ਮੁਹਾਲੀ/ਪੰਜਾਬ ਪੋਸਟ
ਇੱਕ ਅਹਿਮ ਐਲਾਨ ਕਰਦੇ ਹੋਏ ਪੰਜਾਬ ਸਰਕਾਰ ਨੇ ਮਰਹੂਮ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਦੀ ਯਾਦ ’ਚ ਹਰ ਵਰ੍ਹੇ ‘ਪਾਤਰ ਐਵਾਰਡ’ ਦੇਣ ਦਾ ਫ਼ੈਸਲਾ ਕੀਤਾ ਹੈ। ਦੱਸਿਆ ਗਿਆ ਹੈ ਕਿ ‘ਪਾਤਰ ਐਵਾਰਡ’ ਹਰ ਵਰ੍ਹੇ ਉੱਭਰਦੇ ਕਵੀਆਂ ਨੂੰ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫ਼ੈਸਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਹਰ ਸਾਲ ਜੇਤੂ ਕਵੀਆਂ ਨੂੰ ‘ਪਾਤਰ ਐਵਾਰਡ’ ’ਚ ਇੱਕ ਲੱਖ ਰੁਪਏ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਜਾਵੇਗਾ। ਭਾਸ਼ਾ ਵਿਭਾਗ ਇਸ ਐਵਾਰਡ ਲਈ ਅਗਵਾਈ ਕਰੇਗਾ। ਚੇਤੇ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਭਾਸ਼ਣਾਂ ’ਚ ਸੁਰਜੀਤ ਪਾਤਰ ਦੀਆਂ ਨਜ਼ਮਾਂ ਦਾ ਉਚੇਚਾ ਜ਼ਿਕਰ ਕਰਦੇ ਰਹਿੰਦੇ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ‘ਪਾਤਰ ਐਵਾਰਡ’ ਦੀ ਚੋਣ ਵਿੱਚ ਸਰਕਾਰ ਦਾ ਕੋਈ ਦਖਲ ਨਹੀਂ ਹੋਵੇਗਾ ਬਲਕਿ ਇੱਕ ਪੈਨਲ ਦਾ ਗਠਨ ਕੀਤਾ ਜਾਵੇਗਾ। ਜਿਸ ਵੱਲੋਂ ਉੱਭਰਦੇ ਕਵੀਆਂ ’ਚੋਂ ਚੋਣ ਕੀਤੀ ਜਾਵੇਗੀ। ਉਹ ਕਵੀ ਇਸ ਐਵਾਰਡ ਦੇ ਹੱਕਦਾਰ ਬਣਨਗੇ ਜਿਨ੍ਹਾਂ ਦੀਆਂ ਨਜ਼ਮਾਂ ਡਾ. ਸੁਰਜੀਤ ਪਾਤਰ ਦੀ ਵਿਰਾਸਤ ਬਣਨਗੀਆਂ। ਪਤਾ ਲੱਗਾ ਹੈ ਕਿ ਗ੍ਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਮੁਕਾਬਲਾ ਹੋਵੇਗਾ ਅਤੇ ਉਨ੍ਹਾਂ ’ਚੋਂ ਜੇਤੂ ਨੂੰ ਹਰ ਵਰ੍ਹੇ ‘ਪਾਤਰ ਐਵਾਰਡ’ ਮਿਲੇਗਾ। ਮੁੱਖ ਮੰਤਰੀ ਨੇ ਇਸ ਐਵਾਰਡ ਦਾ ਵਿਧੀ ਵਿਧਾਨ ਤਿਆਰ ਕਰਨ ਬਾਰੇ ਹੁਕਮ ਜਾਰੀ ਕਰ ਦਿੱਤੇ ਹਨ। ਸਾਹਿਤ ਪ੍ਰੇਮੀਆਂ ਅਤੇ ਸੁਰਜੀਤ ਪਾਤਰ ਦੇ ਕਦਰਦਾਨਾਂ ਵੱਲੋਂ ਪੰਜਾਬ ਸਰਕਾਰ ਦਾ ਉਨ੍ਹਾਂ ਦੇ ਨਾਂਅ ’ਤੇ ਪੁਰਸਕਾਰ ਸ਼ੁਰੂ ਕਰਨ ਦਾ ਫ਼ੈਸਲਾ ਸ਼ਲਾਘਾਯੋਗ ਕਰਾਰ ਦਿੱਤਾ ਗਿਆ ਹੈ।
ਸੁਰਜੀਤ ਪਾਤਰ ਦੀ ਯਾਦ ’ਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਹੋਵੇਗਾ ‘ਪਾਤਰ ਐਵਾਰਡ’
Published: