ਭਾਰਤ ਉੱਤੇ ਅੰਗਰੇਜ਼ਾਂ ਦੇ ਸ਼ਾਸਨ ਵੇਲੇ ਪੰਜਾਬ ਵਿੱਚ ਅਜਿਹੇ ਕਈ ਮੋਰਚੇ ਲੱਗੇ ਸਨ, ਜੋ ਇਸ ਬਾਰੇ ਮਿਸਾਲ ਬਣੇ ਕਿ ਕਿਵੇਂ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰਕੇ ਵੀ ਹਕੂਮਤ ਤੋਂ ਗੱਲ ਮਨਵਾਈ ਜਾ ਸਕਦੀ ਹੈ। ਗੁਰੂ ਕਾ ਬਾਗ ਮੋਰਚਾ ਵੀ ਅਜਿਹੇ ਮੋਰਚਿਆਂ ਵਿੱਚੋਂ ਇੱਕ ਸੀ। ਗੁਰੂ ਕਾ ਮੋਰਚਾ ਕਈ ਸੰਘਰਸ਼ਾਂ ਲਈ ਹਮੇਸ਼ਾਂ ਪ੍ਰੇਰਨਾਦਾਇਕ ਰਿਹਾ ਹੈ। ਕਈ ਸੰਘਰਸ਼ਾਂ ਨੂੰ ਲੜਨ ਵੇਲੇ ‘‘ਗੁਰੂ ਕਾ ਮੋਰਚਾ’’ ਦੀ ਮਿਸਾਲ ਦਿੱਤੀ ਜਾਂਦੀ ਹੈ।
ਇਹ ਮੋਰਚਾ ਅੰਗਰੇਜ਼ੀ ਹਕੂਮਤ ਖ਼ਿਲਾਫ਼ ਚੱਲੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਲਈ ਅਹਿੰਸਕ ਲਹਿਰ ਦਾ ਚਾਨਣ ਮੁਨਾਰਾ ਬਣਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ ਤੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਮੁਹੰਮਦ ਇਦਰੀਸ ਨੇ ਇਸ ਇਤਿਹਾਸਕ ਮੋਰਚੇ ਬਾਰੇ ਕਈ ਅਹਿਮ ਤੱਥ ਸਾਂਝੇ ਕੀਤੇ ਹਨ, ਜੋ ਇਸ ਪ੍ਰਕਾਰ ਹਨ :-
ਕੀ ਹੈ ਗੁਰੂ ਕੇ ਬਾਗ ਦਾ ਇਤਿਹਾਸ
ਅੰਮਿ੍ਤਸਰ ਤੋਂ ਲਗਭਗ 20 ਕਿਲੋਮੀਟਰ ਦੂਰ ਘੂਕੇਵਾਲੀ ਪਿੰਡ ਵਿੱਚ ਸਿੱਖ ਧਰਮ ਦੇ ਪੰਜਵੇਂ ਗੁਰੂ ਅਰਜਨ ਦੇਵ ਦੀ ਯਾਦ ਵਿੱਚ 1585 ਈ: ਦੌਰਾਨ ਅਤੇ ਨੌਵੇ ਗੁਰੂ ਤੇਗ਼ ਬਹਾਦੁਰ ਜੀ ਦੀ ਯਾਦ ਵਿੱਚ 1664 ਈਸਵੀ ਦੌਰਾਨ ਦੋ ਇਤਿਹਾਸਕ ਗੁਰਦੁਆਰੇ ਬਣੇ ਸਨ। ਗੁਰੂ ਅਰਜਨ ਦੇਵ ਦੀ ਯਾਦ ਵਿੱਚ ਬਣੇ ਗੁਰਦੁਆਰੇ ਨਾਲ ਲਗਦੀ ਜ਼ਮੀਨ ਵਿੱਚ ਕਿੱਕਰਾਂ ਦਾ ਬਾਗ਼ ਸੀ। ਜਿਸ ਕਾਰਨ ਇੱਥੇ ਲੱਗੇ ਮੋਰਚੇ ਦਾ ਨਾਮ ਗੁਰੂ ਕਾ ਬਾਗ਼ ਮੋਰਚਾ ਪੈ ਗਿਆ। ਇਸ ਬਾਗ਼ ਵਿੱਚੋਂ ਸਿੱਖਾਂ ਦੁਆਰਾ ਲੱਕੜਾਂ ਕੱਟ ਕੇ ਦੋਵੇਂ ਗੁਰਦੁਆਰਿਆਂ ਦੇ ਲੰਗਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਸਨ।
ਕਿਉਂ ਲੱਗਿਆ ਸੀ ਮੋਰਚਾ
