ਪੰਜਾਬ ਪੋਸਟ/ਬਿਓਰੋ
ਪਿਛਲੇ ਦਿਨੀਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਸਪੇਨ ਤੋਂ ਆਏ ਇੱਕ ਪੰਜਾਬੀ ਵਿਅਕਤੀ ਅਤੇ ਉਸ ਦੀ ਪਤਨੀ ਦੇ ਨਾਲ ਸਥਾਨਕ ਲੋਕਾਂ ਵੱਲੋਂ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਹਾਲੇ ਇਸ ਬਹੁ-ਚਰਚਿਤ ਮਾਮਲੇ ਦੀ ਚਰਚਾ ਚੱਲ ਹੀ ਰਹੀ ਸੀ ਕਿ ਇਸ ਦਰਮਿਆਨ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬੀਆਂ ਦੇ ਨਾਲ ਬਦਸਲੂਕੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ਉੱਤੇ ਕੁੱਝ ਵੀਡੀਓਜ਼ ਨਜ਼ਰ ਆਏ ਹਨ ਜਿਨਾਂ ਵਿੱਚ ਹਿਮਾਚਲ ਪ੍ਰਦੇਸ਼ ਵਿਖੇ ਪੰਜਾਬ ਦੀ ਨੰਬਰ ਪਲੇਟ ਵਾਲੀਆਂ ਗੱਡੀਆਂ ਦੀ ਭੰਨ ਤੋੜ ਕੀਤੀ ਗਈ ਵਿਖਾਈ ਦੇ ਰਹੀ ਹੈ। ਇਸ ਬਾਰੇ ਜਾਣਕਾਰੀ ਇਹੀ ਮਿਲਦੀ ਹੈ ਕਿ ਪੰਜਾਬ ਤੋਂ ਉੱਥੇ ਘੁੰਮਣ ਗਏ ਸੈਲਾਨੀਆਂ ਨਾਲ ਸਬੰਧਤ ਇਨਾਂ ਗੱਡੀਆਂ ਦੀ ਸ਼ਰਾਰਤੀ ਅਨਸਰਾਂ ਵੱਲੋਂ ਭੰਨ ਤੋੜ ਕੀਤੀ ਗਈ ਅਤੇ ਸ਼ੀਸ਼ੇ ਵੀ ਤੋੜੇ ਗਏ। ਵੀਡੀਓ ਵਿੱਚ ਮਿਲ ਰਹੀ ਜਾਣਕਾਰੀ ਮੁਤਾਬਿਕ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਇਲਾਕੇ ਦੇ ਇੱਕ ਹੋਟਲ ਦੇ ਬਾਹਰ ਖੜ੍ਹੀਆਂ ਉਨ੍ਹਾਂ ਗੱਡੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿਨ੍ਹਾਂ ਉੱਤੇ ਪੰਜਾਬ ਦੀਆਂ ਨੰਬਰ ਪਲੇਟਾਂ ਲੱਗੀਆਂ ਵਿਖਾਈ ਦੇ ਰਹੀਆਂ ਸਨ। ਇਸ ਦਰਮਿਆਨ ਵੀਡੀਓ ਵਿੱਚ ਰਾਜਸਥਾਨ ਦੀ ਇੱਕ ਗੱਡੀ ਦੇ ਵੀ ਸ਼ੀਸ਼ੇ ਅਤੇ ਬਾਰੀਆਂ ਭੰਨੀਆਂ ਹੋਈਆਂ ਵਿਖਾਈ ਦਿੰਦੀਆਂ ਹਨ। ਇਸ ਘਟਨਾਕ੍ਰਮ ਨੂੰ ਕਿਸ ਨੇ ਅੰਜਾਮ ਦਿੱਤਾ ਅਤੇ ਇਸ ਦੇ ਪਿੱਛੇ ਕੀ ਮਨਸ਼ਾ ਹੋ ਸਕਦੀ ਹੈ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਫਿਲਹਾਲ, ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪਿਛਲੇ ਕੁੱਝ ਦਿਨਾਂ ਦੇ ਘਟਨਾਕ੍ਰਮ ਤੋਂ ਬਾਅਦ ਪੰਜਾਬੀ ਸੈਲਾਨੀਆਂ ਦੇ ਹਿਮਾਚਲ ਜਾਣ ਸਬੰਧੀ ਇੱਕ ਹੋਰ ਨਵੀਂ ਚਰਚਾ ਛਿੜ ਪਈ ਹੈ।
ਜੋੜੇ ਨਾਲ ਕੁੱਟਮਾਰ ਤੋਂ ਬਾਅਦ ਹੁਣ ਹਿਮਾਚਲ ’ਚ ਪੰਜਾਬੀਆਂ ਦੀਆਂ ਗੱਡੀਆਂ ਭੰਨੀਆਂ

Published: