ਅੰਮ੍ਰਿਤਸਰ/ਪੰਜਾਬ ਪੋਸਟ
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਭੇਜੇ ‘ਸੂ ਮੋਟੋ’ ਨੋਟਿਸ ਦਾ ਜਵਾਬ ਦਿੱਤਾ। ਉਨ੍ਹਾਂ ਉਤੇ ਇਹ ਦੋਸ਼ ਸੀ ਕਿ ਉਨ੍ਹਾ ਇੱਕ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਦੀ ਆਡੀਓ ਬਾਅਦ ਵਿਚ ਵਾਇਰਲ ਹੋ ਗਈ ਸੀ। ਇਸ ਸਬੰਧ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਹਰਜਿੰਦਰ ਸਿੰਘ ਧਾਮੀ ਨੂੰ ਬੀਬੀ ਜਗੀਰ ਕੌਰ ਪ੍ਰਤੀ ਵਰਤੀ ਇਤਰਾਜ਼ਯੋਗ ਸ਼ਬਦਾਵਲੀ ਕਾਰਨ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਸੀ। ਇਸ ਲਈ ਅੱਜ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਪੱਖ ਰਖਦਿਆਂ ਆਪਣਾ ਜਵਾਬ ਮਹਿਲਾ ਕਮਿਸ਼ਨ ਨੂੰ ਭੇਜ ਦਿਤਾ ਹੈ। ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਤੋਂ ਜਾਣੇ-ਅਣਜਾਣੇ ’ਚ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਹੋ ਗਈ ਸੀ। ਜਿਸ ਦੀ ਉਨ੍ਹਾਂ ਤੁਰਤ ਵੀਡੀਓ ਜਾਰੀ ਕਰ ਕੇ ਮੁਆਫ਼ੀ ਮੰਗ ਲਈ ਸੀ। ਉਨ੍ਹਾਂ ਕਿਹਾ ਕਿ ਕਿਸੇ ਵੀ ਔਰਤ ਦਾ ਨਿਰਾਦਰ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਨ੍ਹਾਂ ਮੰਨਿਆ ਕਿ ਇੱਕ ਜ਼ਿੰਮੇਵਾਰ ਪੰਥਕ ਅਹੁਦੇ ’ਤੇ ਹੁੰਦਿਆਂ ਮੈਨੂੰ ਅਜਿਹੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਸੀ ਪਰ ਉਸ ਵੇਲੇ ਮੈਂ ਕਿਸੇ ਤਣਾਅ ਵਿਚੋਂ ਲੰਘ ਰਿਹਾ ਸੀ ਇਸ ਲਈ ਅਚੇਤ ਹੀ ਇਨ੍ਹਾਂ ਸ਼ਬਦਾਂ ਦੀ ਵਰਤੋਂ ਹੋ ਗਈ।