ਗੁਰੂ ਅਰਜਨ ਦੇਵ ਦੀ ਯਾਦ ਵਿੱਚ ਬਣੇ ਗੁਰਦੁਆਰੇ ਦੀ ਸਾਂਭ-ਸੰਭਾਲ ਉਦਾਸੀ ਸੰਪਰਦਾ ਦੇ ਮਹੰਤ ਸੁੰਦਰ ਦਾਸ ਕੋਲ ਸੀ। ਉਸ ਦਾ ਆਚਰਣ ਗੈਰ ਧਾਰਮਿਕ ਸੀ। ਗੁਰਦੁਆਰਿਆਂ ਦੀ ਮਰਿਯਾਦਾ ਦੀ ਸੰਭਾਲ ਹਿੱਤ ਪੰਜਾਬ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੀ ਵੀ ਸ਼ੁਰੂਆਤ ਹੋ ਚੁੱਕੀ ਸੀ। ਇਸ ਲਹਿਰ ਤਹਿਤ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਭਾਈ ਫੇਰੂ ਗੁਰਦੁਆਰੇ ਅਤੇ ਜੈਤੋਂ ਆਦਿ ਦੇ ਹੋਰ ਕਈ ਮੋਰਚੇ ਇਸ ਸਮੇਂ ਦੌਰਾਨ ਲੱਗੇ ਸਨ। ਡਾ. ਹਰਬੰਸ ਸਿੰਘ ਸੰਪਾਦਤ ਇੰਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਨੁਸਾਰ ਗੁਰਦੁਆਰਾ ਸੁਧਾਰ ਲਹਿਰ ਦੇ ਸ਼ੁਰੂ ਹੋਣ ਨਾਲ 31 ਜਨਵਰੀ, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਗਿਆਰਾਂ ਮੈਂਬਰੀ ਕਮੇਟੀ ਨਾਲ ਗੁਰਦੁਆਰਾ ਗੁਰੂ ਕਾ ਬਾਗ ਦੇ ਤਤਕਾਲੀ ਮਹੰਤ ਸੁੰਦਰ ਦਾਸ ਦਾ ਗੁਰਦੁਆਰੇ ਦੀ ਸਾਂਭ-ਸੰਭਾਲ ਹਿੱਤ ਸਮਝੌਤਾ ਹੋ ਗਿਆ ਸੀ। ਇਸ ਸਮਝੌਤੇ ਤਹਿਤ ਹੁਣ ਗੁਰਦੁਆਰੇ ਦੇ ਪ੍ਰਬੰਧ ਕਮੇਟੀ ਅਧੀਨ ਆ ਗਏ ਸਨ।
ਕੁਝ ਸਮੇਂ ਬਾਅਦ ਬਰਤਾਨਵੀ ਸਰਕਾਰ ਦੀ ਸਰਪ੍ਰਸਤੀ ਨਾਲ ਮਹੰਤ ਦੁਆਰਾ ਗੁਰਦੁਆਰੇ ਨਾਲ ਲਗਦੀ ਜ਼ਮੀਨ ਜਿਸ ਨੂੰ ‘ਗੁਰੂ ਕਾ ਬਾਗ਼’ ਕਿਹਾ ਜਾਂਦਾ ਸੀ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕੀਤਾ ਗਿਆ। ਮਹੰਤ ਨੇ ਉੱਥੋਂ ਲੰਗਰ ਸੇਵਾ ਲਈ ਦਰਖੱਤ ਕੱਟ ਰਹੇ ਸਿੱਖਾਂ ਵਿਰੱੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ। ਪੰਜ-ਪੰਜ ਸਿੱਖਾਂ ਦੇ ਜਥੇ ਜਾਣੇ ਸ਼ੁਰੂ ਹੋਏ। ਬਰਤਾਨਵੀ ਪੁਲਿਸ ਵੱਲੋਂ ਸਿੱਖਾਂ ਵਿਰੁੱਧ ਪਹਿਲਾਂ ਹੀ ਘੜੀ ਮਿੱਥੀ ਸਾਜਿਸ਼ ਤਹਿਤ ਮਹੰਤ ਸੁੰਦਰ ਦਾਸ ਦੀ ਸ਼ਿਕਾਇਤ ਉੱਤੇ ਪੰਜ ਸਿੱਖਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ। ਇਹ ਮਾਮਲਾ ਕਿਸੇ ਦੀ ਜ਼ਮੀਨ ਵਿੱਚ ਜ਼ਬਰਦਸਤੀ ਦਾਖ਼ਲ ਹੋਣ ਤਹਿਤ 9 ਅਗਸਤ 1922 ਨੂੰ ਦਰਜ ਕੀਤਾ ਗਿਆ ਅਤੇ 5 ਸਿੱਖਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਬਰਤਾਨਵੀ ਅਧਿਕਾਰੀਆਂ ਵੱਲੋਂ ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਦਖ਼ਲ ਅੰਦਾਜ਼ੀ ਕਾਰਨ ਸਿੱਖਾਂ ਵਿੱਚ ਅਰਾਜਕਤਾ, ਬੇਚੈਨੀ ਅਤੇ ਗੁੱਸੇ ਦੀ ਲਹਿਰ ਫ਼ੈਲ ਗਈ। ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅਧੀਨ ਫ਼ੈਸਲਾ ਕੀਤਾ ਗਿਆ ਕਿ ਰੋਜ਼ਾਨਾ ਪੰਜ-ਪੰਜ ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਤੋਂ ਅਹਿੰਸਕ ਰਹਿਣ ਦੀ ਸਹੁੁੰ ਖਾ ਕੇ ਨਿਕਲੇਗਾ। ਉਨਾਂ ਨੇ ਹੀ ਵੀ ਅਹਿਦ ਲਿਆ ਕਿ ਉਹ ਸ਼ਾਂਤਮਈ ਤੇ ਸਤਿਆਗ੍ਰਹਿ ਦੇ ਦਾਇਰੇ ਵਿੱਚ ਰਹਿ ਕੇ ਹੀ ਜਥੇ ਦੇ ਰੂਪ ਵਿੱਚ ਦਰਖ਼ਤ ਕੱਟਣ ਜਾਣਗੇ। ਮਾਸਟਰ ਤਾਰਾ ਸਿੰਘ ਅਤੇ ਮਹਿਤਾਬ ਸਿੰਘ ਆਦਿ ਸ਼੍ਰੋਮਣੀ ਕਮੇਟੀ ਦੇ ਪ੍ਰਮੁੱਖ ਨੇਤਾਵਾਂ ਸਮੇਤ ਜਥਿਆਂ ਵਿੱਚ ਗਏ ਅਨੇਕਾਂ ਸਿੱਖਾਂ ਨੂੰ ਪੁਲਿਸ ਪ੍ਰਸਾਸ਼ਨ ਨੇ ਗਿ੍ਰਫ਼ਤਾਰ ਕਰ ਲਿਆ।
ਮੁਜ਼ਾਹਰਾਕਾਰੀਆਂ ਨੇ ਕਾਲੀਆਂ ਪੱਗਾਂ ਬੰਨੀਆਂ
ਬਰਤਾਨਵੀ ਪੁਲਿਸ ਵੱਲੋਂ ਸਿੱਖਾਂ ਨੂੰ ਗਾਰੇ ਵਿੱਚ ਸੁੱਟਿਆ ਜਾਂਦਾ ਅਤੇ ਸੜਕਾਂ ਉੱਤੇ ਬੁਰੀ ਤਰਾਂ ਕੁੱਟਿਆ ਜਾਂਦਾ ਸੀ। ਲਾਗਲੇ ਪਿੰਡਾਂ ਤੋਂ ਆਉਣ ਵਾਲੀ ਰਸਦ, ਪਾਣੀ ਨੂੰ ਰੋਕਿਆ ਜਾਂਦਾ ਅਤੇ ਅਕਾਲੀਆਂ ਨੂੰ ਜੇਲਾਂ ਵਿੱਚ ਬੰਦ ਕਰਕੇ ਅਨੇਕਾਂ ਘਾਤਕ ਤਰਾਂ ਦੇ ਤਸੀਹੇ ਦਿੱਤੇ ਜਾਂਦੇ ਸਨ, ਪਰ ਅਕਾਲੀ ਜਥੇ ਨਿਰੰਤਰ ਸ਼ਾਂਤਮਈ ਤੇ ਅਡੋਲ ਰੂਪ ਵਿੱਚ ਜਾਂਦੇ ਰਹੇ। 25 ਅਗਸਤ 1922 ਨੂੰ ਜਥੇ ਵਿੱਚ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਅਕਾਲੀ ਸਿੱਖਾਂ ਉੱਪਰ ਬਰਤਾਨਵੀ ਅਫ਼ਸਰ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਐੱਸ. ਜੀ. ਐੱਮ. ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੇ ਜਥਿਆਂ ਨੂੰ ਖਦੇੜਣ ਲਈ ਸਖ਼ਤ ਲਾਠੀਚਾਰਜ ਕੀਤਾ ਜਾਵੇ। ਇਸ ਕਾਰਵਾਈ ਕਾਰਨ ਫ਼ੈਲੇ ਰੋਸ ਕਾਰਨ ਅਕਾਲੀ ਜਥਿਆਂ ਵਿੱਚ ਆਪ ਮੁਹਾਰੇ ਗਿਣਤੀ ਵਧਦੀ ਗਈ। 26 ਅਗਸਤ ਨੂੰ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਧੀਨ ਅੱਠ ਮੈਂਬਰਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ, ਪਰ ਤੇਜਾ ਸਿੰਘ ਸਮੁੰਦਰੀ ਦੀ ਪ੍ਰਧਾਨਗੀ ਅਧੀਨ ਸ਼੍ਰੋਮਣੀ ਕਮੇਟੀ ਦੇ ਜਥੇ ਗੁਰੂ ਕਾ ਬਾਗ਼ ਵਿਖੇ ਲਗਾਤਾਰ ਜਾਰੀ ਰਹੇ।
ਜਥਿਆਂ ਵਿੱਚ ਬਣੀ ਕਮੇਟੀ ਵੱਲੋਂ ਭਾਗ ਲੈਣ ਵਾਲੇ ਮੈਂਬਰ ਕਾਲੀਆਂ ਪੱਗਾਂ ਬੰਨ ਕੇ ਜਾਂਦੇ ਸਨ। ਪੰਜਾਬ ਦੇ ਲੈਫਟੀਨੈਂਟ ਗਵਰਨਰ-ਜਨਰਲ ਸਰ ਐਡਵਰਡ ਮੈਕਲਾਗਨ ਨੇ 13 ਸਤੰਬਰ 1922 ਨੂੰ ਗੁਰੂ ਕਾ ਬਾਗ਼ ਸਥਾਨ ਦਾ ਦੌਰਾ ਕੀਤਾ। ਉਨਾਂ ਇਸ ਫੇਰੀ ਸਮੇਂ ਹੁਕਮ ਦਿੱਤੇ ਕਿ ਜਥਿਆਂ ਵਿੱਚ ਗਏ ਅਕਾਲੀ ਸਿੱਖਾਂ, ਵਲੰਟੀਅਰਾਂ ਅਤੇ ਸਮਾਜ ਸੇਵਕਾਂ ਉੱਪਰ ਕੀਤੇ ਜਾਂਦੇ ਅੱਤਿਆਚਾਰ ਬੰਦ ਕੀਤੇ ਜਾਣ। ਉਨਾਂ ਦੇ ਹੁਕਮਾਂ ਨਾਲ ਹੀ ਸਿੱਖਾਂ ਦੀਆਂ ਜੋ ਜ਼ਾਇਦਾਦਾਂ ਮੋਰਚੇ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ, ਵਾਪਸ ਕਰਨ ਦੇ ਹੁਕਮ ਹੋਏ ਅਤੇ ਸਮੂਹਕ ਰੂਪ ਵਿੱਚ ਗਿ੍ਰਫਤਾਰੀਆਂ ਵੀ ਬੰਦ ਕੀਤੀਆਂ ਗਈਆਂ ਸਨ।
17 ਨਵੰਬਰ 1922 ਨੂੰ ਗੁਰੂ ਕਾ ਬਾਗ਼ ਮੋਰਚੇ ਦੀ 524 ਕਨਾਲ ਅਤੇ 12 ਮਰਲੇ ਜ਼ਮੀਨ ਨੂੰ ਸਰ ਗੰਗਾ ਰਾਮ ਵੱਲੋਂ ਮਹੰਤ ਸੁੰਦਰ ਦਾਸ ਤੋਂ ਲੈ ਕੇ ਅਕਾਲੀਆਂ ਦੇ ਹਵਾਲੇ ਕੀਤੀ ਗਈ ਸੀ। ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਅਨੁਸਾਰ 27 ਅਪ੍ਰੈਲ 1923 ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਗੁਰੂ ਕਾ ਬਾਗ਼ ਮੋਰਚੇ ਦੌਰਾਨ ਗਿ੍ਰਫਤਾਰ ਕੀਤੇ ਗਏ ਸਾਰੇ ਅਕਾਲੀ ਸਿੱਖਾਂ ਤੇ ਹੋਰ ਕੈਦੀਆਂ ਨੂੰ ਰਿਹਾਅ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਰਿਕਾਰਡ ਅਨੁਸਾਰ ਇਸ ਮੋਰਚੇ ਦੌਰਾਨ 5605 ਸਿੱਖਾਂ ਨੂੰ ਜੇਲ ਭੇਜਿਆ ਗਿਆ ਸੀ। ਇਸ ਮੋਰਚੇ ਦੌਰਾਨ ਕੇਵਲ 8 ਅਗਸਤ ਤੋਂ 17 ਅਗਸਤ 1922 ਤੱਕ 12 ਅਕਾਲੀ ਸਿੱਖਾਂ ਨੂੰ ਜਾਨ ਗੁਆਉਣੀ ਪਈ ਸੀ ਤੇ 1500 ਸਿੱਖ ਗੰਭੀਰ ਜਖ਼ਮੀ ਹੋਏ। ਇਹ ਮੋਰਚਾ ਪੂਰਨ ਰੂਪ ਵਿੱਚ ਸ਼ਾਂਤਮਈ ਸੀ। ਜੋ ਗੁਰਦੁਆਰਾ ਸੁਧਾਰ ਲਹਿਰ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਸੀ, ਜਿਸ ਨੇ ਨਾ ਕੇਵਲ ਪੰਜਾਬ ਸਗੋਂ ਭਾਰਤੀ ਆਜ਼ਾਦੀ ਸੰਗਰਾਮ ਦੇ ਨਾਜ਼ੁਕ ਸਮੇਂ ਦੌਰਾਨ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਗਾਂਧੀ ਸਣੇ ਕੌਮੀ ਲੀਡਰਾਂ ਨੇ ਕੀਤੀ ਪ੍ਰਸ਼ੰਸਾ
‘ਗੁਰੂ ਕਾ ਬਾਗ਼ ਮੋਰਚੇ’ ਦੀ ਘਟਨਾ ਦੇ ਅੰਤਰ-ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ’ਤੇ ਅਨੇਕਾਂ ਮਹੱਤਵਪੂਰਨ ਪ੍ਰਭਾਵ ਪਏ। ਅਮਰੀਕਾ ਦੇ ਪੱਤਰਕਾਰ ਏ. ਐੱਲ. ਵਰਗਸ ਨੇ ਉਸ ਸਮੇਂ ਇਸ ਮੋਰਚੇ ਦੀ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ। ਇੰਗਲੈਂਡ ਦੇ ਇਸਾਈ ਪਾਦਰੀ ਸੀ. ਐੱਫ. ਐਨਡਰਿਊਜ਼ ਨੇ ਘਟਨਾ ਸਥਾਨ ਦੀ ਫੇਰੀ ਦੌਰਾਨ ਕਿਹਾ ਕਿ ਉਨਾਂ ਨੂੰ ਨਿਰਦੋਸ਼ ਅਕਾਲੀ ਸਿੱਖਾਂ ਉਪਰ ਹੁੰਦੇ ਅੱਤਿਆਚਾਰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹ ਅੱਤਿਆਚਾਰ ਯਸੂ ਮਸੀਹ ਉੱਤੇ ਹੋ ਰਹੇ ਹਨ।
ਭਾਰਤ ਵਿੱਚ ਰਾਸ਼ਟਰੀ ਪੱਧਰ ’ਤੇ ਚੱਲ ਰਹੇ ਸੁਤੰਤਰਤਾ ਸੰਗਰਾਮ ਦੇ ਅੰਦੋਲਨ ਵਿੱਚ ਮਹਾਤਮਾ ਗਾਂਧੀ ਨੂੰ ਵੀ ਇਹ ਪੱਕਾ ਵਿਸ਼ਵਾਸ ਹੋਇਆ ਕਿ ਸੱਤਿਆਗ੍ਰਹਿ ਅਤੇ ਸ਼ਾਂਤੀ ਪਾਬੰਦ ਅਕਾਲੀ ਸਿੱਖਾਂ ਦਾ ਇਹ ਮੋਰਚਾ ਰਾਸ਼ਟਰੀ ਆਜ਼ਾਦੀ ਦਾ ਮੀਲ ਪੱਥਰ ਸਥਾਪਤ ਹੋਵੇਗਾ। ਲਾਲਾ ਲਾਜਪਤ ਰਾਏ ਅਤੇ ਹੋਰ ਅਨੇਕਾਂ ਰਾਸ਼ਟਰੀ ਨੇਤਾਵਾਂ ਦੁਆਰਾ ਗੁਰੂ ਕਾ ਬਾਗ਼ ਮੋਰਚੇ ਦੀ ਪ੍ਰਸ਼ੰਸਾ ਕੀਤੀ ਗਈ ਸੀ।
-ਪੰਜਾਬ ਪੋਸਟ