-1.3 C
New York

ਗੁਰੂ ਤੇਗ ਬਹਾਦਰ ਜੀ ਦਾ ਸੀਸ ਅਤੇ ਧੜ ਚੁੱਕਣ ਦੀ ਯੋਜਨਾ ਬਣਾਉਣ ਵਾਲੇ ਧਰਮੀ ਤੇ ਬਹਾਦਰ ਸਿੱਖ ਭਾਈ ਜੈਤਾ, ਲੱਖੀ ਸ਼ਾਹ, ਨਾਨੂੰ, ਊਦਾ, ਆਗਿਆ ਅਤੇ ਤੁਲਸੀ ਜੀ

Published:

Rate this post

ਭਾਈ ਊਦਾ :- ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਦਿੱਲੀ ਲਈ ਚਲੇ ਤਾਂ ਭਾਈ ਊਦਾ ਵੀ ਗੁਰੂ ਜੀ ਦੇ ਨਾਲ ਸੀ। ਭਾਈ ਊਦਾ ਨੂੰ ਗੁਰੂ ਜੀ ਦਾ ਇਹ ਆਦੇਸ਼ ਸੀ ਕਿ ਉਹ ਦਿੱਲੀ ਵਿੱਚ ਹੀ ਠਹਿਰੇ ਅਤੇ ਜੇ ਉਨ੍ਹਾਂ ਨਾਲ ਕੋਈ ‘ਭਾਣਾ’ ਵਰਤ ਜਾਏ ਤਾਂ ਇਸ ਦੀ ਖਬਰ ਆਨੰਦਪੁਰ ਜਾ ਕੇ ਬਾਲ ਗੋਬਿੰਦ ਰਾਇ ਅਤੇ ਸਿੱਖ ਸੰਗਤਾਂ ਨੂੰ ਦੇ ਦੇਵੇ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਭਾਈ ਊਦਾ ਦਿਲਵਾਲੀ ਮਹੱਲੇ ਵਿੱਚ ਠਹਿਰਿਆ ਹੋਇਆ ਸੀ। ਉਹ ਭਾਈ ਜੈਤਾ ਅਤੇ ਭਾਈ ਨਾਨੂੰ ਦੇ ਨਾਲ ਗੁਰੂ ਜੀ ਦੇ ਸੀਸ ਨੂੰ ਲੈ ਕੇ ਆਨੰਦਪੁਰ ਪਹੁੰਚਿਆ ਸੀ। ਇਹ ਸੂਰਬੀਰ ਸਿੱਖ, ਭੰਗਾਣੀ ਦੀ ਜੰਗ ਵਿੱਚ ੧੮ ਅੱਸੂ, ਸੰਨ ੧੭੪੫ ਬਿਕ੍ਰਮੀ ਨੂੰ ਸ਼ਹੀਦੀ ਪਾ ਗਿਆ। ਭੱਟ ਵਹੀ ਭਾਦਸੋਂ ਅਨੁਸਾਰ ਉਹ ਭਾਈ ਖੇਮ ਚੰਦ ਚੰਦੋਨੀਏ ਦਾ ਪੁੱਤਰ ਤੇ ਬਾਬੇ ਧਰਮੇ ਦਾ ਪੋਤਾ ਸੀ। ਉਸਦੇ ਵਡੇਰੇ ਪਿੰਡ ਲਾਡਵਾ ਜ਼ਿਲ੍ਹਾ ਕਰਨਾਲ ਦੇ ਰਹਿਣ ਵਾਲੇ ਸਨ।

ਭਾਈ ਨਾਨੂੰ ਰਾਇ :- ਭਾਈ ਨਾਨੂੰ ਦਿੱਲੀ ਦੇ ਦਿਲਵਾਲੀ ਮਹੱਲੇ ਵਿੱਚ ਰਹਿਣ ਵਾਲਾ ਇੱਕ ਛੀਂਬਾ ਸਿੱਖ ਸੀ। ਇਨ੍ਹਾਂ ਦੇ ਬਜ਼ੁਰਗ ਭਾਈ ਕਲਿਆਣੇ ਦੇ ਨਾਮ ਤੇ ਦਿੱਲੀ ਵਿੱਚ ‘ਭਾਈ ਕਲਿਆਣੇ ਦੀ ਧਰਮਸਾਲਾ’ ਬਣੀ ਹੋਈ ਸੀ। ਇੱਥੇ ਇੱਕ ਵਾਰ ਗੁਰੂ ਤੇਗ ਬਹਾਦਰ ਜੀ ਵੀ ਆ ਕੇ ਟਿਕੇ ਸਨ। ਭਾਈ ਨਾਨੂੰ ਦੇ ਵਡੇਰੇ ਕਈ ਪੀੜ੍ਹੀਆਂ ਤੋਂ ਸਿੱਖੀ ਨਾਲ ਜੁੜੇ ਹੋਏ ਸਨ। ਦਿੱਲੀ ਦੇ ਸਿੱਖਾਂ ਵਿੱਚ ਭਾਈ ਨਾਨੂੰ ਦਾ ਬੜਾ ਸਤਿਕਾਰ ਸੀ। ਜਦੋਂ ਗੁਰੂ ਹਰਿ ਕਿ੍ਰਸ਼ਨ ਜੀ ਦਾ ਸਸਕਾਰ ਕੀਤਾ ਗਿਆ ਤਾਂ ਸਤਲੁਜ ਨਦੀ ਵਿੱਚ ਪ੍ਰਵਾਹ ਕਰਨ ਲਈ ਚਿਖਾ ਦੀ ਭਸਮ ਭਾਈ ਨਾਨੂੰ ਹੀ ਲੈ ਕੇ ਕੀਰਤਪੁਰ ਆਇਆ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਮਗਰੋਂ ਆਪ ਜੀ ਦੇ ਪਵਿੱਤਰ ਸੀਸ ਅਤੇ ਧੜ ਨੂੰ ਚਾਂਦਨੀ ਚੌਂਕ ਵਿੱਚੋਂ ਚੁੱਕਣ ਦੀ ਯੋਜਨਾ ਭਾਈ ਨਾਨੂੰ ਦੇ ਘਰ ਹੀ ਬਣਾਈ ਗਈ ਸੀ। ਜਦੋਂ ਭਾਈ ਜੈਤਾ ਗੁਰੂ ਜੀ ਦਾ ਸੀਸ ਲੈ ਕੇ ਆਨੰਦਪੁਰ ਲਈ ਚਲਿਆ ਤਾਂ ਭਾਈ ਨਾਨੂੰ ਵੀ ਭੇਸ ਬਦਲ ਕੇ ਉਸਦੇ ਨਾਲ ਨਾਲ ਸੀ। ਭਾਈ ਜੈਤਾ ਅਤੇ ਭਾਈ ਨਾਨੂੰ ਦਾ ਤੀਸਰਾ ਸਾਥੀ ਭਾਈ ਊਦਾ ਸੀ ਜੋ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਪਹੁੰਚੇ ਸਨ। ਸੀਸ ਨੂੰ ਆਨੰਦਪੁਰ ਸਾਹਿਬ ਲਿਜਾਣ ਤੋਂ ਪਹਿਲਾਂ, ਚਾਂਦਨੀ ਚੌਂਕ ਤੋਂ ਚੁੱਕ ਕੇ ਭਾਈ ਨਾਨੂੰ ਅਤੇ ਭਾਈ ਜੈਤੇ ਦੇ ਘਰ ਲਿਆਂਦਾ ਗਿਆ ਸੀ। ਇੱਥੇ ਪੂਰੀ ਤਿਆਰੀ ਕਰਨ ਮਗਰੋਂ ਸੀਸ ਨੂੰ ਦੋਹਣੀ ਵਿੱਚ ਪਾ ਕੇ, ਤੂੜੀ ਨਾਲ ਢੱਕ ਕੇ ਅਤੇ ਰੁਮਾਲਿਆਂ ਵਿੱਚ ਲਪੇਟ ਕੇ ਇਹ ਸਾਸੀ ਟੋਲਾ ਆਨੰਦਪੁਰ ਲਈ ਰਵਾਨਾ ਹੋਇਆ ਸੀ।

ਸੀਸ ਅਨੰਦਪੁਰ ਲੈ ਜਾਣ ਮਗਰੋਂ ਭਾਈ ਨਾਨੂੰ ਦਿੱਲੀ ਨਹੀਂ ਪਰਤਿਆ, ਸਗੋਂ ਆਨੰਦਪੁਰ ਹੀ ਟਿਕ ਗਿਆ। ਭਾਈ ਨਾਨੂੰ ਦੇ ਦੋ ਪੁੱਤਰ ਸਨ, ਘਰਬਾਰਾ ਸਿੰਘ ਅਤੇ ਦਲਬਾਰਾ ਸਿੰਘ। ਘਰਬਾਰਾ ਸਿੰਘ ੩੦ ਭਾਦ੍ਰੋਂ ਸੰਮਤ ੧੭੫੭ ਬਿਕ੍ਰਮੀ ਵਿੱਚ ਅਗੰਮਪੁਰੇ (ਆਨੰਦਪੁਰ) ਵਿੱਚ ਪਹਾੜੀ ਰਾਜਿਆਂ ਨਾਲ ਲੜਕਦਾ ਸ਼ਹੀਦੀ ਪਾ ਗਿਆ। ਭਾਈ ਨਾਨੂੰ (ਸਿੰਘ) ਉਨ੍ਹਾਂ ੪੦ ਸਿੰਘਾਂ ਵਿੱਚੋਂ ਇੱਕ ਸੀ ਜੋ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ।

ਭਾਈ ਜੈਤਾ :- ਚਾਂਦਨੀ ਚੌਂਕ ਦਿੱਲੀ ਵਿੱਚੋਂ ਸੀਸ ਨੂੰ ਚੁੱਕ ਕੇ ਆਨੰਦਪੁਰ ਸਾਹਿਬ ਲਿਜਾਣ ਵਾਲੀ ਇਤਿਹਾਸਕ ਘਟਨਾ ਦਾ ਮੱੁਖ ਨਾਇਕ ਭਾਈ ਜੈਤਾ (ਅੰਮਿ੍ਰਤ ਛਕਣ ਮਗਰੋਂ ਭਾਈ ਜੀਵਨ ਸਿੰਘ) ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਨ੍ਹਾਂ ਦਿਨਾਂ ਵਿੱਚ ਭਾਈ ਜੈਤਾ ਦਿਲਵਾਲੀ ਮਹੱਲੇ, ਦਿੱਲੀ ਠਹਿਰਿਆ ਹੋਇਆ ਸੀ। ਇਹ ਮਹੱਲੇ ਵਿੱਚ ਸਿੱਖਾਂ ਦੇ ਹੋਰ ਵੀ ਕਈ ਘਰ ਸਨ। ਗੁਰੂ ਜੀ ਦਾ ਸੀਸ ਚੁੱਕਣ ਲਈ ਜੋ ਹੰਗਾਮੀ ਮੀਟਿੰਗ ਭਾਈ ਨਾਨੂੰ ਦੇ ਘਰ ਸੱਦੀ ਗਈ, ਭਾਈ ਜੈਤਾ ਸਿੰਘ ਉਸ ਵਿੱਚ ਸ਼ਾਮਲ ਸੀ। ਗੁਰੂ ਜੀ ਦਾ ਸੀਸ ਆਨੰਦਪੁਰ ਲਿਜਾਣ ਦੀ ਸੇਵਾ ਭਾਈ ਜੈਤਾ ਨੂੰ ਸੌਂਪੀ ਗਈ ਸੀ, ਜਦਕਿ ਭਾਈ ਊਦਾ ਅਤੇ ਭਾਈ ਨਾਨੂੰ ਨੇ ਸਾਰੇ ਰਾਹ ਵਿੱਚ ਉਸਦਾ ਸਾਥ ਦੇਣਾ ਸੀ। ਤਿੰਨੋਂ ਸਿੱਖਾਂ ਕੋਲ ਤੇਜ਼ ਰਫਤਾਰ ਘੋੜੇ ਸਨ ਅਤੇ ਤਿੰਨਾਂ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਮੁਕਾਬਲਾ ਕਰਨ ਲਈ ਸ਼ਸਤਾਰ ਪਹਿਨੇ ਹੋਏ ਸਨ। ਭਾਈ ਜੈਤਾ ਅਤੇ ਭਾਈ ਊਦਾ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਅਤੇ ਤਕੜੇ ਯੋਧੇ ਸਨ। ਰਾਹ ਦੀਆਂ ਦੁਸ਼ਵਾਰੀਆਂ ਨੂੰ ਝੱਲਦੇ ਹੋਏ ਇਹ ਸਾਹਸੀ ਵੀਰ ਕੀਰਤਪੁਰ ਪਹੁੰਚੇ ਤਾਂ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੇ ਭਾਈ ਜੈਤਾ ਨੂੰ ‘ਗੁਰੂ ਕਾ ਬੇਟਾ’ ਕਹਿ ਕੇ ਗਲਵਕੜੀ ਵਿੱਚ ਲੈ ਲਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ ੧੭੦੫ ਵਿੱਚ ਅਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਅਗੇਤਰੇ ਚੱਲਣ ਵਾਲੇ ਦਸਤੇ ਦੀ ਕਮਾਨ ਭਾਈ ਜੀਵਨ ਸਿੰਘ (ਭਾਈ ਜੈਤਾ) ਨੂੰ ਸੌਂਪੀ ਗਈ। ਉਸਦੇ ਦਸਤੇ ਵਿੱਚ ੧੦੦ ਸਿੰਘ ਸਨ। ਸਰਸਾ ਨਦੀ ਕੰਢੇ ਮੁਗਲ ਅਤੇ ਪਹਾੜੀ ਰਾਜਿਆਂ ਨਾਲ ਹੋਈ ਇੱਕ ਅਣਸਾਵੀਂ ਅਤੇ ਭਿਆਨਕ ਲੜਾਈ ਵਿੱਚ ਭਾਈ ਜੈਤਾ ਅਤੇ ਉਸਦੇ ਸਾਰੇ ਸਾਥੀ ਵੀਰਤਾ ਨਾਲ ਲੜਦੇ ਹੋਏ ਸ਼ਹੀਦ ਹੋ ਗਏ।

ਭਾਈ ਲੱਖੀ ਸ਼ਾਹ ਵਣਜਾਰਾ :- ਭਾਈ ਲੱਖੀ ਸ਼ਾਹ ਸਿੱਖ ਇਤਿਹਾਸ ਦਾ ਇੱਕ ਅਮਰ ਪਾਤਰ ਹੈ। ਜਦੋਂ ਤੱਕ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਇਤਿਹਾਸ ਅਤੇ ਲੋਕ ਮਨਾਂ ਵਿੱਚ ਹੁੰਦਾ ਰਹੇਗਾ, ਭਾਈ ਜੈਤਾ ਅਤੇ ਭਾਈ ਲੱਖੀ ਸ਼ਾਹ ਦੇ ਸਾਹਸ ਭਰਪੂਰ ਕਾਰਨਾਮੇ ਬੜੀ ਸ਼ਰਧਾ, ਸਤਿਕਾਰ ਅਤੇ ਮਾਣ ਨਾਲ ਦੁਹਰਾਏ ਜਾਂਦੇ ਰਹਿਣਗੇ। ਭਾਈ ਲੱਖੀ ਸ਼ਾਹ ਉਹ ਸੂਰਬੀਰ ਨਾਇਕ ਹੈ ਜਿਸ ਨੇ ਆਪਣੇ ਤਿੰਨ ਪੁੱਤਰਾਂ (ਲੱਖੀ ਸ਼ਾਹ ਦੇ ਅੱਠ ਪੁੱਤਰ ਸਨ) ਨਗਾਹੀਆ, ਹੇਮਾ ਤੇ ਹਾੜੀ ਅਤੇ ਭਾਈ ਕਾਹਨੇ ਦੇ ਪੁੱਤਰ ਧੂਮਾ ਦੀ ਸਹਾਇਤਾ ਨਾਲ ਗੁਰੂ ਜੀ ਦੇ ਧੜ ਨੂੰ ਚਾਂਦਨੀ ਚੌਂਕ ਵਿੱਚੋਂ ਚੁੱਕ ਕੇ ਆਪਣੇ ਘਰ (ਰਾਏਸੀਨਾ, ਹੁਣ ਗੁਰਦੁਆਰਾ ਰਕਾਬ ਗੰਜ ਸਾਹਿਬ) ਵਿਖੇ ਲਿਜਾ ਕੇ ਬੜੇ ਅਦਬ ਨਾਲ ਸਸਕਾਰ ਕੀਤਾ ਤੇ ਫਿਰ ਗੁਰੂ ਤੇਗ ਬਹਾਦਰ ਜੀ ਦੀਆਂ ਅਸਤੀਆਂ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ। ਇਸ ਸਫਰ ਵਿੱਚ ਉਸਦੇ ਨਾਲ ਉਸਦਾ ਪੁੱਤਰ ਨਿਗਾਹੀਆ ਅਤੇ ਇੱਕ ਹੋਰ ਸਿੱਖ ਭਾਈ ਤੁਲਸੀਆ ਵੀ ਸੀ। ਅਨੰਦਪੁਰ ਪਹੁੰਚਣ ਤੇ ਗੁਰੂ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ) ਨੇ ਇਨ੍ਹਾਂ ਸਿੱਖਾਂ ਦੀ ਸ਼ਰਧਾ ਅਤੇ ਬਹਾਦਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਨ੍ਹਾਂ ਨੂੰ ਗਲ਼ ਨਾਲ ਲਗਾ ਕੇ ਅਸ਼ੀਰਵਾਦ ਦਿੱਤੀ। ਗੁਰਦੁਆਰਾ ਰਕਾਬ ਗੰਜ ਸਾਹਿਬ ਵਾਲੇ ਸਥਾਨ ਤੇ ਭਾਈ ਲੱਖੀ ਸ਼ਾਹ ਵਣਜਾਰੇ ਦੀ ਯਾਦ ਵਿੱਚ ਉਨ੍ਹਾਂ ਦੇ ਨਾਮ ਤੇ ਇੱਕ ਵਿਸ਼ਾਲ ਦੀਵਾਨ ਹਾਲ ਸਥਾਪਿਤ ਹੈ, ਜਿੱਥੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਬੜੀ ਸ਼ਰਧਾ ਪੂਰਵਕ ਮਨਾਏ ਜਾਂਦੇ ਹਨ ਤੇ ਇਸ ਬਹਾਦਰ ਯੋਧੇ ਦੇ ਕਾਰਨਾਮਿਆਂ ਨੂੰ ਯਾਦ ਕੀਤਾ ਜਾਂਦਾ ਹੈ।

ਭਾਈ ਲੱਖੀ ਸ਼ਾਹ ਵਰਜਾਰਾ ਦਿੱਲੀ ਦਾ ਇੱਕ ਬਾ-ਰਸੂਖ (ਠੇਕੇਦਾਰ) ਸਿੱਖ ਸੀ। ਇਸ ਦੇ ਵਡੇਰੇ ਪਿੰਡ ਖੈਰਪੁਰ ਸੱਦਾਤ ਤਸੀਲ ਅਲੀਪੁਰ ਜ਼ਿਲ੍ਹਾ ਮੁਜ਼ਫਰਗੜ੍ਹ ਦੇ ਰਹਿਣ ਵਾਲੇ ਸਨ। ਇਨ੍ਹਾਂ ਦੇ ਪਿਤਾ ਦਾ ਨਾਮ ਭਾਈ ਗੋਧੂ ਅਤੇ ਦਾਦੇ ਦਾ ਨਾਮ ਭਾਈ ਠਾਕਰ ਸੀ। ਭਾਈ ਲੱਖੀ ਸ਼ਾਹ ਦੇ ਅੱਠ ਪੁੱਤਰ ਸਨ- ਭਾਈ ਨਗਾਹੀਆ, ਹੇਮਾ, ਹਾੜੀ, ਸੀਤੂ, ਪੰਡਾਰਾ, ਬਖਸ਼ੀ, ਬਾਲਾ ਅਤੇ ਜਬਾਹਰ ਜੋ ਪਿਤਾ ਵਾਂਗ ਰੱਜੇ ਪੁੱਜੇ ਠੇਕੇਦਾਰ ਅਤੇ ਗੁਰੂ ਘਰ ਦੇ ਸ਼ਰਧਾਵਾਨ ਸਿੱਖ ਸਨ। ਭਾਈ ਲੱਖੀ ਸ਼ਾਹ ਦੀ ਸਪੁੱਤਰੀ ਸੀਤੋਬਾਈ, ਸਿੱਖ ਇਤਿਹਾਸ ਦੇ ਮਹਾਨ ਸ਼ਹੀਦ (ਕਰਤਾ ਗਿਆਨ ਰਤਨਾਵਲੀ, ਸਿੱਖਾਂ ਦੀ ਭਗਤਮਾਲਾ) ਭਾਈ ਮਨੀ ਸਿੰਘ ਨਾਲ ਵਿਆਹੀ ਹੋਈ ਸੀ। ਸੋ ਇਸ ਤਰ੍ਹਾਂ ਲੱਖੀ ਸ਼ਾਹ ਦਾ ਘਰਾਣਾ ਸਿੱਖੀ ਸਿਦਕ ਅਤੇ ਧੰਨ ਦੌਲਤ ਦੋਹਾਂ ਨਾਲ ਭਰਪੂਰ ਸੀ।

ਭਾਈ ਲੱਖੀ ਸ਼ਾਹ ਸ਼ਾਹੀ ਕਿਲ੍ਹੇ ਵਿੱਚ ਕਈ ਪ੍ਰਕਾਰ ਦੀਆਂ ਵਸਤਾਂ ਸਪਲਾਈ ਕਰਿਆ ਕਰਦਾ ਸੀ। ਜਿਸ ਦਿਨ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ, ਉਸੇ ਦਿਨ ਉਹ ਆਪਣੇ ਟਾਂਡੇ ਸਮੇਤ (ਜਿਸ ਵਿੱਚ ਚੂਨਾਂ ਲੱਦਿਆ ਸੀ) ਨਾਰਨੌਲ ਤੋਂ ਦਿੱਲੀ ਪਹੁੰਚਿਆ ਸੀ। ਉਹ ਆਪਣੇ ਬੈਲ ਅਤੇ ਗੱਡਿਆਂ ਸਮੇਤ ਜਮਨਾ ਕੰਢੇ ਠਹਿਰਿਆ ਹੋਇਆ ਸੀ ਜਦੋਂ ਭਾਈ ਆਗਿਆ, ਭਾਈ ਨਾਨੂੰ, ਭਾਈ ਤੁਲਸੀਆ ਅਤੇ ਭਾਈ ਜੈਤਾ ਆਦਿ ਸਿੱਖ ਕੂਚਾ ਦਿਲਵਾਲੀ ’ਚੋਂ ਚੱਲ ਕੇ ਉਸ ਕੋਲ ਪਹੁੰਚੇ ਸਨ ਅਤੇ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਦੇ ਸ਼ਹੀਦ ਹੋ ਜਾਣ ਦੀ ਦੁਖਦਾਈ ਖਬਰ ਉਸਨੂੰ ਦੱਸੀ ਸੀ। ਜਿਵੇਂ ਕਿ ਇਹ ਫੈਸਲਾ ਕੀਤਾ ਗਿਆ ਸੀ ਭਾਈ ਜੈਤਾ ਤਾਂ ਗੁਰੂ ਜੀ ਦਾ ਸੀਸ ਚੁੱਕ ਕੇ ਆਨੰਦਪੁਰ ਸਾਹਿਬ ਲਈ ਚੱਲ ਪਿਆ ਅਤੇ ਭਾਈ ਲੱਖੀ ਸ਼ਾਹ ਨੇ ਗੁਰੂ ਜੀ ਦੇ ਧੜ ਨੂੰ ਆਪਣੇ ਘਰ ਲਿਜਾ ਕੇ ਆਪਣੇ ਘਰ ਦੀਆਂ ਵਸਤਾਂ ਦੀ ਚਿਖਾ ਤਿਆਰ ਕਰਕੇ, ਆਪਣੇ ਘਰ ਨੂੰ ਅੱਗ ਲਗਾ ਦਿੱਤੀ ਸੀ। ਕਿਹਾ ਜਾਂਦਾ ਹੈ ਕਿ ਪੁਲਿਸ ਦਾ ਇੱਕ ਦਸਤਾ ਧੜ ਦੀ ਖੋਜ ਵਿੱਚ ਉੱਥੇ ਮੌਕੇ ਤੇ ਪਹੁੰਚਿਆ, ਪਰ ਜਦੋਂ ਉਨ੍ਹਾਂ ਨੇ ਘਰ ਦੇ ਸਾਰੇ ਬੰਦਿਆਂ ਨੂੰ ਰੋਂਦਿਆਂ ਅਤੇ ਧਾਹਾਂ ਮਾਰਦਿਆਂ ਵੇਖਿਆ ਤਾਂ ਉਹ ਵਾਪਸ ਚਲੇ ਗਏ।

-ਡਾ. ਹਰਬੰਸ ਸਿੰਘ

Read News Paper

Related articles

spot_img

Recent articles

spot_img