਵਿਸ਼ੇਸ਼ ਧਾਰਮਕ ਮਹੱਤਤਾ ਵਾਲੇ ਅਸਥਾਨ, ਗੋਇੰਦਵਾਲ ਬਾਉਲੀ ਦੀ ਜਦੋਂ ਸੇਵਾ ਹੋਈ ਤਾਂ ਆਪ ਨੇ ਬਾਕੀ ਸਿੱਖਾਂ ਵਾਂਗ ਟੋਕਰੀ ਢੋਣ, ਗਾਰੇ, ਮਿੱਟੀ, ਚੂਨੇ, ਦੀ ਸੇਵਾ ਦਾ ਕੰਮ ਖੁਦ ਆਪਣੇ ਹੱਥੀਂ ਕੀਤਾ। ਗੁਰੂ ਰਾਮਦਾਸ ਜੀ ਨੇ ਸੇਵਾ ਰਾਹੀਂ ਸਿੱਖੀ ਆਸ਼ੇ ਨੂੰ ਪੂਰੀ ਤਰ੍ਹਾਂ ਸਮਝ ਲਿਆ ਅਤੇ ਆਪਣਾ ਜੀਵਨ ਸਿੱਖੀ ਦੇ ਸਾਂਚੇ ਵਿਚ ਢਾਲ ਲਿਆ। ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਨੂੰ ਵਧਦਾ ਵੇਖ ਕੇ ਫੈਸਲਾ ਕੀਤਾ ਕਿ ਨਵਾਂ ਧਰਮ ਪ੍ਰਚਾਰ ਦਾ ਕੇਂਦਰ ਗੋਇੰਦਵਾਲ ਤੋਂ ਬਦਲਿਆ ਜਾਵੇ। ਮਾਝੇ ਵਿਚ ਥਾਂ ਪਸੰਦ ਕਰਕੇ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੁਰੂ ਕਾ ਚੱਕ ਵਸਾਉਣ ਦਾ ਕੰਮ ਸੌਂਪਿਆ। ਆਪ ਨੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸੰਨ 1570 ਵਿਚ ਨਗਰ ਦੀ ਨੀਂਹ ਰੱਖੀ। ਨਵਾਂ ਧਰਮ ਪ੍ਰਚਾਰ ਕੇਂਦਰ ਅਤੇ ਸ਼ਹਿਰ ਸਥਾਪਿਤ ਕਰਨ ਲਈ ਜ਼ਾਹਰ ਹੋਈ ਪਾਣੀ ਦੀ ਲੋੜ ਨੂੰ ਮੁੱਖ ਰੱਖ ਕੇ ਪਹਿਲਾਂ ਸੰਤੋਖਸਰ ਸਰੋਵਰ ਦੀ ਖੁਦਾਈ ਆਰੰਭੀ ਅਤੇ ਹੋਰ ਸਰੋਵਰ ਵੀ ਸਥਾਪਤ ਕੀਤੇ ਗਏ। ਗੁਰੂ ਅਰਜਨ ਸਾਹਿਬ ਜੀ ਨੇ ਬਾਅਦ ਵਿਚ ਪਿੰਡ ਦਾ ਨਾਮ ‘ਚੱਕ ਰਾਮਦਾਸ’ ਜਾਂ ‘ਰਾਮਦਾਸਪੁਰ’ ਰੱਖ ਦਿੱਤਾ। 1588 ਵਿਚ ਜਦ ਅੰਮਿ੍ਰਤਸਰ ਸਰੋਵਰ ਤਿਆਰ ਹੋ ਗਿਆ ਤਾਂ ਇਸ ਸ਼ਹਿਰ ਦਾ ਨਾਮ ਗੁਰੂ ਅਰਜਨ ਸਾਹਿਬ ਨੇ ‘ਅੰਮਿ੍ਰਤਸਰ’ ਰੱਖ ਦਿੱਤਾ।
ਇਸ ਉਪਰੰਤ ਓਹ ਸੁਭਾਗਾ ਦਿਨ ਆਇਆ ਜਦੋਂ ਗੁਰੂ ਅਮਰਦਾਸ ਜੀ ਨੇ 16 ਸਤੰਬਰ 1574 ਵਿਚ ਸਾਰੀ ਸੰਗਤ ਅਤੇ ਆਪਣੇ ਸਾਰੇ ਪਰਿਵਾਰ ਦੇ ਸਾਹਮਣੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ ਅਤੇ ਗੁਰੁ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਅਤੇ ਆਪਣੀ ਗੁਰਬਾਣੀ ਅਤੇ ਭਗਤਾਂ ਦੀ ਬਾਣੀ ਦੀ ਪੋਥੀ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕਰ ਦਿਤੀ। ਗੁਰੂ ਰਾਮਦਾਸ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਮਾਝੇ ਵਿਚ, ਸਿੱਖੀ ਦੇ ਪਰਚਾਰ ‘ਤੇ ਜ਼ੋਰ ਦਿਤਾ। ਉੱਚੇ ਸੁੱਚੇ ਗੁਰਸਿੱਖ ਆਪਣੀ ਕਿਰਤ-ਕਾਰ ਕਰਦੇ, ਸੇਵਾ ਨਿਭਾਉਣ ਲਗੇ, ਕਾਰ-ਭੇਟ ਪਹੁੰਚਾਉਣਾ ਅਤੇ ਸਿੱਖੀ ਦਾ ਪ੍ਰਚਾਰ ਕਰਨਾ, ਮਸੰਦਾਂ ਦਾ ਕੰਮ ਸੀ। ਗੁਰੂ ਕੇ ਚੱਕ ਵਿਖੇ ਆਪ ਨੇ ਵਸੋਂ ਕਰਾਉਣੀ ਆਰੰਭੀ। ਇਸ ਲਈ ਆਪ ਨੇ ਥਾਂ-ਥਾਂ ਤੋਂ ਵੱਖ-ਵੱਖ ਕੰਮਾਂ ਕਿੱਤਿਆਂ ਵਾਲੇ ਬੰਦੇ ਮੰਗਵਾ ਕੇ ਇੱਥੇ ਵਸਾਏ। ਹਰ ਤਰ੍ਹਾਂ ਦਾ ਕਾਰ ਵਿਹਾਰ ਗੁਰੂ ਕੇ ਚੱਕ ਵਿਖੇ ਹੋਣ ਲੱਗਾ। ਆਪ ਜੀ ਨੇ ਬਾਣੀ ਉਚਾਰੀ ਅਤੇ ਉਸ ਨੂੰ ਲਿਖ ਕੇ ਸੰਭਾਲਦੇ ਰਹੇ। ਗੁਰੂ ਨਾਨਕ ਸਾਹਿਬ ਦੁਆਰਾ ਵਰਤੇ 19 ਰਾਗਾਂ ਤੋਂ ਇਲਾਵਾ 11 ਹੋਰ ਨਵੇਂ ਰਾਗਾਂ ਵਿਚ ਭੀ ਬਾਣੀ ਉਚਾਰੀ। ਇਉਂ ਸੰਗੀਤ ਅਤੇ ਲੈਅ ਦੇ ਪੱਖੋਂ ਗੁਰੂ ਸਾਹਿਬ ਨੇ ਸਿੱਖੀ ਦੇ ਕੌਮੀ ਸਭਿਆਚਾਰ ‘ਤੇ ਵੱਡੀ ਬਖਸ਼ਿਸ਼ ਕੀਤੀ। ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰਾਂ ਵਿੱਚੋਂ (ਗੁਰੂ) ਅਰਜਨ ਸਾਹਿਬ ਜੀ ਵਿਚ ਗੁਰਸਿੱਖੀ ਵਾਲੇ ਸਾਰੇ ਗੁਣ ਸਨ। ਇਹੀ ਕਾਰਨ ਸੀ ਕਿ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਨਾਲ ਸਿੱਖ ਕੌਮ ਦੀ ਅਗਵਾਈ ਗੋਇੰਦਵਾਲ ਸਾਹਿਬ ਵਿਖੇ ਬਖਸ਼ੀ ਸੀ।
ਸ੍ਰੀ ਗੁਰੂ ਰਾਮਦਾਸ ਜੀ ਦੇ ਮਹਾਨ ਜੀਵਨ ਤੋਂ ਇਹ ਸੇਧ ਮਿਲਦੀ ਹੈ ਕਿ ਅਕਾਲ ਪੁਰਖ ਦੀ ਸਿਫਤ ਸਲਾਹ ਕਰਦਿਆਂ, ਧੜੇਬੰਦੀਆਂ ਤੋਂ ਉੱਪਰ ਉੱਠ ਸਭ ਨੂੰ ਸਰਬੱਤ ਦਾ ਭਲਾ ਲੋਚਣਾ ਚਾਹੀਦਾ ਹੈ। ਆਪ ਜੀ ਦੇ ਗੁਰਿਆਈ ਦਿਵਸ ਗੁਰਪੁਰਬ ਸਮੇਂ ਸਮੂਹ ਮਾਈ-ਭਾਈ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਭਰਪੂਰ ਜੀਵਨ ਦੇ ਧਾਰਨੀ ਬਣਨਾ ਚਾਹੀਦਾ ਹੈ ਅਤੇ ਗੁਰੂ ਗੁਰਬਾਣੀ ਦੀ ਰੌਸ਼ਨੀ ਵਿੱਚ ਨਿਮਰਤਾ ਭਰਪੂਰ ਜੀਵਨ ਦੀ ਪ੍ਰੇਰਣਾ ਹਾਸਲ ਕਰਨੀ ਬਣਦੀ ਹੈ।
-ਪੰਜਾਬ ਪੋਸਟ
ਗੁਰਿਆਈ ਦਿਵਸ ਮੌਕੇ ਵਿਸ਼ੇਸ਼ : ਨਿਮਰਤਾ ਅਤੇ ਹਲੀਮੀ ਭਰਪੂਰ ਸੇਵਾ ਦੇ ਪੁੰਜ ਸ੍ਰੀ ਗੁਰੂ ਰਾਮਦਾਸ ਜੀ

Published: