ਵਾਸ਼ਿੰਗਟਨ ਡੀਸੀ/ਪੰਜਾਬ ਪੋਸਟ
ਪੰਜਾਬ ਅੰਦਰ ਵਾਪਰੀਆਂ ਕਈ ਦਹਿਸ਼ਤੀ ਘਟਨਾਵਾਂ ਵਿੱਚ ਸ਼ਾਮਲ ਹੈਪੀ ਪਸ਼ੀਆ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਐਫ਼ਬੀਆਈ ਨੇ ਐਕਸ ਉੱਤੇ ਪੋਸਟ ਸਾਂਝੀ ਕਰ ਕੇ ਦਿੱਤੀ। ਦੱਸਿਆ ਗਿਆ ਹੈ ਕਿ ਉਸ ਨੂੰ ਅਮਰੀਕਾ ਵਿਚ ਆਈਸੀਈ ਨੇ ਹਿਰਾਸਤ ਵਿਚ ਲੈ ਲਿਆ ਹੈ। ਭਾਰਤ ਦੀ ਕੌਮੀ ਜਾਂਚ ਏਜੰਸੀ ਐਨਆਈਏ ਨੇ ਪਾਸੀਆ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਅਤੇ ਜਨਵਰੀ 2025 ਵਿੱਚ ਉਸ ‘ਤੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਪਾਸੀਆ ਬੱਬਰ ਖਾਲਸਾ ਨਾਲ ਜੁੜਿਆ ਹੋਇਆ ਸੀ, ਜੋ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਸਹਿਯੋਗ ਨਾਲ ਭਾਰਤ ਵਿੱਚ ਕਈ ਘਟਨਾਵਾਂ ਨੂੰ ਅੰਜਾਮ ਦੇ ਚੁੱਕਾ ਹੈ। ਹਾਲ ਹੀ ਵਿੱਚ, ਨਿਊਜ਼ੀਲੈਂਡ ਅਤੇ ਅਮਰੀਕਾ ਦੇ ਆਪਣੇ ਦੌਰੇ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ਾਂ ਵਿੱਚ ਮੌਜੂਦ ਗਰਮਖਿਆਲੀਆਂ ਨੂੰ ਨਿਸ਼ਾਨਾ ਬਣਾਇਆ ਸੀ। ਮੋਦੀ ਨੇ ਇਨ੍ਹਾਂ ਨੂੰ ਨਾ ਸਿਰਫ਼ ਭਾਰਤ ਲਈ ਸਗੋਂ ਸਾਰੇ ਦੇਸ਼ਾਂ ਲਈ ਵੱਡਾ ਖ਼ਤਰਾ ਦੱਸਿਆ ਸੀ। ਪਿਛਲੇ 4 ਮਹੀਨਿਆਂ ਵਿੱਚ, ਪੰਜਾਬ ਅੰਦਰ ਪੁਲਿਸ ਥਾਣਿਆਂ ‘ਤੇ ਹਮਲੇ ਦੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪਾਸੀਆ ਦੀ ਭੂਮਿਕਾ ਪਾਈ ਗਈ ਸੀ। ਅਮਰੀਕਾ ‘ਚ ਉਸ ਦੀ ਨਜ਼ਰਬੰਦੀ ਤੋਂ ਬਾਅਦ, ਹੁਣ ਭਾਰਤ ਵੱਲੋਂ ਉਸ ਦੀ ਹਵਾਲਗੀ ਸਬੰਧੀ ਪ੍ਰਕਿਰਿਆ ਅਰੰਭੀ ਜਾ ਸਕਦੀ ਹੈ।






