*ਵਲਟੋਹਾ ਨੂੰ ਦਸ ਸਾਲ ਲਈ ਪਾਰਟੀ ਵਿੱਚੋਂ ਬਾਹਰ ਕੱਢਣ ਲਈ ਕਿਹਾ
ਅੰਮ੍ਰਿਤਸਰ/ਪੰਜਾਬ ਪੋਸਟ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਪਣੇ ਬਿਆਨਾਂ ਕਰਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ ਵਿੱਚ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇਸ ਮਾਮਲੇ ਵਿੱਚ ਅੱਜ ਵਿਰਸਾ ਸਿੰਘ ਵਲਟੋਹਾ ਨੂੰ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਉਨਾਂ ਵੱਲੋਂ ਲਾਏ ਗਏ ਇਲਜ਼ਾਮਾਂ ਦੇ ਸਬੂਤ ਲਿਆਉਣ ਲਈ ਕਿਹਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਵਿਰਸਾ ਸਿੰਘ ਵਲਟੋਹਾ ਨੇ ਤਖਤ ਸਾਹਿਬ ਵਿਖੇ ਜਥੇਦਾਰਾਂ ਨੂੰ ਆਪਣੇ ਲਿਖਤੀ ਜਵਾਬ ਸਮੇਤ ਇੱਕ ਪੈਨ ਡਰਾਈਵ ਸੌਂਪੀ ਹੈ ਜਿਸ ਵਿੱਚ ਉਨਾਂ ਵੱਲੋਂ ਪਿਛਲੇ ਸਮੇਂ ਦੀਆਂ ਕੁੱਝ ਵੀਡੀਓਜ਼ ਦਾ ਹਵਾਲਾ ਦਿੱਤਾ ਗਿਆ ਹੈ ਜਿਨਾਂ ਦੇ ਅਧਾਰ ਉੱਤੇ ਵਿਰਸਾ ਸਿੰਘ ਵਲਟੋਹਾ ਨੇ ਇਲਜ਼ਾਮ ਲਾਏ ਸਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਨੇ ਇਸ ਮੌਕੇ ਇਹ ਕਿਹਾ ਕਿ ਵਲਟੋਹਾ ਵੱਲੋਂ ਬਿਨਾ ਕਿਸੇ ਅਧਾਰ ਦੇ ਇਹ ਇਲਜ਼ਾਮ ਲਾਏ ਗਏ ਹਨ। ਵਲਟੋਹਾ ਵੱਲੋਂ ਸੌਂਪੇ ਗਏ ਸਬੂਤਾਂ ਉੱਤੇ ਅਸੰਤੁਸ਼ਟੀ ਜ਼ਾਹਰ ਕਰਦੇ ਹੋਏ ਜਥੇਦਾਰ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਆਦੇਸ਼ ਦਿੱਤਾ ਹੈ ਕਿ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਚੋਂ 10 ਸਾਲਾਂ ਲਈ ਬਾਹਰ ਕੱਢਿਆ ਜਾਵੇ।