ਚੰਡੀਗੜ੍ਹ/ਪੰਜਾਬ ਪੋਸਟ
ਇੱਕ ਵੱਡੀ ਅਤੇ ਅਹਿਮ ਕਾਰਵਾਈ ਤਹਿਤ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤੀ ਚੋਣਾਂ ਨਾਲ ਸਬੰਧਤ ਸਾਰੀਆਂ ਹੀ ਚੋਣ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਇਸ ਤਰ੍ਹਾਂ ਭਲਕੇ 15 ਅਕਤੂਬਰ ਨੂੰ ਹੋਣ ਵਾਲੀਆਂ ਪੰਜਾਬ ਦੀਆਂ ਪੰਚਾਇਤੀ ਚੋਣਾਂ ਲਈ ਰਾਹ ਪੂਰੀ ਤਰ੍ਹਾਂ ਪੱਧਰਾ ਹੋ ਗਿਆ ਹੈ। ਦੂਜੇ ਬੰਨੇ, ਸ਼੍ਰੋਮਣੀ ਅਕਾਲੀ ਦਲ ਨੇ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ਼ ਕਰਨ ਦਾ ਫੈਸਲਾ ਕੀਤਾ ਏ। ਸੀਨੀਅਰ ਅਕਾਲੀ ਆਗੂ ਅਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਦੱਸਿਆ ਕਿ ਉਹ ਦਿਨ ਭਰ ਹਾਈ ਕੋਰਟ ਵਿੱਚ ਧਰਮਕੋਟ ਹਲਕੇ ਨਾਲ ਸਬੰਧਤ ਲਗਭਗ 50 ਪਟੀਸ਼ਨਾਂ ਦੀ ਸੁਣਵਾਈ ਲਈ ਪੁੱਜੇ ਹੋਏ ਸਨ। ਅਦਾਲਤ ਨੇ ਦਿਨ ਭਰ ਦੀ ਸੁਣਵਾਈ ਤੋਂ ਬਾਅਦ ਸ਼ਾਮ 4 ਵਜੇ ਉਨ੍ਹਾਂ ਸਮੇਤ ਸਾਰੀਆਂ ਹੀ ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨਾਂ ਨੂੰ ਰੱਦ ਕਰਨ ਦਾ ਫੈਸਲਾ ਸੁਣਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪਾਸ ਕਾਨੂੰਨੀ ਬਦਲ ਖੁੱਲ੍ਹੇ ਨੇ ਅਤੇ ਉਹ ਇਸ ਸਬੰਧੀ ਦੇਸ਼ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਦਾ ਬੂਹਾ ਖੜਕਾਉਣਗੇ।
ਹਾਈਕੋਰਟ ਵੱਲੋਂ ਚੋਣਾਂ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਰੱਦ ਕਰਨ ਉਪਰੰਤ ਪੰਚਾਇਤੀ ਚੋਣਾਂ ਦਾ ਰਾਹ ਹੋਇਆ ਪੱਧਰਾ

Published: