- ਸਹਿ-ਮੇਜ਼ਬਾਨ ਅਮਰੀਕੀ ਟੀਮ ਵੀ ਵੈਸਟ ਇੰਡੀਜ਼ ਨਾਲ ਅਗਲੇ ਗੇੜ ’ਚ ਪਹੁੰਚੀ
ਪੰਜਾਬ ਪੋਸਟ/ਬਿਓਰੋ
ਆਈ. ਸੀ. ਸੀ. ਕਿ੍ਰਕਟ ਵਿਸ਼ਵ ਕੱਪ ਦੇ ਮੁਕਾਬਲੇ ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਲਗਾਤਾਰ ਚੱਲ ਰਹੇ ਹਨ ਅਤੇ ਇਸ ਵਾਰ ਦੀ ਟੀਮ 20 ਵਿਸ਼ਵ ਕੱਪ ਦੇ ਪਹਿਲੇ ਗੇੜ ਦੇ ਸ਼ੁਰੂਆਤੀ ਮੈਚਾਂ ਵਿੱਚ ਹੀ ਕਈ ਹੈਰਾਨ ਕਰਨ ਵਾਲੇ ਨਤੀਜੇ ਅਤੇ ਕਈ ਨਵੇਂ ਪਹਿਲੂ ਵੀ ਵੇਖੇ ਜਾ ਰਹੇ ਹਨ। ਇਸ ਦਰਮਿਆਨ ਜਿੱਥੇ ਅਮਰੀਕਾ ਦੀ ਧਰਤੀ ਉੱਤੇ ਪਹਿਲੀ ਵਾਰ ਕੌਮਾਂਤਰੀ ਕਿ੍ਰਕਟ ਮੁਕਾਬਲੇ ਹੋ ਰਹੇ ਹਨ ਉੱਥੇ ਹੀ ਵਿਸ਼ਵ ਕੱਪ ਦੇ ਲਗਭਗ ਸਾਰੇ ਮੈਚਾਂ ਵਿੱਚ ਘੱਟ ਸਕੋਰ ਵਾਲੇ ਮੁਕਾਬਲੇ ਹੀ ਹੋ ਰਹੇ ਹਨ। ਆਸਟ੍ਰੇਲੀਆ ਅਤੇ ਇੰਗਲੈਂਡ ਦਰਮਿਆਨ ਹੋਇਆ ਮੈਚ ਇਕਲੌਤਾ ਅਜਿਹਾ ਮੁਕਾਬਲਾ ਸੀ ਜਿਸ ਵਿੱਚ ਵੱਡੇ ਸਕੋਰ ਬਣੇ ਅਤੇ ਆਸਟਰੇਲੀਆ ਨੇ 200 ਦੌੜਾਂ ਦਾ ਸਕੋਰ ਹਾਸਲ ਕੀਤਾ ਅਤੇ ਇਸ ਤੋਂ ਬਾਅਦ ਸ਼੍ਰੀਲੰਕਾ-ਨੀਦਰਲੈਂਡਜ਼ ਦੇ ਮੈਚ ਤੋਂ ਇਲਾਵਾ ਤਾਂ ਬਾਕੀ ਸਾਰੇ ਮੈਚਾਂ ਵਿੱਚ ਦੌੜਾਂ ਬਣਾਉਣਾ ਕਾਫੀ ਮੁਸ਼ਕਿਲ ਕੰਮ ਸਾਬਿਤ ਹੋ ਰਿਹਾ ਹੈ। ਟੀਮਾਂ ਦੀ ਸਥਿਤੀ ਵੇਖੀਏ ਤਾਂ ਹੁਣ ਤੱਕ ਦੇ ਮੈਚਾਂ ਵਿੱਚ ਦੱਖਣੀ ਅਫਰੀਕਾ ਪਹਿਲੀ ਅਜਿਹੀ ਟੀਮ ਅਤੇ ਆਸਟ੍ਰੇਲੀਆ ਦੂਜੀ ਅਜਿਹੀ ਟੀਮ ਸੀ ਜਿਸ ਨੇ ਆਪਣੇ ਸਾਰੇ ਮੈਚ ਜਿੱਤ ਕੇ ਸੂਪਰ 8 ਦੇ ਅਗਲੇ ਗੇੜ ਵਿੱਚ ਥਾਂ ਪੱਕੀ ਕੀਤੀ ਜਦਕਿ ਭਾਰਤ, ਅਫਗਾਨਿਸਤਾਨ, ਆਸਟਰੇਲੀਆ ਅਤੇ ਵੈਸਟ ਇੰਡੀਜ਼, ਮੇਜ਼ਬਾਨ ਅਮਰੀਕਾ, ਬੰਗਲਾਦੇਸ਼ ਅਤੇ ਇੰਗਲੈਂਡ ਦੀਆਂ ਟੀਮਾਂ ਵੀ ਅਗਲੇ ਗੇੜ ਵਿੱਚ ਪਹੁੰਚ ਗਈਆਂ ਹਨ। ਪਹਿਲੇ ਗੇੜ ਤੋਂ ਬਾਅਦ, ਨਿਊਜ਼ੀਲੈਂਡ, ਪਾਕਿਸਤਾਨ, ਸ੍ਰੀਲੰਕਾ, ਸਕਾਟਲੈਂਡ, ਓਮਾਨ, ਆਈਰਲੈਂਡ, ਨੇਪਾਲ, ਪਾਪੂਆ ਨਿਊ ਗਿੰਨੀ, ਨੀਦਰਲੈਂਡਜ਼, ਨਾਮੀਬਿਆ, ਕੈਨੇਡਾ, ਯੂਗਾਂਡਾ ਦੀ ਟੀਮ ਜੋ ਕਿ ਪਹਿਲੀ ਵਾਰ ਕੌਮਾਂਤਰੀ ਕਿ੍ਰਕਟ ਦੇ ਵੱਡੇ ਮੰਚ ਉੱਤੇ ਖੇਡ ਰਹੀ ਸੀ, ਬਾਹਰ ਹੋ ਚੁੱਕੇ ਹਨ। ਅਗਲੇ ਗੇੜ ਵਿੱਚ ਪਹੁੰਚੀਆਂ ਅੱਠ ਟੀਮਾਂ ਨੂੰ ਚਾਰ-ਚਾਰ ਦੇ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ ਜਿਸ ਤਹਿਤ ਭਾਰਤ, ਆਸਟ੍ਰੇਲੀਆ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਇੱਕੋ ਗਰੁੱਪ ਵਿੱਚ ਖੇਡਦੇ ਨਜ਼ਰ ਆਉਣਗੇ, ਜਦਕਿ ਦੂਜੇ ਗਰੁੱਪ ਵਿੱਚ ਦੱਖਣੀ ਅਫਰੀਕਾ, ਵੈਸਟ ਇੰਡੀਜ਼, ਅਮਰੀਕਾ ਅਤੇ ਇੰਗਲੈਂਡ ਦੀਆਂ ਟੀਮਾਂ ਦਾ ਭੇੜ ਹੋਵੇਗਾ। ਪਹਿਲੇ ਗੇੜ ਦੇ ਹੁਣ ਤੱਕ ਦੇ ਮੈਚਾਂ ਵਿੱਚ ਇਹ ਗੱਲ ਵੀ ਵੇਖੀ ਗਈ ਕਿ ਜ਼ਿਆਦਾਤਰ ਪਿੱਚਾਂ ਕਾਫੀ ਹੌਲੀ ਖੇਡ ਰਹੀਆਂ ਹਨ ਅਤੇ ਬੱਲੇਬਾਜ਼ੀ ਕਰਨੀ ਸੌਖੀ ਸਾਬਤ ਨਹੀਂ ਹੋ ਰਹੀ ਜਦਕਿ ਕਈ ਮੈਚ ਮੀਂਹ ਕਰਕੇ ਵੀ ਪ੍ਰਭਾਵਿਤ ਹੋਏ ਅਤੇ ਕਈ ਮੈਚ ਤਾਂ ਇੱਕ ਵੀ ਗੇਂਦ ਸੁੱਟਿਆਂ ਬਿਨਾਂ ਰੱਦ ਕਰਨੇ ਪਏ ਹਨ।
ਭਾਰਤੀ ਕਿ੍ਰਕਟ ਟੀਮ ਦੇ ਹੁਣ ਤੱਕ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿੱਚ ਭਾਰਤ ਨੇ ਪਹਿਲੇ ਤਿੰਨੇ ਮੈਚ ਜਿੱਤੇ ਅਤੇ ਕੈਨੇਡਾ ਨਾਲ ਖੇਡਿਆ ਜਾਣ ਵਾਲਾ ਮੈਚ ਮੈਦਾਨ ਗਿੱਲਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ। ਭਾਰਤ ਦਾ ਇਹ ਆਖਰੀ ਗਰੁੱਪ ਮੈਚ ਸੀ। ਅੰਪਾਇਰਾਂ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 11.30 ਵਜੇ ਮੈਦਾਨ ਦਾ ਨਿਰੀਖਣ ਕਰਨ ਮਗਰੋਂ ਮੈਚ ਰੱਦ ਕਰਨ ਦਾ ਫ਼ੈਸਲਾ ਕੀਤਾ। ਮੈਚ ਰੱਦ ਹੋਣ ਕਾਰਨ ਭਾਰਤ ਅਤੇ ਕੈਨੇਡਾ ਦੀ ਟੀਮ ਨੂੰ ਇੱਕ-ਇੱਕ ਅੰਕ ਦਿੱਤਾ ਗਿਆ। ਇਸ ਸਮੇਂ ਤੱਕ ਭਾਰਤ ਆਪਣੇ ਪਹਿਲੇ ਤਿੰਨੋਂ ਮੈਚ ਜਿੱਤ ਕੇ ਪਹਿਲਾਂ ਹੀ ਸੁਪਰ-8 ਲਈ ਕੁਆਲੀਫਾਈ ਕਰ ਚੁੱਕਾ ਸੀ ਅਤੇ ਅਗਲੇ ਗੇੜ ’ਚ ਭਾਰਤੀ ਟੀਮ ਆਪਣੇ ਪਹਿਲੇ ਮੁਕਾਬਲੇ ’ਚ 20 ਜੂਨ ਨੂੰ ਅਫ਼ਗਾਨਿਸਤਾਨ ਨਾਲ ਭਿੜੇਗੀ।
ਇਸ ਦਰਮਿਆਨ ਕਈ ਨਾਮੀ ਖਿਡਾਰੀਆਂ ਦੇ ਕਿ੍ਰਕਟ ਦੀ ਖੇਡ ਦੇ ਏਸ ਸਰੂਪ ਤੋਂ ਸੰਨਿਆਸ ਲੈਣ ਦਾ ਐਲਾਨ ਵੀ ਕੀਤਾ ਹੈ ਨਿਊਜ਼ੀਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਟਰੇਂਟ ਬੋਲਟ ਨੇ ਕਿਹਾ ਕਿ ਮੌਜੂਦਾ ਟੀ-20 ਵਿਸ਼ਵ ਕੱਪ ਖੇਡ ਦੇ ਸਭ ਤੋਂ ਛੋਟੇ ਫਾਰਮੈਟ ’ਚ ਉਨ੍ਹਾਂ ਦਾ ਆਖਰੀ ਗਲੋਬਲ ਟੂਰਨਾਮੈਂਟ ਹੋਵੇਗਾ। ਬੋਲਟ 2011 ਵਿੱਚ ਆਪਣੇ ਪਹਿਲੇ ਮੈਚ ਤੋਂ ਬਾਅਦ ਲਗਾਤਾਰ ਨਿਊਜ਼ੀਲੈਂਡ ਟੀਮ ਦੇ ਇੱਕ ਅਹਿਮ ਮੈਂਬਰ ਰਹੇ ਹਨ। ਉਨ੍ਹਾਂ ਨੇ ਟੀ-20 ਵਿਸ਼ਵ ਕੱਪ, ਵਨਡੇ ਵਿਸ਼ਵ ਕੱਪ ਅਤੇ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਖੇਡਣ ਦਾ ਤਜਰਬਾ ਵੀ ਹਾਸਲ ਕੀਤਾ ਹੈ। ਉਨ੍ਹਾਂ ਨੇ ਸਾਲ 2014 ਤੋਂ ਹੁਣ ਤੱਕ 4 ਟੀ-20 ਵਿਸ਼ਵ ਕੱਪਾਂ ਵਿੱਚ ਹਿੱਸਾ ਲਿਆ ਹੈ। ਟਿਮ ਸਾਊਥੀ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਨਿਊਜ਼ੀਲੈਂਡ ਨੇ ਆਪਣੇ ਅਖੀਰਲੇ ਮੈਚ ਵਿੱਚ ਯੁਗਾਂਡਾ ਨੂੰ 88 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਕੇ ਏਸ ਵਾਰ ਦੇ ਟੀ-20 ਵਿਸ਼ਵ ਕੱਪ ਵਿੱਚ ਪਹਿਲਾ ਮੈਚ ਆਪਣੇ ਨਾਂਅ ਕੀਤਾ ਸੀ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੁਗਾਂਡਾ ਨੂੰ 18.4 ਓਵਰਾਂ ’ਚ 40 ਦੌੜਾਂ ’ਤੇ ਆਊਟ ਕਰ ਦਿੱਤਾ। ਜਵਾਬ ’ਚ ਨਿਊਜ਼ੀਲੈਂਡ ਨੇ ਸਿਰਫ 32 ਗੇਂਦਾਂ ’ਚ ਹੀ ਜਿੱਤ ਦਰਜ ਕੀਤੀ। ਯੁਗਾਂਡਾ ਨੇ ਪਿਛਲੇ ਹਫ਼ਤੇ ਵੈਸਟਇੰਡੀਜ਼ ਖ਼ਿਲਾਫ਼ 39 ਦੌੜਾਂ ਬਣਾਈਆਂ ਸਨ, ਜੋ ਟੀ-20 ਵਿਸ਼ਵ ਕੱਪ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਘੱਟ ਸਕੋਰ ਹੈ। ਨਿਊਜ਼ੀਲੈਂਡ ਆਪਣੇ ਪਹਿਲੇ ਦੋ ਮੈਚ ਅਫਗਾਨਿਸਤਾਨ ਅਤੇ ਮੇਜ਼ਬਾਨ ਵੈਸਟਇੰਡੀਜ਼ ਤੋਂ ਹਾਰ ਗਿਆ ਸੀ, ਜਿਸ ਨਾਲ ਸੁਪਰ 8 ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਖਤਮ ਹੋ ਗਈਆਂ ਸਨ। ਪਿਛਲੇ 10 ਸਾਲਾਂ ’ਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਨਿਊਜ਼ੀਲੈਂਡ ਦੀ ਟੀਮ ਕਿਸੇ ਵੀ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਨਹੀਂ ਪਹੁੰਚੇਗੀ।
ਇਸੇ ਤਰਾਂ ਅਫਰੀਕਨ ਟੀਮ, ਨਾਮੀਬੀਆ ਦੇ ਆਲਰਾਊਂਡਰ ਡੇਵਿਡ ਵਿਸੇ ਨੇ ਵੀ ਟੀ-20 ਵਿਸ਼ਵ ਕੱਪ 2024 ’ਚ ਇੰਗਲੈਂਡ ਖਿਲਾਫ ਆਪਣੀ ਟੀਮ ਦੀ 41 ਦੌੜਾਂ ਦੀ ਹਾਰ ਤੋਂ ਬਾਅਦ ਅੰਤਰਰਾਸ਼ਟਰੀ ਕਿ੍ਰਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਪਣੇ ਆਖਰੀ ਅੰਤਰਰਾਸ਼ਟਰੀ ਮੈਚ ਵਿੱਚ ਡੇਵਿਡ ਨੇ ਇੱਕ ਵਿਕਟ ਲਈ ਅਤੇ ਆਪਣੇ ਦੋ ਓਵਰਾਂ ਦੇ ਸਪੈੱਲ ਵਿੱਚ 3.00 ਦੀ ਆਰਥਿਕ ਦਰ ਨਾਲ ਛੇ ਦੌੜਾਂ ਦਿੱਤੀਆਂ। ਦੂਜੀ ਪਾਰੀ ਵਿੱਚ ਉਨ੍ਹਾਂ ਨੇ 225 ਦੇ ਸਟਰਾਈਕ ਰੇਟ ਨਾਲ 12 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਇੰਗਲੈਂਡ ਖਿਲਾਫ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 2 ਚੌਕੇ ਅਤੇ 2 ਛੱਕੇ ਵੀ ਲਗਾਏ। ਮੈਚ ਤੋਂ ਬਾਅਦ ਡੇਵਿਡ ਨੇ ਕਿਹਾ ਕਿ ਉਹ ਅਜੇ ਵੀ ਨਾਮੀਬੀਆ ਲਈ ਖੇਡ ਸਕਦੇ ਹਨ, ਪਰ ਉਨ੍ਹਾਂ ਦੇ ਕਰੀਅਰ ਨੂੰ ਖਤਮ ਕਰਨ ਲਈ ‘ਕੋਈ ਹੋਰ ਬਿਹਤਰ ਥਾਂ’ ਨਹੀਂ ਸੀ। 39 ਸਾਲਾ ਖਿਡਾਰੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਲਈ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ।