ਪੰਜਾਬ ਪੋਸਟ/ਬਿਓਰੋ
ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰਹੱਦੀ ਖੇਤਰਾਂ ’ਚ ਅੱਜ ਹਾਈ ਅਲਰਟ ਕਰ ਦਿੱਤਾ ਗਿਆ ਹੈ, ਕਿਉਂਕਿ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਦੋ ਮਸ਼ਕੂਕ ਅੱਤਵਾਦੀਆਂ ਦੇ ਪਠਾਨਕੋਟ ਵਿੱਚ ਦਾਖ਼ਲ ਹੋਣ ਦੀ ਸੂਹ ਮਿਲੀ ਹੈ। ਕੌਮਾਂਤਰੀ ਸਰਹੱਦ ਦੇ ਨੇੜੇ ਸਥਿਤ ਕੋਟ ਭਥੀਆਂ ਪਿੰਡ ਦੇ ਵਾਸੀ ਨੇ ਅੱਧੀ ਰਾਤ ਦੇ ਕਰੀਬ ਕੰਟਰੋਲ ਰੂਮ ਸੂਚਨਾ ਦਿੱਤੀ ਕਿ ਦੋ ਨਕਾਬਪੋਸ਼, ਜੋ ਭਾਰੀ ਹਥਿਆਰਾਂ ਨਾਲ ਲੈੱਸ ਸਨ, ਉਸ ਦੇ ਫਾਰਮ ਹਾਊਸ ਅੰਦਰ ਜਬਰੀ ਦਾਖ਼ਲ ਹੋ ਗਏ। ਇਸ ਤੋਂ ਬਾਅਦ, ਪਠਾਨਕੋਟ ਦੇ ਐੱਸ. ਐੱਸ. ਪੀ. ਸੁਹੇਲ ਕਾਸਿਮ ਮੀਰ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਗੁਰਦਾਸਪੁਰ ਦੇ ਪੁਲੀਸ ਮੁਖੀ ਹਰੀਸ਼ ਦਿਆਮਾ ਨੇ ਵੀ ਇਸੇ ਤਰਾਂ, ਪੁਲੀਸ ਲਾਈਨਜ਼ ਵਿੱਚ ਪਹੁੰਚ ਕੇ ਗੁਰਦਾਸਪੁਰ ਜ਼ਿਲੇ ਦੇ ਸਮੂਹ ਐੱਸ. ਐੱਚ. ਓਜ਼. ਨਾਲ ਮੀਟਿੰਗ ਕੀਤੀ। ਗੁਰਦਾਸਪੁਰ, ਧਾਰੀਵਾਲ, ਦੀਨਾਨਗਰ ਅਤੇ ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਗੁਰਦਾਸਪੁਰ-ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਦਕਿ ਬਟਾਲਾ ਪੁਲੀਸ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ। ਨਾਲ ਦੀ ਨਾਲ ਇਸ ਬਾਰੇ ਥਲ ਸੈਨਾ ਅਤੇ ਬੀ. ਐੱਸ. ਐੱਫ. ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।
ਦਹਿਸ਼ਤਗਰਦਾਂ ਦੀ ਸੂਹ ਮਿਲਣ ਉਪਰੰਤ ਗੁਰਦਾਸਪੁਰ ਅਤੇ ਪਠਾਨਕੋਟ ’ਚ ਹਾਈ ਅਲਰਟ

Published: