ਤਲਵੰਡੀ ਸਾਬੋ/ਪੰਜਾਬ ਪੋਸਟ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ‘ਤੇ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਜ਼ਰੀਏ ਉਨ੍ਹਾਂ ਧਾਮੀ ਦੇ ਅਸਤੀਫ਼ੇ ਨੂੰ ਦੁਖਦਾਇਕ ਦੱਸਦੇ ਹੋਏ ਕਿਹਾ ਕਿ ‘ਕੁਝ ਕੁ ਲੋਕ ਪੰਥਕ ਸੰਸਥਾਵਾਂ ‘ਤੇ ਇੰਨੇ ਭਾਰੂ ਹੋ ਗਏ ਕਿ ਉਹ ਆਪਣੇ ਸਿਆਸੀ ਅਤੇ ਨਿੱਜੀ ਹਿੱਤਾਂ ਕਾਰਨ ਚੰਗੇ ਲੋਕਾਂ ਦੀ ਬਲੀ ਲੈ ਰਹੇ ਹਨ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਤੇ ਪੇਤਲਾ ਕਰ ਰਹੇ ਹਨ। ਅਜਿਹੇ ਕੁੱਝ ਕੁ ਆਗੂ ਆਪਣੇ ਆਪ ਨੂੰ ਬਚਾਉਣ ਲਈ ਪੰਥਕ ਸੋਚ ਦੀ ਤਰਜ਼ਮਾਨੀ ਕਰਨ ਵਾਲੇ ਲੋਕਾਂ ਨੂੰ ਜ਼ਲੀਲ ਕਰ ਕੇ ਬਾਹਰ ਦਾ ਰਸਤਾ ਦਿਖਾ ਰਹੇ ਹਨ।‘ ਉਨ੍ਹਾਂ ਇਹ ਵੀ ਕਿਹਾ ਕਿ ‘ਇਨ੍ਹਾਂ ਪੰਥਪ੍ਰਸਤਾਂ ਉੱਤੇ ਕਈ ਵਾਰ ਇੰਨਾ ਦਬਾਅ ਬਣਾਇਆ ਜਾਂਦਾ ਕਿ ਉਹ ਖ਼ੁਦ ਹੀ ਮਜਬੂਰ ਹੋ ਕੇ ਪੰਥਕ ਸੰਸਥਾਵਾਂ ਨੂੰ ਅਲਵਿਦਾ ਕਹਿ ਦਿੰਦੇ ਹਨ’। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਕੌਮ ਅਤੇ ਪੰਥ ਨੂੰ ਅਕਾਲ ਪੁਰਖ ਹੀ ਬਚਾ ਸਕਦਾ ਹੈ ਕਿਉਂਕਿ ਕੁਝ ਆਗੂਆਂ ਦੀਆਂ ਲੂੰਬੜ ਚਾਲਾਂ ਨੇ ਕੌਮ ਨੂੰ ਦੁਵਿਧਾ ਵਿਚ ਪਾ ਦਿੱਤਾ ਹੈ।