ਹਾਥਰਸ/ਪੰਜਾਬ ਪੋਸਟ
ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਮਚੀ ਭਗਦੜ ਦਾ ਮਾਮਲੇ ਵਿੱਚ ਮਿ੍ਰਤਕਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਇਸ ਘਟਨਾਕ੍ਰਮ ਵਿੱਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਹੁਣ 122 ਤੱਕ ਪਹੁੰਚ ਗਈ ਹੈ। ਹਾਥਰਸ ਅਧੀਨ ਪੈਂਦੇ ਪਿੰਡ ਫੁਲਰਾਈ ਵਿਚ ਸਤਿਸੰਗ ਦੌਰਾਨ ਭਗਦੜ ਮਚਣ ਕਾਰਨ 122 ਵਿਅਕਤੀਆਂ ਦੀ ਮੌਤ ਤੋਂ ਇਲਾਵਾ ਕਈ ਹੋਰ ਜ਼ਖ਼ਮੀ ਵੀ ਦੱਸੇ ਜਾਂਦੇ ਹਨ। ਮਿ੍ਰਤਕਾਂ ਵਿੱਚ ਬਹੁਗਿਣਤੀ ਔਰਤਾਂ ਦੀ ਹੈ ਅਤੇ ਜ਼ਿਆਦਾਤਰ ਮੌਤਾਂ ਸਾਹ ਘੁੱਟਣ ਕਰਕੇ ਹੋਈਆਂ ਹਨ। ਸਤਿਸੰਗ ਭੋਲੇ ਬਾਬਾ ਨਾਂਅ ਦੇ ਸਾਧ ਵੱਲੋਂ ਕਰਵਾਇਆ ਗਿਆ ਸੀ ਜੋ ਕਿ ਭਗਦੜ ਮਚਣ ਮਗਰੋਂ ਓਥੋਂ ਖਿਸਕ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਆਗਰਾ ਦੇ ਏ. ਡੀ. ਜੀ. ਪੀ. ਅਤੇ ਅਲੀਗੜ੍ਹ ਦੇ ਡਿਵੀਜ਼ਨਲ ਕਮਿਸ਼ਨਰ ਦੀ ਸ਼ਮੂਲੀਅਤ ਵਾਲੀ ਟੀਮ ਘਟਨਾ ਦੀ ਜਾਂਚ ਕਰਕੇ 24 ਘੰਟਿਆਂ ਅੰਦਰ ਰਿਪੋਰਟ ਸੌਂਪੇਗੀ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਸਤਿਸੰਗ ਕਰਵਾਉਣ ਵਾਲੇ 22 ਪ੍ਰਬੰਧਕਾਂ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਫਿਲਹਾਲ ਜ਼ਿਆਦਾ ਧਿਆਨ ਏਸ ਹਾਦਸੇ ਵਿੱਚ ਪ੍ਰਭਾਵਿਤ ਲੋਕਾਂ ਵੱਲ ਦਿੱਤਾ ਜਾ ਰਿਹਾ ਹੈ।
ਹਾਥਰਸ ਸਤਿਸੰਗ ਭਗਦੜ ਹਾਦਸੇ ’ਚ ਮਿ੍ਤਕਾਂ ਦੀ ਗਿਣਤੀ ਹੁਣ 122 ਤੱਕ ਜਾ ਪਹੁੰਚੀ

Published: